Fri. Apr 19th, 2019

ਕਿਸਾਨ ਬਨਾਮ ਜੱਟ

ਕਿਸਾਨ ਬਨਾਮ ਜੱਟ

ਇੱਕ ਉਹ ਸਮਾਂ ਸੀ ਜਦੋਂ ਪੰਜਾਬ ਦੇ ਕਿਸਾਨ ਨੂੰ ਪੂਰੀ ਦੁਨੀਆ ਦਾ ਅੰਨਦਾਤਾ ਆਖਿਆ ਜਾਂਦਾ ਸੀ । ਉਦੋਂ ਕਿਸਾਨ ਆਪਣੀ ਲਗਨ ਦੀ ਰੁਚੀ ਨਾਲ ਆਪਣੀ ਪੂਰੀ ਮਿਹਨਤ ਨਾਲ ਅਨਾਜ ਪੈਦਾ ਕਰਦੇ ਸਨ। ਸਾਰਾ ਸਾਰਾ ਦਿਨ ਧੁੱਪਾਂ ਵਿੱਚ ਬਲਦਾਂ ਨਾਲ ਮਿਲ ਕੇ ਆਪਣਾ ਚੰਮ ਸਾੜਦੇ ਸਨ । ਜਿਸ ਕਰਕੇ ਉਸ ਸਮੇਂ ਉਨ੍ਹਾਂ ਦੁਆਰਾ ਉਗਾਈ ਫ਼ਸਲ ਵਿੱਚੋਂ ਵੀ ਉਨ੍ਹਾਂ ਦੇ ਪਸੀਨੇ ਦੀ ਮਹਿਕ ਆਉਂਦੀ ਸੀ । ਪਰ ਅੱਜ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਦਾ ਕਿਸਾਨ ਹੁਣ ਉਹ ਨਹੀਂ ਰਿਹਾ । ਪੰਜਾਬ ਦਾ ਕਿਸਾਨ ਹੁਣ ਗੀਤਾਂ ਵਿੱਚ ਬੜਕਣ ਵਾਲਾ ਜੱਟ ਬਣ ਗਿਆ ਹੈ ,ਜੋ ਪੂਰੀ ਦੁਨੀਆਂ ਵਿੱਚ ਆਪਣੀ ਹੀ ਬੱਲੇ ਬੱਲੇ ਕਰਾਉਣਾ ਚਾਹੁੰਦਾ ਹੈ ਅਤੇ ਪੂਰੀ ਦੁਨੀਆਂ ਵਿੱਚ ਆਪਣਾ ਸਿੱਕਾ ਜਮਾਉਣਾ ਚਾਹੁੰਦਾ ਹੈ । ਘਰ ਵਿੱਚ ਉਸ ਜੱਟ ਦੇ ਬੁੱਢੇ ਮਾਂ ਪਿਓ ਵੀ ਹਨ ।ਬੁੱਢੇ ਮਾਂ ਪਿਓ ਉਸੇ ਘਰ ਵਿੱਚ ਆਪਣੀ ਰੋਟੀ ਆਪ ਬਣਾ ਕੇ ਖਾਂਦੇ ਹਨ । ਜਿਸ ਮਾਂ ਪਿਓ ਨੇ ਉਸ ਨੂੰ ਆਪਣੇ ਖੂਨ ਪਸੀਨੇ ਨਾਲ ਕਮਾਈ ਕਰਕੇ ਪਾਲਿਆ ਪੋਸਿਆ ਅਤੇ ਉਸ ਨੂੰ ਜ਼ਮੀਨ ਦਾ ਮਾਲਕ ਬਣਾਇਆ ਉਨ੍ਹਾਂ ਦੀ ਹੀ ਅੱਜ ਕੋਈ ਸਾਰ ਨਹੀਂ ਪੁੱਛਦਾ । ਜ਼ਮੀਨ ਆਪਣੇ ਨਾਮ ਹੁੰਦਿਆਂ ਹੀ ਉਨ੍ਹਾਂ ਬੁੱਢੇ ਮਾਂ ਪਿਓ ਦਾ ਰੋਟੀ ਪਾਣੀ ਅਲੱਗ ਕਰ ਦਿੱਤਾ ਜਾਂਦਾ ਹੈ । ਅੱਜ ਕੱਲ੍ਹ ਦਾ ਇਹ ਜੱਟ ਮਹਿੰਗੇ ਮਹਿੰਗੇ ਸੌਂਕ ਰੱਖਦਾ ਹੈ। ਜੱਟ ਸ਼ਰਾਬ ਪੀਣ ਦਾ ਵੀ ਆਦੀ ਹੈ। ਪੂਰੇ ਪਿੰਡ ਵਿੱਚ ਆਪਣੀ ਠੁੱਕ ਬਣਾਉਣ ਲਈ ਵੱਡੀ ਕੋਠੀ ਪਾਉਂਦਾ ਹੈ । ਮਹਿੰਗੀ ‘ਤੇ ਵੱਡੀ ਗੱਡੀ ਰੱਖਦਾ ਹੈ ਅਤੇ ਨਵਾਂ ਟਰੈਕਟਰ ਲੈ ਕੇ ਰੱਖਦਾ ਹੈ ਅਤੇ ਟਰੈਕਟਰ ਦੇ ਟਾਇਰਾਂ ਵਿੱਚ ਮਹਿੰਗੇ ਵ੍ਹੀਲ ਵੀ ਪਵਾ ਲੈਂਦਾ ਹੈ । ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦੂਰੋਂ ਟਰੈਕਟਰ ਆਉਂਦੇ ਦਾ ਪਤਾ ਲਗਾਉਣ ਲਈ ਉਸ ਤੇ ਮਹਿੰਗਾ ਸਾਊਂਡ ਸਿਸਟਮ ਵੀ ਲਗਾਉਣਾ ਪੈਂਦਾ ਹੈ ਕਿ ਪਿੰਡ ਵੜਣ ਤੋਂ ਪਹਿਲਾਂ ਪਤਾ ਲੱਗ ਜਾਵੇ ਕਿ ਫਲਾਣੇ ਸਿਆਂ ਦਾ ਟਰੈਕਟਰ ਆ ਰਿਹਾ ਹੈ । ਜੱਟ ਨਵੇਂ ਤੋਂ ਨਵਾਂ ਅਸਲਾ ਵੀ ਰੱਖਣ ਦਾ ਸ਼ੌਂਕੀ ਹੈ ਇਹ ਜੱਟ ਘੋੜੀਆਂ ਕਬੂਤਰ ਵੀ ਰੱਖਦਾ ਹੈ , , ਜਿਵੇਂ ਅਸਲੇ ਦੀ ਗੱਲ ਹੋਈ ਹੈ ਆਪਣੀ ਸਰਦਾਰੀ ਜਮਾਉਣ ਲਈ ਅਤੇ ਲੋਕਾਂ ਤੇ ਰੋਹਬ ਜਮਾਉਣ ਲਈ ਉਹ ਪਿਸਟਲ ਰਿਵਾਲਵਰ ਵੀ ਨਾਲ ਲੈ ਕੇ ਘੁੰਮਦਾ ਹੈ ਜਦੋਂ ਕਿਸੇ ਵਿਆਹ ਦੇ ਸਮਾਗਮ ਤੇ ਜਾਣਾ ਹੋਵੇ ਤਾਂ ਉਹ ਆਪਣਾ ਇਹ ਅਸਲ ਆਪਣੇ ਨਾਲ ਲੈ ਕੇ ਜਾਂਦਾ ਹੈ ਉੱਥੇ ਫਾਇਰ ਵੀ ਕਰਦਾ ਹੈ। ਇਹ ਜੱਟ ਹੀ ਅੱਜ ਕੱਲ੍ਹ ਪੰਜਾਬੀ ਗੀਤਾਂ ਦਾ ਗੀਤਾਂ ਦਾ ਵਿਸ਼ਾ ਬਣਿਆ ਹੋਇਆ ਹੈ । ਇਹ ਜੱਟ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜਾਉਣ ਦੀ ਥਾਂ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਂਦਾ ਹੈ। ਨੌਜਵਾਨ ਪੁੱਤਰ ਨੇ ਅਜੇ ਬਾਰ੍ਹਵੀ ਜਮਾਤ ਪਾਸ ਨੀ ਕੀਤੀ ਪਰ ਬੂਲਿਟ ਲੈਣ ਦੀ ਗੱਲ ਜਰੂਰ ਆਖ ਦਿੱਤੀ ਅਗਰ ਬੂਲਿਟ ਨਾ ਲੈ ਕੇ ਦਿੱਤਾ ਤਾਂ ਸਪਰੈਅ ਪੀ ਕੇ ਮਰਨ ਦੀ ਧਮਕੀ ਵੀ ਦੇ ਦਿੱਤੀ ਜਾਂਦੀ ਹੈ। ਫਿਰ ਇਸੇ ਜੱਟ ਦਾ ਨੌਜਵਾਨ ਪੁੱਤਰ ਬੂਲਿਟ ਤੇ ਹੀ ਸਕੂਲ ਜਾਂਦਾ ਹੈ ਅਤੇ ਸਾਮੀਂ ਦਿਨ ਢਲਦਿਆਂ ਚਿੱਟਾ ਕੁੜਤਾ ਪਜਾਮਾ ਪਾ ਕੇ ਕਾਲੇ ਬੋਲਟ ਉੱਤੇ ਸਵਾਰ ਹੋ ਕੇ ਪਿੰਡ ਵਿੱਚ ਸ਼ੌਕ ਦੇ ਗੇੜੇ ਤੇ ਨਿਕਲਦਾ ਹੈ ਅਤੇ ਬੁਲਟ ਤੇ ਹੀ ਕਾਲਜ ਜਾਣਾ ਪੜ੍ਹਾਈ ਤੋਂ ਉਲਾਂਭੇ ਹੋ ਕੇ ਪੂਰਾ ਦਿਨ ਮੁੰਡਿਆਂ ਨਾਲ ਬੁਲਟ ਤੇ ਕੁੜੀਆਂ ਮਗਰ ਗੇੜੇ ਮਾਰਨੇ ਕੁੱਲ ਮਿਲਾ ਕੇ ਇੱਕ ਢੀਠ ਆਸ਼ਕ ਦੀ ਤਰ੍ਹਾਂ ਤੇਲ ਫੂਕ ਕੇ ਸ਼ਾਮੀਂ ਘਰ ਵੜਦਾ ਹੈ।
ਘਰ ਵਿੱਚ ਉਸਦੇ ਬੱਚੇ ਵੀ ਨੌਜਵਾਨ ਹਨ। ।ਇਹ ਤਾਂ ਹੋਣਾ ਹੀ ਸੀ ਜਦ ਉਹ ਜੱਟ ਆਪ ਸਰਦਾਰੀ ਕਰਨ ਵਾਲਾ ਸ਼ੌਕੀਆ ਜੱਟ ਹੈ ਤਾਂ ਮੁੰਡਾ ਵੀ ਕਿਹੜਾ ਘੱਟ ਹੋਣਾ ਉਸ ਨੇ ਵੀ ਤਾਂ ਆਪਣੇ ਸ਼ੌਕ ਪੁਗਾਉਣੇ ਹਨ । ਜਦੋਂ ਮੁੰਡੇ ਦਾ ਇਧਰ ਕੁਝ ਬਣਦਾ ਨਜ਼ਰ ਨਹੀਂ ਆਉਂਦਾ ਤਾਂ ਆਈਲੈਟਸ ਕਰਾ ਕੇ ਮੁੰਡੇ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ । ਜੇ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਪੰਦਰਾਂ ਤੋਂ ਵੀਹ ਲੱਖ ਰੁਪਏ ਖ਼ਰਚ ਕੇ ਮੁੰਡੇ ਨੂੰ ਵਿਦੇਸ ਵਿੱਚ ਪੜ੍ਹਨ ਲਈ ਭੇਜ ਦਿੱਤਾ ਜਾਂਦਾ ਹੈ ਜਿਸ ਤੋਂ ਇੱਥੇ ਬਾਰ੍ਹਵੀਂ ਪਾਸ ਨਹੀਂ ਸੀ ਹੁੰਦੀ । ਉਹ ਪੰਦਰਾਂ ਤੋਂ ਵੀਹ ਲੱਖ ਰੁਪਏ ਉਸ ਕੋਲ ਕੋਈ ਜਮ੍ਹਾ ਪੂੰਜੀ ਨਹੀਂ ਸਗੋਂ ਬੈਂਕ ਤੋਂ ਜ਼ਮੀਨ ਉੱਪਰ ਲਏ ਗਏ ਕਰਜ਼ੇ ਦੀ ਰਕਮ ਹੈ । ਬਾਅਦ ਵਿੱਚ ਇਨ੍ਹਾਂ ਜੱਟਾਂ ਦੁਆਰਾ ਹੀ ਕਰਜ਼ੇ ਮਾਫ਼ੀ ਦੀ ਮੰਗ ਰੱਖੀ ਜਾਂਦੀ ਹੈ । ਘਰ ਵਿੱਚ ਨੌਜਵਾਨ ਕੁ੍ੜੀ ਬੈਠੀ ਹੈ , ਕਈ ਪਰਿਵਾਰ ਤਾਂ ਅੱਜ ਕੱਲ੍ਹ ਅਜਿਹੇ ਦੇਖੇ ਹਨ ਵਿਆਹ ਦੇ ਨਾਮ ਤੇ ਜੋ ਮੁੰਡੇ ਕੁੜੀ ਦਾ ਸੌਦਾ ਕਰ ਰਹੇ ਹਨ । ਕੁੜੀ ਨੂੰ ਆਈਲੈਟਸ ਕਰਵਾ ਕਰਵਾ ਦਿੱਤੀ ਜਾਂਦੀ ਹੈ ਅਗਰ ਬੈਂਡ ਵਧੀਆ ਆ ਗਏ ਤਾਂ ਪੰਦਰਾਂ ਵੀਹ ਲੱਖ ਖਰਚ ਕਰਨ ਵਾਲਾ ਮੁੰਡਾ ਲੱਭ ਕੇ ਉਸ ਨਾਲ ਵਿਆਹ ਕਰਕੇ ਕੁੜੀ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ । ਜਾਂ ਫਿਰ ਚੰਗੀ ਜ਼ਮੀਨ ਜਾਇਦਾਦ ਦੇਖ ਕੇ ਕਿਸੇ ਮੁੰਡੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਮੁੰਡੇ ਦੀ ਝੋਲੀ ਪੰਦਰਾਂ ਵੀਹ ਲੱਖ ਰੁਪਿਆ ਵੀ ਪਾ ਦਿੱਤਾ ਜਾਂਦਾ ਹੈ । ਦੂਜੇ ਪਾਸੇ ਕੇ ਮੁੰਡੇ ਵਾਲੇ ਵੀ ਅਜਿਹੀਆਂ ਕੁੜੀਆਂ ਦੀ ਭਾਲ ਵਿੱਚ ਬੈਠੇ ਹਨ ਜਿਨ੍ਹਾਂ ਦੇ ਮੁੰਡੇ ਪੜ੍ਹਾਈ ਵਿੱਚ ਕਮਜ਼ੋਰ ਰਹਿ ਜਾਂਦੇ ਹਨ ਤਾਂ ਉਹ ਅਜਿਹੀ ਪੜ੍ਹੀ ਲਿਖੀ ਕੁੜੀ ਲੱਭ ਕੇ ਆਪਣੇ ਮੁੰਡੇ ਦਾ ਵਿਆਹ ਉਸ ਨਾਲ ਕਰਦੇ ਹਨ ਜੋ ਉਸ ਨੂੰ ਵਿਦੇਸ਼ ਲਿਜਾ ਸਕੇ । ਵਿਦੇਸ਼ ਭੇਜਣ ਦੇ ਚੱਕਰ ਚ ਮੁੰਡੇ ਵਾਲੇ ਸਾਰਾ ਖਰਚਾ ਆਪ ਕਰਦੇ ਹਨ । ਕਈ ਵਾਰੀ ਦੇਖਣ ਵਿੱਚ ਆਇਆ ਹੈ ਕਿ ਕੁੜੀ ਵਿਦੇਸ਼ ਜਾਣ ਤੋਂ ਬਾਅਦ ਨਾ ਮੁੰਡੇ ਨੂੰ ਆਪਣੇ ਕੋਲ ਬੁਲਾਉਂਦੀ ਹੈ ਅਤੇ ਨਾ ਹੀ ਆਪ ਵਾਪਸ ਮੁੜ ਕੇ ਆਉਂਦੀ ਹੈ । ਅਗਰ ਵਿਦੇਸ਼ ਭੇਜਣ ਦੇ ਮਾਮਲੇ ਨੂੰ ਛੱਡ ਕੇ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਅਗਰ ਕੋਈ ਜੱਟ ਏਧਰ ਵੀ ਆਪਣੇ ਲੜਕੇ ਜਾਂ ਲੜਕੀ ਦਾ ਵਿਆਹ ਕਰਨ ਦੀ ਸੋਚਦਾ ਹੈ ਤਾਂ ਦੋਨਾਂ ਪਰਿਵਾਰਾਂ ਵਿਚਕਾਰ ਜ਼ਮੀਨ ਜਾਇਦਾਦ ਦੇਖੀ ਜਾਂਦੀ ਹੈ ਤੇ ਕੁੜੀ ਨੂੰ ਕਿੰਨੀ ਜ਼ਮੀਨ ਆਉਂਦੀ ਹੈ ਜਾਂ ਮੁੰਡੇ ਨੂੰ ਕਿੰਨੀ ਜ਼ਮੀਨ ਆਉਂਦੀ ਹੈ । ਸਿਰਫ਼ ਇੱਥੇ ਹੀ ਰਿਸ਼ਤਾ ਪੱਕਾ ਨਹੀਂ ਹੁੰਦਾ ਅਸਲੀ ਵਿਆਹ ਤਾਂ ਉਦੋਂ ਹੁੰਦਾ ਹੈ ਜਿਸ ਦਿਨ ਵਿਆਹ ਵਾਲੇ ਦਿਨ ਮੁੰਡੇ ਦੀ ਝੋਲੀ ਪੰਦਰਾਂ ਵੀਹ ਲੱਖ ਰੁਪਿਆ ਪਾਇਆ ਜਾਂਦਾ ਹੈ । ਇਹੀ ਗੱਲਾਂ ਉਹਨਾ ਦੀਆਂ ਖੁਦਕੁਸੀਆਂ ਦਾ ਕਾਰਨ ਬਣਦੀਆ ਹਨ। ਅੰਕੜਿਆਂ ਮੁਤਾਬਿਕ 1998 ਤੋਂ 2018 ਤੱਕ 3 ਲੱਖ ਕਿਸਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਹਨ। ਜਿਆਦਾਤਰ ਕਿਸਾਨ ਕਰਜੇ ਤੋਂ ਹੀ ਦੁਖੀ।ਹੁੰਦੇ ਹਨ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਕਿਸਾਨ ਖੁਦਕੁਸ਼ੀਆਂ ਕਰਦਾ ਹੈ ਤਾਂ ਦੋਸ਼ ਸਰਕਾਰਾਂ ਨੂੰ ਕਿਉਂ ਦਿੱਤਾ ਜਾਂਦਾ ਹੈ , ਸਿਸਟਮ ਨੂੰ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ। ਆਪਣੀ ਐਸ਼-ਪ੍ਰਸਤੀ ਅਤੇ ਸਹੂਲਤ ਲਈ ਲਏ ਕਰਜੇ ਨੂੰ ਮਾਫ ਕਰਨ ਦੀ ਮੰਗ ਕਿਉ ਕੀਤੀ ਜਾਂਦੀ ਹੈ। ਕੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਬੈਂਕ ਤੋਂ ਲੋਨ ਲੈ ਕੇ ਮੁੰਡੇ ਨੂੰ ਵਿਦੇਸ਼ ਪੜ੍ਹਨ ਭੇਜੋ ? ਕੀ ਸਰਕਾਰ ਕਹਿੰਦੀ ਹੈ ਕਿ ਬੈਂਕ ਤੋਂ ਕਰਜ਼ਾ ਲੈ ਕੇ ਇੱਕ ਆਲੀਸ਼ਾਨ ਕੋਠੀ ਖੜ੍ਹੀ ਕਰੋ ? ਕੀ ਸਰਕਾਰ ਕਹਿੰਦੀ ਹੈ ਕਿ ਆਪਣੇ ਬੱਚਿਆਂ ਦੇ ਵਿਆਹਾਂ ਤੇ ਵੀਹ-ਵੀਹ ਲੱਖ ਰੁਪਿਆ ਖਰਚਾ ਕਰੋ ?, ਕੀ ਸਰਕਾਰ ਕਹਿੰਦੀ ਹੈ ਕਿ ਇਨ੍ਹਾਂ ਕਰਜ਼ਾ ਲੈ ਕੇ ਜੇ ਅੰਤ ਵਿੱਚ ਨਾ ਮੁੜੇ ਤਾਂ ਖ਼ੁਦਕੁਸ਼ੀ ਕਰ ਲਵੋ । ਗੱਲ ਹੈ ਸੋਚਣ ਵਿਚਾਰਨ ਦੀ ਜੋ ਜੱਟ ਗੀਤਾਂ ਵਿੱਚ ਦਿਖਾਇਆ ਜਾਂਦਾ ਹੈ ਉਸ ਮਗਰ ਨਾ ਲੱਗੋ ਭਰਾਵੋ ਉਹ ਜੱਟ ਝੂਠਾ ਹੈ, ਉਹ ਇੱਕ ਕਲਪਨਾ ਹੈ , ਉਹ ਜੱਟ ਝੂਠ ਦੀ ਦੁਨੀਆਂ ਵਿੱਚ ਰਹਿੰਦਾ ਹੈ । ਕੋਈ ਫਾਇਦਾ ਨਹੀਂ ਮਹਿੰਗੇ ਅਤੇ ਵੱਡੇ ਪੈਲੇਸਾਂ ਵਿੱਚ ਵਿਆਹ ਕਰਨ ਦਾ, ਮਹਿੰਗੇ ਆਰਕੈਸਟਰਾ ਨਚਾਉਣ ਦਾ, ਲੋਕਾਂ ਨੂੰ ਮਹਿੰਗੀ ਦਾਰੂ ਪੀਲਾਉਣ ਦਾ। ਬਚੋ ਜਿੰਨਾ ਬਚਿਆ ਜਾਂਦਾ। ਝੂਠੀ ਸ਼ੋਸ਼ੇਬਾਜ਼ੀ ਤੋਂ ਬਾਹਰ ਨਿਕਲੋ ਅਤੇ ਸਾਦਾ ਜੀਵਨ ਅਪਣਾਓ ਅਤੇ ਮਿਹਨਤ ਕਰੋ ਫੇਰ ਵੇਖੋ ਨਾ ਤਾਂ ਕਿਸੇ ਦੇ ਸਿਰ ਕਰਜਾ ਹੋਵੇਗਾ ਅਤੇ ਨਾ ਹੀ ਕੋਈ ਕਿਸਾਨ ਖੁਦਕੁਸ਼ੀ ਕਰੇਗਾ |

ਜਸਵਿੰਦਰ ਘਨੌਰ
87278-32086

Share Button

Leave a Reply

Your email address will not be published. Required fields are marked *

%d bloggers like this: