Tue. Jul 23rd, 2019

ਕਿਸਾਨ ਦੀ ਲਾਸ਼ ਲੱਭਣ ਖਾਤਰ ਪੁਲਿਸ ਨੇ ਪੁੱਟ ਦਿੱਤੇ 2 ਕਿੱਲੇ

ਕਿਸਾਨ ਦੀ ਲਾਸ਼ ਲੱਭਣ ਖਾਤਰ ਪੁਲਿਸ ਨੇ ਪੁੱਟ ਦਿੱਤੇ 2 ਕਿੱਲੇ

ਬਠਿੰਡਾ ਦੇ ਪਿੰਡ ਲਹਿਰਾ ਬੇਗਾ ਨਿਵਾਸੀ ਦਾ ਇੱਕ ਕਿਸਾਨ ਪਿਛਲੇ 1 ਮਹੀਨੇ ਤੋਂ ਸ਼ੱਕੀ ਹਾਲਾਤਾਂ ਚ ਲਾਪਤਾ ਹੋ ਗਿਆ ਸੀ। ਪੁਲਿਸ ਨੇ ਜਦੋਂ ਲਾਪਤਾ ਕਿਸਾਨ ਮੰਗਾ ਸਿੰਘ ਦੀ ਭਰਜਾਈ ਮਲਕੀਤ ਕੌਰ ਨੂੰ ਪੁੱਛਗਿੱਛ ਲਈ ਹਿਰਾਸਤ ਚ ਲਿਆ ਤਾਂ ਉਸਨੇ ਮੰਗਾ ਸਿੰਘ ਦੇ ਕਤਲ ਦੀ ਗੱਲ ਕਬੂਲ ਕਰ ਲਈ। ਮਲਕੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਮੰਗਾ ਸਿੰਘ ਦੀ ਲਾਸ਼ ਨੂੰ ਇੱਕ ਖੇਤ ਚ ਦਫਨਾਇਆ ਗਿਆ ਸੀ।
ਇਸ ਖੁਲਾਸੇ ਮਗਰੋਂ ਪੁਲਿਸ ਨੇ ਲੰਘੇ ਸੋਮਵਾਰ ਨੂੰ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਮ੍ਰਿਤਕ ਕਿਸਾਨ ਮੰਗਾ ਸਿੰਘ ਦੀ ਲਾਸ਼ ਲੱਭਣ ਲਈ ਖੇਤ ਦੇ ਲਗਭਗ 2 ਕਿੱਲੇ ਪੁੱਟ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਵੀ ਮ੍ਰਿਤਕ ਕਿਸਾਨ ਦੀ ਲਾਸ਼ ਬਰਾਮਦ ਨਹੀਂ ਹੋਈ।
ਦੂਜੇ ਪਾਸੇ ਪੁਲਿਸ ਦੀ ਕਾਰਵਾਈ ਨੂੰ ਡਰਾਮਾ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ੳਗ੍ਰਾਂਹਾ ਨੇ ਬਠਿੰਡਾ–ਚੰਡੀਗੜ੍ਹ ਕੌਮੀ ਮਾਰਗ ਦੇ ਚੱਕਾ ਜਾਮ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਉਗ੍ਰਾਂਹਾ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ 15 ਦਸੰਬਰ ਨੂੰ ਕਿਸਾਨ ਮੰਗਾ ਸਿੰਘ ਸ਼ੱਕੀ ਹਾਲਾਤਾਂ ਚ ਲਾਪਤਾ ਹੋ ਗਿਆ ਸੀ। ਉਸਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਕੁੱਝ ਲੋਕਾਂ ਤੇ ਸ਼ੱਕ ਪ੍ਰਗਟਾਇਆ ਕਿ ਜ਼ਮੀਨ ਦੇ ਲਾਲਚ ਚ ਕਿਸਾਨ ਦਾ ਕਤਲ ਕਰਕੇ ਉਸਦੀ ਲਾਸ਼ ਖੁਰਦ–ਬੁਰਦ ਕਰ ਦਿੱਤੀ ਹੋਵੇਗੀ।
ਉਨ੍ਹਾਂ ਅੱਗੇ ਦਸਿਆ ਕਿ ਜਦੋਂ ਕਿਸਾਨ ਯੂਨੀਅਨ ਵਲੋਂ ਪੁਲਿਸ ਤੇ ਦਬਾਅ ਬਣਾਇਆ ਗਿਆ ਤਾਂ ਪੁਲਿਸ ਨੇ ਲਾਪਤਾ ਕਿਸਾਨ ਦੀ ਭਰਜਾਈ ਮਲਕੀਤ ਕੌਰ ਅਤੇ ਦੋ ਹੋਰਨਾਂ ਲੋਕਾਂ ਨੂੰ ਹਿਰਾਸਤ ਚ ਲੈ ਲਿਆ।
ਪੁੱਛਗਿੱਛ ਚ ਮੁਲਜ਼ਮਾਂ ਨੇ ਕਿਸਾਨ ਦਾ ਕਤਲ ਕਰਨ ਦੀ ਗੱਲ ਮੰਨ ਲਈ। ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਬਠਿੰਡਾ–ਚੰਡੀਗੜ੍ਹ ਕੋਮੀ ਮਾਰਗ ਤੇ ਰਿਲਾਇੰਸ ਪੈਟਰੋਲ ਪੰਪ ਦੇ ਪਿੱਛੇ ਖੇਤਾਂ ਚ ਲਾਸ਼ ਲੱਭਣ ਪੁੱਜੀ।
ਇਸ ਦੌਰਾਨ ਪੁਲਿਸ ਨੇ ਲਗਭਗ ਖੇਤ ਦੇ ਲਗਭਗ 2 ਕਿੱਲੇ ਪੁੱਟ ਦਿੱਤੇ ਪਰ ਕਿਸਾਨ ਦੀ ਲਾਸ਼ ਬਰਾਮਦ ਨਾ ਹੋ ਸਕੀ। ਜਿਸ ਨੂੰ ਦੇਖਦਿਆਂ ਕਿਸਾਨ ਯੂਨੀਅਨ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਸਿਰਫ ਇੱਕ ਕਾਰਵਾਈ ਦਾ ਡਰਾਮਾ ਕੀਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ 24 ਘੰਟਿਆਂ ਚ ਕਿਸਾਨ ਦੀ ਲਾਸ ਬਰਾਮਦ ਨਾ ਕੀਤੀ ਅਤੇ ਅਸਲ ਦੋਸ਼ੀਆਂ ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਕਿਸਾਨ ਯੂਨੀਅਨ ਵਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮਾਮਲੇ ਸਬੰਧੀ ਪੁਲਿਸ ਚੌਕੀ ਭੁੱਚੋ ਦੇ ਇੰਚਾਰਜ ਗੋਬਿੰਦ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਮਗਰੋਂ ਹੀ ਸੱਚ ਸਾਹਮਣੇ ਆਵੇਗਾ। ਆਉਣ ਵਾਲੇ ਇੱਕ ਦੋ ਦਿਨਾਂ ਚ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: