Mon. Apr 22nd, 2019

ਕਿਸਾਨ ਗਰਿੱਡਾਂ ਉੱਤੇ ਸਰਕਾਰ ਨੂੰ ਮੀਟਰ ਨਾ ਲਗਾਉਣ ਦੇਣ: ਸੁਖਬੀਰ ਬਾਦਲ

ਕਿਸਾਨ ਗਰਿੱਡਾਂ ਉੱਤੇ ਸਰਕਾਰ ਨੂੰ ਮੀਟਰ ਨਾ ਲਗਾਉਣ ਦੇਣ: ਸੁਖਬੀਰ ਬਾਦਲ

ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 1984 ਦੇ ਕਤਲੇਆਮ ਨੂੰ ਸਿੱਖਾਂ ਦੀ ਨਸਲਕੁਸ਼ੀ ਐਲਾਨਣ ਵਾਲਾ ਮਤਾ ਪਾਸ ਕਰਨ ਲਈ ਕੈਨੇਡਾ ਦੀ ਓਂਟਾਂਰੀਓ ਵਿਧਾਨ ਸਭਾ ਨੂੰ ਵਧਾਈ ਦੇਣੀ ਚਾਹੀਦੀ ਸੀ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਨੂੰ ਆਖਿਆ ਕਿ ਉਹ ਸਰਕਾਰ ਨੂੰ ਗਰਿੱਡਾਂ ਉੱਤੇ ਮੀਟਰ ਲਗਾਉਣ ਨਾ ਦੇਣ, ਕਿਉਂਕਿ ਇਹ ਮੀਟਰ ਉਹਨਾਂ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਨੂੰ ਖਤਮ ਕਰਨ ਵਾਲੇ ਅਗਰਦੂਤ ਸਾਬਿਤ ਹੋਣਗੇ।

ਇੱਥੇ ਪਾਰਟੀ ਦੀ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਵਰ ਗਰਿੱਡਾਂ ਉੱਤੇ ਮੀਟਰ ਲਾਏ ਜਾਣ ਤੋਂ ਰੋਕਣ ਵਿਚ ਪਾਰਟੀ ਵਰਕਰ ਕਿਸਾਨਾਂ ਦੀ ਪੂਰੀ ਸਰਗਰਮੀ ਨਾਲ ਮੱਦਦ ਕਰਨਗੇ। ਉਹਨਾਂ ਕਿਹਾ ਕਿ ਪਾਰਟੀ ਸਰਕਾਰ ਵੱਲੋਂ ਲਾਏ ਗਏ ਕਿਸੇ ਵੀ ਨਵੇਂ ਟੈਕਸ ਦਾ ਵਿਰੋਧ ਕਰੇਗੀ ਅਤੇ ਸਰਕਾਰ ਨੂੰ ਅਜਿਹਾ ਟੈਕਸ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪੁੱਛਦਿਆਂ ਕਿ ਕਾਂਗਰਸ ਸਰਕਾਰ ਦੁਆਰਾ ਕਿਸਾਨਾਂ ਅਤੇ ਗਰੀਬਾਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਹੈ, ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਕਰਜ਼ਾ ਮੁਆਫੀ ਦਾ ਵਾਅਦਾ ਸਿਰਫ ਕਾਗਜ਼ਾਂ ਤਕ ਹੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਮਗਰੋਂ ਲੋਕ ਭਲਾਈ ਸਕੀਮਾਂ ਹੀ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ, ਆਟਾ ਦਾਲ ਅਤੇ ਸ਼ਗਨ ਸਕੀਮ ਨਹੀਂ ਦਿੱਤੀ ਜਾ ਰਹੀ ਹੈ। ਅਸੀਂ ਇੱਕ ਵੱਡਾ ਅੰਦੋਲਨ ਸ਼ੁਰੂ ਕਰਾਂਗੇ ਅਤੇ ਸਰਕਾਰ ਨੂੰ ਦਲਿਤ ਵਿਦਿਆਰਥੀਆਂ ਲਈ ਵਜ਼ੀਫਿਆਂ ਸਮੇਤ ਸਾਰੀਆਂ ਲੋਕ ਭਲਾਈ ਸਕੀਮਾਂ ਦੁਬਾਰਾ ਸ਼ੁਰੂ ਕਰਨ ਲਈ ਮਜ਼ਬੂਰ ਕਰ ਦਿਆਂਗੇ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਤੋਂ ਇਹ ਜੁਆਬ ਵੀ ਮੰਗਿਆ ਕਿ ਉੁਹਨਾਂ ਪਿਛਲੇ ਇੱਕ ਸਾਲ ਵਿਚ ਕੀ ਕੀਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਉਹ ਪੰਜਾਬ ਨੂੰ ਨਸ਼ਾ-ਮੁਕਤ ਬਣਾ ਦੇਣਗੇ। ਕਿਹੜੇ ਵੱਡੇ ਤਸਕਰ ਨੂੰ ਉਹਨਾਂ ਨੇ ਫੜਿਆ ਹੈ? ਉਹਨਾਂ ਕਿਹਾ ਸੀ ਕਿ ਸਾਡੇ 70 ਫੀਸਦੀ ਨੌਜਵਾਨ ਨਸ਼ੇੜੀ ਹਨ। ਉਹ ਸਾਰੇ ਹੁਣ ਕਿੱਥੇ ਹਨ? ਉਹਨਾਂ ਕਿਹਾ ਕਿ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਹੈ। ਕਾਂਗਰਸੀ ਵਿਧਾਇਕਾਂ ਨੂੰ ਰੇਤੇ ਦੀ ਗੈਰ ਕਾਨੂੰਨੀ ਖਣਨ ਅਤੇ ਸ਼ਰਾਬ ਦੀ ਤਸਕਰੀ ਕਰਨ ਦੇ ਖੁੱਲ•ੇ ਲਾਇਸੰਸ ਦਿੱਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਸੂਬੇ ਅੰਦਰ ਸ਼ਰੇਆਮ ਗੁੰਡਾ ਟੈਕਸ ਵਸੁਲਿਆ ਜਾ ਰਿਹਾ ਹੈ। ਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਬਠਿੰਡਾ ਰੀਫਾਈਨਰੀ ਦੀ ਮੈਨੇਜਮੈਂਟ ਅਤੇ ਭਾਰਤੀ ਹਵਾਈ ਫੌਜ ਵੱਲੋਂ ਵੀ ਇਸ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ।

ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 1984 ਦੇ ਕਤਲੇਆਮ ਨੂੰ ਸਿੱਖਾਂ ਦੀ ਨਸਲਕੁਸ਼ੀ ਐਲਾਨਣ ਵਾਲਾ ਮਤਾ ਪਾਸ ਕਰਨ ਲਈ ਕੈਨੇਡਾ ਦੀ ਓਂਟਾਂਰੀਓ ਵਿਧਾਨ ਸਭਾ ਨੂੰ ਵਧਾਈ ਦੇਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਉਹਨਾਂ ਨੇ ਆਪਣੇ ਪਾਰਟੀ ਵਰਕਰਾਂ ਅਤੇ ਗਾਂਧੀ ਪਰਿਵਾਰ ਨੂੰ ਕੌਮਾਂਤਰੀ ਨਿੰਦਾ ਤੋਂ ਬਚਾਉਣ ਲਈ ਇੱਕ ਹੋਰ ਹੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਕੈਨੇਡੀਅਨ ਮੰਤਰੀਆਂ ਨੂੰ ਅੱਤਵਾਦੀਆਂ ਦੇ ਹਮਦਰਦ ਕਹਿ ਕੇ ਉਹਨਾਂ ਦਾ ਨਿਰਾਦਰ ਕੀਤਾ ਸੀ , ਪਰ ਜਦੋਂ ਉਸ ਨੇ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦੀ ਅਗਵਾਈ ਵਿਚ ਸਿੱਖ ਭਾਈਚਾਰਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਵਫਦ ਦਾ ਨਿੱਘਾ ਸਵਾਗਤ ਕਰਨ ਜਾ ਰਿਹਾ ਹੈ ਤਾਂ ਫਟ ਦੇਣੀ ਉਹਨਾਂ ਸਾਰਿਆਂ ਨਾਲ ਮੁਲਾਕਾਤ ਕਰਨ ਦੀ ਬੇਨਤੀ ਭੇਜ ਦਿੱਤੀ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਅਤੇ ਬਿਕਰਮ ਮਜੀਠੀਆ ਨੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਰਾਜੂਖੰਨਾ ਦੀ ਇੰਨੀ ਭਰਵੀਂ ਰੈਲੀ ਦਾ ਆਯੋਜਨ ਕਰਨ ਲਈ ਰੱਜਵੀਂ ਪ੍ਰਸੰਸਾ ਕੀਤੀ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਰਦਾਰ ਦਰਬਾਰਾ ਸਿੰਘ ਗੁਰੂ ਅਤੇ ਦੀਦਾਰ ਸਿੰਘ ਭੱਟੀ ਵੀ ਸ਼ਾਮਿਲ ਸਨ।

 

Share Button

Leave a Reply

Your email address will not be published. Required fields are marked *

%d bloggers like this: