ਕਿਸਾਨੀ ਸੰਘਰਸ਼ : ਮਾਨਵੀ ਸੰਵੇਦਨਾ ਅਤੇ ਵੰਗਾਰ ਦਾ ਸੰਕਲਪ

ਕਿਸਾਨੀ ਸੰਘਰਸ਼ : ਮਾਨਵੀ ਸੰਵੇਦਨਾ ਅਤੇ ਵੰਗਾਰ ਦਾ ਸੰਕਲਪ
‘ ਸੰਕਲਪ ‘ ਸ਼ਬਦ ਇਕ ਵਿਸ਼ਲਤਾ ਦਾ ਪਤਾ ਲਗਾਉਣ ਦੀ ਯੋਗਤਾ ਨੂੰ ਦਰਸਾਉਂਦਾ ਸ਼ਬਦ ਹੈ । ਜਿਸ ਅਧੀਨ ਕਿਸੇ ਵਿਸ਼ੇ , ਸਥਿਤੀ, ਪ੍ਰਕਿਰਿਆ, ਯੋਗਤਾ ਜਾਂ ਇਕਾਈ ਦੀ ਗੰਭੀਰਤਾ ਅਤੇ ਡੂੰਘਾਈ ਨੂੰ ਵਾਚਿਆ ਜਾਂਦਾ ਹੈ । ‘ ਸੰਵੇਦਨਾ ‘ ਅਤੇ ‘ਵੰਗਾਰ’ ਦੋ ਅਜਿਹੇ ਸੰਕਲਪ ਹਨ , ਜਿਨ੍ਹਾਂ ਦਾ ਸਿੱਧਾ ਸਬੰਧ ਮਾਨਸਿਕ ਇੱਛਾ ਨਾਲ ਹੈ। ਇਨ੍ਹਾਂ ਦੋਵਾਂ ਸੰਕਲਪਾਂ ਦੀ ਆਧਾਰ ਭੂਤ ਭੂਮੀ ਮਨੁੱਖੀ ਮਨ ਹੈ ।ਇਹ ਦੋਵੇਂ ਸੰਕਲਪ ਆਧਾਰਸ਼ਿਲਾ ਦੇ ਤੌਰ ਤੇ ਭਾਵੇਂ ਇਕ ਭਾਸਦੇ ਹਨ , ਪ੍ਰੰਤੂ ਇਹ ਦੋਵੇਂ ਵੱਖੋ-ਵੱਖਰੇ ਸੰਕਲਪ ਹਨ । ‘ ਸੰਵੇਦਨਾ ‘ ਇੱਕ ਮਾਨਸਿਕ ਪ੍ਰਕਿਰਿਆ ਹੈ ਜਦੋਂ ਕਿ ‘ਵੰਗਾਰ’ ਮਾਨਸਿਕ ਪ੍ਰਕਿਰਿਆ ( ਸੰਵੇਦਨਾ ) ਦੇ ਪ੍ਰਗਟਾਵੇ ਦੇ ਸਰੀਰਕ ਕਾਰਜ ਨੂੰ ਦਰਸਾਉਂਦੀ ਯੋਗਤਾ ਹੈ ।
ਸਾਧਾਰਨ ਰੂਪ ਵਿਚ ‘ਸੰਵੇਦਨਾ’ ਨੂੰ ਮਨੁੱਖ ਦੀ ਉਸ ਜਜ਼ਬਾਤ ਗ੍ਰਹਿਣ ਸ਼ਕਤੀ ਦੇ ਰੂਪ ਵਿਚ ਵੇਖਿਆ ਜਾਂਦਾ ਹੈ, ਜਿਸ ਰਾਹੀਂ ਉਹ ਆਪਣੇ ਆਲੇ-ਦੁਆਲੇ ਦੇ ਗਿਆਨ ਨੂੰ ਸ਼ਿੱਦਤ ਨਾਲ ਅਨੁਭਵ ਕਰਕੇ ਨਤੀਜੇ ਉੱਤੇ ਪਹੁੰਚਦਾ ਹੈ ਤੇ ਫਿਰ ਆਪਣਾ ਪ੍ਰਗਟਾਅ ਜ਼ਾਹਿਰ ਕਰਦਾ ਹੈ। ਇਸਦੇ ਉਲਟ ‘ਵੰਗਾਰ’ ਸੰਵੇਦਨਾ ਵਿੱਚੋਂ ਫੁੱਟਿਆ ਉਹ ਚਸ਼ਮਾ ਹੁੰਦਾ ਹੈ ਜਿਹੜਾ ਮਨੁੱਖ ਦੇ ਗਿਆਨ – ਗ੍ਰਹਿਣ ਤੋਂ ਬਾਅਦ ਉਪਜੇ ਪ੍ਰਗਟਾਅ ਲਈ ਉਸ ਅੰਦਰ ਵਿਦਰੋਹ ਕਰਨ , ਜੋਸ਼ ਭਰਨ ਅਤੇ ਲਲਕਾਰਨ ਦਾ ਜਜ਼ਬਾ ਪੈਦਾ ਕਰਕੇ ਸਰੀਰਕ ਕਿਰਿਆ ਕਰਵਾਉਂਦਾ ਹੈ ।
ਭਾਈ ਕਾਨ੍ਹ ਸਿੰਘ ਨਾਭਾ ਆਪਣੇ ਗ੍ਰੰਥ ‘ਗੁਰ ਸਬਦ ਰਤਨਾਕਰ ਮਹਾਨਕੋਸ਼’ ਵਿਚ ਸੰਵੇਦਨਾ ਦਾ ਮੂਲ ‘ਸੰਵੇਦ’ ਸ਼ਬਦ ਨੂੰ ਮੰਨਦੇ ਹੋਏ ਇਸਦੇ ਅਰਥ ਸਪੱਸ਼ਟ ਕਰਦੇ ਹੋਏ ਲਿਖਦੇ ਹਨ,” ਸੰਵੇਦ ਤੋਂ ਭਾਵ ਹੈ ਗਿਆਨ, ਜਾਣਨਾ ਤੇ ਚੰਗੀ ਤਰ੍ਹਾਂ ਸਮਝਣਾ । ਇਸੇ ਤਰ੍ਹਾਂ ਸਰ ਐੱਮ. ਮੋਨੀਅਰ ਨੇ ਆਪਣੀ ‘A Sanskrit – English Dictionary ‘ ਵਿਚ ਵੀ ਸੰਵੇਦਨਾ ਨੂੰ ਸੰਵੇਦ ਸ਼ਕਤੀ ਨਾਲ ਜੋੜ ਕੇ ਵੇਖਦੇ ਹੋਏ ਦਰਸਾਉਂਦੇ ਹਨ ਕਿ “ਸੰਵੇਦ ਸ਼ਕਤੀ ਤੋਂ ਭਾਵ ਜਾਗਰੂਕ ਹੋਣਾ,ਸਾਮਿਅਕ ਰੂਪ ਵਿਚ ਜਾਣਨਾ, ਗਿਆਨ ਪ੍ਰਾਪਤ ਕਰਨਾ, ਕਿਸੇ ਨਤੀਜੇ ਉੱਤੇ ਪੁੱਜਣਾ ਅਤੇ ਪ੍ਰਗਟ ਕਰਨਾ ਹੁੰਦਾ ਹੈ।“ ਡਾ. ਹਰਿਭਜਨ ਸਿੰਘ ਅਨੁਸਾਰ ਇਹ ਮਨੁੱਖ ਨੂੰ ਯਥਾਰਥ ਦਾ ਅਨੁਭਵ ਕਰਵਾਉਣ ਵਾਲੀ ਇਕ ਸ਼ਕਤੀ ਹੈ। ਸੌਖੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਇਕ ਮਨੁੱਖ ਦਾ ਦੂਜੇ ਮਨੁੱਖ ਦੇ ਦੁੱਖ-ਸੁੱਖ ਪ੍ਰਤੀ ਸੰਵੇਦਨਸ਼ੀਲ ਭਾਵ ਜਾਗਰੂਕ ਹੋਣਾ ਹੀ ਸੰਵੇਦਨਾ ਹੈ ।
‘ਵੰਗਾਰ’ ਨੂੰ ਆਮ ਤੌਰ ਤੇ ਸਰੀਰਕ ਵੇਗ ਦੇ ਰੂਪ ਵਿਚ ਵੇਖਿਆ ਜਾਂਦਾ ਹੈ । ਇਕ ‘Punjabi – English Dictionary’ ਵਿਚ ਵੰਗਾਰ ਨੂੰ ‘ਲਲਕਾਰ’ ( ਚੁਣੌਤੀ ਭਰਪੂਰ) ਅਤੇ ‘ ਬੁੱਕਣ ਦੀ ਕਿਰਿਆ’ ਦੇ ਰੂਪ ਵਿਚ ਚਿਤਰਿਆ ਗਿਆ ਹੈ । ‘punjabi_english.enacademic.com’ ਉੱਤੇ ਚੁਣੌਤੀ ਦੇਣਾ, ਇਤਰਾਜ਼ ਕਰਨਾ , ਵਿਰੋਧ ਕਰਨਾ ਅਤੇ ਉਜ਼ਰ ਕਰਨਾ ਆਦਿ ਵੰਗਾਰ ਦੇ ਹੋਰ ਅਰਥ ਦਰਸਾਏ ਦਿ੍ਸਟੀਗੋਚਰ ਹੁੰਦੇ ਹਨ।ਇਸ ਅਰਥ – ਲਹਿਜ਼ੇ ਨੂੰ ਆਧਾਰ ਬਣਾਉਂਦਿਆਂ ਹੋਇਆਂ ਵਿਖਿਆਨ ਕੀਤਾ ਜਾ ਸਕਦਾ ਹੈ ਕਿ ਵੰਗਾਰ , ਉਹ ਸਰੀਰਕ ਪ੍ਰਕਿਰਿਆ ਹੈ ਜਿਹੜੀ ਮਾਨਵੀ ਸੰਵੇਦਨਾ ਦੇ ਪ੍ਰਗਟਾਅ ਵਿੱਚੋਂ ਆਪਣਾ ਰੂਪ ਅਖ਼ਤਿਆਰ ਕਰਦੀ ਹੋਈ ਮਨੁੱਖ ਨੂੰ ਦਰਪੇਸ਼ ਪ੍ਰਸਥਿਤੀ ਦੇ ਸਾਹਮਣੇ ਖੜ੍ਹਾ ਕਰਕੇ ਇਤਰਾਜ਼ ਕਰਨ , ਵਿਰੋਧ ਕਰਨ , ਚੁਣੌਤੀ ਦੇਣ ਅਤੇ ਸਾਹਮਣਾ ਕਰਨ ਦਾ ਰੋਹ ਤੇ ਜੋਸ਼ ਪੈਦਾ ਕਰਦੀ ਹੈ ।
ਜਦੋਂ ਅਸੀਂ ਮਾਨਵੀ ਸੰਵੇਦਨਾ ਅਤੇ ਵੰਗਾਰ ਸੰਕਲਪਾਂ ਨੂੰ ਅਜੋਕੇ ਕਿਸਾਨੀ ਸੰਘਰਸ਼ ਦੇ ਸੰਦਰਭ ਵਿਚ ਵੇਖਦੇ ਹਾਂ ਤਾਂ ਇਹ ਦੋਵੇਂ ਸੰਕਲਪ ਇਸ ਸੰਘਰਸ਼ ਦੇ ਮਘਣ ਦੀ ਆਧਾਰਸ਼ਿਲਾ ਬਣਦੇ ਜਾ ਰਹੇ ਹਨ । ਇਨ੍ਹਾਂ ਸੰਕਲਪਾਂ ਦੀ ਆਧਾਰਸ਼ਿਲਾ ਹੋਂਦ ਨੇ ਹਰ ਭਾਰਤੀ ਤਬਕੇ ਦੇ ਲੋਕ ਦੀ ਜ਼ਮੀਰ ਨੂੰ ਹਲੂਣਾ ਦੇ ਕੇ ਆਪਣੀ ਸੋਚ, ਸਮਰੱਥਾ ਅਤੇ ਸਾਧਨ ਅਨੁਸਾਰ ਕਿਸਾਨ ਦਾ ਸਾਥ ਦੇਣ ਦੀ ਹੱਲਾਸ਼ੇਰੀ ਦਿੱਤੀ ਹੈ ਤੇ ਦੇ ਰਿਹਾ । ਜਿਵੇਂ ਸਾਰੇ ਇਸ ਗੱਲ ਤੋਂ ਜਾਣੂੰ ਹਨ ਕਿ ਭਾਰਤ ਦੀ ਕੇਂਦਰੀ ਲੀਡਰਸ਼ਿਪ ਵਲੋਂ ਕਿਸਾਨਾਂ ਉੱਤੇ ਥੋਪੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬੀ ਕਿਸਾਨ ਅੰਦਰੋਂ ਉੱਠੀ ਵਿਰੋਧਾਭਾਸੀ ਸੰਵੇਦਨਾ ਨੇ ਵੰਗਾਰ ਤੇ ਲਲਕਾਰ ਚਿਣਗ ਦਾ ਰੂਪ ਅਖ਼ਤਿਆਰ ਕਰਕੇ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਨੂੰ ਮਘਾਈ ਰੱਖਿਆ ਹੋਇਆ ਹੈ। ਇਹ ਚਿਣਗ ਦਿਨੋ-ਦਿਨ ਭਾਂਬੜ ਬਣ ਪੋਹ-ਮਾਘ ਦੀਆਂ ਠੰਡੀਆਂ ਹਵਾਵਾਂ ਤੇ ਰਾਤਾਂ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਤੇ ਰਾਖੀ ਲਈ ਦਿ੍ੜ ਰਹਿ ਕੇ ਹਰਿਆਣਾ, ਯੂਪੀ, ਰਾਜਸਥਾਨ,ਮੱਧ ਪ੍ਰਦੇਸ਼, ਉੱਤਰਾਖੰਡ, ਕਰਨਾਟਕ , ਮਹਾਰਾਸ਼ਟਰ ਆਦਿ ਰਾਜਾਂ ਦੇ ਕਿਸਾਨਾਂ ਦੀ ਸੰਵੇਦਨਾ ਨੂੰ ਵੰਗਾਰਦੀ ਹੋਈ ਸੰਘਰਸ਼ ਦਾ ਹਿੱਸਾ ਬਣਾ ਕੇ ਲਾਟਾਂ ਬਣ ਰਹੀ ਹੈ । ਜਿਸਦੀ ਸ਼ਾਹਦੀ ਦਿੱਲੀ ਦਿਆਂ ਬਾਡਰਾਂ ਉੱਤੇ ਡਟੇ ਵਿਭਿੰਨ ਰਾਜਾਂ ਦੇ ਕਿਸਾਨਾਂ ਤੇ ਕਿਸਾਨ ਹਿਤੈਸ਼ੀ ਸਹਿ -ਭਾਗੀਆਂ ਦੀ ਸਾਂਝ ਨਾਲ ਲਬਰੇਜ਼ ਵਿਦਰੋਹ ਅਤੇ ਵਿਦਰੋਹ ਪ੍ਰਤੀ ਜੋੜੇ ਤੇ ਪ੍ਰਦਰਸ਼ਿਤ ਕੀਤੇ ਟੋਟਕੇ ਵੀ ਭਰਦੇ ਹਨ:
• “ਕਾਲੇ ਕਾਨੂੰਨਾਂ ਨੂੰ ਪਾੜ ਦਿਆਂਗੇ,
ਦਿੱਲੀ ਦੀ ਹਿੱਕ ‘ਤੇ ਟਰੈਕਟਰ ਚਾੜ੍ਹ ਦਿਆਂਗੇ।“
• “ਰੰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ,
ਜਬ ਆਂਖ ਸੇ ਹੀ ਨਾ ਟਪਕਾ ਤੋਂ ਫਿਰ ਲਹੂ ਕਿਆ ਹੈ।“
• “ਰੰਗ ਵੱਖਰੇ, ਰੰਗਤ ਇੱਕੋ ਝੰਡਿਆਂ ਦੀ
ਕਹੀਆਂ, ਕਿਰਪਾਨਾਂ,ਦਾਤੀ, ਹਥੌੜੇ ਖੰਡਿਆਂ ਦੀ
ਸਾਂਝੀ ਤਾਕਤ ਬਰਕਤ ਵਾਲੇ ਨਿੱਗਰ ਡੰਡਿਆਂ ਦੀ।“
• ਜਦੋਂ ਤੱਕ ਜਾਨ ਆ, ਉਦੋਂ ਤੱਕ ਲੜਾਂਗਾ।
ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜ੍ਹਾਂਗਾ।
• ਜੁੜ੍ਹਾਂਗੇ ਲੜ੍ਹਾਂਗੇ ਜਿੱਤਾਂਗੇ।
ਪੋਹ ਦੀਆਂ ਠਰ੍ਹਦੀਆਂ ਰਾਤਾਂ ਵਿੱਚ ਦਿੱਲੀ ਦੀ ਹਿੱਕ ਉੱਤੇ ਡਟੇ ਪੰਜਾਬੀ ਸਿਰੜੀ ਯੋਧਿਆਂ ਦੀ ਸੰਵੇਦਨਾ ਸੱਤਾ ‘ਤੇ ਕਾਬਜ਼ ਮੋਦੀ ਵਜਾਰਤ ਨੂੰ ਵੰਗਾਰ ਪਾਉਂਦੀ ਤੇ ਦੱਸਦੀ ਹੋਈ , ਆਪਣੇ ਵਿਰਸੇ ਤੋਂ ਪ੍ਰਭਾਵਿਤ ਹੁੰਦਿਆਂ ਵੀ ਆਖਦੀ ਦਿ੍ਸ਼ਟੀਗੋਚਰ ਹੁੰਦੀ ਹੈ:
• ਮੋਦੀ ਅਸੀਂ ਦਸੰਬਰ ਦਾ ਮਹੀਨਾ ਪਹਿਲਾਂ
ਮਾਂ ਗੁਜਰੀ ਦੀ ਗੋਦ ਵਿਚ ਮਨਾਉਂਦੇ ਹਾਂ।
ਇਸ ਵਾਰ ਦਾਦਾ ਗੁਰੂ ਤੇਗ਼ ਬਹਾਦਰ ਦੀ
ਗੋਦ ਵਿਚ ਬੈਠੇ ਅਸੀਂ ਠੰਢ ਵਿੱਚ ਠਰ੍ਹਦੇ ਨਹੀਂ
ਸਗੋਂ ਗੋਦ ਦੀ ਨਿੱਘ ਦਾ ਆਨੰਦ ਮਾਣ ਰਹੇ ਹਾਂ।
ਪੰਜਾਬ ਦੇ ਵਾਸੀਆਂ ਦੀ ਜਾਗੀ ਇਹ ਮਾਨਵੀ ਸੰਵੇਦਨਾ “ਇਤਿਹਾਸ ਬੀਤ ਗਿਆ ਨੀ ਹੁੰਦਾ,ਬੀਜ ਹੁੰਦਾ ਪਿਆ ਰਹਿੰਦਾ ਵਾਰਿਸਾਂ ਦੇ ਖੂਨ ਵਿੱਚ , ਮੌਸਮ ਆਉਣ ਤੇ ਫਿਰ ਉੱਗ ਪੈਂਦਾ ਹੈ।“ ਟਿੱਪਣੀ ਨੂੰ ਸਪੱਸ਼ਟ ਅਰਥਾਂ ਵਿਚ ਸਮਝਣ ਵਿਚ ਮਦਦ ਕਰਦੀ ਹੈ। ‘ ਜ਼ਮੀਨ ਹਲ ਵਾਹਕ ਦੀ ‘ ਦਾ ਨਾਅਰਾ ਬੁਲੰਦ ਕਰਨ ਵਾਲੇ ਸ਼ਾਸਕ ਬੰਦਾ ਸਿੰਘ ਬਹਾਦਰ ਦੀ ਫੋਟੋ ਲੱਗੇ ਪੋਸਟਰ ਜਿੱਥੇ ਅਜੋਕੀ ਹੈਂਕੜਬਾਜ਼ੀ ਵਜਾਰਤ ਦੇ ਮੂੰਹ ਉੱਤੇ ਚਪੇੜ ਮਾਰ ਰਹੇ ਹਨ, ਉੱਥੇ ਕਿਸਾਨੀ ਸੰਘਰਸ਼ ਵਿਚ ਕੁੱਦੇ
ਜੁਝਾਰੂਆਂ ਅੰਦਰ ਆਪਣੀ ਮਾਂ-ਭੂਮੀ ਦੀ ਰੱਖਿਆ ਲਈ ਮਰ – ਮਿਟਣ ਲਈ ਤਿਆਰ ਰਹਿਣ ਦੀ ਆਵਾਜ਼ ਨੂੰ ਬੁਲੰਦ ਕਰਦੇ ਜਾਪਦੇ ਹਨ।
• ਦਿੱਲੀਏ ! ਇਹ ਉੜਤਾ ਪੰਜਾਬ ਨਹੀਂ,
ਖਿੜ੍ਹਦਾ ਪੰਜਾਬ ਹੈ।
ਅਜਿਹੇ ਵੰਗਾਰ ਭਰਪੂਰ ਤੇ ਮੂੰਹ ਉੱਤੇ ਥੁੱਕਣ ਵਾਲੇ ਪੋਸਟਰ ਜਿੱਥੇ ਕਿਸਾਨੀ ਸੰਘਰਸ਼ ਦੀ ਰੂਪ-ਰੇਖਾ ਤੇ ਇਸ ਨਾਲ ਜੁੜੇ ਜੁਝਾਰੂਆਂ ਦੇ ਹੌਸਲੇ, ਜਜ਼ਬੇ ਤੇ ਜੁੱਸੇ ਨੂੰ ਚਾਰ ਚੰਨ ਲਗਾ ਰਹੇ ਹਨ ਉੱਥੇ ਆਪਣੇ ਹੱਕਾਂ ਅਤੇ ਆਉਣ ਵਾਲੀਆਂ ਨਸਲਾਂ ਦੀ ਹੋਂਦ ਦੀ ਸਥਾਪਤੀ ਲਈ ਜੋਸ਼ ,ਰੋਹ , ਜਨੂੰਨ ਤੇ ਤਲਖ਼ ਭਰਪੂਰ ਸੰਵੇਦਨਾ ਲਾਹਣਤ ਦਾ ਰੂਪ ਧਾਰਨ ਕਰਦੀ ਹੋਈ ਹਾਕਮ ਨੂੰ ਸਿੱਧਾ ਰਸਤਾ ਦਿਖਾਉਂਦੀ ਵੀ ਪ੍ਰਤੀਤ ਹੁੰਦੀ ਹੈ:
• ਲੇਖਾ ਦੇਣਾ ਪੈਣਾ ਤੈਨੂੰ ਖੋਹੀਆਂ ਮੁਸਕਾਨਾਂ ਦਾ,
ਕਿਉਂ ਨਹੀਂ ਸਮਝਦਾ ਹਾਕਮਾ ਓਏ ਤੂੰ ਦਰਦ ਕਿਸਾਨਾਂ ਦਾ ।
ਰੋਹ ਵਿਚ ਜੁਟੇ ਹਰ ਸਹਿਭਾਗੀ ਅੰਦਰ ਏਹ ਸੰਵੇਦਨਾ ਇੱਕ ਵੰਗਾਰ ਬਣਕੇ ਉੱਭਰ ਰਹੀ ਹੈ ਕਿ ਜਿਹੜੇ ਅਜੀਤ ਹੁੰਦੇ ਨੇ, ਜੁਝਾਰੂ ਹੁੰਦੇ ਨੇ, ਜ਼ੋਰਾਵਰ ਹੁੰਦੇ ਨੇ , ਉਹ ਫ਼ਤਹਿ ਪਾਉਂਦੇ ਨੇ ।
ਇਸ ਕਿਸਾਨੀ ਸੰਘਰਸ਼ ਵਿਚੋਂ ਉਭਰਦੀ ਇਕ ਅਹਿਮ ਸੰਵੇਦਨਾ ਇਹ ਵੀ ਹੈ ਕਿ ਇਸ ਅੰਦੋਲਨ ਨੇ ਕਿਸਾਨੀ ਤੇ ਇਸ ਦੇ ਸਹਿਭਾਗੀ ਤਬਕਿਆਂ ਵਿਚ ਸਥਾਪਤ ਰਾਜਨੀਤਕ ਪਾਰਟੀਆਂ ਤੋਂ ਨਿਜਾਤ ਪਾਉਣ ਵਾਲੀ ਸੋਚ ਨੂੰ ਉਭਾਰਨ ਦਾ ਵੀ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ ਅਤੇ ਇਕ ਨਵੀਂ ਕਿਸਾਨ-ਮਜਦੂਰ ਹਿਤੈਸ਼ੀ ਰਾਜਨੀਤਕ ਪਾਰਟੀ ਬਣਾਉਣ ਤੇ ਉਸਨੂੰ ਉਭਾਰਨ ਦੀ ਲਹਿਰ ਵੀ ਜ਼ੋਰ ਫੜ ਰਹੀ ਹੈ।
ਕਿਸਾਨੀ ਘੋਲ ਨਾਲ ਸਬੰਧਤ ਸੰਵੇਦਨਾ ਨੂੰ ਤਿੰਨ ਸੰਦਰਭਾਂ ਵਿਚ ਰੱਖ ਕੇ ਵੇਖਿਆ ਜਾ ਸਕਦਾ ਹੈ ਜੋ ਕਿ ਬਿਲਕੁਲ ਸਮਕਾਲੀ ਸ਼ਮ੍ਹਾ ਦੇ ਅਨੁਸਾਰ ਦਰੁਸਤ ਹੈ:
• ਹਕੀਕਤ ਸੜ੍ਹਕਾਂ ‘ਤੇ ਹੈ
ਸਲਾਹਾਂ ਬੰਗਲਿਆਂ ‘ਚ
ਅਤੇ ਝੂਠ ਟੀ ਵੀ ‘ਤੇ ।
ਅਖੌਤੀ ਗੋਦੀ ਮੀਡੀਆ ਦੁਆਰਾ ਸੰਘਰਸ਼ ਵਿਚ ਕੁੱਦੇ ਜੁਝਾਰੂਆਂ ਨੂੰ ਖਾਲਿਸਤਾਨੀ, ਅੱਤਵਾਦੀ ਅਤੇ ਵੱਖਵਾਦੀ ਦਰਸਾ ਕੇ ਅੰਦੋਲਨ ਦੇ ਰੋਹ ਨੂੰ ਮੱਠਾ ਕਰਨ ਦੀਆਂ ਕੋਝੀਆਂ ਚਾਲਾਂ ਨੂੰ ਸਿਰੇ ਨਾ ਚੜ੍ਹਨ ਦੇਣ ਲਈ ਇਨ੍ਹਾਂ ਕਿਰਦਾਰਾਂ ਤੋਂ ਦੂਰ ਉੱਠ ਆਪਣੇ ਹੱਥਾਂ ਵਿਚ ਤਖਤੀਆਂ ਫੜੀ ਵਿਚਰਦੇ ਖੇਤਾਂ ਦੇ ਪੁੱਤਾਂ ‘ ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ ‘ ਅਤੇ ਟਰੈਕਟਰਾਂ ਉੱਤੇ ਲਗਾਏ ਤਿਰੰਗੇ ਝੰਡਿਆਂ ਨੇ ਦਰਸਾ ਦਿੱਤਾ ਕਿ ਇਸ ਸੰਘਰਸ਼ ਨਾਲ ਜੁੜੇ ਹਰ ਇਨਸਾਨ ਦੀ ਮਾਨਵੀ ਸੰਵੇਦਨਾ ਦੇਸ਼ ਭਗਤੀ ਅਤੇ ਦੇਸ਼-ਪ੍ਰੇਮ ਦੇ ਰਸ ਨਾਲ ਭਰੀ ਹੋਈ ਹੈ। ਗੋਦੀ ਮੀਡੀਆ ਨੂੰ ਆਪਣੀ ਇਸ ਸੰਵੇਦਨਾ ਦਾ ਸਬੂਤ ਦਿੰਦਿਆਂ ਸੰਘਰਸੀਆਂ ਨੇ ਫ਼ਤਵਾ ਪੜ੍ਹ ਸੁਣਾਇਆ ਕਿ:
• ਰਫ਼ਲ ਰਫ਼ਲ ‘ਚ ਵੀ ਫ਼ਰਕ ਹੈ ਸਾਹਿਬ,
ਤੁਹਾਡੀ ਰੱਖਿਆ ਲਈ ਚੁੱਕੀਏ ਤਾਂ ਜਵਾਨ।
ਆਪਣੇ ਹੱਕਾਂ ਲਈ ਚੁੱਕੀਏ ਤਾਂ ਅੱਤਵਾਦੀ ਕਿਸਾਨ।
• ਸਰਕਾਰੇ ਤੇਰਾ ਤਖ਼ਤਾ ਪਲਟ ਦਿਆਂਗੇ,
ਪਰਿਭਾਸ਼ਾ ਅੱਤਵਾਦੀ ਦੀ ਬਦਲ ਦਿਆਂਗੇ।
ਸੰਘਰਸ਼ੀ ਅਖਾੜਿਆਂ ਵਿੱਚ ਘੁਲ ਰਹੇ ਘੋਲਕਾਰਾਂ( ਕਿਸਾਨਾਂ ) ਦੇ ਮਨਾਂ ਵਿਚ ਜਿੱਥੇ ਪਿੱਛੇ ਛੱਡੇ ਆਪਣਿਆਂ ਘਰਾਂ ਵੱਲ ਨੂੰ ਮੁੜਨ ਦੀ ਚਾਹ, ਪਰਿਵਾਰਿਕ ਮੈਂਬਰਾਂ ਨੂੰ ਮਿਲਣ ਦੀ ਤਾਂਘ, ਆਪਣੀਆਂ ਫ਼ਸਲਾਂ ਨੂੰ ਸਾਂਭਣ ਦੀ ਚਿੰਤਾ, ਪਿੰਡ ਦੀਆਂ ਜੂਹਾਂ-ਸੱਥਾਂ ਦੀ ਯਾਦ ਅਤੇ ਮਾਲ – ਡੰਗਰ ਦੇ ਮੋਹ ਦੇ ਨਿੱਘ ਦਾ ਉਨ੍ਹਾਂ ਨੂੰ ਅੰਦਰੋਂ-ਅੰਦਰ ਵੱਢ-ਵੱਢ ਖਾਣਾ ਇੱਕ ਭੁੱਖੀ ਤੇ ਤਿਹਾਈ ਸੰਵੇਦਨਾ ਦਾ ਤੇ ਗੁੱਸਾਈ ਵੰਗਾਰ ਦਾ ਵਾਤਾਵਰਨ ਉਭਾਰਦਾ ਹੈ । ਇਸ ਮੰਦਰ ਦਾ ਪ੍ਰਗਟਾਵਾ ਘੋਲ ਵਿਚ ਦਰਸਾਏ ਪੋਸਟਰਾਂ ਦੀਆਂ ਇਨ੍ਹਾਂ ਸਤਰਾਂ ਤੋਂ ਹੋ ਜਾਂਦਾ ਹੈ :
• ਮਿਲ ਜਾਵੇ ਜੇ ਮੁਲਕ ਦਾ ਹਾਕਮ ਪੁੱਛਾਂ ਇਕ ਸਵਾਲ
ਹੱਕਾਂ ਲਈ ਸੰਘਰਸ਼ ਕਰਾਂ ਜਾਂ ਫ਼ਸਲਾਂ ਦੀ ਸੰਭਾਲ।
ਇਹ ਭੁੱਖੀ-ਤਿਹਾਈ ਸੰਵੇਦਨਾ ਤੇ ਵੰਗਾਰੂ ਬੜ੍ਹਕ ਫਿਰ ਵੀ ਕਾਲੇ ਕਾਨੂੰਨ ਪਾਸ ਕਰਨ ਵਾਲੀ ਸੱਤਾ ਨੂੰ ਕਰੋੜਾਂ ਲਾਹਣਤਾਂ ਪਾ ਕੇ ਵੀ ਧੰਨਵਾਦ ਕਰਦੀ ਹੋਈ ਆਪਣੇ ਜਜ਼ਬੇ , ਭਾਈਚਾਰਕ ਸਾਂਝ ਤੇ ਸਿਰੜ ਨਾਲ ਸੁਨਹਿਰੀ ਇਤਿਹਾਸ ਸਿਰਜ ਰਹੀ ਹੈ ਅਤੇ ਦੁਜੇ ਪਾਸੇ ਸਰਕਾਰ ਦਾ ਇਤਿਹਾਸ ਕਾਲੇ ਅੱਖਰਾਂ ਵਿੱਚ ਲਿਖਵਾਉਣ ਦਾ ਮੁੱਢ ਬੱਝ ਰਹੀ ਹੈ।
• ਸਾਡੇ ਪੱਥਰਾਂ ਦੇ ਜੁੱਸੇ,
ਤੇਰੇ ਸੀਸ਼ਿਆਂ ਦੇ ਘਰ।
ਤਾਂ ਹੀ ਆਖਦੈਂ ਤੈਨੂੰ,
ਸਾਡੇ ਚਿਹਰਿਆਂ ਤੋਂ ਡਰ।
• ਫ਼ਿਕਰ ਨਾ ਕਰੀਂ ਬਾਪੂ ਸਾਡੇ ਸਮਿਆਂ ਦੀ,
ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਹੁਣਗੀਆਂ।
ਇਸ ਤੋਂ ਇਲਾਵਾ ਇਸ ਸੰਘਰਸ਼ ਵਿਚ ‘ਦਿੱਲੀ ਧਰਨੇ ਤੇ ਬੈਠੇ ਕਿਸਾਨ ਜੋ ਸਰਦਾਰ ਕੌਮ ਦੇ, ਜੋ ਘਰ ਬੈਠੇ ਰਜਾਈਆਂ ‘ਚ ਗ਼ੱਦਾਰ ਕੌਮ ਦੇ ।‘ ਜਿਹੇ ਨਾਅਰਿਆਂ ਨਾਲ ਲਬਰੇਜ਼ ਪੋਸਟਰ ਕਿਸੇ ਵੀ ਤਰ੍ਹਾਂ ਦਾ ਹਿੱਸਾ ਨਾ ਬਣੇ , ਘਰਾਂ ਵਿਚ ਬਹਿ ਕੇ ਰਜਾਈਆਂ ਦਾ ਨਿੱਘ ਮਾਣ ਰਹੇ ਤੇ ਮਰੀ ਜ਼ਮੀਰ ਵਾਲੇ ਲੋਕਾਂ ਨੂੰ ਵੰਗਾਰ ਕੇ ਜਿੱਥੇ ਸੰਘਰਸ਼ ਦੇ ਘੋਲ ਵਿਚ ਕੁੱਦਣ ਦੀ ਲਲਕਾਰ ਬਣ ਰਹੇ ਹਨ, ਉੱਥੇ ਸੰਘਰਸ਼ ਦੀ ਨੀਂਹ ਮਜ਼ਬੂਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।
• ਯੋਗ ਅਗਵਾਈ, ਸਫ਼ਲਤਾ ਲਿਆਈ।
• ਜਾਂ ਮਰਾਂਗੇ, ਜਾਂ ਜਿੱਤਾਂਗੇ।
ਵਰਗੀਆਂ ਦੋ ਤੁਕੀ ਸਤਰਾਂ ਕਿਸਾਨੀ ਸੰਘਰਸ਼ ਦੇ ਨਿਧੜਕ, ਸਿਰੜੀ , ਯੋਗ ਤੇ ਸਥਿਤੀਆਂ ਅਨੁਸਾਰ ਠੀਕ ਅਤੇ ਸਹੀ ਫ਼ੈਸਲੇ ਲੈਣ ਵਾਲੇ ਕਿਸਾਨ ਆਗੂਆਂ ਦੀਆਂ ਠਰੰਮ੍ਹੇ, ਹੋਸ਼ ਭਰਪੂਰ ਅਤੇ ਸਹਿਜਤਾ ਦੇ ਗੁਣਾਂ ਨਾਲ ਭਿੱਜੀਆਂ ਸ਼ਖ਼ਸੀਅਤਾਂ ਦੀ ਸੰਵੇਦਨਾ ਤੇ ਦਿ੍ੜ੍ਤਾ ਭਰਪੂਰ ਵੰਗਾਰ ਨੂੰ ਵੀ ਉਜਾਗਰ ਕਰਦੀਆਂ ਹਨ।
ਅੰਤ ਵਿੱਚ ਮੈਂ ਇਸ ਸੰਘਰਸ਼ ਵਿਚ ਹਰ ਤਰ੍ਹਾਂ ਨਾਲ ਕੁੱਦੇ ਤੇ ਜੁੜੇ ਕਿਰਦਾਰਾਂ ਦੀ ਮਾਨਵੀ ਸੰਵੇਦਨਾ ਤੇ ਵੰਗਾਰ ਦਾ ਮਾਨਵੀਕਰਨ ਕਰਦਿਆਂ ਉਸਦੇ ਮੂੰਹੋਂ ਅਖਵਾ ਰਿਹਾ ਹਾਂ :
• ਮੈਂ ਕਿਵੇਂ ਕਹਿ ਦੇਵਾਂ
ਕਿ ਮੈਂ ਥੱਕ ਗਈ ਹਾਂ
ਪਤਾ ਨਹੀਂ ਅਜੇ ਕਿਸ-ਕਿਸ ਦੇ
ਮਨ-ਮੰਦਰ ਦਾ ਹੌਂਸਲਾ ਹਾਂ ਮੈਂ।
ਪ੍ਰੋ. ਜਗਪਾਲ ਸਿੰਘ
ਸਰਕਾਰੀ ਸ਼ਿਵਾਲਿਕ ਕਾਲਜ,ਨਯਾ ਨੰਗਲ
9463517259