ਕਿਸਾਨੀ ਸੰਘਰਸ਼ ਚੋਂ ਪੈਦਾ ਹੋਈਆਂ ਉਮੀਦਾਂ ਦਾ ਦੇਸ਼ ਦੇ ਭਵਿੱਖ ਉੱਪਰ ਕੀ ਪ੍ਭਾਵ ਪੈ ਸਕਦਾ

ਕਿਸਾਨੀ ਸੰਘਰਸ਼ ਚੋਂ ਪੈਦਾ ਹੋਈਆਂ ਉਮੀਦਾਂ ਦਾ ਦੇਸ਼ ਦੇ ਭਵਿੱਖ ਉੱਪਰ ਕੀ ਪ੍ਭਾਵ ਪੈ ਸਕਦਾ
ਇਤਿਹਾਸ ਨੇ ਆਪਣੀ ਬੁੱਕਲ ਵਿੱਚ ਬਹੁਤ ਕੁਝ ਛੁਪਾਕੇ ਰੱਖਿਆ ਹੁੰਦਾ। ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਜਿਸ ਤਰ੍ਹਾਂ ਦੀ ਜ਼ਿੰਦਗੀ ਵੀ ਜਿਉਂ ਰਹੇ ਹਾਂ। ਇਸ ਲਈ ਸਾਡੇ ਪੁਰਖਿਆਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ। ਜਿਸ ਦੇ ਨਤੀਜੇ ਵਜੋਂ ਸਾਨੂੰ ਇਹੋ ਜਿਹੀ ਜ਼ਿੰਦਗੀ ਜਿਊਣ ਦਾ ਮੌਕਾ ਮਿਲਦਾ ਹੈ। ਸਾਨੂੰ ਇਸ ਗੱਲ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਸਾਡੀ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ। ਸਾਡੇ ਗੁਰੂਆਂ ਨੇ ਸਾਨੂੰ ਹੱਥੀ ਕਿਰਤ ਕਰਨ ਤੇ ਆਪਣੇ ਹੱਕਾਂ ਲਈ ਲੜਨ ਦਾ ਸੁਨੇਹਾ ਦਿੱਤਾ। ਸਾਡੇ ਬਾਬੇ ਨਾਨਕ ਨੇ ਆਪ ਹੱਥੀ ਹਲ ਵਾਹ ਕੇ ਖੇਤੀ ਕੀਤੀ ਸੀ। ਕੁਦਰਤ ਦੀ ਮਹਾਨਤਾ ਨੂੰ ਪਿਆਰ ਕਰਨਾ ਤੇ ਪੂਰੇ ਦੇਸ਼ ਦਾ ਢਿੱਡ ਭਰਨਾ ਕਿਸਾਨੀ ਦੇ ਹਿੱਸੇ ਆਇਆ। ਵਿਕਾਸ ਦੀ ਦੌੜ ਨੇ ਕਿਸਾਨੀ ਵਿੱਚ ਸੁਧਾਰਾਂ ਦੇ ਨਾਮ ਉੱਪਰ ਵਪਾਰਕ ਸੋਚ ਸ਼ਾਮਿਲ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਦਿੱਤੀ । ਜਿਸਦੇ ਸਿੱਟੇ ਵਜੋਂ ਦੇਸ਼ ਦਾ ਅੰਨਦਾਤਾ ਪੂਰੇ ਦੇਸ਼ ਨੂੰ ਰਜਾਉਦਾ ਹੋਇਆ ਆਪ ਭੁੱਖਾ ਮਰਨ ਲੱਗ ਪਿਆ। ਇਹ ਸੁਧਾਰ ਚਾਹੇ ਹਰੀ ਕ੍ਰਾਂਤੀ ਹੋਵੇ ਜਾਂ ਫੇਰ ਸਾਲ 2020 ਦੇ ਤਿੰਨ ਮਾਰੂ ਆਰਡੀਨੈਂਸ। ਸ਼ੁਰੂ ਵਿੱਚ ਕਿਸਾਨ ਹੱਥੀ ਮਿਹਨਤ ਕਰਕੇ ਅਨਾਜ ਪੈਦਾ ਕਰਦਾ ਸੀ। ਉਸ ਸਮੇਂ ਘੱਟ ਝਾੜ ਵਿੱਚ ਵੱਧ ਖ਼ੁਰਾਕੀ ਤੱਤ ਮੌਜੂਦ ਸਨ ਪਰ ਕੁਦਰਤ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਤੇ ਮੁਨਾਫ਼ੇ ਦਾ ਲਾਲਚ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ। ਜਿਸਦੇ ਨਤੀਜੇ ਵਜੋਂ ਖੇਤੀ ਉੱਪਰ ਰੇਆ, ਸਪਰੇਆਂ ਦਾ ਛਿੜਕਾਅ ਵੱਧਣ ਦੇ ਨਾਲ ਨਾਲ ਖ਼ਰਚੇ ਵੀ ਵੱਧ ਗਏ। ਬੇਸ਼ਕ ਅਸੀਂ ਝਾੜ ਵਧਾ ਲਏ ਪਰ ਖ਼ੁਰਾਕੀ ਤੱਤ ਘੱਟ ਗਏ। ਹੁਣ ਵੱਧ ਝਾੜ ਚ ਜਿੰਨੇ ਖ਼ੁਰਾਕੀ ਤੱਤ ਮਿਲਦੇ ਸਨ ਉਨੇ ਖ਼ੁਰਾਕੀ ਤੱਤ ਪਹਿਲਾਂ ਘੱਟ ਝਾੜ ਵਿੱਚ ਮਿਲਦੇ ਸਨ। ਸਾਡੇ ਇਸ ਵਿਕਾਸ ਨੇ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਹਫ਼ੇ ਵਜੋਂ ਦਿੱਤੀਆਂ। ਜਦੋਂ ਤੱਕ ਸਾਨੂੰ ਏਨਾ ਨੀਤੀਆਂ ਦੇ ਮਾਰੂ ਨਤੀਜਿਆਂ ਬਾਰੇ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹੁਣ ਲੋੜ ਹੈ ਕਿਸਾਨਾਂ ਨੂੰ ਜਾਗਰੂਕ ਹੋ ਕੇ ਸਾਲ 2020 ਦੇ ਮਾਰੂ ਬਿੱਲਾਂ ਦਾ ਵਿਰੋਧ ਕਰਕੇ ਰੱਦ ਕਰਵਾਉਣ ਦੀ ਤਾਂਕਿ ਸਾਡੀ ਆਉਣ ਵਾਲੀ ਨਸਲ ਸਾਡੇ ਖੇਤਾਂ ਤੇ ਕਿਸਾਨੀ ਨਾਲ ਜੁੜੀ ਰਹੇ ਜਿਸਨੂੰ ਸਾਡੇ ਪੁਰਖਿਆਂ ਨੇ ਆਪਣੇ ਖ਼ੂਨ ਪਸੀਨੇ ਨਾਲ ਸਿੰਜਿਆ ਸੀ। ਸਾਲ 2020 ਦੇ ਵਿੱਚ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਸੰਘਰਸ਼ ਦਾ ਸਾਡੇ ਭਵਿੱਖ ਉੱਪਰ ਕੀ ਅਸਰ ਪਵੇਗਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਸਾਡੇ ਕਦਮ ਕਿਸ ਤਰ੍ਹਾਂ ਦੇ ਨਤੀਜੇ ਪੈਦਾ ਕਰਨਗੇ। ਇਨ੍ਹਾਂ ਨਤੀਜਿਆਂ ਨਾਲ ਸਮਾਜ ਨੂੰ ਸਹੀ ਸੇਧ ਮਿਲ ਸਕੇਗੀ ਜਾਂ ਨਹੀਂ ਇਹ ਜਾਣ ਲੈਣਾ ਬਹੁਤ ਜ਼ਰੂਰੀ ਸਵਾਲ ਬਣ ਜਾਂਦਾ ਹੈ। ਇਸ ਸੰਘਰਸ਼ ਦੌਰਾਨ ਸਾਨੂੰ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸਦੇ ਚੰਗੇ ਨਤੀਜਿਆਂ ਨੂੰ ਅੱਖੋਂ ਓਹਲੇ ਨੀ ਕੀਤਾ ਜਾ ਸਕਦਾ। ਜਿਸ ਤਰ੍ਹਾਂ ਹਰ ਸ਼ੁਰੂਆਤ ਕਿਸੇ ਹਾਦਸੇ ਨੂੰ ਖ਼ਤਮ ਕਰਦੀ ਹੈ ਤੇ ਹਰ ਹਾਦਸੇ ਚ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਉਸੇ ਤਰ੍ਹਾਂ ਇਸ ਸੰਘਰਸ਼ ਨਾਲ ਬਹੁਤ ਕੁਝ ਖ਼ਤਮ ਹੋਣ ਦੇ ਨਾਲ ਨਾਲ ਬਹੁਤ ਕੁਝ ਨਵਾਂ ਵੀ ਸ਼ੁਰੂ ਹੋਵੇਗਾ। ਇਸਦੇ ਪ੍ਭਾਵ ਸਾਨੂੰ ਭਵਿੱਖ ਵਿੱਚ ਦੇਖਣ ਲਈ ਮਿਲਣਗੇ।
ਇਸ ਸੰਘਰਸ਼ ਦੀ ਵਜ੍ਹਾ ਕਰਕੇ ਸਭ ਤੋਂ ਪਹਿਲਾਂ ਧਰਮ ਦੇ ਨਾਮ ਉੱਪਰ ਹੋਣ ਵਾਲੀ ਸਿਆਸਤ ਪੂਰੀ ਤਰ੍ਹਾਂ ਨੰਗੀ ਹੋ ਚੁੱਕੀ ਹੈ। ਸਮੇਂ ਦੀਆਂ ਸਰਕਾਰਾਂ ਇਨਸਾਨੀਅਤ ਦਾ ਕਤਲ ਕਰਕੇ ਧਰਮ ਦੇ ਨਾਮ ਉੱਪਰ ਸਾਨੂੰ ਵੰਡ ਕੇ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਜਿਸ ਕਰਕੇ ਅਸੀਂ ਦੰਗਿਆਂ ਦੇ ਨਾਮ ਉੱਪਰ ਆਪਣੇ ਹੀ ਭੈਣ ਭਰਾਵਾਂ ਦਾ ਕਤਲ ਕਰਦੇ ਰਹੇ ਹਾਂ। ਇਸ ਤਰ੍ਹਾਂ ਦੀ ਨਸਲਕੁਸ਼ੀ ਤੇ ਨਫ਼ਰਤ ਦੀ ਵੰਡ ਦਾ ਦਾਗ਼ ਸਾਡੇ ਨਾਲ 47 ਤੇ 84 ਵਜੋਂ ਜੁੜ ਚੁੱਕਾ ਹੈ। ਪਰ ਕਿਸਾਨਾਂ ਦੇ ਇਸ ਸੰਘਰਸ਼ ਨੇ ਸਾਨੂੰ ਦੁਬਾਰਾ ਤੋਂ ਮੌਕਾ ਦਿੱਤਾ ਕਿ ਅਸੀਂ ਇੱਕ ਥਾਂ ਇਕੱਠੇ ਹੋ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਸਕੀਏ। ਕਿਉਂਕਿ ਇਨਸਾਨੀਅਤ ਹੀ ਅਸਲ ਧਰਮ ਹੈ, ਹਰ ਇਨਸਾਨ ਨੂੰ ਆਜ਼ਾਦੀ ਨਾਲ ਜਿਊਣ ਦਾ ਹੱਕ ਹੈ। ਭੁੱਖ ਦਾ ਕੋਈ ਧਰਮ ਨਹੀਂ ਹੁੰਦਾ। ਇਸ ਲਈ ਸਾਨੂੰ ਕਿਸਾਨੀ ਸੰਘਰਸ਼ ਤੋਂ ਬਹੁਤ ਉਮੀਦਾਂ ਹਨ। ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਹਰ ਨਾਗਰਿਕ ਇੱਕ ਇਮਾਨਦਾਰੀ ਵਾਲੀ ਰਾਜਨੀਤਕ ਪਾਰਟੀ ਖੜੀ ਕਰਨ ਲਈ ਯਤਨਸ਼ੀਲ ਹੋਵੇ। ਤਾਂਕਿ ਕਿਸਾਨਾਂ ਦੇ ਨਾਲ ਨਾਲ ਹਰ ਧਰਮ, ਜਾਤ ਦੇ ਲੋਕਾਂ ਦੇ ਹੱਕ ਸੁਰੱਖਿਅਤ ਹੋ ਸਕਣ। ਜੇਕਰ ਸਾਡੇ ਕੋਲ ਚੰਗੇ ਲੀਡਰ ਹੋਣਗੇ ਤਾਂ ਸਾਨੂੰ ਭਵਿੱਖ ਵਿੱਚ ਆਪਣੇ ਹੱਕਾਂ ਲਈ ਸੜਕਾਂ ਤੇ ਉਤਰ ਕੇ ਰੋਸ ਜਿਤਾਉਣ ਦੀ ਲੋੜ ਨਹੀਂ ਪਵੇਗੀ। ਦੇਸ਼ ਦੇ ਹਰ ਨਾਗਰਿਕ ਨੂੰ ਇੱਕ ਉਮੀਦ ਬੱਝੀ ਹੈ ਕਿ ਕਿਸਾਨੀ ਸੰਘਰਸ਼ ਚੋਂ ਦੇਸ਼ ਨੂੰ ਕੁਝ ਚੰਗੇ ਲੀਡਰ ਮਿਲ ਸਕਦੇ ਹਨ ਜੋ ਸਾਡੇ ਹੱਕਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨਗੇ। ਜੇਕਰ ਸਾਡੀਆਂ ਸੰਭਾਵਨਾਵਾਂ ਨੂੰ ਭਵਿੱਖ ਵਿੱਚ ਅਮਲੀ ਰੂਪ ਮਿਲਦਾ ਹੈ ਤਾਂ ਯਕੀਨਨ ਸਾਨੂੰ ਲੁੱਟਣ ਵਾਲੇ ਲੀਡਰਾਂ ਤੋਂ ਦੇਸ਼ ਦੀ ਜਨਤਾ ਨੂੰ ਛੁਟਕਾਰਾ ਮਿਲ ਸਕਦਾ।
ਇੱਕ ਚੰਗੀ ਰਾਜਨੀਤੀ ਤੋਂ ਇਲਾਵਾ ਇਹ ਸੰਘਰਸ਼ ਖੇਤੀ ਨੂੰ ਕੁਝ ਚੰਗੇ ਸੁਧਾਰਾਂ ਵੱਲ ਵੀ ਲੈਕੇ ਜਾ ਸਕਦਾ ਹੈ। ਕਿਉਂਕਿ ਕਿਸਾਨਾਂ ਦੀ ਇਸ ਲੜਾਈ ਨੇ ਕਈ ਕੌੜੇ ਤੱਥਾਂ ਦੀ ਸੱਚਾਈ ਨੂੰ ਸਾਡੇ ਸਾਹਮਣੇ ਲਿਆ ਧਰਿਆ ਹੈ। ਦੇਸ਼ ਦਾ ਕਿਸਾਨ ਇਹ ਗੱਲ ਜਾਣ ਚੁੱਕਾ ਕਿ ਵੱਧ ਝਾੜ ਤੇ ਹਰੀ ਕ੍ਰਾਂਤੀ ਵਰਗੇ ਵਿਕਾਸ ਦੇ ਨਾਮ ਉੱਪਰ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਰਿਹਾ ਹੈ। ਕਿਸਾਨ ਵਪਾਰੀ ਵਰਗ ਤੇ ਸਰਕਾਰਾਂ ਦੁਆਰਾ ਪੈਦਾ ਕੀਤੇ ਖ਼ਿਆਲੀ ਮਾਹੌਲ ਵਿੱਚ ਬੁਰੀ ਤਰ੍ਹਾਂ ਫਸ ਗਿਆ। ਦੇਸ਼ ਦਾ ਕਿਸਾਨ ਦਿਨ ਰਾਤ, ਠੰਡ ਗਰਮੀ ਦਾ ਫ਼ਰਕ ਵੇਖੇ ਬਿਨਾਂ ਅਨਾਜ਼ ਦੇ ਭੰਡਾਰ ਪੈਦਾ ਕਰਦਾ ਗਿਆ। ਸਮੇਂ ਦੀਆਂ ਸਰਕਾਰਾਂ ਵੱਡੇ ਕਾਰੋਬਾਰੀਆਂ ਦੀ ਮਦਦ ਨਾਲ ਇਸ ਅਨਾਜ਼ ਨੂੰ ਸਟੋਰ ਕਰਕੇ ਦੇਸ਼ ਦੇ ਨਾਗਰਿਕਾਂ ਦੀ ਲੁੱਟ ਕਰਦੀਆਂ ਰਹੀਆਂ ਹਨ। ਪੂਰੇ ਦੇਸ਼ ਦਾ ਢਿੱਡ ਭਰਨ ਲਈ ਕਿਸਾਨ ਰੇਆ, ਸਪਰੇਆਂ ਦੇ ਖ਼ਰਚੇ ਕਰਕੇ ਕਰਜ਼ੇ ਦੇ ਬੋਝ ਹੇਠ ਦਬਦਾ ਗਿਆ। ਕਿਸਾਨਾਂ ਦੇ ਇਸ ਬੋਝ ਨੇ ਖੁਦਕੁਸ਼ੀਆਂ ਦਾ ਰੁਝਾਨ ਵਧਾ ਦਿੱਤਾ। ਲੋੜ ਹੈ ਦੇਸ਼ ਦੇ ਨੋਜਵਾਨਾਂ ਨੂੰ ਖੇਤੀ ਦੇ ਇਸ ਮਾਡਲ ਨੂੰ ਪੂਰੀ ਤਰ੍ਹਾਂ ਬਦਲਣ ਦੀ ਤਾਂਕਿ ਜਾਗਰੂਕ ਕਿਸਾਨ ਇੱਕ ਸੁਚੱਜੇ ਢੰਗ ਨਾਲ ਨਵੀਂ ਖੇਤੀ ਦੀ ਸ਼ੁਰੂਆਤ ਕਰ ਸਕਣ। ਜਿਸ ਵਿੱਚ ਕਿਸਾਨ ਹਰ ਤਰ੍ਹਾਂ ਦੀ ਫ਼ਸਲ ਪੈਦਾ ਕਰੇਗਾ, ਕਿਸਾਨ ਦਾ ਪੂਰਾ ਧਿਆਨ ਫਸਲ ਦੀ ਗੁਣਵੱਤਾ ਨੂੰ ਸੁਧਾਰਨ ਵੱਲ ਹੋਵੇਗਾ ਨਾ ਕਿ ਵੱਧ ਝਾੜ ਲੈਣ ਵੱਲ। ਕਿਉਂਕਿ ਜੇਕਰ ਸਾਡੀ ਫ਼ਸਲ ਦੀ ਕਵਾਲਿਟੀ ਵਧੀਆ ਹੋਵੇਗੀ ਅਸੀਂ ਆਪਣੀ ਮਰਜ਼ੀ ਨਾਲ ਥੋੜੇ ਝਾੜ ਤੋਂ ਵੱਧ ਮੁਨਾਫ਼ਾ ਲੈ ਸਕਦੇ ਹਾਂ। ਜਦੋਂ ਦੇਸ਼ ਦਾ ਕਿਸਾਨ ਵੱਡੇ ਪੱਧਰ ਤੇ ਰੇਆ, ਸਪਰੇਆਂ ਤੋਂ ਬਿਨਾਂ ਖੇਤੀ ਕਰਨ ਵਾਲੇ ਮਾਡਲ ਉੱਪਰ ਕੰਮ ਸ਼ੁਰੂ ਕਰੇਗਾ ਤਾਂ ਯਕੀਨਨ ਜੋ ਵੱਡੇ ਕਾਰੋਬਾਰੀਆਂ ਕਿਸਾਨਾਂ ਨੂੰ ਅੱਜ ਲੁੱਟ ਰਹੇ ਹਨ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ । ਜਿਨ੍ਹਾਂ ਸਮਾਂ ਦੇਸ਼ ਦਾ ਕਿਸਾਨ ਸਟੋਰੇਜ਼ ਲਈ ਸਰਕਾਰਾਂ ਉੱਪਰ ਨਿਰਭਰ ਰਹੇਗਾ ਸਾਡੀ ਲੁੱਟ ਹੁੰਦੀ ਰਹੇਗੀ। ਇਸ ਲਈ ਸਾਨੂੰ ਸੂਬਾ ਪੱਧਰ ਖੇਤੀ ਸੁਧਾਰਾਂ ਲਈ ਇੱਕ ਕਮੇਟੀ ਸੰਗਠਨ ਕਰਨੀ ਪਵੇਗੀ ਤਾਂ ਜੋ ਖੇਤੀ ਸੁਧਾਰਾਂ ਪ੍ਤੀ ਜੋ ਵਿਉਂਤਬੰਦੀ ਤੇ ਨੀਤੀਆਂ ਅਸੀਂ ਤਿਆਰ ਕਰਾਂਗੇ ਉਹ ਪੂਰੇ ਸੂਬੇ ਵਿੱਚ ਅਮਲੀ ਰੂਪ ਧਾਰਨ ਕਰ ਸਕੇ। ਜੇਕਰ ਅਸੀਂ ਦੇਸ਼ ਦੇ ਕਿਸਾਨਾਂ ਨੂੰ ਪੈਰਾਂ ਸਿਰ ਖੜਾ ਕਰਨਾ ਤਾਂ ਇਸ ਲਈ ਮੁਸ਼ਕਿਲਾਂ ਵੀ ਜ਼ਰੂਰ ਆਉਣਗੀਆਂ ਕਿਉਂਕਿ ਕੋਈ ਵੀ ਬਦਲਾਅ ਸੌਖਾ ਨਹੀਂ ਆਉਂਦਾ ਹਰ ਬਦਲਾਅ ਦੀ ਇੱਕ ਕੀਮਤ ਚੁਕਾਉਣੀ ਪੈਂਦੀ ਹੈ। ਸਾਡੇ ਬੁੱਧੀਜੀਵੀਆਂ ਨੂੰ ਸੋਚ ਸਮਝ ਕੇ ਕਿਸਾਨ ਨੂੰ ਕੁਝ ਸਰਲ ਰਸਤੇ ਦਿਖਾਏ ਜਾਣ ਤਾਂਕਿ ਆਮਦਨ ਦੇ ਨਾਲ ਨਾਲ ਖੇਤੀ ਵੀ ਸੁਧਾਰ ਵੱਲ ਵੱਧ ਸਕੇ।
ਉਦਾਹਰਨ ਦੇ ਤੌਰ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਖੇਤੀ ਦੀ ਆਮਦਨ ਨਾਲ ਘੱਟੋ ਘੱਟ ਆਪਣੀ ਇੱਕ ਸਾਲ ਦੀ ਫ਼ਸਲ ਨੂੰ ਸਟੋਰ ਕਰਨ ਦੀ ਸਮੱਰਥਾ ਦਾ ਪ੍ਬੰਧ ਕਰ ਸਕੇ। ਜੇਕਰ ਕਿਸਾਨ ਦੀ ਫ਼ਸਲ ਕਿਸਾਨ ਕੋਲ ਸੁਰੱਖਿਅਤ ਪਈ ਹੋਵੇਗੀ ਤਾਂ ਇਹ ਵਪਾਰੀ ਵਰਗ ਸਰਕਾਰ ਨੂੰ ਫੰਡ ਦੇਣ ਦੀ ਥਾਂ ਕਿਸਾਨਾਂ ਨੂੰ ਫ਼ਸਲ ਦਾ ਬਣਦਾ ਮੁੱਲ ਦੇਣ ਬਾਰੇ ਸੋਚੇਗਾ। ਹਰੀ ਕ੍ਰਾਂਤੀ ਨੇ ਸਾਨੂੰ ਦੋ ਫਸਲਾਂ ਦੀ ਖੇਤੀ ਦਾ ਗ਼ੁਲਾਮ ਬਣਾ ਦਿੱਤਾ ਹੈ। ਉਦਾਹਰਨ ਦੇ ਤੌਰ ਤੇ ਦੇਸ਼ ਦਾ ਕਿਸਾਨ ਕਣਕ ਤੇ ਝੋਨੇ ਦੀ ਫ਼ਸਲ ਦਾ ਗ਼ੁਲਾਮ ਹੋ ਚੁੱਕਾ। ਲੋੜ ਹੈ ਸਾਨੂੰ ਇੱਕ ਤੋਂ ਵੱਧ ਫ਼ਸਲਾਂ ਦੀ ਖੇਤੀ ਉੱਪਰ ਧਿਆਨ ਦੇਣ ਦੀ। ਜੇਕਰ ਅਸੀਂ ਕਾਰੋਬਾਰੀਆਂ ਦੀ ਲੁੱਟ ਤੋਂ ਬਚਣਾ ਹੈ ਤਾਂ ਸਾਨੂੰ ਵੀ ਕਾਰੋਬਾਰੀਆਂ ਵਾਗੂ ਸੋਚਣਾ ਪਵੇਗਾ। ਜੇਕਰ ਫ਼ਸਲ ਦੀ ਆਮਦ ਵੱਧ ਹੋਵੇਗੀ ਤਾਂ ਇਸਦੀ ਕੀਮਤ ਘੱਟ ਹੀ ਮਿਲੇਗੀ। ਜੇਕਰ ਅਸੀਂ ਫ਼ਸਲ ਨੂੰ ਜ਼ਿਲਿਆਂ ਦੇ ਆਧਾਰ ਤੇ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਹੋ ਸਕਦਾ ਚੰਗੀ ਖੇਤੀ ਦੇ ਨਾਲ ਨਾਲ ਆਮਦਨ ਦਾ ਮੁਨਾਫ਼ਾ ਵੀ ਵੱਧ ਜਾਵੇ। ਹਰ ਜਿਲ੍ਹੇ ਵਿੱਚ ਵੱਖਰੀ ਫ਼ਸਲ ਪੈਦਾ ਕਰੀ ਜਾਵੇ ਤੇ ਉਸ ਜਿਲ੍ਹੇ ਅੰਦਰ ਉਸ ਫ਼ਸਲ ਨਾਲ ਸੰਬੰਧਿਤ ਕਾਰਖਾਨੇ ਤੇ ਫੈਕਟਰੀਆਂ ਲਗਾਈਆਂ ਜਾਣ। ਕਿਸਾਨਾਂ ਤੇ ਕਾਰੋਬਾਰੀਆਂ ਦੀ ਇਹ ਸਾਂਝੀ ਨੀਤੀ ਦੋਵਾਂ ਲਈ ਲਾਹੇਵੰਦ ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਅਸੀਂ ਇੱਕ ਤੋਂ ਵੱਧ ਫ਼ਸਲਾਂ ਪੈਦਾ ਕਰ ਸਕਾਂਗੇ । ਜਦੋਂ ਇੱਕ ਜਿਲ੍ਹੇ ਵਿੱਚੋਂ ਪੈਦਾ ਹੋਈ ਫ਼ਸਲ ਦੀ ਖਪਤ ਪੂਰੇ ਸੂਬੇ ਵਿੱਚ ਹੋਵੇਗੀ ਤਾਂ ਲੰਬਾ ਸਮਾਂ ਸਟੋਰ ਕਰਨ ਦੀ ਚਿੰਤਾ ਘੱਟ ਜਾਵੇਗੀ ਤੇ ਆਮਦਨ ਵੱਧ ਜਾਵੇਗੀ। ਜਿਨ੍ਹਾਂ ਸਮਾਂ ਦੇਸ਼ ਦਾ ਕਿਸਾਨ ਜਾਗਰੂਕ ਹੋ ਕੇ ਇਸ ਤਰ੍ਹਾਂ ਦੇ ਨਵੇਂ ਮਾਡਲ ਨੂੰ ਅਮਲੀ ਰੂਪ ਨਹੀਂ ਦਿੰਦਾ ਉਨਾਂ ਸਮਾਂ ਇਸ ਤਰ੍ਹਾਂ ਦੀ ਸੋਚ ਇੱਕ ਉਮੀਦ ਤੱਕ ਸੀਮਿਤ ਹੋ ਕੇ ਰਹਿ ਜਾਵੇਗੀ। ਜੇਕਰ ਅਸੀਂ ਆਪਣੀ ਲੁੱਟ ਤੇ ਸ਼ੋਸ਼ਣ ਨੂੰ ਰੋਕਣਾ ਚਾਹੁੰਦੇ ਹਾਂ ਤਾ ਇਸ ਲਈ ਸਾਨੂੰ ਸ਼ਿਕਵੇ ਕਰਨ ਤੋਂ ਇਲਾਵਾ ਇਸਦੇ ਕਾਬਿਲ ਵੀ ਹੋਣਾ ਪਵੇਗਾ। ਜਿਸਦੇ ਨਤੀਜੇ ਵਜੋਂ ਕਿਸਾਨੀ ਸੰਘਰਸ਼ ਚੋ ਪੈਦਾ ਹੋਈ ਹਰ ਚੰਗੀ ਸੰਭਾਵਨਾ ਭਵਿੱਖ ਵਿੱਚ ਇੱਕ ਨਵੀਂ ਕ੍ਰਾਂਤੀ ਲਿਆ ਸਕਦੀ ਹੈ।
ਅਤਿੰਦਰਪਾਲ ਸਿੰਘ ਪਰਮਾਰ
ਸੰਗਤਪੁਰਾ, ਮੋਗਾ
81468 08995