ਕਿਸਾਨਾਂ ਵਿਚ ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਲਈ ਭਾਰੀ ਉਤਸ਼ਾਹ

ss1

ਕਿਸਾਨਾਂ ਵਿਚ ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਲਈ ਭਾਰੀ ਉਤਸ਼ਾਹ

26-news-lehra-02ਲਹਿਰਾਗਾਗਾ, 27 ਅਕਤੂਬਰ(ਕੁਲਵੰਤ ਛਾਜਲੀ)ਖੇਤੀਬਾੜੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਸਮੇਂ-ਸਮੇਂ ‘ਤੇ ਫਸਲਾਂ ਦੀ ਜਾਣਕਾਰੀ, ਉਨ੍ਹਾਂ ਦੀ ਸਾਂਭ-ਸੰਭਾਲ, ਫਸਲਾਂ ਨੂੰ ਰੋਗ ਮੁਕਤ ਰੱਖਣ ਲਈ ਕੀਟਨਾਸ਼ਕ ਦਵਾਈਆਂ ਦੀ ਤਕਨੀਕੀ ਵਰਤੋਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਉੱਥੇ ਹੀ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਵਿਚ ਮੇਲਾ ਲਗਾ ਕੇ ਵੱਖ-ਵੱਖ ਫਸਲਾਂ ਦੇ ਉੱਤਮ ਕਿਸਮ ਦੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਕਿਸਾਨ ਵੀ ਖੇਤੀਬਾੜੀ ਦਫਤਰਾਂ ਵਿਚ ਸਬਸਿਡੀ ਤੇ ਮਿਲਣ ਵਾਲੇ ਬੀਜਾਂ ਤੇ ਹੋਰ ਖੇਤੀਬਾੜੀ ਸੰਦਾਂ ਦਾ ਲਾਭ ਲੈਣ ਲਈ ਕਾਫੀ ਦਿਲਚਸਪੀ ਰੱਖਦੇ ਹਨ। ਇਸ ਦੀ ਮਿਸਾਲ ਖੇਤੀਬਾੜੀ ਦਫਤਰ ਲਹਿਰਾਗਾਗਾ ਵਿਖੇ ਹਾੜੀ ਦੀ ਫਸਲ ਲਈ ਵੰਡੇ ਜਾ ਰਹੇ ਬੀਜ਼ਾਂ ਨੂੰ ਲੈਣ ਲਈ ਕਤਾਰਾਂ ਵਿਚ ਖੜੇ ਕਿਸਾਨਾਂ ਤੋਂ ਮਿਲਦੀ ਹੈ। ਕਿਸਾਨ ਜ਼ਸਵੀਰ ਸਿੰਘ ਬਾਠ ਨੇ ਦੱਸਿਆ ਕਿ ਕਣਕ ਦਾ ਬੀਜ਼ ਲੈਣ ਲਈ ਕਿਸਾਨਾਂ ਨੂੰ ਕਈ ਕਈ ਘੰਟੇ ਲਾਇਨਾਂ ਵਿਚ ਲਗ ਕੇ ਫਾਰਮ ਜਮ੍ਹਾਂ ਕਰਵਾਉਣੇ ਪੈਂਦੇ ਹਨ। ਇੱਕ ਫਾਰਮ ਤੇ ਬੀਜ 3 ਥੈਲੇ ਦਿੱਤੇ ਜਾ ਰਹੇ ਹਨ। ਜ਼ੋ ਕਿ ਇਸ ਨਾਲ ਕਿਸਾਨਾਂ ਦੀ ਲੋੜ ਪੂਰੀ ਨਹੀਂ ਹੁੰਦੀ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਇੱਕ ਫਾਰਮ ਉੱਤੇ ਘੱੱਟੋ-ਘੱਟ 10 ਥੈਲੇ ਦਿੱਤੇ ਜਾਣ ਅਤੇ ਫਾਰਮ ਅਪਲਾਈ ਕਰਨ ਲਈ ਕੋਈ ਵੈਬਸਾਈਟ ਲਾਂਚ ਕੀਤੀ ਜਾਵੇ। ਜਿਸ ਨਾਲ ਕਿਸਾਨ ਘਰ ਬੈਠੇ ਹੀ ਆਪਣੇ ਮੋਬਾਇਲ ਫੋਨ ‘ਤੇ ਫਾਰਮ ਅਪਲਾਈ ਕਰ ਸਕੇ। ਜਦੋਂ ਇਸ ਸੰਬੰਧੀ ਖੇਤੀਬਾੜੀ ਅਫਸਰ ਡਾ. ਇੰਦਰਜੀਤ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਸੀ। ਇਸ ਲਈ ਕਿਸਾਨਾਂ ਨੂੰ ਕਤਾਰ ਵਿਚ ਖੜ੍ਹ ਕੇ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਵੱਖ-ਵੱਖ ਕਿਸਮ ਦੇ ਬੀਜ ਲੈਣ ਲਈ ਕਾਫੀ ਦਿਲਚਸਪੀ ਦਿਖਾਈ ਹੈ। ਹੁਣ ਤੱਕ 3 ਹਜ਼ਾਰ ਤੋਂ ਉੱਪਰ ਕਿਸਾਨਾਂ ਦੇ ਫਾਰਮ ਭਰੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਪਣੇ ਬਲਾਕ ਕੋਲ 45 ਸੌ ਕੁਇੰਟਲ ਕਣਕ ਹੀ ਆਈ ਹੈ। ਜਿਸ ਵਿਚੋਂ ਕੁਝ ਬੀਜ਼ ਪਿੰਡਾਂ ਵਾਲੀਆਂ ਸੁਸਾਇਟੀਆਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਸੀ. ਕਿਸਾਨ ਲਈ 27 ਪ੍ਰਤੀਸ਼ਤ ਅਤੇ ਲੇਡੀਜ਼ ਲਈ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਜਿਸ ਵਿਚੋਂ ਢਾਈ ਏਕੜ ਵਾਲੇ ਕਿਸਾਨ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਣਕ ਦੀ ਕਿਸਮ ਐਚ.ਡੀ. 3086, ਡਬਲਿਯੂ.ਐਚ. 1105, ਐਚ.ਡੀ. 2967, ਪੀ.ਬੀ.ਡਬਲਿਯੂ 621, ਪੀ.ਬੀ.ਡਬਲਿਯੂ 550, ਪੀ.ਡੀ. 291, ਐਚ.ਡੀ. 943 ਅਤੇ ਟੀ.ਐਲ. 2908, ਪੀ.ਬੀ.ਡਬਲਿਯੂ 590, ਪੀ.ਬੀ. ਡਬਲਿਯੂ 509, ਪੀ.ਬੀ. ਡਬਲਿਯੂ 644 ਆਦਿ ਬੀਜ ਸਬਸਿਡੀ ਤੇ ਦਿੱਤੇ ਜਾ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਕਣਕ ਦਾ ਬੀਜ ਘੱਟ ਆਉਣ ਕਰਕੇ ਕੁਝ ਕਿਸਾਨਾਂ ਨੂੰ ਬੀਜ਼ ਨਹੀਂ ਮਿਲਿਆ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਕਣਕ ਦਾ ਬੀਜ਼ ਹੋਰ ਮੁਹੱਈਆ ਕਰਵਾਇਆ ਜਾਵੇ।

Share Button

Leave a Reply

Your email address will not be published. Required fields are marked *