ਕਿਸਾਨਾਂ ਨੇ ਪੰਜਾਬ ਭਰ ‘ਚ ਘੇਰੇ ਮੰਤਰੀ ਕਿਸਾਨਾਂ ਨੇ ਪੰਜਾਬ ਭਰ ‘ਚ ਘੇਰੇ ਮੰਤਰੀ

ss1

ਕਿਸਾਨਾਂ ਨੇ ਪੰਜਾਬ ਭਰ ‘ਚ ਘੇਰੇ ਮੰਤਰੀ ਕਿਸਾਨਾਂ ਨੇ ਪੰਜਾਬ ਭਰ ‘ਚ ਘੇਰੇ ਮੰਤਰੀ

ਚੰਡੀਗੜ੍ਹ: ਪੰਜਾਬ ਦੀਆਂ 13 ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਕਰਜ਼ਾ-ਮੁਕਤੀ, ਖ਼ੁਦਕੁਸ਼ੀਆਂ ਤੇ ਜ਼ਮੀਨਾਂ ਆਦਿ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਅੱਜ ਪੰਜਾਬ ਭਰ ‘ਚ ਮੰਤਰੀਆਂ ਦੇ ਘਰਾਂ ਅੱਗੇ ਵਿਸ਼ਾਲ ਰੋਹ ਭਰਪੂਰ ਧਰਨਿਆਂ ‘ਚ ਔਰਤਾਂ ਸਮੇਤ ਕੁੱਲ ਮਿਲਾ ਕੇ ਹਜ਼ਾਰਾਂ ਮਜ਼ਦੂਰਾਂ-ਕਿਸਾਨਾਂ ਨੇ ਹਿੱਸਾ ਲਿਆ।
ਜਥੇਬੰਦੀਆਂ ਦਾ ਸਾਂਝਾ ਸੂਬਾਈ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮਿਥੀਆਂ ਗਈਆਂ 9 ਥਾਵਾਂ ‘ਚੋਂ ਮੁੱਖ ਮੰਤਰੀ ਬਾਦਲ ਦੇ ਪਿੰਡ ਤੋਂ ਕੁਝ ਦੂਰੀ ‘ਤੇ ਨੰਦਗੜ੍ਹ, ਖਿਓਵਾਲੀ ਤੇ ਮਲੋਟ ਨਹਿਰਾਂ ਉੱਤੇ ਪੁਲੀਸ ਦੇ ਭਾਰੀ ਨਾਕਿਆਂ ਵੱਲੋਂ ਰੋਕੇ ਜਾਣ ‘ਤੇ ਕਿਸਾਨ-ਮਜ਼ਦੂਰ ਸੜਕਾਂ ਉੱਤੇ ਹੀ ਧਰਨੇ ਲਾ ਕੇ ਬੈਠ ਗਏ।
ਅੰਮ੍ਰਿਤਸਰ ਵਿੱਚ ਬਿਕਰਮ ਸਿੰਘ ਮਜੀਠੀਆ, ਤਰਨਤਾਰਨ ‘ਚ ਆਦੇਸ਼ਪ੍ਰਤਾਪ ਸਿੰਘ ਕੈਰੋਂ, ਮੋਗਾ ‘ਚ ਤੋਤਾ ਸਿੰਘ, ਬਠਿੰਡਾ ‘ਚ ਸਿਕੰਦਰ ਸਿੰਘ ਮਲੂਕਾ, ਸੰਗਰੂਰ ‘ਚ ਪਰਮਿੰਦਰ ਢੀਂਡਸਾ, ਪਟਿਆਲਾ ‘ਚ ਸੁਰਜੀਤ ਸਿੰਘ ਰੱਖੜਾ, ਜਲੰਧਰ ‘ਚ ਅਜੀਤ ਸਿੰਘ ਕੁਹਾੜ ਤੋਂ ਇਲਾਵਾ ਐਮ.ਐਲ.ਏ. ਹਰੀ ਸਿੰਘ ਜੀਰਾ ਦੀਆਂ ਕੋਠੀਆਂ ਅੱਗੇ ਮਜ਼ਦੂਰਾਂ-ਕਿਸਾਨਾਂ ਨੇ ਰੋਹ ਭਰਪੂਰ ਧਰਨੇ ਲਾਏ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਪੁਲੀਸ ਨਾਕੇ ਤੋੜ ਕੇ ਕਿਸਾਨ-ਮਜ਼ਦੂਰ ਕੋਠੀਆਂ ਅੱਗੇ ਪੁੱਜੇ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਅਜੇ ਵੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਬੁਲਾਰਿਆਂ ਨੇ ਮੰਗ ਕੀਤੀ ਕਿ ਕਰਜ਼ੇ ਮੋੜਨੋ ਅਸਮਰੱਥ ਕਿਸਾਨਾਂ ਤੇ ਪੇਂਡੂ/ਖੇਤ ਮਜ਼ਦੂਰਾਂ ਸਿਰ ਖੜ੍ਹੇ ਸਰਕਾਰੀ ਸਹਿਕਾਰੀ ਤੇ ਸੂਦਖੋਰਾਂ ਦੇ ਸਾਰੇ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ ਤੇ ਲੰਮੀ ਮਿਆਦ ਵਾਲੇ ਵਿਆਜ਼ ਰਹਿਤ ਕਰਜ਼ੇ ਦੇਣ ਵਾਸਤੇ ਕਰਜ਼ਾ ਨੀਤੀ ਤਬਦੀਲ ਕੀਤੀ ਜਾਵੇ। ਖੇਤੀ ਲੋੜਾਂ ਤੇ ਜ਼ਮੀਨਾਂ ਦੀਆਂ ਵਧੀਆਂ ਕੀਮਤਾਂ ਨੂੰ ਧਿਆਨ ‘ਚ ਰੱਖਦਿਆਂ ਕਰਜ਼ੇ ਦੀਆਂ ਲਿਮਟਾਂ ਨੂੰ ਵਧਾਇਆ ਜਾਵੇ।
ਇਸ ਤੋਂ ਇਲਾਵਾ ਸਹੀ ਅਰਥਾਂ ਵਿੱਚ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਇਆ ਜਾਵੇ। ਸੂਦਖੋਰਾਂ ਅਤੇ ਬੈਂਕਾਂ ਵੱਲੋਂ ਖਾਲੀ ਚੈੱਕਾਂ/ਪ੍ਰਨੋਟਾਂ ਜਾਂ ਇਕਰਾਰਨਾਮਿਆਂ ਉੱਤੇ ਕਰਜ਼ਾਗ੍ਰਸਤ ਕਿਸਾਨਾਂ ਦੇ ਦਸਤਖਤ/ਅੰਗੂਠੇ ਲਵਾਉਣੇ ਸਖਤ ਸਜ਼ਾਯੋਗ ਅਪਰਾਧ ਕਰਾਰ ਦਿੱਤਾ ਜਾਵੇ ਤੇ ਜ਼ਮੀਨਾਂ, ਘਰਾਂ, ਖੇਤੀ ਸੰਦਾਂ, ਪਲਾਟਾਂ, ਪਸ਼ੂਆਂ ਆਦਿ ਦੀਆਂ ਨਿਲਾਮੀਆਂ ਬੰਦ ਕੀਤੀਆਂ ਜਾਣ। ਕਰਜ਼ੇ ਨਾਲ ਸਬੰਧਿਤ ਕੋਰਟ ਕੇਸ ਤੇ ਦਸਤਾਵੇਜ਼ ਰੱਦ ਕੀਤੇ ਜਾਣ।
ਝਲੂਰ ਪਿੰਡ (ਸੰਗਰੂਰ) ‘ਚ ਦਲਿਤ ਮਜ਼ਦੂਰਾਂ ਉੱਤੇ ਸਮੂਹਿਕ ਰੂਪ ‘ਚ ਜਾਨਲੇਵਾ ਹਮਲੇ ਰਾਹੀਂ ਕਈਆਂ ਨੂੰ ਗੰਭੀਰ ਜਖ਼ਮੀ ਕਰਨ ਤੇ ਮਾਤਾ ਗੁਰਦੇਵ ਕੌਰ ਨੂੰ ਜਾਨੋਂ ਮਾਰ ਦੇਣ ਦੇ ਦੋਸ਼ੀ ਸਥਾਨਕ ਸਿਆਸੀ ਚੌਧਰੀਆਂ ਸਮੇਤ ਸਾਰੇ ਨਾਮਜ਼ਦ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੋ। ਉਕਤ ਪਿੰਡ ਦੀ ਵਾਹੀਯੋਗ ਪੰਚਾਇਤੀ ਜ਼ਮੀਨ ਵਿੱਚੋਂ ਦਲਿਤ ਮਜ਼ਦੂਰਾਂ ਦੇ ਹਿੱਸੇ ਵਾਲੀ ਜ਼ਮੀਨ ‘ਚੋਂ 6 ਏਕੜ ਵਾਲੀ ਫਰਜ਼ੀ ਬੋਲੀ ਰਾਹੀਂ ਵਾਹ ਰਹੇ ਜ਼ਮੀਨ ਮਾਲਕ ਗੁਰਦੀਪ ਸਿੰਘ ਬੱਬਣ ਦੀ ਬੋਲੀ ਰੱਦ ਕਰਕੇ ਦਲਿਤ ਮਜ਼ਦੂਰਾਂ ਨੂੰ ਸਸਤੇ ਠੇਕੇ ‘ਤੇ ਦਿੱਤੀ ਜਾਵੇ। ਝਲੂਰ ਦੇ ਦਲਿਤ ਮਜ਼ਦੂਰਾਂ ਸਿਰ ਮੜ੍ਹੇ ਸਾਰੇ ਝੂਠੇ ਕੇਸ ਵਾਪਸ ਲਏ ਜਾਣ।
ਵਹੀਕਲਾਂ ਸਮੇਤ ਕੀਮਤੀ ਘਰੇਲੂ ਸਾਮਾਨ ਤੇ ਟੈਂਟ ਦੇ ਸਮਾਨ ਦੀ ਟੁੱਟ-ਭੱਜ ਦਾ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਵੇ। ਬੇਜ਼ਮੀਨੇ ਤੇ ਬੇਘਰੇ ਲੋੜਵੰਦ ਮਜ਼ਦੂਰਾਂ-ਕਿਸਾਨਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਮੁਫ਼ਤ ਅਲਾਟ ਕੀਤੇ ਜਾਣ। ਪਹਿਲਾਂ ਅਲਾਟ ਕੀਤੇ ਅਜਿਹੇ ਪਲਾਟਾਂ ਦੇ ਕਬਜ਼ੇ ਮਾਲਕਾਂ ਜਾਂ ਵਾਰਸਾਂ ਨੂੰ ਤੁਰੰਤ ਦਿੱਤੇ ਜਾਣ। ਸਾਰੇ ਲੋੜਵੰਦ ਗਰੀਬ ਮਜ਼ਦੂਰਾਂ-ਕਿਸਾਨਾਂ ਦੇ ਨੀਲੇ ਕਾਰਡ ਬਣਾਏ ਜਾਣ ਤੇ ਚਿਰਾਂ ਤੋਂ ਲਟਕਦੇ 54000 ਤੋਂ ਵੱਧ ਦਰਖਾਸਤਕਾਰਾਂ ਦੇ ਕਾਰਡ ਤੁਰੰਤ ਜਾਰੀ ਕੀਤੇ ਜਾਣ।
ਨੋਟਬੰਦੀ ਦਾ ਲੋਕ ਮਾਰੂ ਫੈਸਲਾ ਵਾਪਸ ਲਿਆ ਜਾਵੇ। ਕਿਸਾਨਾਂ ਦੀ ਝੋਨੇ ਦੀ ਪੂਰੀ ਦੀ ਪੂਰੀ ਅਦਾਇਗੀ ਤੇ ਸਹਿਕਾਰੀ ਬੈਂਕਾਂ ਦੇ ਫ਼ਸਲੀ ਕਰਜ਼ਿਆਂ ਸਮੇਤ ਸਾਰੀਆਂ ਬੈਂਕ ਲਿਮਟਾਂ ਦੀ ਅਦਾਇਗੀ ਪੂਰੀ ਦੀ ਪੂਰੀ ਯਕਮੁਸ਼ਤ ਕੀਤੀ ਜਾਵੇ। ਨੋਟਬੰਦੀ ਨਾਲ ਥੋੜੇ ਦਿਨਾਂ ‘ਚ ਹੀ 4 ਲੱਖ ਤੋਂ ਉੱਪਰ ਲੋਕ ਬੇਰੁਜ਼ਗਾਰ ਹੋਏ ਹਨ ਤੇ ਅੰਤਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਲਟਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਲੱਖਾਂ-ਕਰੋੜਾਂ ਦੇ ਕਰਜ਼ੇ ਮਾਫ਼ ਕਰ ਰਹੀ ਹੈ ਤੇ ਨਵੇਂ ਨੋਟ ਵੀ ਭਾਰੀ ਮਾਤਰਾ ‘ਚ ਭਾਜਪਾਈਆਂ ਕੋਲੋਂ ਹੀ ਮਿਲ ਰਹੇ ਹਨ। ਪੜ੍ਹੇ-ਲਿਖੇ ਤੇ ਅਨਪੜ੍ਹ ਸਾਰੇ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦਫਤਰਾਂ ਰਾਹੀਂ ਪੱਕਾ ਰੁਜ਼ਗਾਰ ਦਿੱਤਾ ਜਾਵੇ, ਪੱਕਾ ਰੁਜ਼ਗਾਰ ਮਿਲਣ ਤੱਕ ਗੁਜ਼ਾਰੇ ਯੋਗ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।
Share Button

Leave a Reply

Your email address will not be published. Required fields are marked *