Sun. Apr 21st, 2019

ਕਿਸਾਨਾਂ ਨਾਲ 1.57 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਤਿੰਨ ਗ੍ਰਿਫਤਾਰ

ਕਿਸਾਨਾਂ ਨਾਲ 1.57 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਤਿੰਨ ਗ੍ਰਿਫਤਾਰ

57 ਲੱਖ ਰੁਪਏ ਨਗਦ ਅਤੇ 2 ਕਿਲੋ 629 ਗ੍ਰਾਮ ਸੋਨਾ ਬਰਾਮਦ

ਸੈਂਟਰਲ ਅਤੇ ਸਟੇਟ ਇੰਟੈਲੀਜੈਂਸ ਦੀ ਮਦਦ ਨਾਲ ਹੋਈ ਗ੍ਰਿਫਤਾਰੀ

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਕਿਸਾਨਾਂ ਨਾਲ ਹੋਈ ਠੱਗੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਹਾਜ਼ਰੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਿੱਲ ਨੇ ਦੱਸਿਆ ਕਿ ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਦੀ 01 ਕਰੋੜ 57 ਲੱਖ ਰੁਪਏ ਦੀ ਠੱਗੀ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਬੇਨਕਾਬ ਕੀਤਾ ਗਿਆ ਹੈ ਅਤੇ ਕਿਸਾਨਾਂ ਵੱਲੋਂ ਵੇਚੀ ਗਈ ਸਾਉਣੀ ਦੀ ਫਸਲ ਦੇ ਪੈਸੇ ਲੈ ਕੇ ਫਰਾਰ ਹੋਏ ਆੜ੍ਹਤੀ ਸਤਨਾਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੱਡਾ, ਸਮੇਤ ਮੁਨੀਮ ਸਤਾਰ ਖਾਂ ਪੁੱਤਰ ਸਫੀ ਮੁਹੰਮਦ ਵਾਸੀ ਪਲਾਸੌਰ ਅਤੇ ਹਰਵਿੰਦਰ ਸਿੰਘ ਉਰਫ ਬੱਬੂ ਪੁੱਤਰ ਬਲਦੇਵ ਸਿੰਘ ਵਾਸੀ ਧੂਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 57 ਲੱਖ ਰੁਪਏ ਤੇ 2 ਕਿੱਲੋ 629 ਗ੍ਰਾਮ ਸੋਨਾ ਬ੍ਰਾਮਦ ਕੀਤਾ ਗਿਆ ਹੈ।

ਡਾ: ਗਿੱਲ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08/11/2017 ਨੂੰ ਚਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੁਗਰਾ ਧੂਰੀ ਨੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਉਕਤ ਮੁਦੱਈ ਦੀ ਆੜਤ ਦੀ ਦੁਕਾਨ ‘ਤੇ ਕਰੀਬ 9/10 ਸਾਲ ਪਹਿਲਾਂ ਬਤੌਰ ਮੁਨੀਮ ਕੰਮ ਕਰਦਾ ਸੀ। ਜਿਸਨੇ ਹੁਣ ਆਪਣੀ ਆੜਤ ਦੀ ਦੁਕਾਨ ਕਰ ਲਈ ਸੀ। ਕਿਸਾਨਾਂ ਦੇ ਚੈੱਕ ਚੋਰੀ ਕਰਕੇ ਉਸ ਵਿੱਚੋਂ 83 ਲੱਖ 50 ਹਜ਼ਾਰ ਰੁਪਏ ਕਿਸਾਨਾਂ ਦੀਆਂ ਲਿਮਟਾਂ ਦੇ ਬੈਂਕ ਖਾਤਿਆਂ ਵਿੱਚੋਂ ਆਪਣੇ ਖਾਤੇ ਵਿੱਚ ਤਬਦੀਲ ਕਰਵਾ ਲਏ। ਜਿਸ ਸਬੰਧੀ ਮੁਕੱਦਮਾ ਨੰਬਰ 133 ਮਿਤੀ 08/11/2017 ਅ/ਧ 420,406,379,120-ਬੀ ਆਈ.ਪੀ.ਸੀ. ਥਾਣਾ ਸਿਟੀ ਧੂਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਮੂਲੋਵਾਲ ਨੇ ਇਤਲਾਹ ਦਿੱਤੀ ਕਿ ਉਸਨੇ ਸਤਨਾਮ ਸਿੰਘ ਆੜਤ ਦੀ ਦੁਕਾਨ ‘ਤੇ 80 ਕੁਇੰਟਲ 75 ਕਿਲੋਗ੍ਰਾਮ ਜ਼ੀਰੀ ਵੇਚੀ ਸੀ। ਵੇਚੀ ਗਈ ਜ਼ੀਰੀ ਦੇ ਸਤਨਾਮ ਸਿੰਘ ਆੜਤੀ ਵੱਲੋਂ ਚੈੱਕ ਦਿੱਤਾ ਗਿਆ ਸੀ, ਖਾਤੇ ਵਿੱਚ ਕੋਈ ਪੈਸਾ ਨਾ ਹੋਣ ਕਰਕੇ ਉਸ ਵੱਲੋਂ ਦਿੱਤਾ ਚੈੱਕ ਬਾਉਂਸ ਹੋ ਗਿਆ ਤਾਂ ਪਤਾ ਲੱਗਾ ਕਿ ਸਤਨਾਮ ਸਿੰਘ ਨੇ ਉਸ ਵੱਲੋਂ ਵੇਚੀ ਜ਼ੀਰੀ ਦੇ ਪੈਸੇ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਏ ਤੇ ਆਪ ਫਰਾਰ ਹੋ ਗਿਆ। ਜਿਸ ਸਬੰਧੀ ਮੁਕੱਦਮਾ ਨੰਬਰ 191 ਮਿਤੀ 08/11/2017 ਅ/ਧ 420,406 ਆਈ.ਪੀ.ਸੀ. ਥਾਣਾ ਸਦਰ ਧੂਰੀ ਬਰਖਿਲਾਫ ਸਤਨਾਮ ਸਿੰਘ ਦੇ ਦਰਜ ਹੋਇਆ।

ਡੀ.ਆਈ.ਜੀ ਨੇ ਦੱਸਿਆ ਕਿ ਮੁਕੱਦਮੇ ਦਰਜ ਕਰਕੇ ਸ੍ਰੀ ਅਕਾਸ਼ਦੀਪ ਸਿੰਘ ਔਲਖ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਧੂਰੀ ਦੀ ਨਿਗਰਾਨੀ ਹੇਠ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਹਰਵਿੰਦਰ ਸਿੰਘ ਉਰਫ ਬੱਬੂ, ਸਤਾਰ ਖਾਂ ਉਕਤਾਨ, ਸਰਬਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੱਡਾ ਨਾਮਜ਼ਦ ਕੀਤੇ ਗਏ। ਦੌਰਾਨੇ ਤਫਤੀਸ਼ ਪਤਾ ਲੱਗਾ ਕਿ ਆੜਤੀ ਸਤਨਾਮ ਸਿੰਘ, ਇਸਦਾ ਮੁਨੀਮ ਸਤਾਰ ਖਾਨ ਅਤੇ ਹਰਵਿੰਦਰ ਸਿੰਘ ਉਰਫ ਬੱਬੂ ਉਕਤ ਮਿਤੀ 04/11/2017 ਨੂੰ ਵਿਦੇਸ਼ ਅਜਰਵਾਈਜਾਨ ਭੱਜ ਗਏ ਸਨ। ਜੋ ਅਜਰਵਾਈਜਾਨ ਤੋਂ ਥਾਈਲੈਂਡ ਚਲੇ ਗਏ ਸਨ। ਜਿੱਥੇ ਇਹ ਤਿੰਨੇ ਅੱਗੇ ਆਸਟ੍ਰੇਲੀਆ ਜਾਣ ਦੀ ਤਾਂਘ ਵਿੱਚ ਸਨ, ਪ੍ਰੰਤੂ ਸੰਗਰੂਰ ਪੁਲਿਸ ਵੱਲੋਂ ਸਮੇਂ ਸਿਰ ਪੈਰਵਾਈ ਕਰਦੇ ਹੋਏ ਮੁਸਤੈਦੀ ਨਾਲ ਸੈਂਟਰਲ ਇੰਟੈਲੀਜੈਂਸ ਅਤੇ ਸਟੇਟ ਇੰਟੈਲੀਜੈਂਸ ਨਾਲ ਰਾਬਤਾ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਨ੍ਹਾਂ ਨੂੰ ਥਾਈਲੈਂਡ ਵਿਖੇ ਗ੍ਰਿਫਤਾਰ ਕਰਵਾਕੇ ਭਾਰਤ ਡਿਪੋਟ ਕਰਵਾਇਆ ਗਿਆ। ਮਿਤੀ 22/12/2017 ਨੂੰ ਤਿੰਨਾਂ ਨੂੰ ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਥਾਣੇਦਾਰ ਗੁਰਮੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਗ੍ਰਿਫਤਾਰ ਕਰਕੇ ਅਦਾਲਤ ਧੂਰੀ ਵਿਖੇ ਪੇਸ਼ ਕੀਤਾ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਡੀ.ਆਈ.ਜੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਮੁੱਢਲੀ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ਸੋਨਾ ਤੇ ਪੈਸੇ ਥਾਈਲੈਂਡ ਵਿਖੇ ਹੀ ਛੱਡ ਆਏ ਹਨ, ਪਰ ਸੈਂਟੇਫਿਕ ਤਕਨੀਕ ‘ਤੇ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਸਤਨਾਮ ਸਿੰਘ ਉਕਤ ਨੇ ਮੰਨਿਆ ਕਿ ਉਸਨੇ ਆੜਤੀਏ ਚਰਨਜੀਤ ਸਿੰਘ ਦੀ ਦੁਕਾਨ ਤੋਂ ਕਿਸਾਨਾਂ ਦੇ ਚੋਰੀ ਕੀਤੇ ਚੈੱਕਾਂ ਦੀ ਰਕਮ 83 ਲੱਖ 50 ਹਜ਼ਾਰ ਰੁਪਏ ਵਿੱਚੋਂ 2 ਕਿੱਲੋ 629 ਗ੍ਰਾਮ ਸੋਨਾ ਬੈਂਕ ਰਾਹੀਂ ਅਦਾਇਗੀ ਕਰਕੇ ਕੇਵਲ ਕ੍ਰਿਸਨ ਐਂਡ ਸਨਸ਼ ਜੁਵੈਲਰਜ ਲੁਧਿਆਣਾ ਤੋਂ ਖਰੀਦ ਕਰ ਲਿਆ ਸੀ। ਮੰਡੀ ਮੂਲੋਵਾਲ ਦੇ 14 ਕਿਸਾਨਾਂ ਤੇ ਮੰਡੀ ਧੂਰੀ ਦੇ 22 ਕਿਸਾਨਾਂ ਵੱਲੋਂ ਵੇਚੀ ਜ਼ੀਰੀ ਦੇ 57 ਲੱਖ ਰੁਪਏ ਤੇ 2 ਕਿਲੋ 629 ਗ੍ਰਾਮ ਸੋਨਾ ਭੱਜਣ ਤੋਂ ਪਹਿਲਾਂ ਆਪਣੇ ਘਰ ਸਿਵਪੁਰੀ ਮੁਹੱਲਾ ਧੂਰੀ ਵਿਖੇ ਲੁਕਾ ਕੇ ਰੱਖ ਗਿਆ ਸੀ, ਜੋ ਦੌਰਾਨੇ ਪੁਲਿਸ ਰਿਮਾਂਡ ਨਿਸ਼ਾਨਦੇਹੀ ‘ਤੇ ਸਿਵਪੁਰੀ ਮੁਹੱਲਾ ਧੂਰੀ ਤੋਂ ਬ੍ਰਾਮਦ ਕਰਵਾਇਆ ਜਾ ਚੁੱਕਾ ਹੈ। ਡੀ.ਆਈ.ਜੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਤੋਂ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਆੜਤੀ ਰਾਹੀਂ ਧੂਰੀ ਅਤੇ ਮੂਲੋਵਾਲ ਅਨਾਜ ਮੰਡੀਆਂ ਵਿੱਚ ਵੇਚੀ ਕਿਸਾਨਾਂ ਦੀ ਜ਼ੀਰੀ ਦੀ ਰਕਮ ਵਿੱਚੋਂ ਮਾਰਕਫੈੱਡ ਏਜੰਸੀਆਂ ਕੋਲ 13,85,088/- ਰੁਪਏ ਅਤੇ ਪਨਸਪ ਏਜੰਸੀ ਕੋਲ 2,89,000/- ਰੁਪਏ ਬਕਾਇਆ ਹਨ ਅਤੇ ਇਹ ਰਕਮ ਏਜੰਸੀਆਂ ਪਾਸੋਂ ਪੀੜਤ ਕਿਸਾਨਾਂ ਨੂੰ ਉਹਨਾਂ ਦੀ ਬਣਦੀ ਰਕਮ ਵਿੱਚੋਂ ਰਕਮ ਸਿੱਧੇ ਤੌਰ ‘ਤੇ ਦਿਵਾਈ ਜਾਵੇਗੀ।

ਪੱਤਰਕਾਰ ਸੰਮੇਲਨ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ, ਐਸ.ਪੀ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ ਸ. ਆਕਾਸ਼ਦੀਪ ਸਿੰਘ ਔਲਖ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: