ਕਿਸਾਨਾਂ ਦੇ ਹੱਕ ‘ਚ ਨਿੱਤਰੇ ਖਹਿਰਾ

ਕਿਸਾਨਾਂ ਦੇ ਹੱਕ ‘ਚ ਨਿੱਤਰੇ ਖਹਿਰਾ

ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਐਲਾਨ ਕੀਤਾ ਕਿ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਦੇ ਵਾਅਦੇ ਬਾਰੇ ਉਹ ਵਿਧਾਨ ਸਭਾ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਮਤਾ ਲੈ ਕੇ ਆਉਣਗੇ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਸ਼ੁੱਕਰਵਾਰ ਨੂੰ ਚੀਮਾ ਮੰਡੀ ਸੁਨਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤ ਲਈ ਪਹੁੰਚੇ ਜਿਨ੍ਹਾਂ ਨੂੰ ਕਿ ਪੰਜਾਬ ਪੁਲਿਸ ਨੇ 23 ਫਰਵਰੀ 2018 ਨੂੰ ਦਿੱਲੀ ਵਿੱਚ ਹੋਣ ਵਾਲੇ ਆਲ ਇੰਡੀਆ ਪ੍ਰਦਰਸ਼ਨ ਵਿੱਚ ਪਹੁੰਚਣ ਤੋਂ ਰੋਕਿਆ ਗਿਆ ਸੀ।
ਸੁਨਾਮ ਨੇੜੇ ਚੀਮਾ ਮੰਡੀ ਵਿਖੇ ਕਿਸਾਨਾਂ ਨੂੰ ਰੋਕ ਕੇ ਮੋਦੀ ਅਤੇ ਭਾਜਪਾ ਦੇ ਹੱਥਾਂ ਵਿੱਚ ਖੇਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਉੱਪਰ ਖਹਿਰਾ ਖੂਬ ਵਰ੍ਹੇ। ਖਹਿਰਾ ਨੇ ਕਿਹਾ ਕਿ ਇਹ ਭਾਰਤੀ ਲੋਕਤੰਤਰ ਦਾ ਕਾਲਾ ਦਿਨ ਹੈ ਜਦ ਕਿਸਾਨਾਂ ਦੀ ਅਵਾਜ਼ ਨੂੰ ਭਾਜਪਾ ਅਤੇ ਕਾਂਗਰਸ ਵੱਲੋਂ ਰਲ ਕੇ ਦਬਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ਭਰ ਵਿੱਚ ਖ਼ੁਦਕੁਸ਼ੀਆਂ ਦਾ ਕਾਰਨ ਬਣ ਰਹੇ ਵੱਡੇ ਕਰਜ਼ੇ ਦੇ ਖਿਲਾਫ 67 ਕਿਸਾਨਾਂ ਨਾਲ ਸਬੰਧਿਤ ਸੰਸਥਾਵਾਂ ਨੇ ਆਲ ਇੰਡੀਆ ਰੋਸ ਪ੍ਰਦਰਸ਼ਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਪੱਖਪਾਤੀ ਮੁੱਲ ਦੇ ਮੁੱਦੇ ਉੱਪਰ ਭਾਰਤ ਭਰ ਦੇ ਕਿਸਾਨ ਇੱਕਜੁੱਟ ਹਨ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਕੈਪਟਨ ਨੇ ਕਰਜ਼ਾ ਮੁਆਫੀ ਦਾ ਝੂਠਾ ਵਾਅਦਾ ਕਰ ਕੇ ਨਾ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ ਬਲਕਿ ਹੁਣ ਦਿੱਲੀ ਦੇ ਵਿੱਚ ਮੋਦੀ ਸਰਕਾਰ ਖਿਲਾਫ ਧਰਨਾ ਦੇਣ ਜਾਣ ਤੋਂ ਰੋਕ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਨ ਸਭਾ ਦਫਤਰ ਵਿੱਚ ਇਕੱਠੇ ਕੀਤੇ ਗਏ ਰਿਕਾਰਡ ਅਨੁਸਾਰ 16 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕਣ ਉਪਰੰਤ ਸੂਬਾ ਭਰ ਵਿੱਚ 360 ਤੋਂ ਵੀ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਰਾਸ਼ਟਰੀ ਬੈਂਕਾਂ ਨੂੰ ਬੇਲ ਆਊਟ ਕਰਨ ਦੇ ਬਹਾਨੇ ਮੋਦੀ ਸਰਕਾਰ ਡਿਫਾਲਟਰ ਕਾਰਪੋਰੇਟ ਧਨਾਢਾਂ ਦੇ 8 ਲੱਖ ਕਰੋੜ ਰੁਪਏ ਦੇ ਨੌਨ ਪ੍ਰਫਾਰਮਿੰਗ ਐਸੇਟਸ ‘ਤੇ ਲੀਕ ਫੇਰਨ ਜਾ ਰਹੀ ਹੈ ਪਰੰਤੂ ਜਦ ਕਿਸਾਨਾਂ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਤਾਂ ਅੱਖਾਂ ਫੇਰ ਲੈਂਦੇ ਹਨ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਮਤਾ ਲੈ ਕੇ ਆਵੇਗੀ, ਜਿਸ ਵਿੱਚ ਕਿ ਫ਼ਸਲਾਂ ਦਾ ਐਮ.ਐਸ.ਪੀ. ਤੈਅ ਕੀਤੇ ਜਾਣ ਸਮੇਂ ਲਾਗਤ ਮੁੱਲ ਤੋਂ ਉੱਪਰ 50 ਫ਼ੀ ਸਦੀ ਲਾਭ ਦੇਣ ਲਈ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ।
ਖਹਿਰਾ ਨੇ ਕਿਸਾਨਾਂ ਨੂੰ ਇਹ ਵੀ ਯਕੀਨ ਦੁਆਇਆ ਕਿ ਉਹ ਕੈਪਟਨ ਸਰਕਾਰ ਉੱਪਰ ਦਬਾਅ ਬਣਾਉਣਗੇ ਕਿ ਉਹ ਬੈਂਕਾਂ ਅਤੇ ਆੜ੍ਹਤੀਆਂ ਵੱਲੋਂ ਦਿੱਤੇ ਗਏ ਕਰਜ਼ੇ ਨੂੰ ਮੁਕੰਮਲ ਮੁਆਫ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਜੋ ਕਿ ਕਰੀਬ 1 ਲੱਖ ਕਰੋੜ ਰੁਪਏ ਹੈ। ਖਹਿਰਾ ਨੇ ਕਿਸਾਨਾਂ ਦੀ ਬਹਾਦੁਰੀ ਦੀ ਵੀ ਸ਼ਲਾਘਾ ਕੀਤੀ ਜੋ ਕਿ ਦਿੱਲੀ ਜਾਣ ਤੋਂ ਰੋਕੇ ਜਾਣ ਦੇ ਬਾਵਜੂਦ 22 ਫਰਵਰੀ ਤੋਂ ਹੀ ਧਰਨੇ ਉੱਪਰ ਬੈਠੇ ਹਨ।

Share Button

Leave a Reply

Your email address will not be published. Required fields are marked *

%d bloggers like this: