ਕਿਸਾਨਾਂ ਤੇ ਦਲਿਤਾਂ ਦੇ ਟਕਰਾਅ ਨੇ ਜੱਗ ਜ਼ਾਹਿਰ ਕੀਤੀਆਂ ਪ੍ਰਸ਼ਾਸਨਿਕ ਅਣਗਹਿਲੀਆਂ

ss1

ਕਿਸਾਨਾਂ ਤੇ ਦਲਿਤਾਂ ਦੇ ਟਕਰਾਅ ਨੇ ਜੱਗ ਜ਼ਾਹਿਰ ਕੀਤੀਆਂ ਪ੍ਰਸ਼ਾਸਨਿਕ ਅਣਗਹਿਲੀਆਂ

ਪਿੰਡ ਜਲੂਰ ਵਿੱਚ ਦਲਿਤਾਂ ਲਈ ਰਾਖ਼ਵੀਂ ਜ਼ਮੀਨ ਨੂੰ ਲੈ ਕੇ ਬਣਿਆ ਹੋਇਆ ਹੈ ਤਣਾਅ ਦਾ ਮਾਹੌਲ

14729332_10154056248148590_15769766013632970_nਦਿੜ੍ਹਬਾ ਮੰਡੀ 17 ਅਕਤੂਬਰ (ਰਣ ਸਿੰਘ ਚੱਠਾ)-ਪਿੰਡ ਜਲੂਰ ਵਿੱਚ ਪੁਲੀਸ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਦਲਿਤਾਂ ਦੇ ਟਕਰਾਅ ਨੂੰ ਦਲਿਤਾਂ ਦੇ ਦੋ ਹਿੱਸਿਆਂ ਵਿੱਚ ਹੋਏ ਟਕਰਾਅ ਵਜੋਂ ਪੇਸ਼ ਕੀਤਾ ਹੈ ਪਰ ਹਕੀਕਤ ਕੁਝ ਹੋਰ ਹੈ, ਜਿਸ ਕਰ ਕੇ ਪ੍ਰਸਾਸ਼ਨ ਦੇ ਰੋਲ ’ਤੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ਕਿਸਾਨ ਧਿਰ ਨੇ ਦਲਿਤ ਸਰਪੰਚ ਸਣੇ ਕੁਝ ਦਲਿਤਾਂ ਨੂੰ ਆਪਣੇ ਨਾਲ ਰਲਾ ਕੇ ਜ਼ਮੀਨ ਦੀ ਬੋਲੀ ਕਰਵਾਈ। ਸੂਤਰਾਂ ਅਨੁਸਾਰ ਦਰਅਸਲ ਇਸ ਟਕਰਾਅ ਦਾ ਮੁੱਢ 10 ਮਈ 2016 ਨੂੰ ਪਿੰਡ ਵਿੱਚ ਬੀ.ਡੀ.ਪੀ.ਓ. ਵੱਲੋਂ ਪੁਲੀਸ ਸੁਰੱਖਿਆ ਵਿੱਚ ਦਲਿਤਾਂ ਲਈ ਰਾਖਵੀਂ ਜ਼ਮੀਨ ਦੀ ਬੋਲੀ ਕਰਵਾਉਣ ਤੋਂ ਬੱਝਾ।ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਲਾਕੇ ਅੰਦਰ ਕਈ ਪਿੰਡਾਂ ਵਿੱਚ ਰਾਖਵੀਂ ਜ਼ਮੀਨ ਸਿਰਫ਼ ਦਲਿਤਾਂ ਨੂੰ ਹੀ ਸਸਤੇ ਭਾਅ ’ਤੇ ਦੇਣ ਲਈ ਮਾਰਚ ਮਹੀਨੇ ਤੋਂ ਹੀ ਸੰਘਰਸ਼ ਕਰ ਰਹੀ ਸੀ। ਇਸ 12 ਮਈ ਨੂੰ ਬੋਲੀ ਵਾਲੇ ਦਿਨ ਸੰਘਰਸ਼ ਕਮੇਟੀ ਨੇ ਪਿੰਡ ਜਲੂਰ ਦੀ ਬੋਲੀ ਨੂੰ ਡਮੀ ਦੱਸਦੇ ਹੋਏ ਬਾਕਾਇਦਾ ਲਹਿਰਾਗਾਗਾ-ਪਾਤੜਾਂ ਸੜਕ ਜਾਮ ਕੀਤੀ ਅਤੇ ਐਲਾਨ ਕੀਤਾ ਕਿ ਇਹ ਜ਼ਮੀਨ ਇੱਕ ਦਲਿਤ ਵਿਅਕਤੀ ਦੇ ਨਾਂ ’ਤੇ ਇੱਕ ਕਿਸਾਨ ਨੇ ਲਈ ਹੈ। ਉਨ੍ਹਾਂ ਨੇ ਸਖ਼ਤ ਰੋਸ ਪ੍ਰਗਟ ਕੀਤਾ ਪਰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਹੀਂ ਲਿਆ। ਇਸ ਮਗਰੋਂ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ 26/27 ਮਈ ਨੂੰ ਪੰਚਾਇਤੀ ਜ਼ਮੀਨ ’ਤੇ ਬਾਕਾਇਦਾ ਆਪਣਾ ਕਬਜ਼ਾ ਕਰ ਲਿਆ ਅਤੇ ਸੈਂਕੜੇ ਦਲਿਤਾਂ ਨੇ ਕਰੀਬ 15 ਦਿਨ ਖੇਤ ’ਚ ਹੀ ਡੇਰੇ ਲਾਏ।ਪੁਲੀਸ ਮਜ਼ਦੂਰਾਂ ਤੋਂ ਕਬਜ਼ਾ ਛੁਡਵਾਉਣ ਵੀ ਗਈ ਪਰ ਸਫ਼ਲ ਨਹੀਂ ਹੋਈ। ਦਲਿਤਾਂ ਨੇ ਜ਼ਮੀਨ ’ਚ ਬਾਜਰਾ ਬੀਜ ਦਿੱਤਾ ਸੀ। ਸੰਘਰਸ਼ ਕਮੇਟੀ ਨੇ ਬੋਲੀ ਰੱਦ ਕਰਵਾਉਣ ਲਈ ਬੀਡੀਪੀਓ, ਐਸਡੀਐਮ ਅਤੇ ਡੀਸੀ ਸੰਗਰੂਰ ਅੱਗੇ ਕਈ ਵਾਰ ਪ੍ਰਦਰਸ਼ਨ ਕੀਤੇ। ਆਖਰ 10 ਜੂਨ ਨੂੰ ਪ੍ਰਸ਼ਾਸਨ ਨੇ ਪੁਲੀਸ ਮਦਦ ਨਾਲ ਖੇਤ ’ਚ ਬੈਠੇ ਦਲਿਤਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਅਤੇ ਉਸ ਜ਼ਮੀਨ ਦਾ ਕਬਜ਼ਾ ਦਲਿਤ ਵਿਅਕਤੀ ਨੂੰ ਕਰਵਾ ਦਿੱਤਾ ਅਤੇ ਜ਼ਮੀਨ ਵਿੱਚ ਬਿਜਾਈ ਇੱਕ ਕਿਸਾਨ ਨੇ ਕੀਤੀ। ਇਸ ਨੂੰ ਲੈ ਕੇ 3 ਜੁਲਾਈ ਨੂੰ ਸੰਘਰਸ਼ ਕਰ ਰਹੀ ਕਮੇਟੀ ਅਤੇ ਕਿਸਾਨ ਸਮਰਥਕ ਦਲਿਤ ਮਹਿਲਾ ਸਰਪੰਚ ਵਿਚਕਾਰ ਸਿੱਧੀ ਲੜ੍ਹਾਈ ਵੀ ਹੋਈ ਅਤੇ ਦੋਹੇ ਧਿਰਾਂ ਹਸਪਤਾਲ ਵਿੱਚ ਦਾਖ਼ਲ ਹੋਈਆਂ।ਕਿਸਾਨ ਨੇ ਉਸ ਜ਼ਮੀਨ ਵਿੱਚ ਜੀਰੀ ਬੀਜੀ ਅਤੇ ਦਲਿਤ ਸਰਪੰਚ ਸਮੇਤ ਹੋਰ ਧਿਰਾਂ ਉਸ ਦੇ ਸਮਰਥਨ ’ਤੇ ਰਹੀਆਂ। ਸੰਘਰਸ਼ ਕਮੇਟੀ ਲਗਾਤਾਰ ਬੋਲੀ ਰੱਦ ਕਰਨ ਨੂੰ ਲੈ ਕੇ ਮੁਜ਼ਾਹਰੇ ਕਰਦੀ ਰਹੀ। ਮਸਲਾ ਮੁੱਖ ਮੰਤਰੀ ਤੱਕ ਵੀ ਪਹੁੰਚਿਆ ਪਰ ਹੋਇਆ ਕੁਝ ਨਹੀਂ।ਉਧਰ ਜ਼ਮੀਨ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ 30 ਸਤੰਬਰ ਦੀ ਰਾਤ ਨੂੰ ਜੀਰੀ ਵੱਢ ਦਿੱਤੀ ਤਾਂ ਪੁਲੀਸ ਨੇ ਕਮੇਟੀ ਦੇ ਕਾਰਕੁਨਾਂ ’ਤੇ ਮੁਕੱਦਮਾ ਦਰਜ ਕੀਤਾ। ਪੁਲੀਸ ਵੱਲੋਂ ਗੰਭੀਰਤਾ ਨਾ ਦਿਖਾਉਣ ਕਰ ਕੇ ਦੋਹਾਂ ਧਿਰਾਂ ਵਿੱਚ ਹੋਈ ਲੜ੍ਹਾਈ ਵਿੱਚ ਦੋਹਾਂ ਧਿਰਾਂ ਦੇ 6 ਜਣੇ ਜਖ਼ਮੀ ਹੋਏ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤੇ ਪਰ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ।ਸੰਘਰਸ਼ ਕਮੇਟੀ ਨੇ 5 ਸਤੰਬਰ ਨੂੰ ਲਹਿਰਾਗਾਗਾ ਐਸਡੀਐਮ ਦਫ਼ਤਰ ਅੱਗੇ ਧਰਨਾ ਦੇ ਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਦਲਿਤ ਆਗੂਆਂ ਨੇ ਅਧਿਕਾਰੀਆਂ ਨੂੰ ਪਿੰਡ ’ਚ ਟਕਰਾਅ ਬਾਰੇ ਸੁਚੇਤ ਕੀਤਾ ਸੀ। ਜ਼ਿਕਰਯੋਗ ਹੈ ਕਿ ਉਸ ਦਿਨ ਐਸਡੀਐਮ ਦਫ਼ਤਰ ਦੇ ਬਾਹਰ ਪਿੰਡ ਦੇ ਕਿਸਾਨ ਡਾਂਗਾਂ ਆਦਿ ਲੈ ਕੇ ਪੁੱਜੇ ਸਨ।ਇਨ੍ਹਾਂ ਗੱਲਾਂ ਕਾਰਨ ਪਿੰਡ ਜਲੂਰ ਵਿੱਚ ਖ਼ੂਨੀ ਟਕਰਾਅ ਹੋਇਆ। ਪ੍ਰਸ਼ਾਸਨ ਜੇ ਮੁੱਢ ਤੋਂ ਇਸ ਨੂੰ ਗੰਭੀਰਤਾ ਨਾਲ ਲੈਂਦਾ ਤਾਂ ਹਿੰਸਕ ਟਕਰਾਅ ਟੱਲ ਸਕਦਾ ਸੀ। ਹੁਣ ਤੱਕ ਦਲਿਤਾਂ ਦੇ 17 ਅਤੇ ਕਿਸਾਨਾਂ ਦੇ ਦੋ ਸਾਥੀ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਹਨ।

Share Button

Leave a Reply

Your email address will not be published. Required fields are marked *