Thu. Nov 14th, 2019

ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ?

ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ?

ਮੇਰਾ ਸਰਹੱਦੀ ਪਿੰਡ ਅਲਾਵਲਪੁਰ, ਹਾਲਾਂ ਕਰਤਾਰਪੁਰ ਸਾਹਿਬ ਤੋਂ 9 ਕਿ. ਮੀ. ਹਟਵਾ ਹੈ ਪਰ 1971 ਦੀ ਜੰਗ ਤੋਂ ਪਹਿਲਾਂ ਕਰਤਾਰਪੁਰ ਦਾ ਪੰਜ ਮੰਜਲੀ ਗੁੰਬਦ ਨਜਰ ਆਇਆ ਕਰਦਾ ਸੀ। ਮੇਰੇ ਨਾਨਕੇ ਵੀ ਕਰਤਾਰਪੁਰ ਲਾਗੇ ਸਨ। ਮੇਰੀ ਮਾਂ ਬੜੇ ਮਾਣ ਨਾਲ ਕਿਹਾ ਕਰਦੀ ਸੀ ਕਿ ਅਸੀ ਮਹਾਰਾਜਾ ਪਟਿਆਲਾ ਦੀਆਂ ਰਾਣੀਆਂ (ਕੈਪਟਨ ਅਮਰਿੰਦਰ ਸਿੰਘ ਦੀਆਂ ਦਾਦੀਆਂ) ਨਾਲ 1928-30 ਵਿਚ ਕਰਤਾਰਪੁਰ ਦੀ ਹੋਈ ਕਾਰਸੇਵਾ ਵਿਚ ਹਿੱਸਾ ਲਿਆ ਸੀ। ਲਗ ਪਗ ਓਨਾਂ ਹੀ ਦਿਨਾਂ ਵਿਚ ਦਰਿਆ ਰਾਵੀ ਤੇ ਦੋ ਮੰਜਲਾ ਪੁਲ ਬਣਿਆ ਸੀ ਜਿਸ ਬਾਬਤ ਵੀ ਇਲਾਕੇ ਵਿਚ ਬੜੀਆਂ ਦੰਦ ਕਥਾਵਾਂ ਮਸ਼ਹੂਰ ਸਨ ਕਿ ਨੀਂਹ ਪੁੱਟਦਿਆਂ ਇਕ ਵੱਡੀ ਪੇਟੀ ਨਿਕਲੀ ਸੀ।
1994 ਵਿਚ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਵਿਚ ਜਾਣ ਵਾਲੇ ਸ਼ਰਧਾਲੂ ਕੋਈ 3000 ਸਨ ਤੇ ਜਥੇ ਦੇ ਆਗੂ ਮਨਜੀਤ ਸਿੰਘ ਕਲਕੱਤਾ ਸਕੱਤਰ ਸ਼੍ਰੋਮਣੀ ਕਮੇਟੀ ਸਨ।ਦਾਸ ਨੂੰ ਵੀ ਇਸ ਜਥੇ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਓਦੋਂ ਮੈਂ ਈ ਐਸ ਆਈ ਵਿਚ ਬਤੌਰ ਮੈਨੇਜਰ ਬਟਾਲੇ ਲੱਗਾ ਹੋਇਆ ਸੀ। ਅਟਾਰੀ ਤੋਂ ਦੁਪਿਹਰ ਦੀ ਚਲੀ ਰੇਲ ਅਗਲੇ ਸਵੇਰੇ 4 ਵਜੇ ਪੰਜਾ ਸਾਹਿਬ ਪਹੁੰਚੀ।
ਵੈਸਾਖੀ (14 ਅਪ੍ਰੈਲ 1994) ਨੂੰ ਬੇਨਜ਼ੀਰ ਭੁੱਟੋ ਸਰਕਾਰ ਦੇ ਵਜੀਰ ਸਰਦਾਰ ਫਤਹਿ ਮੁਹੰਮਦ ਹਸਨੀ (ਬਲੋਚ) ਤੇ ਔਕਾਫ ਬੋਅਡ ਦੇ ਆਲਾ ਅਫਸਰ ਪੰਜਾ ਸਾਹਿਬ ਵਿਖੇ ਪਹੁੰਚੇ। ਹਸਨੀ ਜਦੋਂ ਸੰਗਤ ਨੂੰ ਸੰਬੋਧਨ ਕਰ ਰਿਹਾ ਸੀ ਤਾਂ ਉਨੂੰ ਕੋਈ ਵੀ ਸੁਣਨ ਨੂੰ ਤਿਆਰ ਸੀ। ਜਿਆਦਾ ਤਕ ਸੰਗਤ ਖੜੀ ਸੀ। ਮੈਂ ਕਲਕੱਤਾ ਸਾਹਿਬ ਨੂੰ ਸੁਚੇਤ ਕੀਤਾ ਕਿ ਇਹ ਅਗਲੇ ਦੀ ਬੇਇਜਤੀ ਹੋ ਰਹੀ ਹੈ। ਕੱਲਕਤੇ ਨੇ ਮੈਨੂੰ ਹੁਕਮ ਕਰ ਦਿਤਾ ਕਿ ਤੂੰ ਬੈਠਾ ਕੇ ਵੇਖ ਲੈ ਜੇ ਕੋਈ ਬਹਿੰਦਾ ਹੈ ਤਾਂ।
ਮੈਂ ਵਜੀਰ ਨੂੰ ਬੇਨਤੀ ਕਰਕੇ ਮਾਈਕ ਆਪਣੇ ਹੱਥ ਲਿਆ ਤੇ ਸੰਗਤ ਨੂੰ ਵਜੀਰ ਦੀ ਅਹਿਮੀਅਤ ਬਾਰੇ ਦੱਸਿਆ। ਸੰਗਤ ਬਹਿ ਗਈ ਤੇ ਬੜੇ ਪਿਆਰ ਸਤਿਕਾਰ ਨਾਲ ਪਾਕਿਸਤਾਨੀ ਵਜੀਰ ਦੀ ਗਲ ਸੁਣੀ। ਉਹ ਬਾਰ ਬਾਰ ਕਹਿ ਰਿਹਾ ਸੀ ਕਿ ਅਸੀ ਸਿੱਖਾਂ ਨਾਲ ਚੰਗੇ ਸਬੰਧ ਬਣਾਉਣ ਦੇ ਚਾਹਵਾਨ ਹਾਂ।
ਇਸ ਦੀਵਾਨ ਤੋਂ ਬਾਦ ਗੁਰਦੁਆਰਾ ਸਾਹਿਬ ਵਲੋ ਪਾਕਿਸਤਾਨੀ ਆਲਾ ਟੀਮ ਅਤੇ ਯਾਤਰਾ ਜਥੇ ਦੇ ਮੁੱਖੀਆਂ ਲਈ ਚਾਹ ਪਾਣੀ ਦਾ ਇੰਤਜਾਮ ਕੀਤਾ ਹੋਇਆ ਸੀ। ਪਾਕਿਸਤਾਨੀ ਅਫਸਰਾਂ ਦੇ ਕਹਿਣ ਤੇ ਬਾਦ ਵਿਚ ਮੈਨੂੰ ਵੀ ਸ਼ਾਮਲ ਕਰ ਲਿਆ ਗਿਆ। ਮੈਂ ਉਸ ਅਫਸਰ ਦਾ ਨਾਂ ਭੁੱਲ ਚੁੱਕਾ ਹਾਂ ਜਿਸ ਨੇ ਕਰਤਾਰਪੁਰ ਬਾਰੇ ਬਹੁਤ ਦਿਲਚਸਪੀ ਵਿਖਾਈ। ਚਾਹ ਪਾਣੀ ਮੌਕੇ ਖੁੱਲੀਆਂ ਵੀਚਾਰਾਂ ਹੋ ਰਹੀਆਂ ਸਨ, ਕਿ ਸਿੱਖਾਂ ਦੇ ਪਾਕਿਸਤਾਨ ਨਾਲ ਸਬੰਧ ਕਿਵੇ ਬਿਹਤ੍ਰ ਹੋਣ। ਓਥੇ ਦੋਵਾਂ ਕੌਮਾਂ ਦੇ ਖਰਵੇ ਇਤਹਾਸ ਤੇ ਵੀ ਝਾਤਾਂ ਮਾਰੀਆਂ ਜਾ ਰਹੀਆਂ ਸਨ। ਸਿੱਖ ਜੱਥੇ ਵਿਚੋਂ ਇਕ ਜਣੇ ਨੇ ਖੁੱਦ ਹੀ ਟਿੱਪਣੀ ਕਰ ਦਿਤੀ ਕਿ ਹੁਣ ਸਿੱਖਾਂ ਨੂੰ ਸਮਝ ਆ ਗਈ ਹੈ ਕਿ ਹਕੂਮਤ ਕੁਝ ਹੋਰ ਹੁੰਦੀ ਹੈ ਤੇ ਮਜ੍ਹਬ ਕੁਝ ਹੋਰ। ਉਸ ਦਾ ਕਹਿਣਾ ਸੀ ਕਿ ਸਿੱਖ ਅੱਜ ਇੰਦਰਾ ਗਾਂਧੀ ਤੇ ਹਿੰਦੂਆਂ ਦਰਮਿਆਨ ਫਰਕ ਨੂੰ ਸਮਝਦੇ ਨੇ। ਅੱਜ ਸਿੱਖਾਂ ਨੂੰ ਪਤਾ ਲੱਗ ਚੁੱਕੇ ਹੈ ਕਿ ਔਰੰਗਜੇਬ ਤੇ ਆਮ ਮੁਸਲਮਾਨ ਵਿਚ ਫਰਕ ਹੁੰਦਾ ਹੈ।
ਓਥੇ ਅਸਾਂ ਵੀ ਵੀਚਾਰ ਰੱਖੇ ਕਿ ਕਿਵੇ ਸਮਾਜਕ ਪੱਧਰ ਤੇ ਸਿੱਖ ਹਿੰਦੂਆਂ ਦੇ ਬਹੁਤ ਨੇੜੇ ਨੇ। ਰਿਸ਼ਤੇ ਨਾਤੇ, ਜੰਮਣਾ ਮਰਨਾਂ ਸਾਂਝਾ ਹੈ। ਪਰ ਮਜ੍ਹਬੀ ਵਿਚਾਰਧਾਰਾ ਇਸਲਾਮ ਦੇ ਕਾਫੀ ਨੇੜੇ ਹੈ। ਇਸ ਮੌਕੇ ਤੇ ਅਸਾਂ ਸੁਝਾਅ ਦਿਤਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਮੁਸਲਮਾਨਾਂ ਕਬਰ ਹੈ ਉਹ ਵੀ ਸਿੱਖਾਂ ਨੂੰ ਵਿਖਾਇਆ ਕਰੋ। ਜਿਵੇ ਹੀ ਅਸਾਂ ਇਹ ਸੁਝਾਅ ਦਿਤਾ ਤਾਂ ਪਾਕਿਸਤਾਨੀ ਟੀਮ ਸੁਣ ਕੇ ਅਚੰਭੇ ਵਿਚ ਪੈ ਗਈ ਕਿ ਬਾਬੇ ਦੀ ਕਬਰ ਵੀ ਹੈਗੀ ਆ ਅਤੇ ਉਹ ਵੀ ਪਾਕਿਸਤਾਨ ਵਿਚ? ਸਾਡੇ ਕੋਲੋ ਸਾਰੀ ਤਫਸੀਲ ਓਨਾਂ ਹਾਸਲ ਕੀਤੀ। ਪਾਕਿਸਤਾਨੀਆਂ ਦੇ ਤਾਂ ਇਕ ਤਰਾਂ ਨਾਲ ਕੰਨ ਖੜੇ ਹੋ ਗਏ।
ਓਦੋਂ ਕਰਤਾਰਪੁਰ ਸਾਹਿਬ ਇਮਾਰਤ ਦੀ ਹਾਲਤ ਖਰਾਬ ਸੀ। ਦੋ ਜੰਗਾਂ ਹੋਣ ਕਰਕੇ, ਬੁਲੰਦ ਗੁੰਬਦ ਢੱਠ ਚੁੱਕਾ ਸੀ। ਦਰਵਾਜੇ ਖਿੜਕੀਆਂ ਵੀ ਅਲੋਪ ਹੋ ਚੁੱਕੇ ਸਨ। ਗੁਰਦੁਆਰਾ ਸਾਹਿਬ ਅੰਦਰ ਨਾਲ ਦੇ ਪਿੰਡ ਦੇ ਈਸਾਈ ਚਰਾਗ ਬੱਤੀ ਕਰਦੇ ਸਨ ਕਿਉਕਿ ਗਾਹੇ ਬਿਗਾਹੇ ਇਸ ਅਸਥਾਨ ਦੇ ਮੁਸਲਮਾਨ ਸ਼ਰਧਾਲੂ ਵੀ ਆ ਜਾਇਆ ਕਰਦੇ ਸਨ। ਨਾਲਦੇ ਪਿੰਡ (ਮਿਆਣੀਆਂ) ਦੇ ਇਕ ਮੁਸਲਮਾਨ ਪੀਰ ਹਰ ਸਾਲ 100 ਰੁਪਏ ਦਾ ਕੜਾਹ ਪ੍ਰਸ਼ਾਦਿ ਚੜਾਇਆ ਕਰਦੇ ਸਨ।
ਕਿਉਕਿ ਅਜੇ ਕੰਢਿਆਲੀ ਤਾਰ ਨਹੀ ਸੀ ਲੱਗੀ ਇਲਾਕੇ ਦੇ ਸਿਰ ਫਿਰੇ ਸ਼ਰਧਾਲੂ ਕਦੀ ਰਾਤ ਬਰਾਤੇ ਕਰਤਾਰਪੁਰ ਫੇਰਾ ਮਾਰ ਆਇ ਕਰਦੇ ਸਨ। ਪਿੰਡ ਭਗਠਾਣਾ ਬੋੜਾਂ ਵਾਲੇ ਦੇ ਬਾਵਾ ਸਿੰਘ ਜਦੋਂ ਰਾਤ ਓਥੇ ਗਇਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਤਰਾਂ ਸੰਤੋਖਿਆ ਹੋਇਆ ਸੀ ਉਹ ਉਸ ਤੋਂ ਬਰਦਾਸ਼ਤ ਨਾਂ ਹੋਇਆ ਤੇ ਚੁੱਪ ਚੁਪੀਤੇ ਬੀੜ ਨੂੰ ਉਹ ਚੁੱਕ ਲਿਆਇਆ।
ਪਾਕਿਸਤਾਨ ਨੇ ਤੁਰੰਤ 1995 ਅਤੇ 1997 ਵਿਚ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਕਰਵਾਈ। ਪਰ ਪੰਜ ਮੰਜਲੇ ਗੁੰਬਦ ਦੇ ਥਾਂ ਹੁਣ ਤਿੰਨ ਮੰਜਲਾ ਹੀ ਕਰ ਦਿਤਾ।
ਇਸ ਤੋਂ ਬਾਦ ਜਦੋਂ ਵੀ ਜਥਾ ਜਾਏ ਤਾਂ ਓਕਾਫ ਬੋਅਡ ਐਲਾਨ ਕਰਿਆ ਕਰੇ ਕੇ ਪਾਕਿਸਤਾਨ ਸਰਕਾਰ ਕਰਤਾਰਪੁਰ ਨੂੰ ਖੋਲਣ ਦਾ ਵੀਚਾਰ ਕਰ ਰਹੀ ਹੈ। ਓਨਾਂ ਨੇ ਇਥੋਂ ਤਕ ਵੀ ਇਸ਼ਾਰਾ ਦੇ ਦਿਤਾ ਕਿ ਇਸ ਤੱਕ ਖੁੱਲਾ ਲਾਂਘਾ ਵੀ ਬਣਾਇਆ ਜਾ ਸਕਦਾ ਹੈ। ਅਜਿਹੀ ਇਕ ਖਬਰ 1999 ਵਿਚ ਡੇਰਾ ਬਾਬਾ ਨਾਨਕ ਦੇ ਸੋਹਣ ਸਿੰਘ ਖਾਸਾਂਵਾਲੀ ਨੇ ਲਾਈ। ਪਰ ਕੋਈ ਵੀ ਸਿੱਖ ਲੀਡਰ ਇਸ ਪਾਸੇ ਧਿਆਨ ਨਹੀ ਸੀ ਦੇ ਰਿਹਾ।
ਖਬਰ ਨੂੰ ਪੜ੍ਹਨ ਉਪਰੰਤ ਅਸੀ ਸਿੱਖ ਲੀਡਰਾਂ ਤਕ ਪਹੁੰਚ ਬਣਾਉਣੀ ਸ਼ੁਰੂ ਕੀਤੀ ਤਾਂ ਕਿ ਉਹ ਮੰਗ ਕਰਨ ਕਿ ਕਰਤਾਰਪੁਰ ਸਾਹਿਬ ਖੁੱਲਣਾ ਚਾਹੀਦਾ। ਕਿਉਕਿ ਸਾਨੂੰ ਰਾਜਨੀਤਕ ਸਮਝ ਨਹੀ ਸੀ ਇਸ ਕਰਕੇ ਜਿਆਦਾ ਟੇਕ ਅਸਾਂ ਸਰਦਾਰ ਸਿਮਰਨਜੀਤ ਸਿੰਘ ਦੀ ਪਾਰਟੀ ਤੇ ਰੱਖੀ ਪਰ ਬਾਦਲ ਤੇ ਟੌਹੜਾ ਗਰੂਪਾਂ ਨੂੰ ਵੀ ਟੋਹਦੇ ਰਹੇ।
ਫਿਰ 4 ਦਸੰਬਰ ਸੰਨ 2000 ਨੂੰ ਅਜੀਤ ਅਖਬਾਰ ਦੇ ਧਰਮ ਤੇ ਵਿਰਸਾ ਸਪਲੀਮੈਂਟ ਵਿਚ ਹਰਪਾਲ ਸਿੰਘ ਭੁੱਲਰ ਫਿਰੋਜਪੁਰ ਦਾ ਲੇਖ ਛੱਪਿਆ ਜਿਸ ਨੇ ਸਾਫ ਇਸ਼ਾਰਾ ਦਿਤਾ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਨੂੰ ਨਿਰਾ ਖੋਲ ਹੀ ਨਹੀ ਰਿਹਾ, ਲਾਂਘਾ ਵੀ ਦੇ ਸਕਦਾ ਹੈ।
ਬਾਕੀ ਤਾਂ ਇਸ ਅੰਦੋਲਨ ਵਿਚ ਪੈਰ ਪਾਉਣ ਨੂੰ ਤਿਆਰ ਨਹੀ ਸਨ ਪਰ ਅੰਮ੍ਰਿਤਸਰ ਦਾ ਅਕਾਲ ਪੁਰਖ ਕੀ ਫੌਜ ਨਾਂ ਦਾ ਜੱਥਾ ਪਹਿਲਾਂ ਤਾਂ ਮੰਨ ਗਿਆ ਪਰ ਬਾਦ ਵਿਚ ਪੈਰ ਪਿਛੇ ਖਿੱਚ ਲਏ। ਜਿਵੇ ਕਿ ਹਰ ਸਰਕਾਰੀ ਮੁਲਾਜਮ ਹੁੰਦਾ ਅਜਿਹੇ ਰਾਜਨੀਤਕ ਕੰਮਾਂ ਤੋਂ ਡਰਦਾ ਹੈ ਅਸੀ ਵੀ ਹੱਦ ਦਰਜੇ ਤੇ ਡਰਪੋਕ ਸੀ।
ਫਰਵਰੀ 2001 ਵਿਚ ਅਕਾਲ ਤਖਤ ਸਾਹਿਬ ਤੇ ਕੋਈ ਬਾਦਲ ਵਿਰੋਧੀ ਇਕੱਠ ਹੋਇਆ ਸੀ। ਅਸੀ ਓਥੇ ਪਹੁੰਚ ਲੀਡਰਾਂ ਨਾਲ ਗਲ ਕਰਨੀ ਚਾਹੀ।ਪਰ ਕਿਤੇ ਦਾਲ ਗਲੀ ਨਾਂ। ਜੋੜਾਘਰ ਜਦੋਂ ਪਹੁੰਚੇ ਤਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਮੇਲ ਹੋ ਗਿਆ। ਉਨਾਂ ਨੂੰ ਬੇਨਤੀ ਕੀਤੀ ਤਾਂ ਉਨਾਂ ਨੇ ਸਾਨੂੰ ਜਲੰਧਰ ਆ ਕੇ ਮਿਲਣ ਲਈ ਕਿਹਾ। ਜਲੰਧਰ ਮਿਲਣ ਉਪਰੰਤ ਉਨਾਂ ਕਿਹਾ ਕਿ ਇਹ ਫੈਸਲਾ ਲੈਣ ਲਈ ਜਥੇ ਦੇ ਬਾਕੀ ਮੈਂਬਰਾਂ ਨਾਲ ਵੀ ਸਲਾਹ ਕਰਨੀ ਹੋਵੇਗੀ। ਸਾਨੂੰ ਕਹਿਣ ਲੱਗੇ ਕਿ ਤੁਸੀ 28 ਫਰਵਰੀ ਨੂੰ ਬੁਰਜ ਸਾਹਿਬ ਧਾਰੀਵਾਲ ਪਹੁੰਚਣਾ।
ਵਡਾਲਾ ਸਾਹਿਬ ਨੇ ਤਾਂ ਬੁਰਜ ਸਾਹਿਬ ਇਕ ਤਰਾਂ ਨਾਲ ਨਾਹ ਕਰ ਦਿਤੀ ਪਰ ਨਾਲ ਹੀ ਸਾਨੂੰ ਮੌਕਾ ਬਖਸ਼ ਦਿਤਾ ਕਿ ਸੰਗਤ ਨਾਲ ਵੀ ਗਲ ਕਰ ਲਓ। ਅਸਾਂ ਜਿਵੇ ਸੰਗਤ ਨੂੰ ਖਬਰ ਸੁਣਾਈ ਕਿ ਕਰਤਾਰਪੁਰ ਸਾਹਿਬ ਦੇ ਖੁੱਲਣ ਦੀ ਸੰਭਾਵਨਾ ਬਣੀ ਤਾਂ ਸੰਗਤ ਨੇ ਸਾਨੂੰ ਹੱਥਾਂ ਤੇ ਚੁੱਕ ਲਿਆ। ਸੰਗਤ ਦਾ ਅਜਿਹਾ ਜਵਾਬ ਵੇਖ ਵਡਾਲਾ ਸਾਹਿਬ ਬਾਗੋ ਬਾਗ ਹੋ ਗਏ ਤੇ ਕਰਤਾਰਪੁਰ ਲਈ ਅੰਦੋਲਨ ਵਾਸਤੇ ਤਿਆਰ ਹੋ ਗਏ।
30 ਮਾਰਚ ਨੂੰ ਫਿਰ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਦਾ ਗਠਨ ਕੀਤਾ ਤੇ 14 ਅਪਰੈਲ 2001 ਨੂੰ ਡੇਰਾ ਬਾਬਾ ਨਾਨਕ ਇਕੱਠ ਕਰਕੇ ਪਹਿਲੀ ਅਰਦਾਸ ਕੀਤੀ ਗਈ। ਉਸ ਦਿਨ ਅਕਾਲ ਪੁਰਖ ਕੀ ਫੌਜ ਜਥੇ ਨੇ ਵੀ ਅਰਦਾਸ ਕੀਤੀ। ਸੁੱਤੇ ਪਏ ਕਸਬੇ ਵਿਚ ਜੋਸ਼ ਠਾਠਾਂ ਮਾਰ ਰਿਹਾ ਸੀ।
‘ਸੇਵਕ ਕਉ ਸੇਵਾ ਬਨਿ ਆਈ’ ਦੇ ਮਹਾਵਾਕ ਅਨੁਸਾਰ ਉਸ ਤੋਂ ਬਾਦ ਅਰਦਾਸਾਂ ਦਾ ਸਿਲਸਿਲਾ ਵਡਾਲਾ ਸਾਹਿਬ ਨੇ ਆਖਰੀ ਸਵਾਸਾਂ 5 ਜੂਨ 2018 ਤਕ ਨਿਭਾਇਆ ਜੋ ਉਨਾਂ ਤੋਂ ਬਾਦ ਨਿਰੰਤਰ ਜਾਰੀ ਹੈ। ਉਂਜ ਦਾਸਰਾ ਵਡਾਲਾ ਸਾਹਿਬ ਤੋਂ 2003 ਵਿਚ ਹੀ ਵੱਖਰਾ ਹੋ ਗਿਆ ਸੀ ਤੇ ਉਹ ਮੱਸਿਆ ਤੇ ਅਤੇ ਅਸੀ ਸੰਗਰਾਂਦ ਵਾਲੇ ਦਿਨ ਅਰਦਾਸ ਕਰਦੇ ਆ ਰਹੇ ਹਾਂ। ਵਿਚ ਜਹੇ ਸੰਗਰੂਰ ਦੇ ਬਾਬਾ ਜੰਗ ਸਿੰਘ ਨੇ ਪੁੰਨਿਆ ਤੇ ਅਰਦਾਸ ਕਰਨੀ ਆਰੰਭੀ ਪਰ ਵਿਚੇ ਛੱਡ ਗਏ। ਉਸ ਖੱਪੇ ਨੂੰ ਪੁਰ ਕਰਨ ਲਈ ਰਘਬੀਰ ਸਿੰਘ ਨੇ ਅਰਦਾਸ ਪੁੰਨਿਆ ਤੇ ਸ਼ੁਰੂ ਕਰ ਦਿਤੀ।

 

ਭਬੀਸ਼ਨ ਸਿੰਘ ਗੁਰਾਇਆ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: