Sun. Oct 20th, 2019

ਕਿਉਂ ਨਾ ਅਸੀਂ ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੀਏ ?

ਕਿਉਂ ਨਾ ਅਸੀਂ ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੀਏ ?

ਰਾਵਣ ਨੂੰ ਹਰਾਉਣ ਦੇ ਲਈ ਪਹਿਲਾਂ ਖੁਦ ਰਾਮ ਬਣਨਾ ਪੈਂਦਾ ਹੈ।ਵਿਜੈ ਦਸ਼ਮੀ ਯਾਨੀ ਦੁਸ਼ਹਿਰੇ ਦਾ ਦਿਨ ਬੁਰਾਈ `ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।ਉਹ ਜਿੱਤ ਜੋ ਰਾਮ ਨੇ ਬੁਰਾਈ ਦੇ ਨੁੰਮਾਇੰਦੇ ਰਾਵਣ `ਤੇ ਹਾਸਲ ਕੀਤੀ, ਉਹ ਰਾਵਣ ਜੋ ਬੁਰਾਈ ਦਾ, ਅਧਰਮ ਦਾ, ਹੰਕਾਰ ਅਤੇ ਪਾਪ ਦਾ ਪ੍ਰਤੀਕ ਹੈ।ਉਹ ਜਿੱਤ ਜਿਸ ਨੇ ਪਾਪ ਦੀ ਸਲਤਨਤ ਦਾ ਨਾਸ਼ ਕੀਤਾ ।ਪਰ ਕੀ ਬੁਰਾਈ ਹਾਰ ਗਈ? ਯੁੱਗਾਂ ਤੋਂ ਹਰੇਕ ਸਾਲ ਪੂਰੇ ਦੇਸ਼ ਵਿਚ ਰਾਵਣ ਦਾ ਪੁਤਲਾ ਸਾੜ ਕੇ ਦੁਸ਼ਹਿਰੇ ਦਾ ਤਿਓਹਾਰ ਮਨਾਇਆ ਜਾਂਦਾ ਹੈ। ਜੇਕਰ ਰਾਵਣ ਕਈ ਸਾਲ ਪਹਿਲਾਂ ਮਰ ਗਿਆ ਤਾਂ ਫਿਰ ਉਹ ਅੱਜ ਵੀ ਸਾਡੇ ਵਿਚਕਾਰ ਜਿਉਂਦਾ ਕਿਵੇਂ ਹੈ? ਜੇਕਰ ਰਾਵਣ ਦਾ ਨਾਸ਼ ਹੋ ਗਿਆ ਸੀ ਤਾਂ ਫਿਰ ਉਹ ਕੌਣ ਹੈ ਜਿਸ ਨੇ ਪਿਛੇ ਜਿਹੇ ਇਕ ਸੱਤ ਸਾਲ ਦੇ ਮਾਸੂਮ ਦੀ ਬੇਰਹਿਮੀ ਨਾਲ ਜਾਨ ਲੈਕੇ ਇਕ ਮਾਂ ਦੀ ਗੋਦ ਉਜਾੜ ਦਿੱਤੀ? ਉਹ ਕੌਣ ਹੈ ਜੋ ਆਏ ਦਿਨ ਸਾਡੀਆਂ ਬੱਚੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਉਹ ਕੌਣ ਹੈ ਜੋ ਸਾਡੀਆਂ ਧੀਆਂ ਨੂੰ ਦਹੇਜ਼ ਦੇ ਲਈ ਮਾਰ ਦਿੰਦਾ ਹੈ? ਉਹ ਕੌਣ ਹੈ ਜੋ ਪੈਸੇ, ਪਹੁੰਚ ਅਤੇ ਪਹਿਚਾਣ ਦੇ ਦਮ `ਤੇ ਕਿਸੇ ਹੋਰ ਦੇ ਹੱਕ ਨੂੰ ਮਾਰ ਕੇ ਉਸਦੀ ਥਾਂ ਨੌਕਰੀ ਲੈ ਲੈਂਦਾ ਹੈ? ਉਹ ਕੌਣ ਹੈ ਜੋ ਸਰਕਾਰੀ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਭ੍ਰਿਸ਼ਟਾਚਾਰ ਨੂੰ ਹੰੁਗਾਰਾ ਦਿੰਦਾ ਹੈ? ਉਹ ਕੌਣ ਹੈ ਜੋ ਕਿਸੇ ਦੁਰਘਟਨਾ `ਚ ਫੱਟੜਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਥਾਂ, ਘਟਨਾ ਦੀ ਵੀਡੀਓ ਬਣਾਉਣਾ ਜਿਆਦਾ ਜਰੂਰੀ ਸਮਝਦਾ ਹੈ? ਇਕ ਰਾਵਣ ਉਹ ਸੀ ਜਿਸ ਨੇ ਕੜੀ ਤਪੱਸਿਆ ਕਰਕੇ ਪ੍ਰਮਾਤਮਾ ਤੋਂ ਸ਼ਕਤੀਆਂ ਹਾਸਲ ਕੀਤੀਆਂ ਅਤੇ ਇਨ੍ਹਾਂ ਸ਼ਕਤੀਆਂ ਦੇ ਗਲਤ ਇਸਤੇਮਾਲ ਨਾਲ ਆਪਣੀ ਪਾਪ ਦੀ ਲੰਕਾ ਖੜੀ ਕੀਤੀ।ਅਤੇ ਇਕ ਅੱਜ ਦਾ ਰਾਵਣ ਹੈ ਜੋ ਪੈਸੇ, ਅਹੁਦੇ, ਸਰਕਾਰੀ ਵਰਦੀ ਰੂਪੀ ਸ਼ਕਤੀਆਂ ਨੂੰ ਹਾਸਲ ਕਰਕੇ ਉਨ੍ਹਾਂ ਦੇ ਗਲਤ ਇਸਤੇਮਾਲ ਨਾਲ ਪੂਰੇ ਸਮਾਜ ਨੂੰ ਹੀ ਪਾਪ ਦੀ ਲੰਕਾ ਵਿਚ ਬਦਲ ਰਿਹਾ ਹੈ।
ਕੀ ਇਹ ਰਾਵਣ ਨਹੀਂ ਹੈ ਜੋ ਅੱਜ ਵੀ ਸਾਡੇ ਹੀ ਅੰਦਰ ਸਾਰੇ ਸਮਾਜ `ਚ ਜਿਉੁਂਦਾ ਹੈ? ਅਸੀਂ ਬਾਹਰ ਉਸਦਾ ਪੁਤਲਾ ਸਾੜਦੇ ਹਾਂ ਪਰ ਆਪਣੇ ਅੰਦਰ ਉਸ ਨੂੰ ਪਾਲਦੇ ਵੀ ਹਾਂ। ਸਿਰਫ ਉਸਨੂੰ ਪਾਲਦੇ ਹੀ ਨਹੀਂ ਸਗੋਂ ਅੱਜ ਕੱਲ ਤਾਂ ਸਾਨੂੰ ਰਾਮ ਤੋਂ ਜਿਆਦਾ ਰਾਵਣ ਆਪਣੇ ਵੱਲ ਖਿੱਚਣ ਲੱਗ ਗਿਆ ਹੈ।ਸਾਡੇ ਸਮਾਜ ਵਿਚ ਅੱਜ ਰਾਮ ਦੀ ਥਾਂ ਰਾਵਣ ਦੀ ਸੰਗਿਆ ਜਿਆਦਾ ਸਟੀਕ ਬੈਠ ਰਹੀ ਹੈ।ਕਿਸੇ ਸਾਜ਼ਿਸ਼ ਦੇ ਅਧੀਨ ਸਾਡੇ ਸਮਾਜ ਦੀਆਂ ਨੈਤਿਕ ਅਤੇ ਸਮਾਜਕ ਕਦਰਾਂ -ਕੀਮਤਾਂ ਦੀ ਮੂਲ ਵਿਚਾਰਧਾਰਾ `ਤੇ ਹਮਲਾ ਕਰਕੇ ਉਨ੍ਹਾਂ ਨੂੰ ਬਦਣਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੁਰਾਈ,ਹੰਕਾਰ,ਅਧਰਮ ਦਾ ਪ੍ਰਤੀਕ ਰਾਵਣ ਅੱਜ ਤੱਕ ਇਸ ਲਈ ਜਿਉਂਦਾ ਹੈ,ਕਿਉਂਕਿ ਅਸੀਂ ਉਸ ਨੂੰ ਸਾੜਣ ਦੀ ਥਾਂ ,ਉਸਦੇ ਪ੍ਰਤੀਕ ਸਿਰਫ ਇਕ ਪੁਤਲੇ ਨੂੰ ਸਾੜਦੇ ਹਾਂ।ਹਾਲਾਂਕਿ ਜੇਕਰ ਅਸੀਂ ਰਾਵਣ ਦਾ ਵਾਕਈ ਨਾਸ਼ ਕਰਨਾ ਹੈ ਤਾਂ ਸਾਨੂੰ ਪੁਤਲੇ ਦੀ ਥਾਂ ਰਾਵਣ ਨੂੰ ਹੀ ਸਾੜਨਾ ਪਵੇਗਾ।
ਉਹ ਰਾਵਣ ਜੋ ਸਾਡੇ ਹੀ ਅੰਦਰ ਹੈ ਲਾਲਚ ਦੇ ਰੂਪ `ਚ, ਝੂਠ ਬੋਲਣ ਦੀ ਆਦਤ ਦੇ ਰੂਪ `ਚ, ਹੰਕਾਰ ਦੇ ਰੂਪ `ਚ, ਸਵਾਰਥ ਦੇ ਰੂਪ `ਚ, ਆਲਸ ਦੇ ਰੂਪ `ਚ, ਅਹੁਦੇ ਅਤੇ ਪੈਸੇ ਦੀ ਤਾਕਤ ਦੇ ਰੂਪ `ਚ, ਅਜਿਹੇ ਹੋਰ ਕਿੰਨੇ ਹੀ ਰੂਪ ਹਨ ਜਿਨ੍ਹਾਂ `ਚ ਲੁਕ ਕੇ ਰਾਵਣ ਸਾਡੇ ਅੰਦਰ ਰਹਿੰਦਾ ਹੈ, ਸਾਨੂੰ ਇਨ੍ਹਾਂ ਸਾਰੇ ਰਾਵਣਾਂ ਨੂੰ ਸਾੜਨਾ ਪਵੇਗਾ। ਇਨ੍ਹਾਂ ਦਾ ਨਾਸ਼ ਅਸੀਂ ਕਰ ਸਕਦੇ ਹਾਂ ਅਤੇ ਸਾਨੂੰ ਹੀ ਕਰਨਾ ਵੀ ਪਵੇਗਾ।
ਜਿਸ ਤਰ੍ਹਾਂ ਹਨੇਰੇ ਦਾ ਨਾਸ਼ ਕਰਨ ਦੇ ਲਈ ਇਕ ਛੋਟਾ ਜਿਹਾ ਦੀਵਾ ਹੀ ਕਾਫ਼ੀ ਹੈ, ਉਸੇ ਤਰ੍ਹਾਂ ਸਾਡੇ ਸਮਾਜ ਵਿਚ ਲੁਕੇ ਇਸ ਰਾਵਣ ਦਾ ਨਾਸ਼ ਕਰਨ ਲਈ ਇਕ ਸੋਚ ਹੀ ਕਾਫੀ ਹੈ। ਜੇਕਰ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੰਸਕਾਰੀ ਬਣਾਵਾਂਗੇ, ਉਨ੍ਹਾਂ ਨੰੁ ਨੈਤਿਕਤਾ ਦਾ ਗਿਆਨ ਦੇਵਾਂਗੇ, ਖੁਦ ਰਾਮ ਬਣਕੇ ਉਨ੍ਹਾਂ ਦੇ ਅੱਗੇ ਮਿਸਾਲ ਪੇਸ਼ ਕਰਾਂਗੇ ਤਾਂ ਐਨੇ ਸਾਰੇ ਰਾਮਾਂ ਵਿਚ ਕੀ ਰਾਵਣ ਟਿਕ ਪਾਵੇਗਾ ?
ਕਿਉਂ ਅਸੀਂ ਪੂਰੇ ਇਕ ਸਾਲ ਰਾਵਣ ਨੂੰ ਸਾੜ ਕੇ ਮਾਰਨ ਲਈ ਇੰਤਜਾਰ ਕਰਦੇ ਹਾਂ? ਉਹ ਸਤਯੁੱਗ ਸੀ ਜਦੋਂ ਇਕ ਹੀ ਰਾਵਣ ਸੀ ਪਰ ਅੱਜ ਕਲਯੱਗ ਹੈ ਅੱਜ ਅਨੇਕਾਂ ਰਾਵਣ ਹਨ। ਉਸ ਰਾਵਣ ਦੇ ਦਸ ਸਿਰ ਸਨ ਪਰ ਹਰੇਕ ਸਿਰ ਦਾ ਇਕੋਂ ਚਿਹਰਾ ਸੀ ਜਦਕਿ ਅੱਜ ਦੇ ਰਾਵਣ ਦਾ ਸਿਰ ਭਾਵੇੇ ਇਕੋ ਹੈ ਪਰ ਚਿਹਰੇ ਅਨੇਕਾਂ ਹਨ।
ਚਿਹਰੇ `ਤੇ ਚਿਹਰੇ ਹਨ, ਜੋ ਨਕਾਬਾਂ ਪਿੱਛੇ ਛਿਪੇ ਹੋਏ ਹਨ। ਇਸੇ ਲਈ ਇਨ੍ਹਾਂ ਦੇ ਖਾਤਮੇ ਲਈ ਸਿਰਫ ਇਕ ਦਿਨ ਹੀ ਕਾਫ਼ੀ ਨਹੀਂ ਹੈ। ਇਨ੍ਹਾਂ ਨੂੰ ਰੋਜ਼ ਮਾਰਨਾ ਸਾਨੂੰ ਆਪਣੀ ਰੋਜਾਨਾ ਦੀ ਜਿੰਦਗੀ `ਚ ਸ਼ਾਮਲ ਕਰਨਾ ਪਵੇਗਾ। ਉਸ ਰਾਵਣ ਨੂੰ ਰਾਮ ਨੇ ਤੀਰ ਨਾਲ ਮਾਰਿਆ ਸੀ, ਅੱਜ ਸਾਨੂੰ ਸਭ ਨੂੰ ਰਾਮ ਬਣਕੇ ਅੱਜ ਦੇ ਰਾਵਣ ਨੂੰ ਸੰਸਕਾਰਾਂ ਨਾਲ, ਗਿਆਨ ਨਾਲ ਅਤੇ ਆਪਣੀ ਦ੍ਰਿਢ ਇੱਛਾ ਸ਼ਕਤੀ ਨਾਲ ਮਾਰਨਾ ਪਵੇਗਾ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: