ਕਿਉਂ ਜਾ ਰਹੇ ਨੇ ਵਿਦੇਸ਼ਾਂ ਨੂੰ ਬੱਚੇ?

ss1

ਕਿਉਂ ਜਾ ਰਹੇ ਨੇ ਵਿਦੇਸ਼ਾਂ ਨੂੰ ਬੱਚੇ?

ਏਹ ਇੱਕ ਸਵਾਲ ਹੀ ਨਹੀਂ, ਇੱਕ ਸਮਸਿਆ ਤੇ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ।ਹਰ ਬੱਚਾ ਤੇ ਮਾਪੇ ਸਿਰਫ਼ ਬਾਹਰਵੀਂ ਦੀ ਪੜ੍ਹਾਈ ਦਾ ਇੰਤਜ਼ਾਰ ਕਰਦੇ ਲੱਗਦੇ ਹਨ।ਕਦੇ ਕਿਸੇ ਨੇ ਇਸ ਮਸਲੇ ਬਾਰੇ ਸੋਚਿਆ ਹੀ ਨਹੀਂ, ਨਾ ਕਿਸੇ ਸਿਆਸੀ ਪਾਰਟੀ ਨੂੰ ਇਸ ਬਾਰੇ ਫਿਕਰ ਹੈ ਤੇ ਨਾ ਹੀ ਇੰਨਾ ਨਾਲ ਕੰਮ ਕਰਦੀ ਬਾਬੂਸ਼ਾਹੀ ਨੂੰ।ਏਹ ਕੋਈ ਫ਼ਖਰ ਦੀ ਗੱਲ ਨਹੀਂ ਹੈ ਕਿ ਸੱਭ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾ ਰਹੇ ਨੇ ਜਾ ਉਥੇ ਕਿਸੇ ਨਾ ਕਿਸੇ ਤਰ੍ਹਾਂ ਪੱਕੇ ਰਹਿਣ ਲਈ ਹੱਥ ਪੈਰ ਮਾਰਦੇ ਹਨ।ਪੰਜਾਬ ਵਿੱਚ ਅਮੀਰਾਂ ਦੇ ਬੱਚਿਆਂ ਦਾ ਵਿਦੇਸ਼ਾਂ ਵਿੱਚ ਪੜ੍ਹਨਾ ਪੁਰਾਣਾ ਰੁਝਾਨ ਹੈ।ਇੰਨਾ ਦੇ ਤਾਂ ਆਪਣੇ ਕਾਰੋਬਾਰ ਹਨ ਆਕੇ ਫਿਰ ਆਲੀਸ਼ਾਨ ਦਫਤਰਾਂ ਵਿੱਚ ਬੈਠ ਜਾਂਦੇ ਹਨ।ਇੱਕ ਤਬਕਾ ਉਹ ਹੈ ਥੋੜਾ ਸੌਖਾ ਬੰਦੋਬਸਤ ਕਰਕੇ ਬੱਚਿਆਂ ਨੂੰ ਵਿਦੇਸ਼ ਭੇਜ ਰਿਹਾ ਹੈ,ਅਗਲਾ ਤਬਕਾ ਉਹ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਲਈ ਜ਼ਮੀਨਾਂ ਜਾਂ ਕੋਈ ਹੋਰ ਜਾਇਦਾਦ ਵੇਚਕੇ ਭੇਜਦੇ ਹਨ।ਏਹ ਹੈ ਸਾਡੇ ਦੇਸ਼ ਦੀਆਂ ਸਰਕਾਰਾਂ ਦੀਆਂ ਨੀਤੀਆਂ।ਪੰਜਾਬ ਇਕੱਲੇ। ਦੀ ਗੱਲ ਕਰੀਏ ਤਾਂ ਲੱਖਾਂ ਦੀ ਗਿਣਤੀ ਵਿੱਚ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਇੱਕ ਇੱਕ ਬੱਚੇ ਤੇ ਤਕਰੀਬਨ ਵੀਹ ਲੱਖ ਰੁਪਏ ਤਾਂ ਲਗਦੇ ਹੀ ਨੇ।ਪੰਜਾਬ ਵਿੱਚੋਂ ਕਿੰਨਾ ਪੈਸਾ ਵਿਦੇਸ਼ਾਂ ਵਿੱਚ ਚਲਾ ਗਿਆ ਤੇ ਨਾਲ ਹੀ ਨੌਜਵਾਨ ਤਾਕਤ,ਸ਼ਕਤੀ ਤੇ ਦਿਮਾਗ ਵੀ ਚਲਾ ਗਿਆ।ਸੋਚਣ ਵਾਲੀ ਗੱਲ ਹੈ ਕਿ ਵਿਦੇਸ਼ਾਂ ਦਾ ਰੁਝਾਨ ਕਿਉਂ ਹੈ?ਇਸਨੂੰ ਰੋਕਣਾ ਚਾਹੀਦਾ ਹੈ ਜਾਂ ਨਹੀਂ?ਅਗਰ ਨੌਜਵਾਨ ਨਹੀਂ ਜਾਂਦੇ ਤਾਂ ਇਥੇ ਕੀ ਕਰਨ?ਸਰਕਾਰ ਦਾ ਕੀ ਫਰਜ਼ ਹੈ?ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਤੇ ਇਵੇਂ ਦੇ ਬਹੁਤ ਸਾਰੇ ਸਵਾਲ ਹਨ।
ਨੌਜਵਾਨ ਕਿਸੇ ਵੀ ਪ੍ਰਾਂਤ ਤੇ ਦੇਸ਼ ਦੀ ਸ਼ਕਤੀ ਹੁੰਦੇ ਹਨ ਜਿੰਨਾ ਨੂੰ ਅਸੀਂ ਜਾਣੇ ਅਣਜਾਣੇ ਵਿਦੇਸ਼ਾਂ ਵਿੱਚ ਧਕੇਲ ਰਹੇ ਹਾਂ।ਹਰ ਨੌਜਵਾਨ ਤੇ ਮਾਪੇ ਵਧੀਆ ਪੜ੍ਹਾਈ ਤੇ ਪੜ੍ਹਾਈ ਤੋਂ ਬਾਦ ਰੁਜ਼ਗਾਰ ਚਾਹੁੰਦੇ ਹਨ।ਜਦੋਂ ਉਹ ਹੱਥਾਂ ਵਿੱਚ ਡਿਗਰੀਆਂ ਫੜੀ ਨੌਜਵਾਨਾਂ ਨੂੰ ਦਫ਼ਤਰਾਂ ਵਿੱਚ ਖੱਜਲ ਹੁੰਦੇ ਵੇਖਦੇ ਹਨ,ਸੜਕਾਂ ਤੇ ਧਰਨੇ ਦਿੰਦੇ ਵੇਖਦੇ ਹਨ,ਉਨਾਂ ਤੇ ਹੋ ਰਹੇ ਲਾਠੀਚਾਰਜ ਤੇ ਪਾਣੀ ਦੀਆਂ ਬੁਛਾਰਾਂ ਪੈਦੀਆਂ ਵੇਖਦੇ ਹਨ ਤਾਂ ਉਹ ਅੰਦਰੋਂ ਕੰਬ ਉੱਠਦੇ ਹਨ ਕਿ ਸਾਡੇ ਬੱਚੇ ਵੀ ਇਸ ਵਿੱਚ ਸ਼ਾਮਿਲ ਹੋ ਜਾਣਗੇ।ਮਾਸਟਰ ਡਿਗਰੀਆਂ ਕਰਕੇ, ਐਮਫਿਲ,ਪੀ.ਐਚ.ਡੀ ਤੇ ਲਾਅ ਵਰਗੀਆਂ ਡਿਗਰੀਆਂ ਕਰਕੇ ਆਂਗਨਵਾੜੀ ਸਕੂਲਾਂ ਵਿੱਚ ਪੰਜ ਹਜ਼ਾਰ ਦੀ ਨੌਕਰੀ ਕਰਦੇ ਹਨ ਨੌਜਵਾਨ ਤੇ ਫੇਰ ਉਸ ਲਈ ਵੀ ਤਰਸਦੇ ਹਨ।ਧੱਕੇ ਖਾਂਦਿਆਂ ਨੌਕਰੀਆਂ ਦੀ ਉਮਰ ਲੰਘ ਜਾਂਦੀ ਹੈ ਤੇ ਨਾਲ ਵਿਆਹ ਦੀ।ਨੌਕਰੀਆਂ ਨਾ ਮਿਲਨ ਕਰਕੇ ਬੱਚੇ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਹਨ,ਪ੍ਰਾਇਵੇਟ ਨੌਕਰੀਆਂ ਵਿੱਚ ਹਰ ਵੇਲੇ ਜਵਾਬ ਮਿਲ ਜਾਣ ਦਾ ਡਰ ਬਣਿਆ ਰਹਿੰਦਾ ਹੈ।ਕਿੰਨੇ ਘੰਟੇ ਕੰਮ ਕਰਵਾਉਣਾ, ਉਸਦਾ ਕੋਈ ਹਿਸਾਬ ਨਹੀਂ।ਹਰ ਜਗ੍ਹਾ ਅੱਠ ਘੰਟੇ ਹੁੰਦਾ ਹੈ ਕੰਮ ਕਰਨ ਦਾ ਸਮਾਂ, ਉਸ ਤੋਂ ਬਾਦ ਉਵਰ ਟਾਇਮ ਦੇ ਪੈਸੇ ਮਿਲਦੇ ਹਨ ਪਰ ਸਾਡੇ ਇਥੇ ਅਜਿਹਾ ਕੁਝ ਨਹੀਂ।ਕੰਮ ਨਹੀਂ ਤਾਂ ਬੇਰੁਜ਼ਗਾਰੀ ਦੀ ਕੋਈ ਸੁਵਿਧਾ ਨਹੀਂ।ਗੱਲ ਕੀ ਸੋਸ਼ਲ ਸਕਓਰਟੀ ਦੇ ਨਾਮ ਤੇ ਕੁਝ ਵੀ ਨਹੀਂ।ਜਿਸ ਪ੍ਰਾਂਤ ਜਾਂ ਦੇਸ਼ ਕੋਲੋਂ ਆਪਣੀ ਯੁਵਾ ਸ਼ਕਤੀ ਨਹੀਂ ਸੰਭਾਲੀ ਜਾਂਦੀ ਉਹ ਵਿਕਾਸ ਤੇ ਤਰੱਕੀ ਦੇ ਰਾਹ ਤੇ ਕੁੱਝ ਵੀ ਬਹੁਤਾ ਨਹੀਂ ਕਰ ਸਕਦਾ।ਪੰਜਾਬੀ ਮਿਹਨਤੀ ਤੇ ਜੋਸ਼ੀਲੇ ਹਨ ਇਨਾਂ ਦੀ ਸ਼ਕਤੀ ਨੂੰ ਵਧੀਆ ਤਰੀਕੇ ਨਾਲ ਨਹੀਂ ਵਰਤਿਆ ਜਾ ਰਿਹਾ।ਇਥੇ ਰਹਿ ਕੇ ਬੱਚਿਆਂ ਦੇ ਹੱਥਾਂ ਵਿੱਚ ਡਿਗਰੀਆਂ ਤਾਂ ਹੋਣਗੀਆਂ ਪਰ ਰੁਜ਼ਗਾਰ ਨਹੀਂ।ਸਿਹਤ ਸਹੂਲਤਾਂ ਦੇ ਨਾਮ ਤੇ ਬੀਮਾਰ ਸਰਕਾਰੀ ਹਸਪਤਾਲ, ਖਾਣ ਵਾਲੀ ਹਰ ਚੀਜ਼ ਵਿੱਚ ਮਿਲਾਵਟ,ਹਰ ਦਫ਼ਤਰ ਵਿੱਚ ਰਿਸ਼ਵਤ ਤੇ ਭ੍ਰਿਸ਼ਟਾਚਾਰ, ਕੀ ਕਰਨਗੇ ਨੌਜਵਾਨ ਇਥੇ ਰਹਿਕੇ।ਸਰਕਾਰ ਵਿੱਤੀ ਤੌਰ ਤੇ ਵੀ ਨੁਕਸਾਨ ਕਰਵਾ ਰਹੀ ਹੈ ਤੇ ਨੌਜਵਾਨ ਸ਼ਕਤੀ ਵਿਦੇਸ਼ ਭੇਜਕੇ ਪੰਜਾਬ ਦੇ ਭਵਿੱਖ ਨਾਲ ਵੀ ਖਿਲਵਾੜ ਕਰ ਰਹੀ ਹੈ।ਵਿਦੇਸ਼ ਜਾਣ ਦਾ ਰੁਝਾਨ ਰੋਕਣ ਵਾਸਤੇ ਸਰਕਾਰ ਨੂੰ ਸੱਭ ਵਾਸਤੇ ਬਰਾਬਰ ਦੀ ਵਧੀਆ ਸਿਖਿਆ, ਸਿਖਿਆ ਦੇ ਬਾਦ ਰੋਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈ।ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਤੇ ਗੰਭੀਰ ਨਾ ਹੋਣ ਕਰਕੇ ਜਾਂ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਤਾਂ ਸਰਕਾਰ ਦੀਆਂ ਨਾਕਾਮੀਆਂ ਕਰਕੇ, ਨੌਜਵਾਨਾਂ ਨੇ ਵਿਦੇਸ਼ਾਂ ਨੂੰ ਵਹੀਰਾਂ ਘੱਤੀਆਂ ਹੋਈਆਂ ਹਨ।ਏਹ ਖੁਸ਼ ਹੋਣ ਜਾਂ ਪਿੱਠ ਠੋਕਣ ਵਾਲੀ ਗੱਲ ਨਹੀਂ, ਗੰਭੀਰਤਾ ਨਾਲ ਸੋਚਣ ਵਾਲੀ ਹੈ।ਅਸੀਂ ਆਪਣੀ ਨੌਜਵਾਨ ਸ਼ਕਤੀ ਵਿਦੇਸ਼ਾਂ ਨੂੰ ਜਾਣੇ ਅਣਜਾਣੇ ਦੇ ਰਹੇ।ਕਿਸੇ ਨੂੰ ਘਰ ਪਰਿਵਾਰ ਤੇ ਆਪਣਿਆਂ ਨੂੰ ਛੱਡਣ ਦਾ ਸ਼ੌਕ ਨਹੀਂ ਹੁੰਦਾ,ਮਜ਼ਬੂਰੀ ਕਰਕੇ ਹੀ ਜਾ ਰਹੇ ਨੇ ਵਿਦੇਸ਼ਾਂ ਨੂੰ ਨੌਜਵਾਨ।
From Prabhjot Kaur Dillon

Contact No. 9815030221

Share Button

Leave a Reply

Your email address will not be published. Required fields are marked *