Tue. Apr 7th, 2020

ਕਾਵਿ-ਸੰਗ੍ਰਹਿ ‘ਅਲਫਾਜ਼ਾਂ ਦੀ ਪਰਤ’: ਇੱਕ ਅਧਿਐਨ

ਕਾਵਿ-ਸੰਗ੍ਰਹਿ ‘ਅਲਫਾਜ਼ਾਂ ਦੀ ਪਰਤ’: ਇੱਕ ਅਧਿਐਨ

ਪੰਜਾਬੀ ਕਵਿਤਾ ਦੇ ਖੇਤਰ ਵਿੱਚ ਨਵੀ ਉਸ ਸਮੇਂ ਪ੍ਰਵੇਸ਼ ਕਰਦਾ ਹੈ । ਜਦੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਕਵਿਤਾ ਨਵ-ਸਾਮਰਾਜਵਾਦੀ ਗਲਬੇ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ । ਇਸ ਨਵ-ਸਾਮਰਾਜਵਾਦੀ ਦੌਰ ਵਿੱਚ ਆਪਣੀ ਭਾਸ਼ਾ ਵਿੱਚ ਆਪਣੀ ਗੱਲ ਕਹਿਣਾ ਵੀ ਇੱਕ ਜੁਰਮ ਬਣ ਗਿਆ ਹੈ । ਦੂਜੇ ਪਾਸੇ ਇਸ ਨਵ-ਸਾਮਰਾਜਵਾਦੀ ਤਾਕਤਾਂ ਦਾ ਸ਼ਿਕਾਰ ਹੋਏ ਬਹੁਤੇ ਸਾਹਿਤਕਾਰ , ਸਾਹਿਤਕਾਰ ਨਾ ਹੋ ਕੇ ਵਸ਼ਿਸਟ ਸਾਹਿਤਕਾਰ ਬਣਦੇ ਜਾ ਰਹੇ ਹਨ । ਜਿੰਨਾਂ੍ਹ ਦੀਆਂ ਸਾਹਿਤਕ ਰਚਨਾਵਾਂ ਵਿੱਚੋਂ ਲੋਕ ਵੇਦਨਾ , ਕਿਰਤ ਦਾ ਸੰਕਟ , ਕਿਰਤੀ ਦੀ ਹੂਕ ਅਤੇ ਸਾਂਝੀਵਾਲਤਾ ਦਾ ਸੰਕਲਪ ਮਨਫੀ ਹੁੰਦਾ ਜਾ ਰਿਹਾ ਹੈ । ਅਜਿਹੇ ਸਮੇਂ ਵਿੱਚ ਮੈਂ ਪੰਜਾਬੀ ਕਵਿਤਾ ਦਾ ਸੁਭਾਗ ਸਮਝਦਾ ਹਾਂ , ਜਦੋਂ ਨਵੀ ਵਰਗੇ ਕਲਮਕਾਰ ਪੰਜਾਬੀ ਕਾਵਿ ਜਗਤ ਵਿੱਚ ਪ੍ਰਵੇਸ਼ ਕਰਦੇ ਹਨ । ਅੱਜ ਤੋਂ ਪੰਜ ਸਾਲ ਪਹਿਲਾਂ ਨਵੀ ਦੇ ‘ਹਰਫਾ ਦਾ ਆਗਮਾਨ’ ਹੁੰਦਾ ਹੈ ਅਤੇ ਪੰਜ ਸਾਲ ਬਾਅਦ ਇਹ ‘ਅਲ਼ਫਾਜ਼ਾਂ ਦੀ ਪਰਤ’ ਦੇ ਰੂਪ ਵਿੱਚ ਪੰਜਾਬੀ ਕਵਿਤਾ ਦੇ ਵਿਹੜੇ ਵਿੱਚ ਪੂਰੀ ਜਮ ਜਾਂਦਾ ਹੈ । ਨਵੀ ਦੀਆਂ ਕਵਿਤਾਵਾਂ ਦੀ ਦੁਜੀ ਪੁਸਤਕ ‘ਅਲਫਾਜ਼ਾ ਦੀ ਪਰਤ’ ਦਾ ਅਲੋਚਨਾਤਮਕ ਵਿਸਲੇਸ਼ਣ ਕਰਦਿਆਂ ਇਹ ਗੱਲ ਸ਼ੀਸੇ ਵਾਂਗ ਬਿਲਕੁੱਲ ਸਾਫ ਹੋ ਚੁੱਕੀ ਹੈ , ਕਿ ਨਵੀ ਇੱਕ ਸੰਵੇਦਨਸ਼ੀਲ ਕਵੀ ਦੇ ਤੌਰ ਕਵਿਤਾ ਦੇ ਖੇਤਰ ਵਿੱਚ ਉੱਭਰ ਰਿਹਾ ਨਾਮ ਹੈ । ਨਵੀ ਆਪਣੀ ਨਵੀਂ ਸ਼ੋਚ ਨਾਲ ਆਰਥਿਕ ਵਟਵਾਰੇ ਦੇ ਸਨਮੁੱਖ ਹੁੰਦਾ ਹੋਇਆ ਪੰਜਾਬ ਦੀਆਂ ਮੌਜੂਦਾ ਸੰਕਟਕਾਲੀਨ ਪ੍ਰਸਥਿਤੀਆਂ ਦੀ ਬਾਤ ਪਾਉਦਾ ਹੋਇਆ ਆਪਣੀ ਕਵਿਤਾ ਦੇ ਜ਼ਰੀਏ ਪਾਠਕਾਂ ਨਾਲ ਗੰਭੀਰ ਸੰਵਾਦ ਰਚਾਉਂਦਾ ਹੈ । ਇਸ ਸੰਵਾਦ ਰਾਂਹੀ ਕਵੀ ਨਵੇਂ-ਨਵੇਂ ਵਿਸ਼ਿਆਂ ਨੂੰ ਛੋਂਹਦਾ ਹੈ । ਨਵੀ ਨੇ ਸਮੇਂ ਦੀ ਨਬਜ ਪਕੜ ਕੇ ਆਪਣੀ ਕਵਿਤਾ ਨੂੰ ਸਮੇਂ ਦੇ ਹਾਣ ਦਾ ਬਣਾਇਆ ਹੈ । ਨਵੀ ਆਪਣੀ ਕਵਿਤਾ ਰਾਂਹੀ ਵੱਖ-ਵੱਖ ਵਿਸ਼ਿਆਂ ਨੂੰ ਸ਼ੁਚੇਤ ਰੂਪ ਵਿੱਚ ਪਾਠਕਾ ਦੇ ਸਾਹਮਣੇ ਲੈ ਕੇ ਆਉਂਦਾ ਹੈ । ਭਾਵੇਂ ਕਿ ਇਹ ਗੱਲ ਸਪੱਸਟ ਹੈ , ਕਿ ਕਵੀ ਹਰ ਸਮੇਂ ਰਚਨਾਤਿਮਕ ਨਹੀ ਹੁੰਦਾ ਪਰ ਕਵਿਤਾ ਲਿਖਦੇ ਸਮੇਂ ਉਹ ਬਾਕੀ ਬੰਦਿਆਂ ਤੋਂ ਕੁੱਝ ਵੱਖਰਾ ਜਰੂਰ ਹੁੰਦਾ ਹੈ । ਇਸ ਵਿੱਚ ਕੋਈ ਅਤਿਕਥਨੀ ਨਹੀ ਕਿ ਨਵੀ ਅਜ਼ੋਕੇ ਗੁੰਝਲਦਾਰ , ਬਹੁ-ਪਰਤੀ , ਬਹੁ-ਭਾਂਤੀ , ਰਾਜਸੀ ਅਤੇ ਸਮਾਜਿਕ ਯਥਾਰਥ ਪ੍ਰਤੀ ਤਿੱਖੀ ਸੂਝ ਰੱਖਣ ਵਾਲਾ ਆਧੁਨਿਕ ਕਵੀ ਹੈ । ਜਿਸ ਦੀ ਝਲਕ ਉਸ ਦੀ ਕਵਿਤਾ ਵਿੱਚੋਂ ਭਲੀ ਭਾਂਤ ਉਜਾਗਰ ਹੁੰਦੀ ਹੈ । ਜਿਵੇਂ :-

ਹੁਣ ਤਾਂ ਸ਼ਰਮ ਜਿਹੀ ਆਉਂਦੀ ਏ
ਭੀਖ ਵਾਂਗ ਆਪਣੇ ਹੱਕ ਮੰਗਦਿਆਂ
ਹੁਣ ਹੱਥ ਵਿੱਚ ਮੰਗ ਪੱਤਰ ਨਹੀਂ
ਹੱਥਾਂ ਚ ਪੱਥਰ ਲੈ ਕੇ
ਤੈਨੂੰ ਮਿਲਣ ਦਾ ਸਮਾਂ ਆ ਗਿਆ ।

ਨਵੀ ਦੀ ਕਵਿਤਾ ਦੀ ਦੂਜੀ ਵਡੱਤਣ ਇਹ ਹੈ ਕਿ ਉਹ ਆਪਣੇ ਕਾਵਿ ਸ਼ਬਦਾਂ ਦਾ ਗੁੰਝਲਦਾਰ ਤਾਣਾ ਬਾਣਾ ਵੀ ਨਹੀਂ ਬੁਣਦਾ ਸਗੋਂ ਆਪਣੇ ਕਾਵਿ ਮੁਹਾਵਰੇ ਨੂੰ ਪਾਠਕਾਂ ਦੇ ਬੌਧਿਕ ਪੱਧਰ ਅਨੁਸਾਰ ਸ਼ਬਦਾਂ ਵਿੱਚ ਫਿੱਟ ਕਰਨ ਦਾ ਸੁਹਿਰਦ ਯਤਨ ਕਰਦਾ ਹੈ ।ਜਿੱਥੇ ਅਜੋਕੇ ਸਮੇਂ ਵਿੱਚ ਪਾਠਕਾਂ ਦਾ ਇਹ ਗਿਲਾ ਹੈ ਕਿ ਨਵੀਨ ਪੰਜਾਬੀ ਕਵਿਤਾ ਪਾਠਕਾਂ ਨੂੰ ਸਮਝ ਹੀ ਨਹੀਂ ਆਉਂਦੀ ਉੱਥੇ ਨਵੀ ਦੇ ‘ਅਲਫਾਜ਼ਾਂ ਦੀ ਪਰਤ’ ਪਾਠਕਾਂ ਦਾ ਇਹ ਗਿਲਾ ਦੂਰ ਕਰਨ ਵਿੱਚ ਇੱਕ ਕਾਮਯਾਬ ਯਤਨ ਕਹੀ ਜਾ ਸਕਦੀ ਹੈ । ਨਵੀ ਦੇ ਇਸ ਯਤਨ ਵਿੱਚੋਂ ਮੈਨੂੰ ਮਹਾਨ ਕਵੀ ਪਾਬਲੋ ਨੇਰੂਦਾ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ ਜਿਸ ਵਿੱਚ ਉਸ ਨੇ ਕਿਹਾ ਸੀ ਕਿ “ਮੈਂ ਹਰ ਕਵਿਤਾ ਨੂੰ ਹਰ ਰੋਜ ਵਧੇਰੇ ਸਰਲ ਵੇਖਣੀ ਚਾਹੁੰਦਾ ਹਾਂ”। ਠੀਕ ਉਸੇ ਤਰਾਂ ਨਵੀ ਦੀ ਕਾਵਿ ਸ਼ੈਲੀ ਨੇ ਵੀ ਸਰਲਤਾ ਦਾ ਪੱਲਾ ਫੜਿਆ ਹੋਇਆ ਹੈ । ਜਿਸ ਦੀ ਕਵਿਤਾ ਦਾ ਪਾਠ ਕਰਦਿਆਂ ਪਾਠਕ ਆਪਣੇ ਆਪ ਨੂੰ ਕਵਿਤਾ ਨਾਲੋਂ ਅੱਡਰਾ ਮਹਿਸੂਸ ਨਹੀਂ ਕਰਦਾ ਸਗੋਂ ਪਾਠਕ ਅਨੰਦਤ ਹੁੰਦਾ ਹੋਇਆ ਕਵਿਤਾ ਦੇ ਸ਼ਬਦੀ ਵੇਗ ਦੇ ਨਾਲ-ਨਾਲ ਵਹਿ ਤੁਰਦਾ ਹੈ । ਨਵੀ ਨੇ ਆਪਣੀ ਕਵਿਤਾ ਵਿੱਚ ਅਰਸ਼ਾਂ ਦੀ ਗੱਲ ਨਾ ਕਰਕੇ ਧਰਤ ਦੇ ਯਥਾਰਥ ਨੂੰ ਬਾਖੂਬੀ ਬਿਆਨ ਕੀਤਾ ਹੈ । ਕਵੀ ਨੇ ਆਪਣੀ ਕਵਿਤਾ ਦੇ ਜ਼ਰੀਏ ਝੂਠੇ ਕਿਸਮਤਵਾਦੀ ਫਲਸਫੇ ਨੂੰ ਕਰਾਰੀ ਸੱਟ ਮਾਰੀ ਹੈ ਅਤੇ ਭੁਲੇਖਾ ਪਾਊ , ਝੂਠੀਆਂ ਯੁੱਗ ਪਲਟਾਊ ਗੱਲਾਂ , ਭਰਮ ਸਿਰਜ਼ਕ ਸ਼ਕਤੀਆਂ ਨੂੰ ਵੰਗਾਰਦਿਆਂ ਕਿਹਾ ਹੈ , ਕਿ ਕਿਉਂ ਹਰ ਵਾਰ ਆਮ ਲੋਕਾਂ ਨੂੰ ਨੈਪਕਿਨ ਦੀ ਤਰਾਂ੍ਹ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ । ਉੱਪਰੋਂ-ਉੱਪਰੋਂ ਕ੍ਰਾਂਤਕਾਰੀ ਨਜ਼ਰ ਆਉਣ ਵਾਲੀਆਂ ਗੱਲਾਂ ਦੇ ਪਿੱਛਵਾੜੇ ਸਾਮਰਾਜ਼ੀ ਹੱਥਾਂ ਦੀ ਝਲਕ ਨੂੰ ਕਵੀ ਦੇ ਚਿੰਤਨ ਦਿਮਾਗ ਨੇ ਬੜੀ ਬਰੀਕੀ ਨਾਲ ਚਿਤਰਿਆ ਹੈ । ਜਿਸ ਦਾ ਝਲਕਾਰਾ ਉਸ ਦੀਆਂ ਇਨਾਂ ਕਾਵਿ ਪੰਕਤੀਆਂ ਵਿੱਚੋਂ ਨਜ਼ਰ ਆਉਂਦਾ ਹੈ । ਕਿ :

ਰਹਿਣ ਦਿਓ
ਨਾ ਸੁਣਾਵੋ
ਮੈਨੂੰ ਝੂਠੀਆਂ ਕਹਾਣੀਆਂ
ਕਿ ਪੈਸਾ ਹੱਥਾਂ ਦੀ ਮੈਲ ਐ..
ਜੇ ਸ਼ੱਚ ਮੁੱਚ ਪੈਸਾ ਹੱਥਾਂ ਦੀ ਮੈਲ ਏ
ਤਾਂ ਇਹ ਮੈਲ
ਸਿਰਫ ਧੋਤੇ ਸਵਾਰੇ ਹੱਥਾਂ ਤੇ ਕਿਓਂ ਲੱਗਦੀ ਏ
ਕਿਰਤੀ ਦੇ ਲਿਬੜੇ ਹੱਥ
ਕਿਉਂ ਰਹਿ ਜਾਂਦੇ ਨੇ ਇਸ ਮੈਲ ਤੋਂ ਵਾਂਝੇ

ਕਿਸਮਤ ਕੋਈ ਰੱਬੀ ਅਡੰਬਰ ਨਹੀਂ , ਨਾ ਹੀ ਕੋਈ ਅਜਿਹੀ ਅਦ੍ਰਿਸ਼ ਸ਼ਕਤੀ ਹੈ ਜੋ ਕਿਤੇ ਬੈਠੀ ਸਾਡੀ ਕਿਸਮਤ ਘੜ ਰਹੀ ਹੋਵੇ । ਸਾਡੀ ਕਿਸਮਤ ਦੇ ਫੈਸਲਿਆਂ ਦੀ ਵਾਂਗਡੋਰ ਸਾਡੇ ਮੂਹਰੇ ਵੋਟਾਂ ਲਈ ਹੱਥ ਅੱਡਣ ਵਾਲਿਆਂ ਦੇ ਹੱਥ ਹੈ
ਜਿਸ ਦਾ ਵਰਨਣ ਨਵੀ ਨੇ ਇਸ ਕਵਿਤਾ ਵਿੱਚ ਕੀਤਾ ਹੈ ।

ਸਾਡੇ ਫੈਸਲੇ ਕਿਸਮਤ ਨਹੀਂ
ਪਾਰਲੀਮੈਂਟ ਚ ਬੈਠੀਆਂ
ਕਮਜਾਤਾਂ ਕਰਦੀਆਂ ਨੇ

ਇੱਥੇ ਕਵਿਤਾ ਦੀ ਪੌੜੀ ਦਾ ਇੱਕ ਡੰਡਾ ਹੋਰ ਉਤਾਂਹ ਚੜਦਿਆਂ ਨਵੀ ਨੇ ਅਖੌਤੀ ਧਾਰਮਿਕ ਸਾਧੂਆਂ ਦੀ ਰਾਜਨੇਤਾਵਾਂ ਨਾਲ ਯਾਰੀ ਦੇ ਸਾਂਢੇ ਗਾਂਢੇ ਨੂੰ ਵੀ ਬੇ-ਪਰਦ ਕੀਤਾ ਹੈ ਅਤੇ ਦੇਸ਼ ਦੇ ਗੰਧਲੇ ਹੋ ਚੁੱਕੇ ਰਾਜਨੀਤਿਕ ਸਿਸਟਿਮ ਦੀ ਪੋਲ ਖੋਲੀ ਹੈ , ਕਿ ਕਿਸ ਤਰਾਂ੍ਹ ਸੱਤਾ ਤੇ ਕਾਬਜ਼ ਹੋਣ ਲਈ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਭਰਮਾਉਣ ਲਈ ਭਾੜੇ ਦੇ ਟੱਟੂ ਕਰਦੀਆਂ । ਫਿਰ ਇਹ ਭਾੜੇ ਦੇ ਟੱਟੂ ਲੋਕਾਂ ਨੂੰ ਕਈ ਤਰਾਂ੍ਹ ਦੇ ਸਬਜ਼ਬਾਗ ਦਿਖਾਉਂਦੇ ਹਨ । ਇੰਨਾਂ੍ਹ ਸਬਜ਼ਬਾਗਾਂ ਦੀ ਸੈਰ ਕਰਦਿਆਂ ਲੋਕਾਂ ਨੂੰ ਵੀ ਇਹ ਲੱਗਣ ਲੱਗ ਪੈਂਦਾ ਹੈ ਕਿ ਜਿਵੇਂ ਹੁਣੇ ਕੋਈ ਮਹਾਨ ਕੌਤਕ ਵਰਤ ਜਾਣਾ ਹੈ । ਪਰ ਲੋਕਾਂ ਦਾ ਇਹ ਭਰਮ ਹਕੀਕੀ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਟੁੱਟ ਜਾਂਦਾ ਹੈ । ਲੋਕ ਵਿਚਾਰੇ ਵਿਚਾਰੇ ਬਣਕੇ ਊਠ ਦੇ ਬੁੱਲ਼ ਦੇ ਡਿੱਗਣ ਵਾਂਗ ਰਾਜਨੀਤਿਕ ਨੇਤਾਵਾਂ ਅਤੇ ਅਖੌਤੀ ਸਮਾਜ਼ਵਾਦੀਏ ਬਣੇ ਨੇਤਾਵਾਂ ਦੇ ਮੂੰਹ ਵੱਲ ਦੇਖਦੇ ਹੀ ਰਹਿ ਜਾਂਦੇ ਹਨ । ਨਵੀਂ ਨੇ ਆਪਣੀ ਕਵਿਤਾ ਦੇ ਜਰੀਏ ਲੋਕਾਂ ਨੂੰ ਤਸਵੀਰ ਦਾ ਦੂਜਾ ਪਾਸਾ ਦਿਖਾਉਦਿਆਂ ਜਾਗਰੂਕ ਹੋਣ ਦਾ ਹੋਕਾ ਦਿੰਦਿਆਂ ਕਿਹਾ ਹੈ ਕਿ :

ਰਾਮਦੇਵ ਅਤੇ ਅੰਨਾ ਹਜ਼ਾਰੇ ਦਾ
ਪਹਿਲਾਂ ਕਾਲੇ ਧਨ ਬਾਰੇ ਰੌਲਾ ਪਾਉਣਾ
ਹੁਣ ਚੁੱਪ ਬੈਠ ਜਾਣਾ
ਚਾਲ ਸੀ ਕਿਸੇ ਦੀ
ਕਿਉਂਕਿ
ਇੱਥੇ ਆਪਣੇ ਆਪ ਕੁੱਝ ਨਹੀਂ ਹੁੰਦਾ
ਆਓ ਮਿਲ ਕੇ ਕੁੱਝ ਕਰੀਏ
ਸ਼ੱਚੀਂ ਇੱਥੇ ਆਪਣੇ ਆਪ ਕੁੱਝ ਨਹੀਂ ਹੁੰਦਾ

ਨਵੀ ਨੇ ਧਰਮ ਵਰਗੇ ਨਾਜਕ ਵਿਸ਼ੇ ਨੂੰ ਵੀ ਆਪਣੀ ਕਵਿਤਾ ਦੇ ਜ਼ਰੀਏ ਇੱਕ ਵੰਗਾਰ ਦੇ ਰੂਪ ਵਿੱਚ ਚਿਤਰਿਆ ਹੈ । ਖਾਸ਼ ਕਰ ਸਿੱਖ ਧਰਮ ਵਿੱਚ ਆਈਆਂ ਗਿਰਾਵਟਾਂ , ਸਿੱਖਾਂ ਦੇ ਫੋਕੇ ਦਿਖਾਵੇ , ਅਸਲੀ ਧਾਰਮਿਕ ਸੂਝ ਤੋਂ ਸੱਖਣਾਪਣ , ਧਰਮ ਦੀ ਆੜ ਵਿੱਚ ਚੱਲਦਾ ਗੋਰਖਧੰਦਾ ਵੀ ਨਵੀ ਕਲਮ ਤੋਂ ਨਹੀਂ ਬਚ ਸਕਿਆ । ਪੰਜਾਬ ਦੀ ਨਵੀਂ ਮੰਡੀਰ ਵਾਸਤੇ ਧਾਰਮਿਕ ਸਮਾਗਮ ਕੇਵਲ ਮਨੋਰੰਜਨ ਦੇ ਅੱਡੇ ਬਣਕੇ ਰਹਿ ਗਏ ਹਨ । ਜਿਸ ਕਾਰਨ ਸਿੱਖੀ ਦਾ ਅਸਲੀ ਮੰਤਵ ਗੁਆਚ ਗਿਆ ਹੈ । ਪੁੱਠੇ ਰਾਹ ਪਏ ਸਿੱਖਾਂ ਨੂੰ ਕਵੀ ਨੇ ਆਪਣੀ ਕਵਿਤਾ ਰਾਂਹੀ ਇੱਕ ਮੋੜਾ ਦੇਣ ਦਾ ਯਤਨ ਕੀਤਾ ਹੈ । ਜਿਸ ਦਾ ਜਿਕਰ ਉਸ ਨੇ ਆਪਣੀ ਕਵਿਤਾ ਮਾਫੀਨਾਮਾ ਵਿੱਚ ਕੀਤਾ ਹੈ :-

ਮੱਥਾ ਟੇਕ ਰਹੇ ਲੋਕਾਂ ਵਿਚਾਲੇ
ਡਾਗਾਂ ਤਾਣ ਕੇ
ਅਨੁਸ਼ਾਸਨ ਬਣਾਉਣਾ
ਸਿੱਖੀ ਨਹੀਂ ਹੁੰਦਾ
ਸੰਗਤ ਨਾਲੋਂ ਸੰਤਾਂ ਦਾ
ਲੰਗਰ ਅੱਡ ਲਾਉਣਾ
ਸਿੱਖੀ ਨਹੀਂ ਹੁੰਦਾ

ਬਦਲਦੇ ਹਾਲਾਤ ਦਾ ਹਰ ਕਵੀ ਅਤੇ ਮਨੁੱਖ ਉੱਤੇ ਨਿਰੰਤਰ ਪ੍ਰਭਾਵ ਪੈਂਦਾ ਹੈ । ਜਿੱਥੇ ਆਮ ਮਨੁੱਖ ਅਜਿਹੇ ਵਰਤਾਰਿਆਂ ਨੂੰ ਸਮਝਣ ਲਈ ਚਿੰਤਨਸ਼ੀਲ ਨਹੀਂ ਹੁੰਦਾ ।ਉੱਥੇ ਕਵੀ ਇਸ ਪਰਿਵਰਤਨ ਨੂੰ ਸਮਝਣ , ਪਰਖਣ ਲਈ ਆਪਣੇ ਵਿਚਾਰਧਾਰਕ ਦ੍ਰਿਸ਼ਟੀਕੋਣ ਤੋਂ ਹਰ ਘਟਨਾਂ ਨੂੰ ਅਲ਼ਫਾਜ਼ਾਂ ਦਾ ਜਾਮਾ ਪਹਿਨਾ ਦਿੰਦਾ ਹੈ । ਜਿਸ ਤਰਾਂ ਨਵੀ ਨੇ ਆਪਣੀ ਕਵਿਤਾ ਡੋਲੀ ਵਿੱਚ ਅਜ਼ੋਕੀ ਕਿਸ਼ਾਨੀ ਦੀ ਹਾਲਤ ਨੂੰ ਬਿਆਨ ਕਰਦਿਆਂ ਇਹ ਦ੍ਰਿਸ਼ ਚਿਤਰਿਆ ਹੈ ।

ਤੋਰ ਡੋਲੀ ਮੈਨੂੰ ਹੁਣ ਚਾਵਾਂ ਨਾਲ ਤੋਰ
ਦੱਸ ਕਾਹਤੋਂ ਤੇਰੀ ਅੱਖ ਭਰ ਆਈ ਵੇ
ਕਰਜ਼ੇ ਚ ਡੁੱਬੇ ਨੇ ਤੂੰ ਖੁਦ ਹੀ ਤੇ ਲੱਭਿਆ
ਖੁਦ ਕਰਜ਼ੇ ਚ ਡੁੱਬਿਆ ਜਵਾਈ ਵੇ……..

ਇਸ ਤੋਂ ਇਲਾਵਾ ਅਨੇਕਾਂ ਵੰਨ ਸੁਵੰਨੀਆਂ ਕਾਵਿ ਵੰਨਗੀਆਂ ਅਲਫਾਜ਼ਾਂ ਦੀ ਪਰਤ ਦਾ ਸਿੰਗਾਰ ਬਣੀਆਂ ਹਨ । ਜਿਸ ਵਿੱਚੋਂ ਸਮੂਹ ਲੋਕ ਵੇਦਨਾਂ ਦਾ ਦਰਦ ਝਲਕਦਾ ਹੈ । ਭਾਵੇਂ ਕਿ ਕਵੀ ਦੀ ਸਾਲਾਂ ਬੱਧੀ ਮਿਹਨਤ ਨੂੰ ਚੰਦ ਸ਼ਬਦਾਂ ਵਿੱਚ ਬਿਆਨ ਕਰਕੇ ਆਪਣਾ ਫੈਸਲਾ ਦੇ ਦੇਣਾ ਅਤਿ ਮੁਸ਼ਕਲ ਕੰਮ ਹੈ । ਪਰ ਜਿੰਨਾਂ ਕੁ ਮੈਂ ਇਸ ਕਿਤਾਬ ਨੂੰ ਪੜਿਆ ਅਤੇ ਵਾਚਿਆ ਹੈ । ਉਸ ਵਿੱਚੋਂ ਇਹ ਗੱਲ ਸਪੱਸਟ ਰੂਪ ਵਿੱਚ ਸਾਹਮਣੇ ਨਿਕਲ ਕੇ ਆਈ ਹੈ ਕਿ ਨਵੀ ਦੀ ਕਵਿਤਾ ਜਿੱਥੇ ਨਬਾਬੀ ਜੁੱਤੀ ਦੀ ਕੈਦ ਤੋਂ ਮੁਕਤ ਹੈ । ਉੱਥੇ ਇਹ ਕਵਿਤਾ ਨਬਾਬੀ ਜੁੱਤੀ ਪਹਿਨ ਕੇ ਮਟਕ-ਮਟਕ ਤੁਰਦੀ ਵੀ ਨਜ਼ਰ ਆਉਂਦੀ ਹੈ । ਭਾਵ ਕਿ ਕਵੀ ਜਿੱਥੇ ਛੰਦ ਮੁਕਤ ਕਵਿਤਾ ਨੂੰ ਬਾਖੂਬੀ ਚਿਤਰਿਆ ਹੈ । ਉੱਥੇ ਛੰਦ ਯੁਕਤ ਕਵਿਤਾ ਦੇ ਕਾਵਿ ਸਾਸ਼ਤਰ ਦਾ ਵੀ ਨਵੀ ਨੇ ਵਿਸ਼ੇਸ਼ ਖਿਆਲ ਰੱਖਿਆ ਹੈ । ਇਸ ਪੁਸਤਕ ਵਿੱਚ ਦਰਜ਼ 92 ਕਵਿਤਾਵਾਂ ਆਪਣੇ ਆਪ ਵਿੱਚ ਸੰਪੂਰਨ ਅਰਥ ਰੱਖਦੀਆਂ ਹਨ । ਇੱਥੇ ਕਿਤਾਬ ਦੇ ਸੰਪਾਦਕੀ ਪੰਨੇ ਤੇ ਮਾ. ਚੇਤਨ ਸਿੰਘ ਜੀ ਦੇ ਲਿਖੇ ਸ਼ਬਦਾਂ ਨਾਲ ਵੀ ਮੈਂ ਪੂਰਨ ਸਹਿਮਤੀ ਪ੍ਰਗਟ ਕਰਦਾਂ ਹਾਂ ਕਿ ਨਿਰਭੈ ਨਵੀ ਦੀ ਕਵਿਤਾ ਵਿੱਚ ਕਿੱਧਰੇ ਵੀ ਨਿਰਾਸ਼ਤਾ ਦਾ ਆਲਮ ਨਹੀਂ , ਨਾਂ ਹੀ ਨਿੱਜੀ ਦੁੱਖਾਂ ਦੀ ਮੁਹਾਰਨੀ ਪੜੀ ਗਈ ਹੈ ।
ਪਰ ਮੇਰੀ ਦਿਲੀ ਅਰਦਾਸ ਅਤੇ ਤਮੰਨਾ ਹੈ ,ਕਿ ਪੰਜਾਬੀ ਕਵਿਤਾ ਦੇ ਵਿਹੜੇ ਵਿੱਚ ਚੜ੍ਹਿਆ ਇਹ ਨਵਾਂ ਸੂਰਜ ਹਮੇਸ਼ਾਂ ਲੋਕਾਂ ਨੂੰ ਨਿੱਘੀ ਲੋਅ , ਤਪਸ ਅਤੇ ਚਾਨਣ ਵੰਡਦਾ ਰਹੇ ।

ਸੁਖਵੀਰ ਘੁਮਾਣ ਦਿੜ੍ਹਬਾ
98155-90209

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: