Sun. Apr 5th, 2020

ਕਾਲੇ ਕੱਛਿਆਂ ਵਾਲੇ, ਵਾਲ ਕੱਟਣ ਵਾਲੀ ਚੁੜੇਲ, ਡਰੋਨ, ਖੁਸਰੇ ਅਤੇ ਵਿਚਾਰੀ ਪੁਲਿਸ

ਕਾਲੇ ਕੱਛਿਆਂ ਵਾਲੇ, ਵਾਲ ਕੱਟਣ ਵਾਲੀ ਚੁੜੇਲ, ਡਰੋਨ, ਖੁਸਰੇ ਅਤੇ ਵਿਚਾਰੀ ਪੁਲਿਸ

ਬਲਰਾਜ ਸਿੰਘ ਸਿੱਧੂ ਐਸ.ਪੀ.

ਇਸ ਵੇਲੇ ਪੰਜਾਬ ਪੁਲਿਸ ‘ਤੇ ਸਾੜਸਤੀ ਚੱਲ ਰਹੀ ਹੈ। ਸਿਆਣਿਆਂ ਦੇ ਕਹਿਣ ਮੁਤਾਬਕ ਸ਼ਨੀ ਭਾਰੂ ਹੈ। ਪੁਲਿਸ ‘ਤੇ ਹਮਲੇ ਕਰਨ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਹਰਿਆਣੇ ਵਾਲੀ ਘਟਨਾ ਤਾਂ ਬਹੁਤ ਹੀ ਦਰਦਨਾਕ ਸੀ। ਅੱਤਵਾਦ ਵੇਲੇ ਵੀ ਕਦੀ ਅਜਿਹਾ ਸ਼ਰਮਨਾਕ ਕਾਰਾ ਨਹੀਂ ਸੀ ਹੋਇਆ। ਲੋਕਾਂ ਦਾ ਡਰ ਐਨਾ ਚੁੱਕਿਆ ਗਿਆ ਹੈ ਕਿ ਹੁਣ ਤਾਂ ਖੁਸਰੇ ਵੀ ਸਰੇ ਬਜ਼ਾਰ ਪੁਲਸ ਦੇ ਗਲ ਪੈਣ ਲੱਗ ਪਏ ਹਨ। ਪੰਜਾਬ ਵਿੱਚ ਵੀ ਕੋਈ ਨਾ ਕੋਈ ਭੇਡਚਾਲ ਚੱਲਦੀ ਹੀ ਰਹਿੰਦੀ ਹੈ। ਕਦੀ ਪਿੰਡਾਂ ਵਿੱਚ ਚੀਤਾ ਪੈਣ ਲੱਗ ਜਾਂਦਾ ਹੈ, ਕਦੀ ਕਾਲੇ ਕੱਛਿਆਂ ਵਾਲੇ ਤੇ ਕਦੀ ਪਾਕਿਸਤਾਨੀ ਜਾਸੂਸ ਆ ਜਾਂਦੇ ਹਨ। ਸਾਰੀ ਸਾਰੀ ਰਾਤ ਲੋਕ ਹੱਥਾਂ ਵਿੱਚ ਟਕੂਏ-ਗੰਡਾਸੀਆਂ ਫੜ ਕੇ ਰੌਲਾ ਪਾਉਂਦੇ ਫਿਰਦੇ ਸਨ। ਇਸ ਕਾਰਵਾਈ ਦੀ ਪਕੜ ਵਿੱਚ ਜਿਆਦਾਤਰ ਭੂੰਡ ਆਸ਼ਕ, ਰਾਤ ਬਰਾਤੇ ਆਏ ਪ੍ਰਾਹੁਣੇ, ਮੰਗਤੇ ਅਤੇ ਮੰਦ ਬੁੱਧੀ ਲੋਕ ਆਉਂਦੇ ਹਨ। ਵਿਚਾਰਿਆਂ ਦੀ ਕੁੱਟ ਕੁੱਟ ਕੇ ਬੁਰੀ ਹਾਲਤ ਕਰ ਦਿੱਤੀ ਜਾਂਦੀ ਹੈ। ਪਿੱਛਲੇ ਸਾਲ ਮਾਝੇ ਵਿੱਚ ਰੌਲਾ ਪੈ ਗਿਆ ਸੀ ਕਿ ਨੀਗਰੋ ਪਿੰਡਾਂ ਵਿੱਚ ਫਿਰਦੇ ਹਨ ਤੇ ਦਾਤਰ ਮਾਰ ਕੇ ਲੋਕਾਂ ਦੇ ਅੰਗ ਵੱਢ ਦਿੰਦੇ ਹਨ। ਕੋਈ ਕਹੇ ਮੈਨੂੰ ਪੈ ਗਏ ਤੇ ਦੂਸਰਾ ਕਹੇ ਮੈਨੂੰ ਪੈ ਗਏ। ਕਈ ਵਿਚਾਰੇ ਕਾਲੇ ਰੰਗ ਵਾਲੇ, ਬੇਘਰੇ ਤੇ ਮੰਗਤੇ ਬਿਨਾਂ ਮਤਲਬ ਤੋਂ ਕੁੱਟੇ ਗਏ। ਲੋਕਾਂ ਨੇ ਦੁਕਾਨਾਂ ਤੋਂ ਕਿਰਪਾਨਾਂ-ਗੰਡਾਸੀਆਂ ਮੁਕਾ ਦਿੱਤੀਆਂ। ਇਸ ਤੋਂ ਬਾਅਦ ਵਾਲ ਕੱਟਣ ਵਾਲੀ ਚੁੜੇਲ ਪੰਜਾਬ ਪਹੁੰਚ ਗਈ। ਜਿਹੜੇ ਮਰਦ-ਔਰਤਾਂ ਆਪਣੇ ਕੇਸ ਪਰਿਵਾਰ ਦੇ ਡਰ ਕਾਰਨ ਨਹੀਂ ਕਟਵਾ ਸਕਦੇ ਸਨ, ਉਹਨਾਂ ਨੇ ਚੜੇਲ ਦੀ ਆੜ ਹੇਠ ਕੱਟਵਾ ਸੁੱਟੇ। ਕਈ ਦਿਨ ਪੁਲਿਸ ਅਦ੍ਰਿਸ਼ ਚੁੜੇਲ ਨੂੰ ਗ੍ਰਿਫਤਾਰ ਕਰਨ ਲਈ ਗਲੀ ਮੁਹੱਲਿਆਂ ਦੀ ਖਾਕ ਛਾਣਦੀ ਰਹੀ।
ਪਠਾਨਕੋਟ ਹਮਲੇ ਤੋਂ ਬਾਅਦ ਹਰੇਕ ਜਣੇ ਖਣੇ ਨੂੰ ਅੱਤਵਾਦੀ ਦਿਖਾਈ ਦੇਣ ਲੱਗੇ ਸਨ। ਲੋਕਾਂ ਨੇ ਕਈ ਮਹੀਨੇ ਪੁਲਿਸ ਨੂੰ ਜੰਗਲਾਂ, ਉਜਾੜਾਂ, ਗੁੱਜਰਾਂ ਦੇ ਡੇਰੇ ਅਤੇ ਕਮਾਦ ਦੇ ਖੇਤਾਂ ਦੀ ਤਲਾਸ਼ੀ ਲੈਣ ਡਾਹ ਛੱਡਿਆ। ਕਈ ਥਾਵਾਂ ‘ਤੇ ਤਾਂ ਅਜਿਹਾ ਹੋਇਆ ਕਿ ਜਦੋਂ ਪਰਿਵਾਰ ਵਾਲੇ ਜਾਗ ਪਏ ਤਾਂ ਔਰਤ ਨੇ ਜਾਨ ਬਚਾਉਣ ਖਾਤਰ ਝੂਠ ਮਾਰ ਦਿੱਤਾ ਕਿ ਜਿਹੜਾ ਕੰਧ ਟੱਪ ਕੇ ਭੱਜਾ ਹੈ, ਉਹ ਪਾਕਿਸਤਾਨੀ ਘੁਸਪੈਠੀਆ ਲੱਗਦਾ ਸੀ। ਅੰਦਰਲੀ ਕਹਾਣੀ ਪਤਾ ਹੋਣ ਦੇ ਬਾਵਜੂਦ ਪੁਲਿਸ ਨੂੰ ਮੀਡੀਆ ਤੋਂ ਡਰਦੇ ਮਾਰੇ ਤਲਾਸ਼ੀ ਮਹਿੰਮ ਚਲਾਉਣੀ ਪੈਂਦੀ ਸੀ। ਇਹ ਪਾਕਿਸਤਾਨੀ ਘੁਸਪੈਠੀਏ ਅਵਾਰਾ, ਅਮਲੀਆਂ, ਪ੍ਰੇਮੀ ਜੋੜਿਆਂ ਅਤੇ ਸ਼ਰਾਬੀਆਂ ਨੂੰ ਜਿਆਦਾ ਦਿਖਾਈ ਦਿੰਦੇ ਸਨ। ਜੇ ਪੁਲਿਸ ਅਫਵਾਹ ਸਮਝ ਜੇ ਮੌਕੇ ‘ਤੇ ਨਹੀਂ ਸੀ ਪਹੁੰਚਦੀ ਤਾਂ ਚੈਨਲਾਂ ਵਾਲੇ ਫੱਟ ਆਪਣੇ ਕੈਮਰੇ ਪਕੜ ਕੇ ਪੁਲਿਸ ਦੀ ਮਿੱਟੀ ਪਲੀਤ ਕਰਨ ਪਹੁੰਚ ਜਾਂਦੇ ਹਨ ਕਿ ਪੁਲਿਸ ਨੂੰ ਤਾਂ ਦੇਸ਼ ਦੀ ਸੁਰੱਖਿਆ ਦਾ ਕੋਈ ਫਿਕਰ ਹੀ ਨਹੀਂ। ਇਸੇ ਤਰਾਂ ਅੱਤਵਾਦ ਦੌਰਾਨ ਕਾਲੇ ਕੱਛਿਆਂ ਬਾਰੇ ਰੌਲਾ ਸ਼ੁਰੂ ਹੋਇਆ ਸੀ। ਉਦੋਂ ਕਾਲੇ ਕੱਛਾ ਗੈਂਗ ਨੇ ਕਈ ਵਾਰਦਾਤਾਂ ਕੀਤੀਆਂ ਸਨ ਪਰ ਬਾਅਦ ਵਿੱਚ ਬਦਮਾਸ਼ ਵਿਅਕਤੀਆਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਪੁਲਿਸ ਕਾਲੇ ਕੱਛਿਆਂ ਵਾਲਿਆਂ ਨੂੰ ਰਾਤ ਆਪ ਹੀ ਛੱਡ ਕੇ ਜਾਂਦੀ ਹੈ ਤੇ ਸਵੇਰੇ ਲੈ ਜਾਂਦੀ ਹੈ। ਲੋਕਾਂ ਨੇ ਗਸ਼ਤ ਕਰਦੀ ਪੁਲਿਸ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤੇ ਕਈ ਥਾਈਂ ਪੁਲਿਸ ਮੁਲਾਜ਼ਮ ਜ਼ਖਮੀ ਹੋਏ।
ਤਰਨ ਤਾਰਨ ਡਰੋਨ ਕਾਂਡ ਤੋਂ ਬਾਅਦ ਹੁਣ ਸਾਰੇ ਪਾਸੇ ਡਰੋਨ-ਡਰੋਨ ਦਾ ਰੌਲਾ ਪਿਆ ਹੋਇਆ ਹੈ। ਰੋਜ਼ਾਨਾ ਲੋਕਾਂ ਵੱਲੋਂ ਬਾਰਡਰ ‘ਤੇ ਡਰੋਨ ਵੇਖਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਤਾ ਨਹੀਂ ਇਸ ਵਿੱਚ ਕਿੰਨੀ ਸੱਚਾਈ ਹੈ? ਪਰ ਵੇਖਣ ਵਿੱਚ ਆਇਆ ਹੈ ਕਿ ਰਾਤ ਨੂੰ ਨੀਵੇਂ ਉੱਡਦੇ ਜਹਾਜ਼, ਮੌਸਮ ਵਿਭਾਗ ਦੇ ਗੁਬਾਰੇ ਅਤੇ ਉੱਚੇ ਮੋਬਾਇਲ-ਟੀ.ਵੀ. ਟਾਵਰਾਂ ਆਦਿ ਦੀਆਂ ਜਗਦੀਆਂ ਬੁਝਦੀਆਂ ਲਾਈਟਾਂ ਤੋਂ ਲੋਕਾਂ ਨੂੰ ਡਰੋਨਾਂ ਦਾ ਭੁਲੇਖਾ ਪੈਂਦਾ ਹੋ ਸਕਦਾ ਹੈ। ਇਸ ਵੇਲੇ ਪੰਜਾਬ ਪੁਲਿਸ ਦੇ ਹਜ਼ਾਰਾਂ ਜਵਾਨ ਅਤੇ ਅਫਸਰ ਪੂਰੀ ਤਨਦੇਹੀ ਨਾਲ ਬਾਰਡਰ ਏਰੀਆ ਦੇ ਪਿੰਡਾਂ-ਸ਼ਹਿਰਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਡਰੋਨ ਵਾਕਿਆ ਹੀ ਗੰਭੀਰ ਮਸਲਾ ਹੈ, ਪਰ ਇਸ ਸਬੰਧੀ ਕਿਸੇ ਕਿਸਮ ਦੀ ਕੋਈ ਅਫਵਾਹ ਫੈਲਾਉਣੀ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋ ਸਕਦੀ ਹੈ। ਕਿਉਂਕਿ ਆਜੜੀ ਤੇ ਸ਼ੇਰ ਦੀ ਕਹਾਣੀ ਵਾਂਗ ਕਿਤੇ ਇਹ ਨਾ ਹੋਵੇ ਕਿ ਬਾਅਦ ਵਿੱਚ ਸੱਚੀਂ ਡਰੋਨ ਆ ਜਾਵੇ ਤੇ ਕੋਈ ਧਿਆਨ ਨਾ ਦੇਵੇ। ਅਜਿਹੀਆਂ ਅਫਵਾਹਾਂ ਕਾਰਨ ਜਦੋਂ ਪੁਲਿਸ ਦਾ ਧਿਆਨ ਹੋਰ ਪਾਸੇ ਲੱਗ ਜਾਂਦਾ ਹੈ ਤਾਂ ਸਮੱਗਲਰ ਇਸ ਗੱਲ ਦਾ ਬਹੁਤ ਫਾਇਦਾ ਉਠਾਉਂਦੇ ਹਨ। ਉਹ ਪੁਲਿਸ ਦੀ ਗੈਰਹਾਜ਼ਰੀ ਦਾ ਲਾਭ ਉਠਾ ਕੇ ਆਪਣਾ ਮਾਲ ਅਸਾਨੀ ਨਾਲ ਇਧਰੋਂ ਉਧਰ ਕਰ ਲੈਂਦੇ ਹਨ।
ਸਾਡੀ ਜਨਤਾ ਵਿੱਚ ਰੀਸ ਕਰਨ ਦਾ ਪ੍ਰਚਲਣ ਬਹੁਤ ਪੁਰਾਣਾ ਹੈ। ਇੱਕ ਬੰਦਾ ਨਾਅਰੇ ਮਾਰਦਾ ਚੱਲ ਪਵੇ ਤਾਂ 50 ਪਿੱਛਲੱਗ ਐਵੇਂ ਹੀ ਲਾ-ਲਾ, ਲਾ-ਲਾ ਕਰਦੇ ਮਗਰ ਤੁਰ ਪੈਣਗੇ, ਪਰ ਪੱੁਠੀਆਂ ਕਰਤੂਤਾਂ ਕਰਨ ਲਈ। ਭਲੇ ਕੰਮਾਂ ਦੀ ਕੋਈ ਰੀਸ ਨਹੀਂ ਕਰਦਾ, ਭਗਤ ਪੂਰਨ ਸਿੰਘ ਦੀ ਵੇਖਾ ਵੇਖੀ ਕਿੰਨੇ ਕੁ ਪਿੰਗਲਵਾੜੇ ਬਣੇ ਹਨ ਤੇ ਕਿੰਨੇ ਕੁ ਲੋਕ ਬਾਬਾ ਸੀਚੇਵਾਲ ਦੇ ਮਗਰ ਲੱਗ ਕੇ ਪ੍ਰਦੂਸ਼ਣ ਦੇ ਖਿਲਾਫ ਕੰਮ ਕਰ ਰਹੇ ਹਨ? ਅਸੀਂ ਤਾਂ ਤਿੱਥ ਤਿਉਹਾਰਾਂ ‘ਤੇ ਰੱਜੇ ਪੱੁਜੇ ਲੋਕਾਂ ਨੂੰ ਠੂਸ ਠੂਸ ਕੇ ਲੰਗਰ ਛਕਾਉਣ ਦੀ ਹੋੜ ਕਰਨੀ ਹੈ, ਸਵੇਰੇ ਸ਼ਾਮ ਧਾਰਮਿਕ ਸਥਾਨਾਂ ਦੇ ਸਪੀਕਰ ਚਲਾ ਕੇ ਲੋਕਾਂ ਨੂੰ ਸਿਰ ਪੀੜ ਲਗਾਉਣੀ ਹੈ ਜਾਂ ਜਲਸੇ ਜਲੂਸ ਕੱਢ ਕੇ ਟਰੈਫਿਕ ਵਿੱਚ ਵਿਘਣ ਪਾਉਣਾ ਹੈ। ਇੱਕ ਹੋਰ ਭੇਡਚਾਲ ਚੱਲੀ ਹੈ ਅਵਾਰਾ ਕੁੱਤਿਆਂ ਅਤੇ ਗਾਵਾਂ ਨੂੰ ਰੋਟੀਆਂ ਪਾਉਣ ਦੀ। ਲੋਕ ਇੱਕ ਪਾਸੇ ਅਵਾਰਾ ਪਸ਼ੂਆਂ ਦੀ ਭਰਮਾਰ ਲਈ ਮਿਊਂਸਪਲ ਕਮੇਟੀਆਂ ਦੀ ਨੁਕਤਾਚੀਨੀ ਕਰਦੇ ਹਨ ਤੇ ਦੂਸਰੇ ਪਾਸੇ ਅਵਾਰਾ ਕੁੱਤਿਆਂ ਦੇ ਝੁੰਡਾਂ ਨੂੰ ਰੋਟੀਆਂ ਪਾ ਕੇ ਹੋਰ ਵਧਾਈ ਜਾਂਦੇ ਹਨ। ਹਰਿਮੰਦਰ ਸਾਹਿਬ ਦੇ ਬਾਹਰ ਬਣੇ ਸ਼ਾਨਦਾਰ ਪਲਾਜ਼ਾ ਵਿੱਚ ਵੀ ਲੋਕਾਂ ਨੇ ਰੋਟੀਆਂ ਪਾ ਕੇ ਸੈਂਕੜੇ ਕੱੁਤੇ ਇਕੱਠੇ ਕਰ ਦਿੱਤੇ ਹਨ, ਯਾਤਰੂਆਂ ਦਾ ਗੁਜ਼ਰਨਾ ਔਖਾ ਹੋਇਆ ਪਿਆ ਹੈ।
ਕੁਝ ਮਹੀਨੇ ਪਹਿਲਾਂ ਫਤਿਹਗੜ ਸਾਹਿਬ ਜਿਲੇ ਦੇ ਇੱਕ ਪਿੰਡ ਵਿੱਚ ਨਲਕੇ ਬਾਰੇ ਅਫਵਾਹ ਫੈਲ ਗਈ ਸੀ ਕਿ ਇਸ ਵਿੱਚ ਦਵਾਈ ਦੇ ਗੁਣ ਹਨ। ਮੂਰਖਾਂ ਦੀਆਂ ਮੀਲਾਂ ਲੰਬੀਆਂ ਕਤਾਰਾਂ ਲੱਗ ਗਈਆਂ। ਅਖੀਰ ਗੱਲ ਉਦੋਂ ਖਤਮ ਹੋਈ ਜਦੋਂ ਫਸਲਾਂ ਦੀ ਬਰਬਾਦੀ ਤੋਂ ਅੱਕੇ ਕਿਸਾਨਾਂ ਨੇ ਨਲਕਾ ਹੀ ਪੁੱਟ ਸੁੱਟਿਆ। 1984-85 ਵਿੱਚ ਪੰਜਾਬ ਦੇ ਅਨੇਕਾਂ ਧਾਰਮਿਕ ਸਥਾਨਾਂ ਵਿੱਚ ਬਾਜ਼ ਆ ਗਿਆ ਸੀ ਤੇ 1995-96 ਵਿੱਚ ਮੂਰਤੀਆਂ ਦੁੱਧ ਪੀਣ ਲੱਗ ਪਈਆਂ ਸਨ। ਲੱਖਾਂ ਲੀਟਰ ਦੁੱਧ ਕਿਸੇ ਗਰੀਬ ਦੇ ਮੂੰਹ ਵਿੱਚ ਜਾਣ ਦੀ ਬਜਾਏ ਗੰਦੀਆਂ ਨਾਲੀਆਂ ਵਿੱਚ ਰੁੜ ਗਿਆ। ਮੀਡੀਆ ਵੀ ਅਜਿਹੀਆਂ ਅਫਵਾਹਾਂ ਤੇ ਘਟਨਾਵਾਂ ਨੂੰ ਨਿਰਉਤਸ਼ਾਹਿਤ ਕਰਨ ਦੀ ਬਜਾਏ ਟੀ.ਆਰ.ਪੀ. ਵਧਾਉਣ ਖਾਤਰ ਵੱਧ ਤੋਂ ਵੱਧ ਸਨਸਨੀਖੇਜ਼ ਬਣਾ ਕੇ ਪੇਸ਼ ਕਰਦਾ ਹੈ। ਇਸ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਹੋਰ ਉਤਸ਼ਾਹ ਮਿਲਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਮੂਰਖਾਂ ਵਾਂਗ ਕਿਸੇ ਦੇ ਪਿੱਛੇ ਲੱਗਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਕਰੀਏ ਤੇ ਹਰੇਕ ਅਫਵਾਹ ਨੂੰ ਤਰਕ ‘ਤੇ ਕੱਸ ਕੇ ਹੀ ਯਕੀਨ ਕਰੀਏ।

ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ
9501100062

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: