ਕਾਲਿਆ ਸਮਿਆਂ ਦੇ ਦੌਰ ਚੋਂ ……

ਕਾਲਿਆ ਸਮਿਆਂ ਦੇ ਦੌਰ ਚੋਂ ……

ਮਛਲੀ ਜਾਲ ਨਾ ਜਾਣਿਆ

ਨਰੇਸ਼ ਸ਼ਰਮਾ ਦੀ ਕਲਮ ਤੋਂ

ਸਵੇਰ ਦੇ ਤਿੰਨ ਕੁ ਵਜੇ ਸਨ । ਪੂਰੀ ਕਲੋਨੀ ਦੇ ਲੋਕ ਸੌਂ ਰਹੇ ਸਨ ।
ਅਚਾਨਕ ਜੋਰਦਾਰ ਭਿਆਨਕ ਧਮਾਕਾ ਹੋਇਆ । ਪੂਰੀ ਕਲੋਨੀ ਦੇ ਲੋਕ ਅੱਭਵੜਵਾਹੇ ਉਠ ਖਲੋਤੇ। ਇਸ ਭਿਆਨਕ ਧਮਾਕੇ ਦੀ ਆਵਾਜ ਲੱਗਭੱਗ ਦੋ ਕਿਲੋਮੀਟਰ ਦੇ ਏਰੀਏ ਤੱਕ ਸੁਣੀ ਗਈ । ਪੂਰਾ ਆਲਾ-ਦੁਆਲਾ ਇੱਕਦਮ ਦਹਿਲ ਗਿਆ । ਛੋਟੇ ਬੱਚੇ ਡਰਦੇ ਚੀਕਾਂ ਮਾਰਨ ਲੱਗੇ । ਕਈ ਲੋਕ ਆਪੋ ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ ਆਲਾ-ਦੁਆਲਾ ਦੇਖਣ ਲੱਗੇ , ਸੂਹ ਲੈਣ ਲੱਗੇ ਕਿ ਆਖਿਰ ਹੋਇਆ ਕੀ ਹੈ ?
ਪਲ ਭਰ ‘ਚ ਹੀ ਜੋਰਾ ਸਿੰਘ ਗ੍ਰੰਥੀ ਦਾ ਘਰ ਖੰਡਰ ਬਣ ਚੁੱਕਾ ਸੀ । ਤਿੰਨ ਕਮਰੇ ਪੂਰੀ ਤਰਾਂ ਤਬਾਹ ਹੋ ਚੁੱਕੇ ਸਨ । ਮਿੱਟੀ – ਘੱਟੇ ਦੀ ਧੂੜ ਅਤੇ ਧੂੰਏ ਦੇ ਬੱਦਲ ਜਿਹੇ ਬਣ ਆਲੇ-ਦੁਆਲੇ ‘ਚ ਫੈਲ ਰਹੇ ਸਨ ।
ਹੌਲੀ-ਹੌਲੀ ਲੋਕਾਂ ਦੀ ਭੀੜ ਉਸਦੇ ਘਰ ਕੋਲ ਜਮਾ ਹੋਣ ਲੱਗੀ । ਇਥੇ ਪਹੁੰਚ ਲੋਕਾਂ ਨੇ ਜੋ ਦੇਖਿਆ ਇਹ ਬਹੁਤ ਭਿਆਨਕ ਸੀ। ਘਰ ਦਾ ਸਮਾਨ, ਮਲਬਾ, ਪੇਟੀਆਂ, ਅਲਮਾਰੀਆਂ ਸਭ ਵਿੰਗ ਤੜਿੰਗੀਆਂ ਤੇ ਚੂਰਾ ਚੂਰਾ ਹੋ ਇੱਧਰ ਉਧਰ ਖਿੰਡੀਆਂ ਪਈਆਂ ਸਨ । ਘਰ ਦੇ ਵਿਹੜੇ ‘ਚ ਲੱਗੇ ਦਰੱਖਤਾਂ ਦੀਆਂ ਟਹਿਣੀਆਂ ‘ਚ ਮਨੁਖੀ ਸਰੀਰ ਦੇ ਅੰਗ ਟੁੱਕੜੇ-ਟੁੱਕੜੇ ਹੋਏ ਫਸੇ ਲਟਕ ਰਹੇ ਸਨ । ਲਹੂ ਅਤੇ ਚਰਬੀ ਦੇ ਛਿੱਟੇ ਅਤੇ ਟੁੱਕੜੇ ਥਾਂ-ਥਾਂ ਖਿੰਡੇ ਹੋਏ ਸਨ । ਇੱਕ ਜਗ੍ਹਾ ਤੋਂ ਫਰਸ ਪੂਰੀ ਤਰਾਂ ਟੁੱਟ ਚੁੱਕਾ ਸੀ ਅਤੇ ਕੋਈ ਤਿੰਨ ਫੁਟ ਡੂੰਘਾ ਟੋਇਆ ਬਣਿਆ ਹੋਇਆ ਸੀ ।
ਉਹ ਸਾਰੇ ਹੀ ਮਾਰੇ ਜਾ ਚੁੱਕੇ ਸਨ । ਕੁਲਵੰਤ ਅਤੇ ਦਇਆ ਸਿੰਘ ਦੇ ਸਰੀਰ ਦੇ ਛੋਟੇ ਛੋਟੇ ਟੋਟੇ ਹੋ ਚੁਕੇ ਸਨ । ਇਹਨਾਂ ਦੇ ਅੰਗ ਆਲੇ-ਦੁਆਲੇ ਨਾਲ ਲੱਗਦੇ ਘਰਾਂ ਦੀਆਂ ਛੱਤਾਂ ਦੇ ਉੱਪਰ ਤੱਕ ਜਾ ਡਿੱਗੇ ਸਨ । ਕਈ ਗੁਆਂਢੀਆਂ ਦੇ ਘਰਾਂ ਦੀਆਂ ਖਿੜਕੀਆਂ ਦੇ ਸੀਸੇ ਟੁੱਟ ਗਏ ਸਨ ।
ਗੁਰਮੀਤ ਦਾ ਸਰੀਰ ਵੀ ਥਾਂ-ਥਾਂ ਤੋਂ ਪਛਿਆ ਹੋਇਆ ਸੀ ਪਰ ਉਸਦੀ ਪਹਿਚਾਣ ਆਉਂਦੀ ਸੀ । ਉਹ ਅਜੇ ਜਿੰਦਾ ਵੀ ਸੀ । ਉਸਨੂੰ ਹਸਪਤਾਲ ਲਿਜਾਇਆ ਗਿਆ । ਥੋੜੀ ਦੇਰ ਬਾਦ ਉਸਦੀ ਵੀ ਮੌਤ ਹੋ ਗਈ ।
ਦਇਆ ਸਿੰਘ ਰੂਪੋਸ ਖਾੜਕੂ ਸੀ ਜਦੋਂ ਕਿ ਕੁਲਵੰਤ ਅਤੇ ਗੁਰਮੀਤ ਵੀ ਬੱਬਰ ਖਾਲਸਾ ਲਈ ਕੰਮ ਕਰਦੇ ਸਨ ਪਰ ਰੂਪੋਸ਼ ਨਹੀਂ ਹੋਏ ਸਨ । ਉਹ ਕਿਸੇ ਵੱਡੇ ਗੁਪਤ ਮਿਸ਼ਨ ਲਈ ਵੱਡਾ ਬੰਬ ਲੈ ਕੇ ਆਏ ਸਨ ਜੋ ਗੁਰਮੀਤ (ਜੋਰਾ ਸਿੰਘ ਗ੍ਰੰਥੀ) ਦੇ ਘਰ ਲਕੋ ਕੇ ਰੱਖਿਆ ਗਿਆ ਸੀ । ਕਿਸੇ ਗਲਤੀ ਕਾਰਨ ਇਹ ਇਥੇ ਹੀ ਚੱਲ ਗਿਆ ਅਤੇ ਹੋਣੀ ਵਾਪਰ ਗਈ ।
ਗੁਰਮੀਤ ਸਿੰਘ ਦੀ ਇੱਕ ਭੈਣ ਘਰ ਵਿੱਚ ਸੀ ਜੋ ਘਰ ਦੀ ਦੂਸਰੀ ਨੁੱਕਰ ‘ਚ ਬਣੇ ਕਮਰੇ ‘ਚ ਸੁੱਤੀ ਹੋਣ ਕਾਰਨ ਬਚ ਗਈ ਸੀ ।
ਗੁਰਮੀਤ ਦਾ ਬਾਕੀ ਪਰਿਵਾਰ ਘਰੋਂ ਬਾਹਰ ਕਿਸੇ ਤੀਰਥ ਸਥਾਨ ‘ਤੇ ਗਿਆ ਹੋਇਆ ਸੀ ।
ਪੁਲਿਸ ਨੇ ਘਟਨਾ ਸੱਥਲ ‘ਤੇ ਪਹੁੰਚ ਮੌਕੇ ਦਾ ਜਾਇਜਾ ਲਿਆ। ਕੁਲਵੰਤ ਅਤੇ ਦਇਆ ਸਿੰਘ ਦੀਆਂ ਲਾਸਾਂ ਦੇ ਟੁੱਕੜੇ ਇੱਕਠੇ ਕਰ ਇੱਕ ਹੀ ਚਾਦਰ ਵਿੱਚ ਗਠੜੀ ਬੰਨ ਲੈ ਗਏ ।
ਜੋਰਾ ਸਿੰਘ ਨੂੰ ਬੁਲਾਇਆ ਗਿਆ । ਉਸਨੂੰ ਸਿੱਧਾ ਘਰ ਲਿਜਾਣ ਦੀ ਥਾਂ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੇ ਤੇਈ ਸਾਲਾ ਨੌਜਵਾਨ ਪੁੱਤਰ ਗੁਰਮੀਤ ਦੀ ਲਾਸ਼ ਮਰੀਜਾਂ ਦੇ ਬੈਠਣ ਲਈ ਬਣੀ ਸੀਮਿੰਟ ਦੀ ਸਲੈਬ ਤੇ ਪਈ ਸੀ ।
“ਜਦੋਂ ਮੈਂ ਪਹੁੰਚਿਆ ਤਾਂ ਦੇਖਿਆ ਉਹ ਪੂਰਾ ਹੋਇਆ ਪਿਆ ਸੀ।” ਉਸ ਲੰਬਾ ਹਾਉਂਕਾ ਲੈਂਦਿਆਂ ਕਿਹਾ ।
ਗੱਲਬਾਤ ਦੌਰਾਨ ਮੈ ਦੇਖਿਆ ਉਸਨੂੰ ਬੋਲਣ ‘ਚ ਔਖ ਹੋ ਰਹੀ ਸੀ । ਉਸਦੀ ਆਵਾਜ ਸਮਝਣ ਲਈ ਪੂਰਾ ਧਿਆਨ ਲਾ ਕੇ ਸੁਣਨਾ ਪੈ ਰਿਹਾ ਸੀ ।
“ਤੁਹਾਡੇ ਗਲੇ ‘ਚ ਕੋਈ ਤਕਲੀਫ਼ ਹੈ ?” ਮੈ ਪੁਛਿਆ ।
“ਹਾਂ, ਮੈਨੂੰ ਅਟੈਕ ਜਿਹਾ ਹੋ ਗਿਆ ਸੀ ।” ਉਸ ਦੱਸਿਆ । “ਗਲੇ ‘ਚ ਕੋਈ ਨੁਕਸ ਪੈ ਗਿਆ, ਮੈ ਪੀ ਜੀ ਆਈ ਚੰਡੀਗੜ੍ਹ ਚੈਕ ਅੱਪ ਕਰਾਇਆ । ਉਹ ਕਹਿੰਦੇ ਅਪਰੇਸਨ ਹੋਵੇਗਾ । ਮੈ ਕਿਹਾ ‘ਕਰ ਦਿਓ ।’ ਪਰ ਬਾਦ ‘ਚ ਮੈਨੂੰ ਪਤਾ ਲੱਗਾ ਕਿ ਗਲੇ ਦੇ ਅਪਰੇਸਨ ਲਈ ਦਾਹੜੀ ਕਟਾਉਣੀ ਪਵੇਗੀ । ਫੇਰ ਮੈ ਨਾਹ ਕਰ ਦਿੱਤੀ ।”
ਉਹ ਕੁੱਝ ਸਮੇ ਲਈ ਚੁੱਪ ਕਰ ਗਿਆ ।
ਜੋਰਾ ਸਿੰਘ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ । ਉਸਦੀ ਇੱਕ ਧੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੇ ਪੋਤਰੇ ਨੂੰ ਵਿਆਹੀ ਹੋਈ ਹੈ । ਦੋਵੇਂ ਧੀਆਂ ਚੰਗੇ ਘਰੀ ਵਿਆਹੀਆਂ ਹਨ । ਮੌਜ ਕਰਦੀਆਂ ਹਨ ।
ਗੁਰਮੀਤ ਸਿੰਘ ਵਿਆਹਿਆ ਹੋਇਆ ਸੀ। ਉਸਦੀ ਪਤਨੀ ਗਰਭਵਤੀ ਸੀ, ਗੁਰਮੀਤ ਦੀ ਮੌਤ ਤੋਂ ਪਿੱਛੋਂ ਉਸਦੇ ਪੇਕਿਆਂ ਨੇ ਉਸਦੀ ਪਤਨੀ ਦਾ ਗਰਭਪਾਤ ਕਰਵਾ ਦਿੱਤਾ ਤੇ ਫੇਰ ਕਿਤੇ ਹੋਰ ਤੋਰ ਦਿੱਤੀ ਸੀ।
ਗੁਰਮੀਤ ਦਾ ਛੋਟਾ ਭਰਾ ਕਰਨੈਲ ਮਾਨਸਿਕ ਤੌਰ ‘ਤੇ ਅਪਾਹਜ ਹੈ । ਜਮਾਂਦਰੂ ਮੰਦਬੁੱਧੀ ਹੈ। ਗੁਰਮੀਤ ਦੀ ਮਾਤਾ ਵੀ ਘਟਨਾ ਪਿਛੋਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਬੀਮਾਰ ਰਹਿਣ ਲੱਗੀ । ਹੁਣ ਘਰ ਵਿੱਚ ਰੋਟੀ ਪਕਾਉਣ ਵਾਲਾ ਕੋਈ ਨਹੀਂ ਹੈ । ਆਰਥਿਕ ਤੌਰ ‘ਤੇ ਉਹਨਾਂ ਨੂੰ ਕੋਈ ਪਰੇਸਾਨੀ ਨਹੀਂ ਹੈ । ਮਾਤਾ ਹੈਲਥ ਮਹਿਕਮੇ ਚੋਂ ਰਿਟਾਇਰ ਹੈ । ਪੈਨਸ਼ਨ ਮਿਲਦੀ ਹੈ । ਦਸ ਕੁ ਵਿੱਘੇ ਜਮੀਨ ਹੈ ਜਿਸਦਾ ਠੇਕਾ ਮਿਲ ਜਾਂਦਾ ਹੈ । ਰੋਟੀ ਉਹਨਾਂ ਦੀ ਕਿਸੇ ਦੇ ਘਰੋਂ ਪੱਕ ਕੇ ਆਉਂਦੀ ਹੈ । ਮਹੀਨੇ ਦਾ ਖਰਚਾ ਜੋਰਾ ਸਿੰਘ ਨੇ ਬੰਨਿਆ ਹੋਇਆ ਹੈ ਜੋ ਉਹ ਐਡਵਾਂਸ ਹੀ ਦੇ ਦਿੰਦਾ ਹੈ । ਚਾਹ ਉਹ ਖੁਦ ਘਰੇ ਬਣਾ ਲੈਂਦੇ ਹਨ ।
ਧੀਆਂ ਉਹਨਾਂ ਨੂੰ ਆਪਣੇ ਘਰ ਲਿਜਾਣ ਲਈ ਕਈ ਵਾਰ ਕਹਿ ਚੁੱਕੀਆਂ ਹਨ । ” ਪਰ ਧੀ ਘਰ ਅਸੀਂ ਤਿੰਨੋ ਬੈਠੇ ਕੀ ਚੰਗੇ ਲੱਗਦੇ ਹਾਂ !” ਉਹ ਆਖਦਾ ਹੈ ।
“ਫੇਰ ਤੁਹਾਨੂੰ ਪੁਲਿਸ ਨੇ ਤੰਗ ਪਰੇਸ਼ਾਨ ਕੀਤਾ ਹੋਊ ? “ਮੈ ਪੁਛਿਆ ।
” ਨਹੀਂ, ਕੋਈ ਖਾਸ ਨਹੀਂ ।” ਉਸ ਆਖਿਆ ।
” ਪੁਲਿਸ ਦਾ ਵੱਡਾ ਅਫਸਰ ਜੋ ਮੌਕੇ ‘ਤੇ ਆਇਆ, ਮਲਬੇ ਦੀ ਫਰੋਲਾ-ਫਰੋਲੀ ਚੋਂ ਉਸਨੂੰ ਗੁਰਮੀਤ ਦੇ ਵਿਆਹ ਦੀ ਫੋਟੋ ਮਿਲ ਗਈ । ਉਸ ਫੋਟੋ ‘ਚ ਗੁਰਮੀਤ ਦਾ ਸਹੁਰਾ ਵੀ ਸੀ, ਜੋ ਪੁਲਿਸ ‘ਚ ਹੀ ਸੀ । ਉਸਨੇ ਪਹਿਚਾਣ ਲਿਆ । ਉਹ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ । ਫਿਰ ਉਸਨੇ ਸਾਨੂੰ ਬਹੁਤਾ ਤੰਗ ਨਹੀ ਕੀਤਾ ।”
” ਫਿਰ ਤੁਸੀਂ ਇਹ ਘਰ ਦੁਬਾਰਾ ਬਣਾਇਆ ?” ਮੈ ਪੁਛਿਆ ।
“ਇਹ ਤਾਂ ਲੋਕਾਂ ਨੇ ਤਿੰਨ ਦਿਨਾਂ ਵਿੱਚ ਹੀ ਬਣਾ ਦਿੱਤਾ । ਮੈਨੂੰ ਤਾਂ ਪਤਾ ਵੀ ਨਹੀਂ ਲੱਗਾ । ਸਾਰੇ ਪਿੰਡ ਨੇ ਸਾਡੀ ਬਹੁਤ ਮੱਦਦ ਕੀਤੀ । ਕੀ ਹਿੰਦੂ, ਕੀ ਸਿੱਖ ! ਹਿੰਦੂ ਪਰਿਵਾਰਾਂ ਨੇ ਮੇਰੀ ਬਹੁਤ ਮੱਦਦ ਕੀਤੀ । ਕੋਈ ਇੱਕੀ ਸੌ, ਕੋਈ ਇਕੱਤੀ ਸੌ । ਸੀਮਿੰਟ, ਸਰੀਆ…..ਕਿਸੇ ਨੇ ਕੋਈ ਪੈਸਾ ਨਹੀਂ ਲਿਆ ।”
ਉਹ ਸਾਰੀ ਗੱਲਬਾਤ ਬਹੁਤ ਹੀ ਸੁਭਾਵਿਕ ਅਤੇ ਬਿਨਾਂ ਕਿਸੇ ਤਨਾਅ ਦੇ ਕਰ ਰਿਹਾ ਸੀ । ਮੈ ਡੂੰਘੀ ਨਜ਼ਰ ਨਾਲ ਵਾਚਿਆ ਕਿ ਉਹ ਖੁਦ ਬੀਮਾਰ, ਮਾਨਸਿਕ ਅਪਾਹਜ ਬੇਟਾ ਅਤੇ ਪਤਨੀ ਵੀ ਬਿਮਾਰੀ ਦੀ ਹਾਲਤ ‘ਚ ਹੋਣ ਦੇ ਬਾਵਜੂਦ ਮਾਨਸਿਕ ਤੌਰ ‘ਤੇ ਮਜਬੂਤ ਅਤੇ ਸਥਿਰ ਸੀ । ਮੇਰੇ ਪੁਛਣ ਤੇ ਉਸ ਕਿਹਾ ਕਿ ਉਹ ਚੜਦੀ ਕਲਾ ਅਤੇ ਆਨੰਦ ‘ਚ ਹੈ |

…..ਤੇ ਫੇਰ ਮੈ ਉਸਨੂੰ ਪੁਛ ਬੈਠਾ ਕਿ ਤੁਸੀਂ ਕੋਈ ਸੁਨੇਹੇ ਦੇ ਰੂਪ ਵਿੱਚ ਕਿਸੇ ਨੂੰ ਕੁਝ ਕਹਿਣਾ ਹੈ ? ਜਾਂ ਕੋਈ ਸਿਕਵਾ ਕਿਸੇ ਪ੍ਰਤੀ ?
ਮੈ ਦੇਖਿਆ ਉਸਦੇ ਚਿਹਰੇ ਦਾ ਰੰਗ ਇੱਕਦਮ ਬਦਲ ਗਿਆ । ” ਸਿਕਵਾ ?” ਉਸਦੀ ਆਵਾਜ ਬਦਲ ਗਈ ਸੀ । ” ਮੇਰਾ ਸਿਕਵਾ ਪੰਥ ਨਾਲ ਐ ! ਮੈ ਸੁਰੂ ਤੋਂ ਅੰਮ੍ਰਿਤਧਾਰੀ ਹਾਂ । ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ । ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਲਈ ਕੰਮ ਕੀਤਾ । ਮੈ ਆਪਣਾ ਗਭਰੂ ਪੁੱਤਰ ਪੰਥ ਖਾਤਿਰ ਅਜਾਈਂ ਗਵਾ ਲਿਆ , ਕੋਈ ਵੀ ਪੰਥਕ ਲੀਡਰ ਮੇਰੇ ਘਰ ਹਾਅ ਦਾ ਨਾਅਰਾ ਮਾਰਨ ਲਈ ਨਹੀਂ ਆਇਆ ।” ਉਹ ਪਲ ਭਰ ਲਈ ਰੁਕ ਗਿਆ ।
ਮੈ ਦੇਖਿਆ ਉਸਦੀਆਂ ਅੱਖਾਂ ਨਮ ਹੋ ਗਈਆਂ ਸਨ ।
“ਤੂੰ ਹਿੰਦੂ ਹੋਣ ਦੇ ਬਾਵਜੂਦ ਮੇਰਾ ਦੁੱਖ ਸੁਣਿਆ ਹੈ ।” ਉਸ ਸਿੱਧੇ ਹੀ ਮੈਨੂੰ ਸੰਬੋਧਨ ਕਰਦਿਆਂ ਕਿਹਾ, “ਮੇਰਾ ਦੁੱਖ ਅੱਧਾ ਹੀ ਰਹਿ ਗਿਆ ਹੈ । ” ਉਹ ਫੇਰ ਥੋੜੇ ਸਮੇ ਲਈ ਚੁੱਪ ਕਰ ਗਿਆ । ਮੈ ਦੇਖਿਆ ਹੰਝੂ ਉਸਦੀਆਂ ਅੱਖਾਂ ਦੇ ਬਾਹਰ ਪਲਕਾਂ ਤੱਕ ਆ ਚੁੱਕੇ ਸਨ ।
ਉਹ ਚੁੱਪ ਸੀ ….ਮੈ ਵੀ ਚੁੱਪ ਸਾਂ । ਉਸਦਾ ਮੰਦਬੁੱਧੀ ਨੌਜਵਾਨ ਬੇਟਾ ਵੀ ਚੁਪ-ਚਾਪ ਬੈਠਾ ਸੀ | ਪਤਨੀ ਵੀ ਚੁੱਪ ਸੀ । ਇੱਕ ਗਹਿਰੀ ਚੁੱਪ ਸਾਡੇ ਉੱਪਰ ਹਾਵੀ ਹੋ ਚੁੱਕੀ ਸੀ ।

….. ਵਾਪਿਸ ਪਰਤਦਿਆਂ ਮੇਰਾ ਮਨ ਅਸਾਂਤ ਸੀ । ਲੋਕਾਂ ਦੇ ਨੌਜਵਾਨ ਪੁੱਤਰਾਂ ਦੀਆਂ ਲਾਸਾਂ ਨੂੰ ਪੌੜੀ ਬਣਾ ਸੱਤਾ ਦੇ ਸਿਖਰ ਤੱਕ ਪਹੁੰਚਣ ਵਾਲੇ ਲੀਡਰ ਮੇਰੇ ਮਨ ‘ਚ ਘੁੰਮ ਰਹੇ ਸਨ । ਕਿੰਨੇ ਹੀ ਲੋਕਾਂ ਨੇ ਏਅਰ ਕੰਡੀਸਨ ਕਮਰਿਆਂ ‘ਚ ਬੈਠ ਉਸ ਦੌਰ ਬਾਬਿਤ ਸੱਚੀਆਂ- ਝੂਠੀਆਂ ਕਿਤਾਬਾਂ ਲਿਖ ਇਨਾਮ ਹਾਸਿਲ ਕਰ ਲਏ ਸਨ । ਕਈਆਂ ਨੇ ਉਸ ਦੌਰ ਬਾਬਤ ਫਿਲਮਾਂ ਬਣਾ ਬੜਾ ਕੁਝ ਖੱਟ ਲਿਆ । ਕਈਆਂ ਨੇ ਖਾੜਕੂਆਂ ਦੀ ਮੱਦਦ ਕਰਨ ਦੇ ਨਾਮ ਤੇ ਦੇਸ-ਵਿਦੇਸ ਚੋਂ ਕਰੋੜਾਂ ਰੁਪਏ ਇੱਕਤਰ ਕਰ ਲਏ ।
ਇਹ ਲੋਕ ਐਸੋ- ਆਰਾਮ ਦਾ ਜੀਵਨ ਬਤੀਤ ਕਰ ਰਹੇ ਹਨ । ਵੱਡੀਆਂ ਕੋਠੀਆਂ ‘ਚ ਰਹਿੰਦੇ ਹਨ ਤੇ ਵੱਡੀਆਂ ਗੱਡੀਆਂ ‘ਚ ਘੁੰਮਦੇ ਹਨ ।
ਪਰ !
ਜਿਹਨਾਂ ਨੇ ਆਪਣੇ ਨੌਜਵਾਨ ਪੁੱਤਰ ਗਵਾ ਲਏ ਉਹਨਾਂ ਕੀ ਖੱਟਿਆ ?
ਮੇਰਾ ਮਨ ਪੂਰੀ ਤਰਾਂ ਉਦਾਸ ਹੋ ਗਿਆ ।
ਆਪ ਮੁਹਾਰੇ ਵਹਿਣਾਂ ‘ਚ ਰੁਝੇ ਮਨ ਕਾਰਨ ਪਤਾ ਵੀ ਨਾ ਲੱਗਾ ਕਿ ਕਦੋਂ ਘਰ ਪਹੁੰਚ ਗਿਆ ।
ਬੈਡ ਰੂਮ ‘ਚ ਪਹੁੰਚ ਮੈ ਬੱਤੀ ਆਨ ਕਰ ਲਈ ।
ਸਾਹਮਣੀ ਕੰਧ ‘ਤੇ ਟੰਗੀ ਮਹਾਨ ਦਾਰਸ਼ਨਿਕ ਬਾਬੇ ਨਾਨਕ ਦੀ ਤਸਵੀਰ ‘ਤੇ ਮੇਰੀ ਨਿਗਾ ਜਾ ਪਈ ।
ਗੌਰ ਨਾਲ ਤਸਵੀਰ ਨੂੰ ਤੱਕਿਆ ।
ਤਸਵੀਰ ਦੇ ਹੇਠਾਂ ਬਾਬੇ ਦੁਆਰਾ ਸਦੀਆਂ ਪਹਿਲਾਂ ਲਿਖੀਆਂ ਸਤਰਾਂ ਅੰਕਿਤ ਸਨ :-
” ਮਛਲੀ ਜਾਲ ਨਾ ਜਾਣਿਆ ਸਰ ਖਾਰਾ ਆਸਗਾਹੁ ।
ਅਤਿ ਸਿਆਣੀ ਸੋਹਣੀ ਕਿਉਂ ਕਿਤੇ ਵਿਸਾਹੁ।।

ਤਸਵੀਰ ਪੂਰੀ ਤਰਾਂ ਸਾਫ਼ ਹੋਣ ਦੇ ਬਾਵਜੂਦ ਮੇਰਾ ਮਨ ਕੀਤਾ ਕਿ ਮੈਂ ਇਸ ਨੂੰ ਹੋਰ ਸਾਫ਼ ਕਰਾਂ । ਕੰਧ ਉੱਤੋਂ ਤਸਵੀਰ ਉਤਾਰ, ਕੱਪ ਬੋਰਡ ਚੋਂ ਸਾਫ਼ ਕੱਪੜਾ ਕੱਢ ਪੋਲੇ ਪੋਲੇ ਹੱਥਾਂ ਨਾਲ ਚੰਗੀ ਤਰਾਂ ਸਾਫ਼ ਕਰ ਮੈ ਇਹ ਦੁਬਾਰਾ ਤੋਂ ਕੰਧ ਉੱਤੇ ਟੰਗ ਦਿੱਤੀ |

ਹਰਜੀਤ ‘ ਕਾਤਿਲ ‘ ਸ਼ੇਰਪੁਰ
9680795479.

Share Button

Leave a Reply

Your email address will not be published. Required fields are marked *

%d bloggers like this: