ਕਾਲਜਾਂ ‘ਚ ਐਡਹਾਕ ਭਰਤੀ ‘ਤੇ ਰੋਕ : ਪੱਕੇ ਲੈਕਚਰਾਰ ਹੀ ਭਰਤੀ ਕੀਤੇ ਜਾਣਗੇ

ਕਾਲਜਾਂ ‘ਚ ਐਡਹਾਕ ਭਰਤੀ ‘ਤੇ ਰੋਕ : ਪੱਕੇ ਲੈਕਚਰਾਰ ਹੀ ਭਰਤੀ ਕੀਤੇ ਜਾਣਗੇ

ਚੰਡੀਗੜ੍ਹ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦੀ ਐਡਹਾਕ ਅਤੇ ਕੰਟਰੈਕਟ ਭਰਤੀ ’ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਯੂਜੀਸੀ ਵੱਲੋਂ ਕਰਵਾਏ ਸਰਵੇਖਣ ਵਿੱਚ ਉਚੇਰੀ ਸਿੱਖਿਆ ਦੇ ਡਿੱਗ ਰਹੇ ਮਿਆਰ ਲਈ ਰੈਗੂਲਰ ਅਧਿਆਪਕਾਂ ਦੀ ਘਾਟ ਸਿਰ ਭਾਂਡਾ ਭੰਨ੍ਹਿਆ ਗਿਆ ਹੈ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਦੇ ਅਧਿਕਾਰੀਆਂ ਦੀ ਹੋਈ ਇੱਕ ਅਹਿਮ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ਦੌਰਾਨ ਅਧਿਆਪਕਾਂ ਦੀ ਤਰੱਕੀ ਲਈ ਏਪੀਆਈ ਸਕੋਰ ਦਾ ਬਦਲ ਲੱਭਣ ’ਤੇ ਵੀ ਸਹਿਮਤੀ ਬਣੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਪ੍ਰਧਾਨਗੀ ਵਿੱਚ ਨਵੀਂ ਦਿੱਲੀ ਵਿੱਚ ਹੋਈ ਇਸ ਮੀਟਿੰਗ ਵਿੱਚ ਅਧਿਆਪਕ ਆਗੂ ਤੇ ਐਸਡੀ ਕਾਲਜ ਸੈਕਟਰ 32 ਦੇ ਕਾਮਰਸ ਵਿਭਾਗ ਦੇ ਮੁਖੀ ਡਾ. ਜਗਵੰਤ ਸਿੰਘ ਵੀ ਹਾਜ਼ਰ ਸਨ।
ਯੂਜੀਸੀ ਦੀਆਂ ਹਦਾਇਤਾਂ ਮੁਤਾਬਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਸ ਫ਼ੀਸਦੀ ਤੋਂ ਵੱਧ ਐਡਹਾਕ ਭਰਤੀ ਦੀ ਆਗਿਆ ਨਹੀਂ ਹੈ, ਪਰ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਰੈਗੂਲਰ ਅਧਿਆਪਕਾਂ ਦੀ ਗਿਣਤੀ 30 ਫੀਸਦ ਵੀ ਨਹੀਂ ਹੈ। ਪੰਜਾਬ ਵਿੱਚ 1996 ’ਚ ਰੈਗੂਲਰ ਭਰਤੀ ’ਤੇ ਰੋਕ ਲਾ ਦਿੱਤੀ ਗਈ ਸੀ। ਇਸ ਕਰ ਕੇ ਐਡਹਾਕ, ਕੰਟਰੈਕਟ ਅਤੇ ਗੈਸਟ ਫੈਕਲਟੀ ਦੇ ਸਿਰ ’ਤੇ ਉੱਚ ਵਿਦਿਅਕ ਅਦਾਰਿਆਂ ਦਾ ਕੰਮ ਰੁੜ੍ਹ ਰਿਹਾ ਹੈ। ਯੂਜੀਸੀ ਵੱਲੋਂ ਉਚੇਰੀ ਸਿੱਖਿਆ ਬਾਰੇ ਗਠਿਤ ਚੌਹਾਨ ਕਮੇਟੀ ਨੇ ਵੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕੰਟਰੈਕਟ ਸਿਸਟਮ ਬੰਦ ਕਰਨ ਦੀ ਨਸੀਹਤ ਦਿੱਤੀ ਹੈ। ਸਭ ਤੋਂ ਪਹਿਲਾਂ ਇਹ ਸਿਸਟਮ ਦਿੱਲੀ ਯੂਨੀਵਰਸਿਟੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਸਾਲ 2006 ਵਿੱਚ ਕੰਟਰੈਕਟ ਸਿਸਟਮ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
ਮੀਟਿੰਗ ਵਿੱਚ ਉਚੇਰੀ ਸਿੱਖਿਆ ਨਾਲ ਜੁੜੇ ਇੱਕ ਹੋਰ ਅਹਿਮ ਮਸਲੇ ’ਤੇ ਵੀ ਸਹਿਮਤੀ ਬਣੀ ਹੈ। ਅਧਿਆਪਕਾਂ ਦੀ ਤਰੱਕੀ ਲਈ ਲਾਗੂ ਏਪੀਆਈ ਸਕੋਰ (ਅਕੈਡਮਿਕ ਪ੍ਰਫਾਰਮੈਂਸ ਇੰਡੀਕੇਟਰ) ਨੂੰ ਖ਼ਤਮ ਕਰ ਕੇ ਇਸ ਦਾ ਬਦਲ ਲੱਭਣ ਲਈ ਸੁਝਾਅ ਦੇਣ ਲਈ ਕਿਹਾ ਗਿਆ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਲਈ ਤਰੱਕੀ ਵਾਸਤੇ ਏਪੀਆਈ ਸਕੋਰ ਦੇ ਚਾਰ ਸੌ ਅੰਕ ਪੂਰੇ ਕਰਨ ਦੀ ਸ਼ਰਤ ਲਾਈ ਗਈ ਹੈ। ਏਪੀਆਈ ਸਕੋਰ ਦਾ ਸਿਸਟਮ ਇੰਨਾ ਗੁੰਝਲਦਾਰ ਹੈ ਕਿ ਇਹ ਕਾਲਜ ਅਧਿਆਪਕਾਂ ਲਈ ਪੂਰਾ ਕਰਨ ਲਗਪਗ ਅਸੰਭਵ ਹੈ। ਏਪੀਆਈ ਸਕੋਰ ਪੂਰੇ ਕਰਨ ਲਈ ਕਾਲਜਾਂ ਵਿੱਚ ਸਹੂਲਤਾਂ ਉਪਲੱਬਧ ਨਾ ਕਰਾਏ ਜਾਣ ਕਾਰਨ ਇਸ ਦਾ ਵਿਰੋਧ ਹੋ ਰਿਹਾ ਸੀ ਅਤੇ ਇਸ ਨੂੰ ਬੰਦ ਕਰਨ ਦੀ ਮੰਗ ਜ਼ੋਰ ਫੜ ਰਹੀ ਸੀ। ਉਂਜ ਇਸ ਨੂੰ ਬਦਲਵੇਂ ਰੂਪ ਵਿੱਚ ਲਾਗੂ ਕਰਨ ’ਤੇ ਸਹਿਮਤੀ ਬਣ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: