ਕਾਮਾਗਾਟਾਮਾਰੂ ਲਈ ਮੁਆਫੀ ਮੰਗਣ ‘ਤੇ ਬਾਦਲ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਤੇ ਸ਼ਲਾਘਾ

ss1

ਕਾਮਾਗਾਟਾਮਾਰੂ ਲਈ ਮੁਆਫੀ ਮੰਗਣ ‘ਤੇ ਬਾਦਲ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਤੇ ਸ਼ਲਾਘਾ

ਚੰਡੀਗੜ੍ਹ, 19 ਮਈ (ਪ੍ਰਿੰਸ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਵੱਲੋਂ ਦੁਖਦਾਇਕ ਕਾਮਾਗਾਟਾਮਾਰੂ ਘਟਨਾ ਲਈ ਸਰਕਾਰੀ ਤੌਰ ‘ਤੇ ਮੁਆਫੀ ਮੰਗਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਹੀ ਮਾਅਨਿਆਂ ਵਿੱਚ ਸਿਆਸੀ ਸੂਝ-ਬੂਝ ਅਤੇ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਡੂੰਘੇ ਸਰੋਕਾਰਾਂ ਦਾ ਇਜ਼ਹਾਰ ਕੀਤਾ ਹੈ।
ਸ. ਬਾਦਲ ਨੇ ਉਮੀਦ ਜ਼ਾਹਰ ਕੀਤੀ ਆਲਮੀ ਪੱਧਰ ‘ਤੇ ਨੇਤਾਵਾਂ ਅਤੇ ਸਰਕਾਰਾਂ ਵੀ ਸ੍ਰੀ ਟਰੂਡੋ ਵੱਲੋਂ ਪਾਈ ਨਿਵੇਕਲੀ ਪਿਰਤ ਨੂੰ ਅਪਣਾ ਕੇ ਬੀਤੇ ਵਿੱਚ ਹੋਏ ਪਾਪ ਤੇ ਜ਼ੁਲਮਾਂ ਲਈ ਮੁਆਫੀ ਮੰਗ ਕੇ ਇਤਿਹਾਸ ਨਾਲ ਹੋਏ ਖਿਲਵਾੜ ਨੂੰ ਮਿਟਾਉਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕਾਇਮ ਕੀਤੀ ਵਿਲੱਖਣ ਮਿਸਾਲ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨਗੇ। ਸ. ਬਾਦਲ ਨੇ ਕਿਹਾ ਕਿ ਇਤਿਹਾਸ ਨਾ ਹੀ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਭੁੱਲਿਆ ਜਾ ਸਕਦਾ ਹੈ ਪਰ ਯਕੀਨਨ ਤੌਰ ‘ਤੇ ਇਤਿਹਾਸ ਤੋਂ ਉਪਰ ਉਠ ਕੇ ਅੱਗੇ ਵਧਣ ਦੀ ਲੋੜ ਹੈ। ਪੰਜਾਬ ਵਿੱਚ ਸਾਲ 1984 ਵਿੱਚ ਵਾਪਰਿਆ ਦੁਖਾਂਤ ਵੀ ਇਤਿਹਾਸ ਵਿੱਚ ਇਕ ਇਹੋ ਜਿਹੀ ਮਿਸਾਲ ਹੈ ਜੋ ਅਜਿਹੀ ਹੀ ਭਾਵਨਾ ਦੀ ਮੰਗ ਕਰਦਾ ਹੈ।
ਸ੍ਰੀ ਟਰੂਡੋ ਦੇ ਇਸ ਕਦਮ ਪ੍ਰਤੀ ਤਹਿ ਦਿਲੋਂ ਹੁੰਗਾਰਾ ਭਰਦਿਆਂ ਸ. ਬਾਦਲ ਨੇ ਕਿਹਾ,”ਤੁਹਾਡਾ ਇਹ ਵਿਲੱਖਣ ਕਦਮ ਬਹੁਤ ਹੀ ਬੇਚੈਨ ਵਿਰਸੇ ਦੀਆਂ ਕੌੜੀਆਂ ਯਾਦਾਂ ਨੂੰ ਮਿਟਾ ਦੇਵੇਗਾ। ਬੀਤੇ ਵਿੱਚ ਹੋਈ ਇਤਿਹਾਸਕ ਤੇ ਵੱਡੀ ਭੁੱਲ ਬਖਸ਼ਾਉਣ ਸਦਕਾ ਤੁਹਾਡੇ ਵੱਲੋਂ ਚੁੱਕਿਆ ਇਹ ਕਦਮ ਨਾ ਸਿਰਫ ਸਲਾਹੁਣਯੋਗ ਹੈ ਸਗੋਂ ਇਹ ਕੌਮਾਂਤਰੀ ਭਾਈਚਾਰੇ ਵਿੱਚ ਸ਼ਹਿਣਸ਼ੀਲਤਾ, ਨਿਰਪੱਖਤਾ, ਜਮਹੂਰੀ ਅਤੇ ਬਹੁ-ਸੱਭਿਆਚਾਰ ਵਜੋਂ ਪਹਿਲਾਂ ਹੀ ਬਹੁਤ ਉੱਚਾ ਦਰਜਾ ਰੱਖਦੇ ਤੁਹਾਡੇ ਮੁਲਕ ਦੇ ਰੁਤਬੇ ਵਿੱਚ ਅਨੰਤ ਵਾਧਾ ਕਰੇਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ, ਫੈਡਰਲ ਸਰਕਾਰ ਅਤੇ ਕੈਨੇਡਾ ਵਾਸੀਆਂ ਵੱਲੋਂ ਦਿਖਾਈ ਦੂਰ-ਦ੍ਰਿਸ਼ਟੀ ਅਤੇ ਫਰਾਖ਼ਦਿਲੀ ਲਈ ਧੰਨਵਾਦ ਤੇ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ,”ਮੇਰਾ ਹਮੇਸ਼ਾ ਇਹ ਮੰਨਣਾ ਸੀ ਕਿ ਇਤਿਹਾਸ ਦਾ ਇਹ ਦੁਖਦਾਇਕ ਅਧਿਆਏ ਨਾ ਸਿਰਫ ਭਾਰਤੀਆਂ, ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਰਹੇਗਾ ਸਗੋਂ ਤੁਹਾਡੇ ਮਹਾਨ ਮੁਲਕ ਦੇ ਗੌਰਵਮਈ ਨਾਮ ਅਤੇ ਅਕਸ ‘ਤੇ ਅਣ-ਉਚਿਤ ਤੇ ਗੈਰ-ਵਾਜਬ ਧੱਬਾ ਲੱਗਾ ਰਹੇਗਾ। ਮੈਨੂੰ ਯਕੀਨ ਹੈ ਕਿ ਜਦੋਂ ਤੁਸੀਂ ਅੱਜ ਸੰਸਦ ਵਿੱਚ ਖੜ੍ਹੇ ਹੋ ਕੇ ਰਹਿਮਦਿਲੀ, ਅਫਸੋਸ ਤੇ ਮੁਆਫੀ ਲਈ ਸ਼ਬਦ ਜ਼ਾਹਰ ਕੀਤੇ ਤਾਂ ਤੁਸੀਂ ਕੈਨੇਡਾ ਦੇ ਸੱਚੇ-ਸੁੱਚੇ ਚਰਿੱਤਰ ਤੇ ਜਜ਼ਬੇ ਦੀ ਪੂਰਨ ਤੌਰ ‘ਤੇ ਨੁਮਾਇੰਦਗੀ ਕੀਤੀ। ਇਸ ਲਈ ਤੁਸੀਂ ਸਾਡੇ ਦਿਲੀ ਧੰਨਵਾਦ ਤੇ ਵਡਿਆਈ ਦੇ ਹੱਕਦਾਰ ਹੋ।”

Share Button

Leave a Reply

Your email address will not be published. Required fields are marked *