ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਕਾਮਯਾਬੀ ਦੀਆਂ ਸਿਖਰਾਂ ਵੱਲ ਵੱਧ ਰਿਹਾ ‘ਰਿਪਨ ਬੰਗਾ’

ਕਾਮਯਾਬੀ ਦੀਆਂ ਸਿਖਰਾਂ ਵੱਲ ਵੱਧ ਰਿਹਾ ‘ਰਿਪਨ ਬੰਗਾ’

ਸੰਗੀਤ ਨੂੰ ਅਥਾਹ ਪਿਆਰ ਕਰਨ ਵਾਲਾ ਰਿਪਨ ਬੰਗਾ ਸੰਗੀਤ ਨੂੰ ਕੁਦਰਤ ਦੀ ਦੇਣ ਅਤੇ ਰੂਹ ਦੀ ਖੁਰਾਕ ਮੰਨਦਾ ਹੋਇਆ ਆਪਣੀ ਕਲਾ ਨੂੰ ਪੂਰਨ ਤੌਰ ‘ਤੇ ਸਮਰਪਿਤ ਹੈ। ਪਿੰਡ ਘੁੰਮਣ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦਾ ਜੰਮਪਲ ਰਿਪਨ ਬੰਗਾ ਪਿਤਾ ਸੁਖਵਿੰਦਰ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦੀ ਗੋਦ ਦਾ ਨਿੱਘ ਮਾਣਦਾ ਜਵਾਨ ਹੋਇਆ। ਆਪਣੇ ਗਾਇਕੀ ਦੇ ਸ਼ੌਂਕ ਸੰਬੰਧੀ ਉਸਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਗਾਉਣ ਦਾ ਸ਼ੌਂਕ ਸੀ। ਰਸਮੀ ਤੌਰ ‘ਤੇ ਤਾਂ ਭਾਵੇਂ ਉਸਨੇ ਕੋਈ ਉਸਤਾਦ ਨਹੀਂ ਧਾਰਿਆ, ਪਰ ਉਹ ਆਪਣੇ ਜੀਜਾ ‘ਦਿਲਰਾਜ’ ਨੂੰ ਆਪਣਾ ਗੁਰੂ ਮੰਨਦਾ, ਜਿਨਾਂ ਕੋਲੋਂ ਉਸ ਨੇ ਗਾਇਕੀ ਦੀਆਂ ਗੁੱਝੀਆਂ ਰਮਜ਼ਾਂ ਨੂੰ ਸਿੱਖਿਆ।
ਜੇ ਰਿਪਨ ਦੇ ਗੀਤਾਂ ਦੀ ਗੱਲ ਕਰੀਏ ਤਾਂ ਭਾਵੇਂ ਉਸਦੇ ਜ਼ਿਆਦਾ ਗੀਤ ਅਜੇ ਮਾਰਕਿਟ ਵਿੱਚ ਨਹੀਂ ਆਏ, ਪਰ ਉਹ ਘੱਟ ਗਾ ਕੇ ਹੀ ਸਰੋਤਿਆਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ। ਉਸਦਾ ਪਹਿਲਾ ਗੀਤ ‘ਜਿਥੇ ਛੱਡ ਗਈ ਸੀ’ ਰਿਲੀਜ਼ ਹੋਇਆ। ਇਸ ਮਗਰੋਂ ਧਾਰਮਿਕ ਗੀਤ ‘ਮੁਰਾਦਾਂ’, ‘ਜਗਰਾਤੇ ਵਾਲੀ ਰਾਤ’ ਅਤੇ ਸਿੰਗਲ ਟਰੈਕ ‘ਇਕ ਤਰਫ਼ਾ ਪਿਆਰ’ ਵੀ ਚਰਚਿਤ ਹੋਏ। ਲੱਚਰ ਅਤੇ ਅਸ਼ਲੀਲ ਗਾਇਕੀ ਤੋਂ ਪਰਾਂ ਰਹਿ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਰਿਪਨ ਹਾਲ ਹੀ ਵਿੱਚ ਨਵੇਂ ਗੀਤ ‘ਮੈਨੂੰ ਸਾਰੀ ਦੁਨੀਆ ਤੋਂ ਚੰਗੀ ਮੇਰੀ ਮਾਂ ਲੱਗਦੀ ਏ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਇਆ। ਇਸ ਗੀਤ ਨੂੰ ਸਰੋਤਿਆਂ ਮਣਾਂਮੂੰਹੀ ਪਿਆਰ ਵੀ ਦਿੱਤੈ। ਜਿੰਨੇ ਸਾਫ਼-ਸੁਥਰੇ ਅਲਫਾਜ਼ਾਂ ਨਾਲ ਗੀਤਕਾਰ ‘ਸਿੱਧੂ ਸਿੱਧਵਾਂ ਵਾਲੇ’ ਨੇ ਇਸ ਗੀਤ ਨੂੰ ਕਲਮਬੱਧ ਕੀਤਾ, ਓਨੀ ਮਿਹਨਤ ਨਾਲ ‘ਜੱਸੀ ਬ੍ਰਦਰਜ਼’ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ। ਉਸਨੇ ਹੋਰ ਦੱਸਿਆ ਕਿ ‘ਮੇਰੀ ਮਾਂ’ ਗੀਤ ਗਾ ਕੇ ਰੂਹ ਨੂੰ ਬਹੁਤ ਸਕੂਨ ਮਿਲਿਐ ਅਤੇ ਇਸ ਗੀਤ ਜ਼ਰੀਏ ਉਸਨੇ ਸਮਾਜ ਵਿੱਚ ਮਾਂ ਦੀ ਅਹਿਮੀਅਤ ਨੂੰ ਬਿਆਨ ਕੀਤਾ।
ਪੰਜਾਬੀ ਗਾਇਕੀ ਦੇ ਅਜੋਕੇ ਦੌਰ ਵਿੱਚ ਲੜਾਈ-ਝਗੜੇ, ਨਸ਼ੇ, ਮਹਿੰਗੇ-ਮਹਿੰਗੇ ਪਹਿਰਾਵੇ, ਬਰਾਂਡ ਤੇ ਹਥਿਆਰਾਂ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਉਸਦੀ ਸੋਚ ਹੈ ਕਿ ਉਹ ਹਮੇਸ਼ਾਂ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੀਆਂ ਬਾਤਾਂ ਪਾਉਂਦੇ ਵਿਸ਼ਿਆਂ ਨੂੰ ਹੀ ਤਰਜੀਹ ਦੇਵੇਗਾ। ਉਹ ਦੋ ਪੈਰ ਘੱਟ, ਪਰ ਮੜਕ ਨਾਲ ਤੁਰਨ ਦਾ ਚਾਹਵਾਨ ਹੈ। ਗਾਇਕੀ ਦੇ ਇਸ ਖੇਤਰ ਵਿੱਚ ਉਹ ਗਾਇਕ ‘ਮਨੀ ਮਾਨ’ ਦਾ ਅਹਿਮ ਯੋਗਦਾਨ ਮੰਨਦੈ, ਜਿਸਦੇ ਸਹਿਯੋਗ ਸਦਕਾ ਉਹ ਕਾਮਯਾਬੀ ਦੀਆਂ ਬਰੂਹਾਂ ਵੱਲ ਵੱਧ ਰਿਹੈ। ਦੁਆ ਕਿ ਰਿਪਨ ਬੰਗਾ ਸੰਗੀਤ ਦੇ ਖੇਤਰ ਵਿੱਚ ਹੋਰ ਉੱਚੀਆਂ ਬੁਲੰਦੀਆਂ ਛੂੰਹੇ।

ਹਨੀ ਸੋਢੀ
ਪਿੰਡ- ਕੋਟ ਸਦੀਕ, ਜਲੰਧਰ
9815619248

Leave a Reply

Your email address will not be published. Required fields are marked *

%d bloggers like this: