Wed. Apr 24th, 2019

ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਦੇ ਇਸਤੇਮਾਲ ਖਿਲਾਫ ਸਮਾਗਮ

ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਦੇ ਇਸਤੇਮਾਲ ਖਿਲਾਫ ਸਮਾਗਮ
ਜ਼ਿਲ੍ਹਾ ਜੱਜ ਨੇ ਭਾਗ ਲੈਣ ਵਾਲਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਚੁਕਾਈ ਸਹੁੰ
ਸਾਰੇ ਸਰਕਾਰੀ ਵਿਭਾਗ ਨਸ਼ਿਆਂ ਖਿਲਾਫ ਹੋਏ ਇੱਕਜੁਟ

ਬਠਿੰਡਾ, 27 ਮਈ (ਪਰਵਿੰਦਰਜੀਤ ਸਿੰਘ): ਨਸ਼ਿਆਂ ਦੀ ਲਾਹਣਤ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ, ਸ. ਪਰਮਜੀਤ ਸਿੰਘ ਨੇ ਅੱਜ ਸਥਾਨਕ ਜੌਗਰਜ਼ ਪਾਰਕ ਵਿਖੇ ਇੱਕ ਸਮਾਗਮ ਕਰਵਾਇਆ ਜਿਸ ਵਿੱਚ ਸਾਰੇ ਨਿਆਂਇਕ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਬਸੰਤ ਗਰਗ, ਆਈ ਜੀ ਪੁਲਿਸ ਡਾ. ਜਤਿੰਦਰ ਜੈਨ, ਡੀ ਆਈ ਜੀ ਸ. ਰਣਬੀਰ ਸਿੰਘ ਖੱਟੜਾ ਅਤੇ ਜ਼ਿਲ੍ਹੇ ਦੇ ਵੱਖੋ ਵੱਖ ਵਿਭਾਗਾਂ ਤੋਂ ਲੱਗਭਗ 700 ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਜੀਤ ਸਿੰਘ ਅਤੇ ਡਾ. ਜਤਿੰਦਰ ਜੈਨ ਨੇ ‘ਰਨ ਅਗੇਂਸਟ ਡਰੱਗਜ਼-ਸੇ ਨੋ ਟੂ ਡਰੱਗਜ਼’ ਨਾਂ ਦੇ ਇੱਕ ਨਸ਼ਾ ਵਿਰੋਧੀ ਮਾਰਚ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਆਈ ਜੀ ਡਾ. ਜਤਿੰਦਰ ਜੈਨ ਦੁਆਰਾ ਤਿਆਰ ਇੱਕ ਦਸਤਾਵੇਜੀ ਫਿਲਮ ਵੀ ਭਾਗ ਲੈਣ ਵਾਲਿਆਂ ਨੂੰ ਵਿਖਾਈ ਗਈ।
ਇਸ ਮੌਕੇ ਧੰਨਵਾਦ ਦੇ ਮਤੇ ’ਤੇ ਬੋਲਦਿਆਂ ਸ. ਪਰਮਜੀਤ ਸਿੰਘ ਨੇ ਨਸ਼ਿਆਂ ਵਿਰੋਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪ੍ਰਤੀਭਾਗੀਆਂ ਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਮੌਕੇ ਸਾਰੇ ਪ੍ਰਤੀਭਾਗੀਆਂ ਨੂੰ ਸਹੰੁ ਚੁਕਾਈ ਕਿ ਉਹ ਆਪਣੇ ਜੀਵਨ ਵਿੱਚ ਨਸ਼ੇ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਹੋਰ ਨੂੰ ਨਸ਼ਾ ਕਰਨ ਦੇਣਗੇ।
ਡਾ. ਜਤਿੰਦਰ ਜੈਨ ਨੇ ਇਸ ਮੌਕੇ ਨੌਜਵਾਨ ਨਸਲ ਨੂੰ ਨਸ਼ਿਆਂ ਦੇ ਮੱਕੜ ਜਾਲ ਵਿੱਚ ਨਾ ਫਸਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਹਾਲਾਂਕਿ ਸਮਾਜ ਵਿੱਚ ਕੁਰੀਤੀਆਂ ਨੂੰ ਫੈਲਣ ਤੋਂ ਰੋਕਣ ਦੀ ਜ਼ਿੰਮੇਵਾਰੀ ਪੁਲੀਸ ਦੀ ਹੈ ਪਰ ਇਹ ਫਰਜ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਭਰਵੇਂ ਸਹਿਯੋਗ ਤੋਂ ਬਿਨਾਂ ਨਹੀਂ ਨਿਭਾਇਆ ਜਾ ਸਕਦਾ। ਡਿਪਟੀ ਕਮਿਸ਼ਨਰ ਸ੍ਰੀ ਬਸੰਤ ਗਰਗ ਨੇ ਇਸ ਮੌਕੇ ਅਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਜੋ ਇਸ ਲਾਹਣਤ ਨੂੰ ਸਮਾਜ ਵਿੱਚੋਂ ਖਤਮ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਨਸ਼ਿਆਂ ਦੇ ਦੁਰ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾ ਸਕੇ।
ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅਮੀਤਾ ਸਿੰਘ ਨੇ ਸਰਕਾਰ ਦੇ ਸਮੂਹ ਵਿਭਾਗਾਂ ਨੂੰ ਨਸ਼ਾ ਰੂਪੀ ਸਮਾਜਿਕ ਕੁਰੀਤੀ ਨਾਲ ਖਿਲਾਫ ਇੱਕਜੁਟ ਹੋ ਕੇ ਡਟਣ ਦਾ ਸੱਦਾ ਦਿੱਤਾ। ੁਨ੍ਹਾਂ ਕਿਹਾ ਕਿ ਨਿਆਂਪਾਲਿਕਾ ਦਾ ਮਕਸਦ ਸਿਰਫ਼ ਫੈਸਲੇ ਸੁਣਾਉਣਾ ਅਤੇ ਕੇਸ ਨਿਪਟਾਉਣਾ ਹੀ ਨਹੀਂ ਸਗੋਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਵੀ ਹੈ, ਜਿਨ੍ਹਾਂ ਵਿੱਚੋਂ ਨਸ਼ਾਖੋਰੀ ਸਭ ਤੋਂ ਭਿਅੰਕਰ ਕੁਰੀਤੀ ਹੈ।
ਇਸ ਸਮਾਗਮ ਮੌਕੇ ਸਮੂਹ ਨਿਆਂਇੱਕ ਅਧਿਕਾਰੀਆਂ, ਕਾਰਜਪਾਲਿਕਾ ਅਤੇ ਪੁਲੀਸ ਵਿਭਾਗ ਦੇ ਅਫ਼ਸਰਾਂ ਨੇ ਇੱਕ ਸਾਂਝੇ ਮੰਚ ’ਤੇ ਆ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਇਸ ਬੁਰਾਈ ਦੀ ਸਮਾਜ ਵਿੱਚੋਂ ਜੜ੍ਹ ਵੱਢੀ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: