ਕਾਦਰ ਅਤੇ ਕੁਦਰਤ

ss1

ਕਾਦਰ ਅਤੇ ਕੁਦਰਤ

ਪ੍ਰਮਾਤਮਾ ਵੱਲੋਂ ਜਦੋਂ ਇਹ ਸੰਸਾਰ ਸਾਜਿਆ ਹੋਵੇਗਾ ਤਾਂ ਉਨ੍ਹਾਂ ਨੇ ਇਸ ਨੂੰ ਖੁਬਸੂਰਤ ਬਣਾਉਣ ਲਈ ਉਵੇਂ ਹੀ ਯਤਨ ਕੀਤਾ ਹੋਵੇਗਾ ਜਿਵੇਂ ਕਿ ਕੋਈ ਚਿੱਤਰਕਾਰ ਕਿਸੇ ਤਸਵੀਰ ਨੂੰ ਬਣਾਉਣ ਲਈ ਵੱਖ-ਵੱਖ ਰੰਗਾਂ,ਢੰਗਾਂ ਅਤੇ ਆਪਣੀ ਕਲਾਕਾਰੀ ਦੇ ਗੁਣ ਨੂੰ ਬਾਖੂਬੀ ਵਰਤਦਾ ਹੈ।ਹਰ ਕਵੀ,ਫਿਲਾਸਫਰ ਅਤੇ ਧਾਰਮਿਕ ਪੈਗੰਬਰਾਂ ਨੇ ਵੀ ਕੁਦਰਤ ਦੀ ਖੁਬਸੂਰਤੀ ਅਤੇ ਗੁਣਾਂ ਨੂੰ ਬਿਆਨ ਕੀਤਾ ਹੈ।ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਕਿਹਾ ਹੈ ਕਿ, “ਕੁਦਰਤ ਦੀ ਮਹਿਮਾ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ,ਜੇਕਰ ਅਸੀਂ ਕਰਨਾ ਵੀ ਚਾਹੀਏ ਤਾਂ ,ਵਾਲ ਜਿੰਨੀ ਵੀ ਨਹੀਂ ਕਰ ਸਕਦੇ।ਉਨ੍ਹਾਂ ਨੇ ਧਰਤੀ ਨੂੰ ਮਾਤਾ ਦੇ ਬਰਾਬਰ ਮਹਤੱਤਾ ਦਿੱਤੀ ਅਤੇ ਪਾਣੀ ਨੂੰ ਪਿਤਾ ਦੇ”।ਜਿਵੇਂ ਮਾਤਾ ਪਿਤਾ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਇਵੇਂ ਹੀ ਧਰਤੀ ਵੀ ਸਾਨੂੰ ਪਾਲਦੀ ਹੈ।

ਜੇਕਰ ਸਾਡੇ ਗੁਰੂ ਸਾਹਿਬ ਕੁਦਰਤ ਦੀ ਇੰਨੀ ਕਦਰ ਦਰਸਾਉਂਦੇ ਹਨ ਤਾਂ ਅੱਜ ਸਾਨੂੰ ਵੀ ਇਸ ਗੱਲ ਨੂੰ ਸਮਝਣ ਦੀ ਜਰੂਰਤ ਹੈ ਕਿ ਅਸੀਂ ਉਨ੍ਹਾਂ ਦੇ ਉਪਦੇਸ਼ ਨੂੰ ਸਮਝੀਏ ਅਤੇ ਕੁਦਰਤ ਪ੍ਰਤੀ ਆਪਣਾ ਫਰਜ ਅਦਾ ਕਰੀਏ।ਕੁਦਰਤ ਤੋਂ ਹੀ ਕਾਦਰ ਤੱਕ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ।ਇਸ ਦੁਨੀਆ ਵਿਚ ਸੇਵਾ ਕਰਕੇ ਹੀ ਦਰਗਾਹ ਦੇ ਰਸਤੇ ਖੁੱਲ੍ਹਦੇ ਹਨ।ਗੁਰਬਾਣੀ ਦੇ ਉਪਦੇਸ਼ ਪੜ੍ਹਨ ਤੋਂ ਉਪਰੋਕਤ ਗੱਲਾਂ ਨੂੰ ਸਮਝਿਆ ਜਾ ਸਕਦਾ ਹੈ।ਪ੍ਰਮਾਤਮਾ ਦੀ ਅਸਲ ਆਰਤੀ ਤਾਂ ਕੁਦਰਤ ਹੀ ਕਰਦੀ ਹੈ।ਜੇਕਰ ਅਸੀਂ ਕੁਦਰਤ ਦੀ ਸੇਵਾ ਕਰਦੇ ਹਾਂ ਤਾਂ ਪ੍ਰਮਾਤਮਾ ਵੀ ਸਾਡੇ ਤੇ ਖੁਸ਼ ਹੁੰਦਾ ਹੈ।
ਅੱਜ ਵਾਤਾਵਰਨ ਦਿਵਸ ਤੇ ਜਰੂਰਤ ਹੈ ਕਿ ਅਸੀਂ ਇਸ ਬਾਰੇ ਜਾਗਰੂਕ ਹੋਈਏ ਅਤੇ ਦੂਸਰਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਈਏ।ਕਿਉਂਕਿ ਵਾਤਾਵਰਨ ਨੂੰ ਸਵੱਛ ਰੱਖਣਾ ਥੋੜ੍ਹੇ ਜਿਹੇ ਵਿਅਕਤੀਆਂ ਦਾ ਕਾਰਜ ਨਹੀਂ ਹੈ।ਇਸ ਲਈ ਤਾਂ ਸਾਰਿਆਂ ਦੇ ਸਹਿਯੋਗ ਦੀ ਜਰੂਰਤ ਹੈ।ਜੇਕਰ ਕੁਝ ਵਿਅਕਤੀ ਤਾਂ ਇਸ ਬਾਰੇ ਕੰਮ ਕਰਦੇ ਰਹਿਣਗੇ ਪਰ ਦੂਸਰੇ ਵਿਅਕਤੀ ਇਸ ਬਾਰੇ ਸੁਚੇਤ ਨਹੀਂ ਹੋਣਗੇ ਤਾਂ ਵੀ ਅਸੀਂ ਇਸ ਕਾਰਜ ਨੂੰ ਕਰਨ ਵਿਚ ,ਕਦੇ ਸਫਲ ਨਹੀਂ ਹੋਵਾਂਗੇ।ਕਿਉਂਕਿ ਇਸ ਦਾ ਜਿੰਮੇਵਾਰ ਕੋਈ ਵੀ ਹੋਵੇ,ਪਰ ਇਸਦਾ ਨਤੀਜਾ ਹਰ ਇਕ ਨੂੰ ਭੁਗਤਣਾ ਪੈਂਦਾ ਹੈ।ਇਸੇ ਗੱਲ ਨੂੰ ਮੁੱਖ ਰੱਖ ਕੇ ਕੁਦਰਤੀ ਵਾਤਾਵਰਨ ਨੂੰ ਬਚਾਉਣ ਲਈ ਹੀ ਸੰਯੁਕਤ ਰਾਸ਼ਟਰ ਨੇ ਵਾਤਾਵਰਨ ਨੂੰ ਸਮਰਪਿਤ ਅਜਿਹੇ ਦਿਨ ਨੂੰ ਮਨਾਉਣ ਦਾ ਨਿਰਣਾ ਕੀਤਾ ,ਜਿਸ ਦਿਨ ਵਾਤਾਵਰਨ ਦੀ ਮਹਤੱਤਾ ਅਤੇ ਇਸਨੂੰ ਬਚਾਉਣ ਲਈ ਜਰੂਰੀ ਸਮੱਸਿਆ ਨੂੰ ਲੈ ਕੇ ਸੰਨ 1972 ਵਿਚ ਸੰਯੁਕਤ ਰਾਸ਼ਟਰ ਸੰਘ ਨੇ ਸਵੀਡਨ ਵਿਚ ਵਿਸ਼ਵ ਭਰ ਦੇ ਦੇਸ਼ਾਂ ਲਈ ਪਹਿਲਾ ਵਾਤਾਵਰਨ ਸੰਮੇਲਨ ਆਯੋਜਿਤ ਕੀਤਾ, ਜਿਸ ਵਿਚ 119 ਦੇਸ਼ਾਂ ਨੇ ਭਾਗ ਲਿਆ ਅਤੇ ਪਹਿਲੀ ਵਾਰ ਇੱਕ ਹੀ ਪ੍ਰਿਥਵੀ ਦਾ ਸਿਧਾਂਤ ਬਣਾਇਆ ਗਿਆ।ਇਸ ਸੰਮੇਲਨ ਤੋਂ ਹੀ ਸੰਯੁਕਤ ਰਾਸ਼ਟਰ ਵਾਤਾਵਰਨ ਦਾ ਜਨਮ ਹੋਇਆ ਅਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਮਨਾਉਣ ਦਾ ਮਕਸਦ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
ਵਿਸ਼ਵ ਵਾਤਾਵਰਨ ਦਿਵਸ ਉਪੱਰ ਹਰ ਸਾਲ ਇਕ ਨਵਾਂ ਥੀਮ ਦਿੱਤਾ ਜਾਂਦਾ ਹੈ।ਜੇਕਰ ਪਿਛਲੇ ਪੰਜ ਸਾਲਾਂ ਤੋਂ ਦੇਖਿਆ ਜਾਵੇ ਤਾਂ ‘2011’ ਦਾ ਥੀਮ ਸੀ, ‘ਜੰਗਲ ਕੁਦਰਤ ਤੁਹਾਡੀ’, ‘2012’ ਦਾ ਥੀਮ ਸੀ, ‘ਹਰੀ ਅਰਥ ਵਿਵਸਥਾ’, ‘2013’ ਦਾ ਥੀਮ ਸੀ, ‘ਸੋਚੋ ਖਾਓ,ਬਚਾਓ’, ‘2014’ ਦਾ ਥੀਮ ‘ਛੋਟੇ ਦੀਪ ਵਿਕਸਿਤ ਰਾਜ ਹੁੰਦੇ ਹਨ’, ‘2015’ ਦਾ ਥੀਮ , ‘ਇਕ ਵਿਸ਼ਵ,ਇਕ ਵਾਤਾਵਰਨ’, ‘2016’ ਦਾ ਥੀਮ, ‘ ਦੁਨੀਆ ਨੂੰ ਇਕ ਬਿਹਤਰ ਜਗ੍ਹਾ ਬਣਾਉਣ ਲਈ ਦੌੜ ਵਿਚ ਸ਼ਾਮਿਲ ਹੋਵੋ,ਅਤੇ 2017 ਦਾ ਥੀਮ ਹੈ, ਵਿਅਕਤੀਆਂ ਨੂੰ ਵਾਤਾਵਰਨ ਨਾਲ ਜੋੜਨਾ(ਚੋਨਨੲਚਟਨਿਗ ਪੲੋਪਲੲ ਟੋ ਨੳਟੁਰੲ) ।ਵਾਤਾਵਰਨ ਨਾਲ ਜੁੜਨ ਅਤੇ ਜੋੜਨ ਲਈ ਸਾਨੂੰ ਵਾਤਾਵਰਨ ਨੂੰ ਸਮਝਣਾ ਹੋਵੇਗਾ।ਵਾਤਾਵਰਨ ਨੂੰ ਅਸੀਂ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿਚ ਦੇਖਦੇ ਹਾਂ:-1. ਭੌਤਿਕ ਵਾਤਾਵਰਨ 2. ਜੈਵਿਕ ਵਾਤਾਵਰਨ ਅਤੇ 3.ਸਮਾਜਿਕ ਵਾਤਾਵਰਨ ।ਭੋਤਿਕ ਵਾਤਾਵਰਨ ਵਿਚ ਵਾਯੂ ਮੰਡਲ,ਜਲ ਮੰਡਲ ਅਤੇ ਥਲ ਮੰਡਲ ਆਉਂਦੇ ਹਨ।ਜੈਵਿਕ ਵਾਤਾਵਰਨ ਵਿਚ ਸਾਰੇ ਜੀਵ ਸ਼ਾਮਿਲ ਹਨ।ਜੇਕਰ ਅਸੀਂ ਇਨ੍ਹਾਂ ਤਿੰਨੋਂ ਤਰ੍ਹਾਂ ਦੇ ਵਾਤਾਵਰਨ ਵੱਲ ਨਜਰ ਮਾਰੀਏ ਤਾਂ ਦਿਨੋਂ ਦਿਨ ਨਿਘਾਰ ਆ ਰਿਹਾ ਹੈ।ਭਾਵੇ ਕਿ ਸਾਇੰਸ ਨੇ ਮਨੁੱਖ ਦੇ ਜੀਵਨ ਨੂੰ ਅਸਾਨ ਤਾਂ ਬਣਾਇਆ ਹੈ ,ਪਰ ਇਸ ਨਾਲ ਕੁਦਰਤੀ ਸਾਧਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।

ਪਰ ਸੱਚ ਇਹ ਵੀ ਹੈ, ਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ,ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਹੈ, ਇਸ ਪਰਿਵਤਨ ਦੇ ਫਾਇਦੇ ਅਤੇ ਨੁਕਸਾਨ ਦੋਨੋਂ ਹੀ ਹੋਏ ਹਨ।ਸਮੇਂ ਦੇ ਨਾਲ ਨਾਲ ਆਵਾਜਾਈ ਦੇ ਸਾਧਨ ਵਧੇ ਅਤੇ ਇਮਾਰਤਾਂ ਦੀ ਉਸਾਰੀ ਹੋਈ।ਵਸਤਾਂ ਦੇ ਉਤਪਾਦਨ ਲਈ ਫੈਕਟਰੀਆਂ ਆਦਿ ਲੱਗੀਆਂ ,ਖੇਤੀ ਲਈ ਰਸਾਇਣਕ ਖਾਦਾਂ ਦੀ ਵਰਤੋਂ ਹੋਣ ਲੱਗੀ ਤਾਂ ਮਨੁੱਖ ਕੁਦਰਤ ਦੀ ਅਹਿਮੀਅਤ ਤੋਂ ਦੂਰ ਹੁੰਦਾ ਗਿਆ।ਪੁਰਾਣੇ ਸਮੇਂ ਵਿਚ ਲੋਕ ਦਰੱਖਤਾਂ ਦੀ ਪੂਜਾ ਕਰਿਆ ਕਰਦੇ ਸਨ ਅਤੇ ਇਹਨਾਂ ਨੂੰ ਕੱਟਣ ਨਹੀਂ ਦਿੰਦੇ ਸਨ।ਭਾਵਂੇ ਕਿ ਉਹ ਇਕ ਅੰਧ ਵਿਸ਼ਵਾਸ਼ ਸੀ ਪਰ ਜਾਣੇ ਅਣਜਾਣੇ ਵਿਚ ,ਉਹ ਕੁਦਰਤ ਦਾ ਸਤਿਕਾਰ ਕਰਦੇ ਰਹੇ।ਪਰ ਅੱਜ ਦਾ ਮਨੁੱਖ ਬੌਧਿਕ ਤੌਰ ਤੇ ,ਉਸ ਸਮੇਂ ਨਾਲੋਂ ਵਧੇਰੇ ਸਮਰੱਥ ਹੋ ਗਿਆ ਹੈ,ਉਸ ਨੂੰ ਵਿਗਿਆਨਕ ਤੌਰ ਤੇ ਵੀ ਪਤਾ ਚੱਲ ਚੁੱਕਿਆ ਹੈ ਕਿ ਵਾਤਾਵਰਨ ਨੂੰ ਬਚਾਉਣਾ ਕਿੰਨਾ ਜਰੂਰੀ ਹੈ।ਪਰ ਫਿਰ ਵੀ ਉਹ ਇਸ ਪ੍ਰਤੀ ਸੰਜੀਦਾ ਨਹੀਂ ਹੋ ਰਿਹਾ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਕਰ ਰਿਹਾ ਹੈ।

ਜੇਕਰ ਅਸੀਂ ਇਸੇ ਤਰ੍ਹਾਂ ਹੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਕਰਦੇ ਰਹੇ ਤਾਂ ਮਨੁੱਖ ਜਾਤੀ ਨੂੰ ਹੀ ਨਹੀਂ ਸਗੋਂ ਧਰਤੀ ‘ਤੇ ਰਹਿ ਰਹੇ ਹਰ ਇਕ ਜੀਵ ਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ।ਬਹੁਤ ਸਾਰੀਆਂ ਪਰਜਾਤੀਆਂ ਤਾਂ ਵਾਤਾਵਰਨ ਦੂਸ਼ਿਤ ਹੋਣ ਨਾਲ ਖਤਮ ਹੋਣ ਕੰਢੇ ਹਨ।ਮਨੁੱਖ ਨੇ ਆਪਣੇ ਸਵਾਰਥ ਕਾਰਨ ਵੱਖ-ਵੱਖ ਤਲਾਬਾਂ,ਨਹਿਰਾਂ,ਜੰਗਲਾਂ ਨੂੰ ਖਤਮ ਕਰ ਦਿੱਤਾ ਹੈ।ਜੰਗਲੀ ਜੀਵਾਂ ਲਈ ਇਹ ਸਭ ਬਹੁਤ ਹੀ ਖਤਰਨਾਕ ਹੈ।ਮਨੁੱਖ ਨੇ ਉਹਨਾਂ ਦੇ ਘਰ ਤਬਾਹ ਕਰ ਦਿੱਤੇ ਹਨ,ਪਰ ਜਦੋਂ ਕੋਈ ਸ਼ੇਰ,ਚੀਤਾ ਆਦਿ ਸ਼ਹਿਰ ਵਿਚ ਘੁਸ ਜਾਂਦੇ ਹਨ ਤਾਂ ਇਨਸਾਨ ਦਾ ਗੁੱਸਾ ਸੰਭਾਲਿਆ,ਸਾਂਭਿਆ ਨਹੀਂ ਜਾਂਦਾ,ਸਭ ਹਥਿਆਰ ਲੈ ਕੇ ਉਸ ਨੂੰ ਮਾਰਨ ਲਈ ਦੌੜਦੇ ਹਨ।ਪਰ ਇਸਦੇ ਜਿੰਮੇਵਾਰ ਵੀ ਅਸੀਂ ਹੀ ਹਾਂ,ਕਿਉਂਕਿ ਅਸੀਂ ਜੰਗਲ ਤਬਾਹ ਕਰਨ ਤੇ ਤੁਲੇ ਹੋਏ ਹਾਂ।ਜੇਕਰ ਉਨ੍ਹਾਂ ਦੇ ਰਹਿਣ ਲਈ ਜੰਗਲ ਨਹੀਂ ਹੋਣਗੇ ਤਾਂ ਉਹ ਕਿੱਥੇ ਜਾਣਗੇ?
ਅੱਜ ਜਰੂਰਤ ਹੈ ਇਸ ਬਾਰੇ ਅਸੀਂ ਸੁਚੇਤ ਹੋਈਏ ਅਤੇ ਦੂਸਰਿਆਂ ਨੂੰ ਕਰੀਏ। ਅਸੀਂ ਜਦੋਂ ਵੀ ਵਾਤਾਵਰਨ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ ਹਰ ਕੋਈ ਦੋਸ਼ ਦੂਸਰੇ ਵਿਅਕਤੀਆਂ ਦੇ ਉਪਰ ਮੜ੍ਹਨ ਦਾ ਯਤਨ ਕਰਦਾ ਹੈ।।ਪਰ ਅਜਿਹਾ ਨਹੀਂ ਹੈ ਜੇਕਰ ਹਰ ਵਿਅਕਤੀ ਚੰਗੀ ਸੋਚ ਨਾਲ ਕੰਮ ਕਰੇ ਤਾਂ ਇਕ ਦਿਨ ਬਦਲਾਵ ਜਰੂਰ ਆਵੇਗਾ।ਹਰ ਵਿਅਕਤੀ ਨੂੰ ਇਸ ਕਾਰਜ ਵਿਚ ਹਿੱਸਾ ਪਾਉਣਾ ਪਵੇਗਾ।ਕਿਸਾਨ ਵੀਰ ਆਪਣੀਆ ਜਮੀਨਾਂ ਵਿਚ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਹਨ,ਸ਼ਹਿਰੀ ਲੋਕ ਕੂੜ੍ਹਾ ਕਰਕਟ ਸਹੀ ਸਥਾਨਾਂ ਉੱਪਰ ਸੁੱਟਣ ਤਾਂ ਜੋ ਉਸਦੇ ਨਿਪਟਾਰਾ ਕਰਨ ਵਿਚ ਦਿੱਕਤ ਨਾ ਆਵੇ। ਕਾਗਜ ਨੂੰ ਖਰਾਬ ਨਾ ਕੀਤਾ ਜਾਵੇ,ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ,ਇਕਦਮ ਤਾਂ ਇਸਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਤਾਂ ਨਹੀਂ ਕੀਤਾ ਜਾ ਸਕਦਾ ,ਪਰ ਵਰਤੋਂ ਵਿਚ ਸੰਕੋਚ ਤਾਂ ਕਰਨਾ ਹੀ ਹੋਵੇਗਾ।ਜੇਕਰ ਵਿਅਕਤੀ ਦੇ ਮਨ ਵਿਚ ਵਾਤਾਵਰਨ ਪ੍ਰਤੀ ਪ੍ਰੇਮ ਉਤਪੰਨ ਹੋ ਜਾਵੇ ਤਾਂ ਉਹ ਹਰ ਇਕ ਉਸ ਆਦਤ ਨੂੰ ਤਿਆਗਣ ਲਈ ਮਜਬੂਰ ਹੋ ਜਾਵੇਗਾ,ਜਿਸ ਤੋਂ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ।

ਜੇਕਰ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਚੰਗਾ ਸਮਾਜ ਅਤੇ ਵਾਤਾਵਰਨ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਸੁਚੇਤ ਹੋਣਾ ਪਵੇਗਾ।ਇਸ ਤਰ੍ਹਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੇ ਹਾਂ।ਧਾਰਮਿਕ ਅਸਥਾਨਾਂ ,ਸਕੂਲਾਂ ਕਾਲਜਾਂ ਤੋਂ ਵੀ ਅਜਿਹੇ ਵਿਚਾਰਾਂ ਨੂੰ ਪ੍ਰਚਾਰਨਾ ਚਾਹੀਦਾ ਹੈ ਤਾਂ ਜੋ ਇਸ ਪ੍ਰਤੀ ਹੋਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ।ਕੁਝ ਧਾਰਮਿਕ ਅਸਥਾਨਾਂ ‘ਤੇ ਖਾਸ ਮੌਕਿਆਂ ‘ਤੇ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਜਾਂਦਾ ਹੈ,ਜੋ ਕਿ ਇਕ ਚੰਗਾ ਉਪਰਾਲਾ ਹੈ।’ਸੰਤ ਬਲਬੀਰ ਸਿੰਘ’ ਜੀ ਸੀਚੇਵਾਲ ਵੱਲੋਂ ਸੁਲਤਾਨਪੁਰ,ਕਪੂਰਥਲਾ ਵਿਖੇ ਕੀਤੀ ਗਈ ਪਵਿੱਤਰ ਵੇਈਂ ਦੀ ਸਫਾਈ ਅਤੇ ਸੁੰਦਰ ਬਣਾਉਣਾ ਇਕ ਸ਼ਲਾਘਾਯੋਗ ਕਦਮ ਹੈ।ਲੱਖਾਂ ਲੋਕਾਂ ਲਈ ਇਹ ਕੰਮ ਪ੍ਰੇਰਨਾ ਦਾ ਕਾਰਨ ਬਣ ਚੁੱਕਾ ਹੈ।ਸੋ ਜਰੂਰੀ ਹੈ,ਅਸੀਂ ਉਸ ਪ੍ਰਮਾਤਮਾ ਦੇ ਬਣਾਏ ਸੁੰਦਰ ਸੰਸਾਰ ਵਿਚੋਂ ਉਸਨੂੰ ਦੇਖੀਏ,ਤਾਂ ਕਿ ਅਸੀਂ ਕੁਦਰਤ ਤੋਂ ਕਾਦਰ ਤੱਕ, ਪਹੁੰਚਣ ਦਾ ਸਫਰ ਤਹਿ ਕਰ ਸਕੀਏ।ਅੰਤਿਕਾ ਮੈ ਆਪਣੀਆ ਇਹਨਾਂ ਤੁਕਾਂ ਨਾਲ ਦੇਵਾਂਗਾ:-
ਪਹਿਲਾਂ ਉਸ ਨੇ ਕੁਦਰਤ ਬਣਾਈ , ਵਿਚ ਲੁਕ ਬੈਠਾ ਆਪੇ।

ਸੋਹਣੇ ਰੁੱਖ, ਨਦੀਆਂ, ਨਹਿਰਾਂ,
ਤੱਕ ਸਵਰਗ ਬਣਾਇਆ ਜਾਪੇ।
ਉਸ ਦੀ ਕੁਦਰਤ ਨੂੰ ਓਹੀ ਜਾਣੇ,
ਕੌਣ ਸਮਝੇ ਕੌਣ , ਇਸਨੂੰ ਨਾਪੇ।
ਆਓ ਰਲ ਮਿਲ ਵਾਤਾਵਰਨ ਬਚਾਈਏ
ਨਹੀਂ ਤਾਂ ਰਹਿਣੇ,ਨਾ ਮੁਖ ਤੇ ਹਾਸੇ

ਤਰਨਜੀਤ ਸਿੰਘ ਰੰਧਾਵਾ,
ਪਿੰਡ ਤੇ ਡਾ. ਸੈਦੋਵਾਲ,ਕਪੂਰਥਲਾ।
ਮੋ. 75270-03120

Share Button

Leave a Reply

Your email address will not be published. Required fields are marked *