Sun. Sep 22nd, 2019

ਕਾਂਗਰਸ ਪਾਰਟੀ ਦਾ ਖਾਤਮਾ ਹੋਣਾ ਦੇਸ਼ ਹਿੱਤ ਵਿੱਚ ਨਹੀਂ

ਕਾਂਗਰਸ ਪਾਰਟੀ ਦਾ ਖਾਤਮਾ ਹੋਣਾ ਦੇਸ਼ ਹਿੱਤ ਵਿੱਚ ਨਹੀਂ

ਪਰਗਟ ਸਿੰਘ ਜੰਬਰ

ਕਾਂਗਰਸ ਪਾਰਟੀ ਵਿੱਚ ਅੱਜਕੱਲ ਉੱਥਲ ਪੁੱਥਲ ਵਾਲਾ ਦੌਰ ਚੱਲ ਰਿਹਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਨਾਲ ਪਾਰਟੀ ਨੂੰ ਅਗਵਾਈ ਦਾ ਖਲਾਅ ਪੈਦਾ ਹੋ ਗਿਆ ਹੈ। ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਜਿਸ ਨੇ ਸਭ ਤੋਂ ਵੱਧ ਸ਼ਾਸ਼ਨ ਕੀਤਾ ਹੋਵੇ। ਅੱਜ ਅਜਿਹੀ ਸਥਿਤੀ ਆ ਗਈ ਹੈ ਕਿ ਕੋਈ ਅਜਿਹਾ ਆਗੂ ਨਹੀਂ ਜੋ ਸਭ ਨੂੰ ਇਕੱਠਿਆ ਰੱਖ ਸਕਦਾ ਹੋਵੇ। ਕਾਂਗਰਸ ਪਾਰਟੀ ਦੀ ਸਭ ਤੋਂ ਤਰਸਯੋਗ ਹਾਲਤ ਹੈ। ਸੂਬਿਆਂ ਵਿੱਚ ਧੜੇਬੰਦੀ ਚਰਮ ਸੀਮਾ ਤੇ ਹੈ। ਸਿਆਸੀ ਪਾਰਟੀਆਂ ਵਿੱਚ ਧੜੇਬੰਦੀ ਮੁੱਢ ਕਦੀਮ ਤੋਂ ਰਹੀ ਹੈ। ਪਰ ਹੁਣ ਸਮਾਂ ਧੜੇਬੰਦੀ ਦਾ ਨਹੀਂ ਹੈ, ਸਗੋਂ ਇਕੱਠੇ ਹੋ ਕੇ ਪਾਰਟੀ ਨੂੰ ਸੰਗਠਿਤ ਕਰਕੇ ਮਜਬੂਤ ਕਰਨ ਦਾ ਹੈ । ਪਰ ਕਈ ਲੀਡਰ ਹਾਲੇ ਵੀ ਲੂੰਬੜਚਾਲਾਂ ਚੱਲਣ ਵਿੱਚ ਲੱਗੇ ਹੋਏ ਹਨ।
ਕਾਂਗਰਸ ਪਾਰਟੀ ਦੇ ਆਗੂਆਂ ਨੂੰ ਹੁਣ ਕਾਂਗਰਸ ਪਾਰਟੀ ਨੂੰ ਤਰਾਸ਼ਣਾ ਚਾਹੀਦਾ ਹੈ। ਸਿਆਣੇ ਅਤੇ ਲੋਕ ਅਧਾਰ ਵਾਲੇ ਆਗੂਆਂ ਨੂੰ ਅੱਗੇ ਕਰਨਾ ਚਾਹੀਦਾ ਹੈ। ਪਾਰਟੀ ਨੂੰ ਅਸਲ ਵਿੱਚ ਥੱਲੜੇ ਪੱਧਰ ਤੇ ਜਾ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਇਸ ਦੇ ਨਤੀਜੇ ਭਾਵੇਂ ਕੁਝ ਸਮੇਂ ਬਾਅਦ ਆਉਣਗੇ ਪਰ ਆਉਣਗੇ ਸਾਰਥਕ। ਸਮੇਂ ਦੇ ਨਾਲ ਨਾ ਚੱਲਣ ਵਾਲੇ ਆਗੂਆਂ ਨੂੰ ਪਾਸੇ ਕਰ ਦੇਣਾ ਚਾਹੀਦਾ ਹੈ। ਕਾਂਗਰਸ ਆਗੂਆਂ ਨੂੰ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਜਾਣ ਦੀ ਬਜਾਏ ਆਪਣੀ ਪਾਰਟੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ।
ਕਾਂਗਰਸੀ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਵਰਕਰਾਂ ਅਤੇ ਆਗੂਆਂ ਵਿਚਲਾ ਪਾੜਾ ਖਤਮ ਹੋਣਾ ਚਾਹੀਦਾ ਹੈ। ਪਾਰਟੀ ਨੂੰ ਸ਼੍ਰੀ ਨਰਿੰਦਰ ਮੋਦੀ ਦੀ ਟੱਕਰ ਦੇ ਆਗੂ ਨੂੰ ਬਿਨਾਂ ਧੱੜੇਬੰਦੀ ਸਵੀਕਾਰ ਕਰਨਾ ਚਾਹੀਦਾ ਹੈ। ਜੋ ਭਾਸ਼ਣ ਕਲਾ ਦਾ ਮਾਹਰ ਹੋਵੇ, ਲੀਡਰ ਹੋਵੇ ਰੀਡਰ ਨਾ ਹੋਵੇ। ਲੋਕਾਂ ਨਾਲ ਜੁੜਨਾ ਚਾਹੀਦਾ ਹੈ। ਫਿਰ ਹੀ ਕਾਂਗਰਸ ਪਾਰਟੀ ਵਰਤਮਾਨ ਦੁਰਦਸ਼ਾਂ ਤੋਂ ਉੱਪਰ ਉੱਠ ਸਕਦੀ ਹੈ। ਭੀੜ ਇਕੱਠੇ ਕਰਨ ਵਾਲੇ ਆਗੂਆਂ ਨੂੰ ਅੱਗੇ ਕਰਨਾ ਚਾਹੀਦਾ ਹੈ।
ਪਾਰਟੀ ਨੂੰ ਹਾਰ ਦੇ ਕਾਰਣਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਨੂੰ ਸਿਰਫ ਇੱਕ ਸੀਟ ਮਿਲੀ। ਰਾਜਸਥਾਨ ਦੇ ਮੁੱਖ ਮੰਤਰੀ ਦਾ ਲੜਕਾ ਚੋਣ ਹਾਰ ਗਿਆ। ਪਾਰਟੀ ਨੂੰ ਅਜਿਹੇ ਮੁੱਖ ਮੰਤਰੀ ਨੂੰ ਲਾਂਭੇ ਕਰ ਦੇਣ ਵਾਲਾ ਕੋਈ ਕਰੜਾ ਫੈਸਲਾ ਲੈਣਾ ਚਾਹੀਦਾ ਹੈ। ਲੋਕ ਸਭਾ ਹਲਕਾ ਗੁਨਾਂ ਤੋਂ ਜਿੱਥੋਂ ਮਾਧਵ ਰਾਉ ਸਿੰਧੀਆਂ ਜਿੱਤਦੇ ਰਹੇ ਸਨ । ਉਸ ਤੋਂ ਬਾਅਦ ਉਹਨਾਂ ਦਾ ਪੁੱਤਰ ਜੋਤੀ ਰਾਜੇ ਸਿੰਧੀਆਂ ਵੀ ਜਿੱਤਦਾ ਰਿਹਾ ਹੈ। ਭਾਵ ਇਹ ਸੀਟ ਸਿੰਧੀਆਂ ਪਰਿਵਾਰ ਦੀ ਸੀਟ ਸੀ। ਉਹ ਸੀਟ ਹਾਰਨ ਦੇ ਕਾਰਨਾਂ ਦੀ ਡੂੰਘਾਈ ਨਾਲ ਪੜ੍ਹਤਾਲ ਹੋਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ। ਅਜਿਹੇ ਵਿੱਚ ਪਾਰਟੀ ਦੀ ਕੋਈ ਨਾ ਕੋਈ ਕਮਜ਼ੋਰੀ ਜਰੂਰ ਰਹੀ ਹੋਵੇਗੀ। ਇਹਨਾਂ ਹਾਰਾਂ ਦਾ ਮੰਥਨ ਕਰਨਾ ਚਾਹੀਦਾ ਹੈ। ਹੇਠਲੇ ਪੱਧਰ ਭਾਵ ਪਿੰਡ ਪੱਧਰ ਤੇ ਜਾ ਕੇ ਹਾਰ ਦੇ ਕਾਰਨਾਂ ਦੀ ਅਸਲ ਵਜ੍ਹਾਂ ਪਤਾ ਲੱਗ ਸਕਦੀ ਹੈ। ਏ.ਸੀ. ਕਮਰਿਆਂ ਵਿੱਚ ਬੈਠ ਕੇ ਲੋਕ ਮਨਾਂ ਦੀ ਪੜ੍ਹਤਾਲ ਨਹੀਂ ਕੀਤੀ ਜਾ ਸਕਦੀ । ਹਾਰ ਦੇ ਅਸਲ ਕਾਰਨ ਪਿੰਡਾਂ ਵਿੱਚੋਂ ਹੀ ਭਾਵ ਬੂਥ ਲੈਵਲ ਦੇ ਵਰਕਰਾਂ ਨਾਲ ਮੀਟਿੰਗ ਕਰਕੇ ਹੀ ਪਤਾ ਕੀਤੇ ਜਾ ਸਕਦੇ ਹਨ।
ਕਾਂਗਰਸ ਪਾਰਟੀ ਵਿੱਚ ਬਿਖਰਾਉ ਜਾਂ ਪਾਰਟੀ ਦਾ ਖਤਮ ਹੋਣਾ ਦੇਸ਼ ਹਿੱਤ ਵਿੱਚ ਨਹੀਂ ਹੈ। ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਪੂਰੇ ਭਾਰਤ ਦੇ ਸੂਬਿਆਂ ਵਿੱਚ ਆਪਣੇ ਪੱਧਰ ਤੇ ਸਰਕਾਰ ਚਲਾਈ ਪਰ ਪਾਰਟੀ ਆਗੂਆਂ ਦੀ ਕੰਮ ਨਾ ਕਰਨ ਦੀ ਨੀਤੀ ਕਾਰਣ, ਯੂ.ਪੀ. ਬਿਹਾਰ, ਬੰਗਾਲ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਪਾਰਟੀ ਹਾਸ਼ੀਏ ਤੇ ਚਲੀ ਗਈ ਹੈ। ਹੁਣ ਨੈਸ਼ਨਲ ਪੱਧਰ ਤੇ ਵੀ ਹਾਸ਼ੀਏ ਤੇ ਜਾਂਦੀ ਵਿਖਾਈ ਦੇ ਰਹੀ ਹੈ।
ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਮਤਭੇਦਾਂ ਕਾਰਨ ਪਾਰਟੀ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਦੋਵੇ ਆਗੂਆਂ ਨੇ ਆਪੋ ਆਪਣੀ ਜ਼ਿੱਦ ਨਾ ਛੱਡੀ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਪੰਜਾਬ ਵੀ ਹੱਥੋਂ ਗੁਆ ਬੈਠੇਗੀ। ਜੇਕਰ ਇਹ ਮਤਭੇਦ ਜਾਰੀ ਰਹਿੰਦੇ ਹਨ ਤਾਂ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਵਿੱਚ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਜੇਕਰ ਸਿੱਧੂ ਪਾਰਟੀ ਛੱਡਦੇ ਹਨ । ਕੁਝ ਵਿਧਾਇਕ ਵੀ ਨਾਲ ਜਾ ਸਕਦੇ ਹਨ ਜਿਸ ਨਾਲ ਪਾਰਟੀ ਦੇ ਜਨ ਅਧਾਰ ਨੂੰ ਖੋਰ੍ਹਾਂ ਲੱਗ ਸਕਦਾ ਹੈ। ਪਾਰਟੀ ਨੂੰ ਸਮਾਂ ਹੱਥੋਂ ਗੁਆਚਣ ਤੋਂ ਪਹਿਲਾਂ ਪਹਿਲਾਂ ਸਾਂਭ ਲੈਣਾ ਚਾਹੀਦਾ ਹੈ। ਕਿਸੇ ਸਮੇਂ ਮਮਤਾ ਬੈਨਰਜੀ ਕਾਂਗਰਸ ਪਾਰਟੀ ਦੀ ਆਗੂ ਹੁੰਦੀ ਸੀ। ਪਾਰਟੀ ਨਾਲ ਮਤਭੇਦ ਹੋਣ ਬਾਅਦ ਪਾਰਟੀ ਛੱਡ ਦਿੱਤੀ । ਨਵੀਂ ਪਾਰਟੀ ਤ੍ਰਿਮੂਲ ਕਾਂਗਰਸ ਪਾਰਟੀ ਬਣਾਉਣ ਨਾਲ ਉਹ ਕਾਂਗਰਸ ਪਾਰਟੀ ਦਾ ਕੇਡਰ ਵੀ ਨਾਲ ਲੈ ਗਈ । ਅੱਜ ਵੇਖੋ ਪਿਛਲੇ ਅੱਠ ਸਾਲ ਤੋਂ ਮੁੱਖ ਮੰਤਰੀ ਹੈ। ਕਾਂਗਰਸ ਉੱਥੇ ਕਿਤੇ ਲੱਭ ਨਹੀਂ ਰਹੀ ।
ਕਾਂਗਰਸ ਪਾਰਟੀ ਦੇ ਆਗੂਆਂ ਨੂੰ ਪਿਛਲੀਆਂ ਇਤਿਹਾਸਿਕ ਭੁੱਲਾਂ ਤੋਂ ਸਬਕ ਲੈਣਾ ਚਾਹੀਦਾ ਹੈ। ਸਿਆਣਾ ਉਸੇ ਨੂੰ ਕਹਿੰਦੇ ਹਨ ਜੋ ਆਪਣੀ ਗਲਤੀ ਨਾ ਦੁਹਰਾਏ। ਪਾਰਟੀ ਨੂੰ ਥੱਲੜੇ ਪੱਧਰ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਜੇਕਰ ਕਾਂਗਰਸ ਪਾਰਟੀ ਬਿਖਰਦੀ ਹੈ ਤਾਂ ਆਉਣ ਵਾਲੇ 50 ਸਾਲ ਸਾਨੂੰ ਇੱਕ ਪਾਰਟੀ ਦੀ ਤਾਨਾਸ਼ਾਹੀ ਝੱਲਣੀ ਪੈ ਸਕਦੀ ਹੈ । ਉਮੀਦ ਹੈ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਸੂਝਬੂਝ ਤੋਂ ਕੰਮ ਲੈਣਾ ਚਾਹੀਦਾ ਹੈ।

ਪਰਗਟ ਸਿੰਘ ਜੰਬਰ
ਤਿਲਕ ਨਗਰ ਗਲੀ ਨੰਬਰ 1
ਸ਼੍ਰੀ ਮੁਕਤਸਰ ਸਾਹਿਬ
88377-26702

Leave a Reply

Your email address will not be published. Required fields are marked *

%d bloggers like this: