ਕਾਂਗਰਸ ਨੇ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕਰਨ ‘ਚ ਨਾਕਾਮੀ ਨੂੰ ਛੁਪਾਉਣ ਲਈ ਕਿਸਾਨੀ ਸੰਕਟ ਉੱਤੇ ਕੰਮ ਰੋਕੂ ਪ੍ਰਸਤਾਵ ਦੀ ਆਗਿਆ ਨਹੀਂ ਦਿੱਤੀ

ss1

ਕਾਂਗਰਸ ਨੇ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕਰਨ ‘ਚ ਨਾਕਾਮੀ ਨੂੰ ਛੁਪਾਉਣ ਲਈ ਕਿਸਾਨੀ ਸੰਕਟ ਉੱਤੇ ਕੰਮ ਰੋਕੂ ਪ੍ਰਸਤਾਵ ਦੀ ਆਗਿਆ ਨਹੀਂ ਦਿੱਤੀ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ  ਨੂੰ ਅਕਾਲੀ-ਭਾਜਪਾ ਵਿਧਾਇਕ ਦਲ ਵੱਲੋ ਵਿਧਾਨ ਸਭਾ ਵਿਚ ਕਿਸਾਨੀ ਸੰਕਟ ਉੱਤੇ ਚਰਚਾ ਕਰਨ ਲਈ ਪੇਸ਼ ਕੀਤੇ ਕੰਮ ਰੋਕੂ ਪ੍ਰਸਤਾਵ ਉੱਤੇ ਚਰਚਾ ਕਰਨ ਦੀ ਮਨਾਹੀ ਵਾਸਤੇ ਸਖ਼ਤ ਝਾੜ ਪਾਈ ਅਤੇ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਵਿਚ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਜਾਣ ਬੁੱਝ ਕੇ ਅਜਿਹਾ ਕੀਤਾ ਗਿਆ ਹੈ।

ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬੀ ਕਿਸਾਨਾਂ ਦੀ ਦੁਰਦਸ਼ਾ ਉੱਤੇ ਚਰਚਾ ਕਰਨ ਤੋਂ ਕੀਤੇ ਇਨਕਾਰ ਕਰਕੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਆਪਣਾ ਰੋਸ ਪ੍ਰਗਟਾਉਣ ਲਈ ਵਿਧਾਨ ਸਭਾ ਵਿਚੋਂ ਵਾਕ ਆਊਟ ਕਰਨਾ ਪਿਆ।

ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਪਹਿਲਾਂ ਵੀ ਮੁਕੰਮਲ ਕਰਜ਼ਾ ਮੁਆਫੀ ਦਾ ਐਲਾਨ ਕਰਕੇ, ਕੈਬਨਿਟ ਮੀਟਿੰਗ ਵਿਚ ਇਸ ਬਾਰੇ ਪ੍ਰਸਤਾਵ ਪਾਸ ਕਰਕੇ ਅਤੇ ਇੱਥੋਂ ਤਕ ਕਿ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਪਾਸ ਕਰਕੇ ਕਿਸਾਨਾਂ ਨੂੰ ਧੋਖਾ ਦੇ ਚੁੱਕੀ ਹੈ। ਉਹਨਾਂ ਕਿਹਾ ਕਿ ਪਰ ਜ਼ਮੀਨੀ ਪੱਧਰ ਉੱਤੇ ਕੁੱਝ ਵੀ ਨਹੀਂ ਹੋਇਆ ਹੈ। ਅਜੇ ਤੀਕ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਸੱਚਾਈ ਇਹ ਹੈ ਕਿ ਸਰਕਾਰ ਦੇ ਝੂਠੇ ਐਲਾਨਾਂ ਨੇ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਹੈ। ਬੈਕਾਂ ਵੱਲੋਂ ਕਿਸਾਨਾਂ ਨੂੰ ਡਿਫਾਲਟਰ ਐਲਾਨਿਆ ਜਾ ਚੁੱਕਾ ਹੈ, ਕਿਉਂਕਿ ਉਹਨਾਂ ਨੇ ਕਰਜ਼ੇ ਦਾ ਵਿਆਜ ਦੇਣਾ ਬੰਦ ਕਰ ਦਿੱਤਾ ਸੀ। ਹੁਣ ਉਹਨਾਂ ਨੂੰ ਮਜ਼ਬੂਰੀਵੱਸ ਆੜ੍ਹਤੀਆਂ ਕੋਲੋਂ ਕਰਜ਼ੇ ਚੁੱਕਣੇ ਪੈ ਰਹੇ ਹਨ, ਕਿਉਂਕਿ ਬੈਂਕਾਂ ਨੇ ਕਿਸਾਨਾਂ ਨੂੰ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ। ਅਸੀਂ ਇਸ ਲਈ ਕੰਮ ਰੋਕੂ ਪ੍ਰਸਤਾਵ ਪੇਸ਼ ਕੀਤਾ ਸੀ, ਕਿਉਂਕਿ 300 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਜਿਹਨਾਂ ਵਿਚੋਂ ਕੁੱਝ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦੇ ਹੋਏ ਮਰੇ ਹਨ। ਪਰ ਕਿੰਨੀ ਅਜੀਬ ਗੱਲ ਹੈ ਕਿ ਜਿਹੜੀ ਸਰਕਾਰ ਸਦਨ ਵਿਚ ਖੁਦਕੁਸ਼ੀ ਪੀੜਤ ਕਿਸਾਨਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦੀ ਹੈ, ਉਹ ਉਹਨਾਂ ਦੀ ਦੁਰਦਸ਼ਾ ਉੱਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਇੰਨਾ ਹੀ ਨਹੀਂ ਵਾਅਦੇ ਮੁਤਾਬਿਕ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇ ਰੂਪ ਵਿਚ ਰਾਹਤ ਦਾ ਐਲਾਨ ਕਰਨ ਤੋਂ ਵੀ ਮੁਕਰ ਜਾਂਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਢੰਗ ਨਾਲ ਅੱਜ ਸਦਨ ਦੀ ਕਾਰਵਾਈ ਚਲਾਈ ਗਈ ਹੈ, ਉਸ ਤੋਂ ਸਾਬਿਤ ਹੋ ਗਿਆ ਕਿ ਕਾਂਗਰਸ ਅਤੇ ਆਪ ਵਿਚ ਰਲੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਆਪ ਚਾਹੁੰਦੀ ਹੈ ਕਿ ਕਾਂਗਰਸ ਸੁਖਪਾਲ ਖਹਿਰਾ ਨੂੰ ਨਿਸ਼ਾਨਾ ਨਾ ਬਣਾਏ। ਇਸ ਮੰਤਵ ਨੂੰ ਪੂਰਾ ਕਰਨ ਲਈ ਆਪ ਨੇ ਨਾ ਸਿਰਫ ਲੋਕਾਂ ਦੇ ਸਾਰੇ ਮਸਲੇ ਛੱਡ ਦਿੱਤੇ ਹਨ, ਸਗੋਂ ਸਰਕਾਰ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਕੰਨੀ ਕਰ ਲਈ ਹੈ। ਇਸੇ ਕਰਕੇ ਤੁਸੀਂ ਵੇਖ ਰਹੇ ਹੋ ਕਿ ਕਾਂਗਰਸ ਅਤੇ ਆਪ ਦੋਵੇਂ ਰਲ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੀਆਂ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਵਿਧਾਇਕ ਦਲ ਪੰਜਾਬ ਦੇ ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਬਰਾਬਾਰ ਗੰਨੇ ਦੀ  ਸਰਕਾਰੀ ਕੀਮਤ ਨਾ ਦੇ ਕੇ ਕੀਤੀ ਬੇਇਨਸਾਫੀ ਦਾ ਮੁੱਦਾ ਵੀ ਉਠਾਉਣਾ ਚਾਹੁੰਦਾ ਸੀ। ਉਹਨਾਂ ਕਿਹਾ ਕਿ ਸਰਕਾਰ ਦਾ ਹਿੱਸਾ ਬਣੇ ਹੋਏ ਖੰਡ ਦੇ ਵੱਡੇ ਕਾਰੋਬਾਰੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦਿੱਤੇ ਜਾ ਰਹੇ ਹਨ, ਜੋ ਕਿ ‘ਹਿਤਾਂ ਦੇ ਟਕਰਾਅ’ ਦਾ ਵੀ ਮੁੱਦਾ ਹੈ।

ਇਹ ਕਹਿੰਦਿਆਂ ਕਿ ਅਕਾਲੀ-ਭਾਜਪਾ ਵਿਧਾਇਕ ਦਲ ਸਿਰਫ ਕਿਸਾਨੀ ਸੰਕਟ ਦੇ ਮੁੱਦੇ ਉੱਤੇ ਚਰਚਾ ਕਰਨੀ ਚਾਹੁੰਦਾ ਸੀ, ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਪੀਕਰ ਰਾਣਾ ਕੇਪੀ ਸਿੰਘ ਨੇ ਇਸ ਮੁੱਦੇ ਉੱਤੇ ਚਰਚਾ ਕਰਨ ਲਈ ਵੀ ਸਮਾਂ ਨਹੀਂ ਦਿੱਤਾ।  ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਲੋਕਾਂ ਦੇ ਮਸਲਿਆਂ ਉੱਤੇ ਬਹਿਸ ਕਰਨ ਤੋਂ ਭੱਜ ਰਹੀ ਹੈ। ਆਪ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿੰਨਾ ਘੱਟ ਕਿਹਾ ਜਾਵੇ ਉਨਾ ਹੀ ਠੀਕ ਹੈ। ਅੱਜ ਆਪ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੁੱਲ੍ਹ ਗਈ ਹੈ। ਇਸ ਦਾ ਉਦੇਸ਼ ਸਿਰਫ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਬਚਾਉਣਾ ਹੈ ਅਤੇ ਆਪਣੇ ਇਸ ਉਦੇਸ਼ ਨੁੰ ਪੂਰਾ ਕਰਨ ਲਈ ਇਹ ਪੰਜਾਬੀਆਂ ਦੇ ਸਾਰੇ ਮੁੱਦਿਆਂ ਨੂੰ ਤਿਆਗ ਚੁੱਕੀ ਹੈ।

Share Button

Leave a Reply

Your email address will not be published. Required fields are marked *