Sun. Apr 21st, 2019

ਕਾਂਗਰਸ ਨਾਲ ਗਠਜੋੜ ਹੋਣ ਦੀ ਸੂਰਤ ਵਿਚ ਫੂਲਕਾ ਦਾ ‘ਆਪ’ ਨੂੰ ਛੱਡਣ ਦਾ ਫੈਸਲਾ ਸਰਾਹੁਣਯੋਗ: ਅਕਾਲੀ ਦਲ

ਕਾਂਗਰਸ ਨਾਲ ਗਠਜੋੜ ਹੋਣ ਦੀ ਸੂਰਤ ਵਿਚ ਫੂਲਕਾ ਦਾ ‘ਆਪ’ ਨੂੰ ਛੱਡਣ ਦਾ ਫੈਸਲਾ ਸਰਾਹੁਣਯੋਗ: ਅਕਾਲੀ ਦਲ
ਬਿਕਰਮ ਮਜੀਠੀਆ ਨੇ ਕਿਹਾ ਕਿ ਗਠਜੋੜ ਦੀਆਂ ਤਿਆਰੀਆਂ ਨੇ ਸਾਬਿਤ ਕਰ ਦਿੱਤਾ ਕਿ ਆਪ ਹਮੇਸ਼ਾਂ ਤੋਂ ਕਾਂਗਰਸ ਦੀ ਬੀ ਟੀਮ ਸੀ

ਚੰਡੀਗੜ 26 ਜੁਲਾਈ (ਦਲਜੀਤ ਜੀੜ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਰੋਧੀ ਧਿਰ ਦੇ ਸਾਬਕਾ ਆਗੂ ਸਰਦਾਰ ਐਚ ਐਸ ਫੂਲਕਾ ਵੱਲੋਂ ਲਏ ਇਸ ਸਿਧਾਂਤਕ ਸਟੈਂਡ ਦੀ ਸਰਾਹਨਾ ਕੀਤੀ ਹੈ ਕਿ ਜੇਕਰ ਆਪ ਨੇ ਸਿੱਧੇ ਜਾਂ ਅਸਿੱਧੇ ਕਿਸੇ ਵੀ ਢੰਗ ਨਾਲ ਕਾਂਗਰਸ ਨਾਲ ਗਠਜੋੜ ਕੀਤਾ ਤਾਂ ਉਹ ਆਪ ਨੂੰ ਛੱਡਣ ਵਾਲੇ ਸਭ ਤੋਂ ਪਹਿਲੇ ਵਿਅਕਤੀ ਹੋਣਗੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਐਚਐਸ ਫੂਲਕਾ ਦੇ ਬਿਆਨ ਦਾ ਇਸ ਲਈ ਸਵਾਗਤ ਕਰਦਾ ਹੈ, ਕਿਉਂਕਿ ਆਪ ਆਗੂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 1984 ਵਿਚ ਸਿੱਖਾਂ ਦੇ ਕਤਲੇਆਮ ਅਤੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦੇ ਮੌਕਾਪ੍ਰਸਤ ਗਠਜੋੜ ਲਈ ਉਹ ਸਹਿਮਤ ਨਹੀਂ ਹੋਣਗੇ। ਉਹਨਾਂ ਕਿਹਾ ਕਿ ਇਸ ਢੰਗ ਨਾਲ ਆਪਣੇ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਜ਼ੁਅਰਤ ਦੀ ਲੋੜ ਹੁੰਦੀ ਹੈ ਅਤੇ ਸਰਦਾਰ ਫੂਲਕਾ ਨੇ ਅਜਿਹਾ ਕਰਕੇ ਆਪ ਨੂੰ ਅਤੇ ਇਸ ਦੇ ਦਿੱਲੀ ਅਤੇ ਪੰਜਾਬ ਵਿਚ ਬੈਠੇ ਆਗੂਆਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ ਜਿਹਨਾਂ ਨੇ ਕਾਂਗਰਸ ਪਾਰਟੀ ਨਾਲ ਗਠਜੋੜ ਕਰਨ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਸਰਦਾਰ ਫੂਲਕਾ ਦਾ ਬਿਆਨ ‘ਆਪ’ ਉੱਤੇ ਉਂਗਲ ਖੜੀ ਕਰਦਾ ਹੈ, ਅਕਾਲੀ ਆਗੂ ਨੇ ਕਿਹਾ ਕਿ ਸਾਫ ਦਿਸਦਾ ਹੈ ਕਿ ਵਿਰੋਧੀ ਧਿਰ ਦੇ ਸਾਬਕਾ ਆਗੂ ਨੂੰ ਆਪ ਆਗੂਆਂ ਅਤੇ ਕਾਂਗਰਸ ਵਿਚਕਾਰ ਹੋ ਰਹੀਆਂ ਮੀਟਿੰਗਾਂ ਬਾਰੇ ਪਤਾ ਲੱਗ ਚੁੱਕਿਆ ਹੈ। ਉਹਨਾਂ ਨੂੰ ਇਹ ਗੱਲ ਦੀ ਵੀ ਜਾਣਕਾਰੀ ਮਿਲ ਚੁੱਕੀ ਹੈ ਕਿ ਆਪ ਅਤੇ ਕਾਂਗਰਸ ਵਿਚਕਾਰ ਗਠਜੋੜ ਹੋਣਾ ਲਗਭਗ ਤੈਅ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਸਰਦਾਰ ਫੂਲਕਾ ਨੇ ਇਹ ਬਿਆਨ ਦਿੱਤਾ ਹੈ ਕਿ ਅਜਿਹਾ ਗਠਜੋੜ ਸਿਰੇ ਚੜਦੇ ਹੀ ਉਹ ਆਪ ਨੂੰ ਛੱਡ ਦੇਣਗੇ।
ਸਾਬਕਾ ਮੰਤਰੀ ਨੇ ਕਿਹਾ ਕਿ ਆਪ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਬੀ ਟੀਮ ਵਜੋਂ ਕੰਮ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਮੁੰਡੇ ਦੇ ਸਿਰ ਉੱਤੇ ਹੱਥ ਰੱਖ ਕੇ ਵਾਅਦਾ ਕੀਤਾ ਸੀ ਕਿ ਉਹ ਕਾਂਗਰਸ ਵਿਚ ਸ਼ਾਮਿਲ ਨਹੀਂ ਹੋਵੇਗਾ, ਪਰ ਉਸ ਨੇ ਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿਚ ਆਪਣੀ ਸਰਕਾਰ ਬਣਾਉਣ ਲਈ ਇੱਕ ਮਿੰਟ ਨਹੀਂ ਸੀ ਲਾਇਆ।ਉਸ ਸਮੇਂ ਤੋਂ ਆਪ-ਕਾਂਗਰਸ ਦੇ ਆਪਸੀ ਸੰਬੰਧ ਹੋਰ ਮਜ਼ਬੂਤ ਹੋਏ ਹਨ। ਰਾਸ਼ਟਰਪਤੀ ਦੇ ਅਹੁਦੇ ਵਾਸਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਆਪ ਨੇ ਸਮਰਥਨ ਕੀਤਾ ਸੀ ਅਤੇ ਹਾਲ ਹੀ ਵਿਚ ਐਨਡੀਏ ਸਰਕਾਰ ਖ਼ਿਲਾਫ ਪੇਸ਼ ਕੀਤੇ ਬੇਵਿਸਾਹੀ ਦੇ ਮਤੇ ਵਿਚ ਆਪ ਨੇ ਕਾਂਗਰਸ ਦੇ ਹੱਕ ਵਿਚ ਵੋਟ ਪਾਈ ਸੀ।
ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਸਾਫ ਦਿਸਦਾ ਹੈ ਕਿ ਸਰਦਾਰ ਫੂਲਕਾ ਪੰਜਾਬ ਦੀ ਆਪ ਇਕਾਈ ਵੱਲੋਂ ਕਾਂਗਰਸ ਪਾਰਟੀ ਨਾਲ ਕੀਤੇ ਜਾ ਰਹੇ ਗਠਜੋੜ ਦੇ ਸਵਾਗਤ ਤੋਂ ਵੀ ਨਿਰਾਸ਼ ਹਨ। ਉਹਨਾਂ ਕਿਹਾ ਕਿ ਇਹ ਗੱਲ ਸਾਰੇ ਜਾਣਦੇ ਹਨ ਕਿ ਵਿਰੋਧੀ ਧਿਰ ਦਾ ਆਗੂ ਸੁਖਪਾਲ ਖਹਿਰਾ ਅੰਦਰੋਂ ਪੱਕਾ ਕਾਂਗਰਸੀ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਅਤੇ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਤੋਂ ਬਾਅਦ ਵੀ ਹਮੇਸ਼ਾਂ ਗਾਂਧੀਆਂ ਦੀ ਤਰਫ਼ਦਾਰੀ ਅਤੇ ਤਾਰੀਫ਼ ਕੀਤੀ ਹੈ। ਉਹਨਾਂ ਕਿਹਾ ਕਿ ਖਹਿਰਾ ਨੇ 1984 ਦੇ ਪੀੜਤਾਂ ਲਈ ਇਨਸਾਫ ਵਾਸਤੇ ਹਮੇਸ਼ਾਂ ਝੂਠੀ ਹਮਦਰਦੀ ਵਿਖਾਈ ਹੈ। ਇਸ ਦੇ ਨਾਲ ਹੀ ਉਸ ਨੇ ਇੱਕ ਵੱਖਰੇ ਰਾਜ ਦੀ ਮੰਗ ਕਰਨ ਵਾਲੀ ਰਾਇਸ਼ੁਮਾਰੀ 2020 ਦਾ ਵੀ ਸਮਰਥਨ ਕੀਤਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਦੀ ਹਰਕਤਾਂ ਵੇਖ ਕੇ ਇਹ ਜਾਪਦਾ ਹੈ ਕਿ ਜਿਵੇਂ ਉਹ ਪਹਿਲਾਂ ਹੀ ਕਾਂਗਰਸ ਪਾਰਟੀ ਦਾ ਹਿੱਸਾ ਹੋਵੇ ਅਤੇ ਇਸ ਬਾਰੇ ਸਿਰਫ ਰਸਮੀ ਐਲਾਨ ਕਰਨਾ ਬਾਕੀ ਹੋਵੇ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਦੀ ਪ੍ਰਸੰਸਾ ਕੀਤੀ ਸੀ। ਉਹਨਾਂ ਕਿਹਾ ਕਿ ਖਹਿਰਾ ਨੇ ਜਸਟਿਸ (ਸੇਵਾਮੁਕਤ) ਐਮਐਸ ਗਿੱਲ ਦੀ ਲੋਕਪਾਲ ਵਾਸਤੇ ਉਮੀਦਵਾਰੀ ਨੂੰ ਸਹਿਮਤੀ ਦੇ ਕੇ ਅਹਿਮ ਕਮਿਸ਼ਨਾਂ ਦੀ ਅਗਵਾਈ ਕਿਸੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਆਪਣੀ ਮੰਗ ਤੋਂ ਵੀ ਪਲਟੀ ਮਾਰ ਲਈ ਹੈ। ਉਹਨਾਂ ਕਿਹਾ ਕਿ ਜਸਟਿਸ ਗਿੱਲ ਕਾਂਗਰਸ ਦਾ ਬੰਦਾ ਹੈ ਅਤੇ ਉਹ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਦਰਜ ਕੀਤੇ ਕਥਿਤ ਝੂਠੇ ਕੇਸਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦਾ ਮੁਖੀ ਹੈ। ਉਹਨਾਂ ਕਿਹਾ ਕਿ ਖਹਿਰਾ ਅੰਦਰੂਨੀ ਤੌਰ ਤੇ ਹੋਏ ਸਮਝੌਤੇ ਤਹਿਤ ਜਨਤਕ ਤੌਰ ਤੇ ਤਾਂ ਕਾਂਗਰਸ ਦੀ ਆਲੋਚਨਾ ਕਰਦਾ ਹੈ, ਪਰੰਤੂ ਆਪਣੇ ਰਿਸ਼ਤੇਦਾਰਾਂ ਨੂੰ ਕਮਿਸ਼ਨਾਂ ਦੇ ਮੁਖੀ ਲਗਵਾਉਣ ਲਈ ਅਤੇ ਆਪਣੇ ਖ਼ਿਲਾਫ ਗੰਭੀਰ ਕੇਸ ਹਟਵਾਉਣ ਲਈ ਕਾਂਗਰਸ ਦਾ ਸਮਰਥਨ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਾਰਾ ਕੁੱਝ ਆਪ ਅਤੇ ਕਾਂਗਰਸ ਵਿਚਕਾਰ ਹੋਣ ਜਾ ਰਹੇ ਗਠਜੋੜ ਵੱਲ ਇਸ਼ਾਰਾ ਕਰਦਾ ਹੈ, ਜਿਸ ਕਰਕੇ ਸਰਦਾਰ ਫੂਲਕਾ ਨੇ ਆਪ ਨੂੰ ਛੱਡਣ ਦੀ ਚਿਤਾਵਨੀ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: