ਕਾਂਗਰਸ ਦੇ ਪਾਪਾਂ ਦੀ ਸਜ਼ਾ ਲੋਕਾਂ ਨੇ 70 ਸਾਲ ਭੁਗਤੀ : ਮੋਦੀ

ss1

ਕਾਂਗਰਸ ਦੇ ਪਾਪਾਂ ਦੀ ਸਜ਼ਾ ਲੋਕਾਂ ਨੇ 70 ਸਾਲ ਭੁਗਤੀ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਬੱਜਟ ਸੈਸ਼ਨ ਵਿੱਚ ਦਿੱਤੇ ਭਾਸ਼ਣ ਸਬੰਧੀ ਧੰਨਵਾਦ ਮਤੇ ਉੱਪਰ ਡੇਢ ਘੰਟਾ ਬੋਲਦਿਆਂ ਕਾਂਗਰਸ ਦੀਆਂ ਦੇਸ਼ ਵਿਰੋਧੀ ਨੀਤੀਆਂ ਦੀ ਜੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ  ਕਾਂਗਰਸ ਨਾਂਅ ਦਾ ਇੱਕ ਅਜਿਹਾ ਜਹਿਰ ਬੀਜਣ ਦੀ ਗਲਤੀ ਕੀਤੀ ਜਿਸ ਦੀ ਸਜਾ ਆਜ਼ਾਦੀ ਦੇ 70 ਸਾਲ ਤੱਕ ਦੇਸ਼ ਵਾਸੀ ਭੁਗਤਦੇ ਰਹੇ।  ਮੋਦੀ ਵੱਲੋਂ ਕਾਂਗਰਸ ਉੱਪਰ ਜੋਰਦਾਰ ਹਮਲਿਆਂ ਦੌਰਾਨ ਸਦਨ ਵਿੱਚ ਹਾਜ਼ਰ ਕਾਂਗਰਸੀ ਆਗੂ ਬੁਰੀ ਤਰ੍ਹਾਂ ਤੜਫਦੇ ਹੋਏ ਹੰਗਾਮੇ ਅਤੇ ਨਾਅਰੇਬਾਜ਼ੀ ਕਰਦੇ ਰਹੇ। ਨਾਅਰੇਬਾਜ਼ੀ ਕਰਨ ਵਿੱਚ ਭਾਜਪਾ ਗੱਠਜੋੜ ਦੀ ਸਾਥੀ ਤੇਲਗੂ ਦੇਸਮ ਪਾਰਟੀ ਵੀ ਸ਼ਾਮਲ ਸੀ। ਉਹ ਇਸ ਲਈ ਨਰਾਜ ਸੀ ਕਿ ਬੱਜਟ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਵਿੱਤੀ ਪੈਕੇਜ ਨਹੀਂ ਦਿੱਤਾ ਗਿਆ। ਮੋਦੀ ਨੇ ਕਿਹਾ ਕਿ ਕਾਂਗਰਸ ਦੇ ਚਰਿੱਤਰ ਵਿੱਚ ਸ਼ਾਮਲ ਹੈ ਕਿ ਉਸ ਨੇ ਹਮੇਸ਼ਾਂ ਹੀ ਭਾਰਤ ਨੂੰ ਵੰਡਿਆ ਅਤੇ ਲੋਕਾਂ ਵਿੱਚ ਫੁੱਟ ਪਾਈ।  ਮੋਦੀ ਨੇ ਕਿਹਾ ਕਿ ਵਾਜਪਾਈ ਦੀ ਸਰਕਾਰ ਦੌਰਾਨ ਤਿੰਨ ਸੂਬੇ ਬਣੇ ਅਤੇ ਇਨ੍ਹਾਂ ਤਿੰਨ ਸੂਬਿਆਂ ਵਿੱਚ ਪੂਰੇ ਇਨਸਾਫ ਵਾਲੀ ਵੰਡ ਕੀਤੀ ਗਈ, ਪਰ ਜੋ ਸੂਬੇ ਕਾਂਗਰਸ ਨੇ ਬਣਾਏ ਉਨ੍ਹਾਂ ਸੂਬਿਆਂ ਵਿੱਚ ਅੱਜ ਵੀ ਹੱਕਾਂ ਨੂੰ ਲੈ ਕੇ ਲੜਾਈਆਂ ਝਗੜੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਤੇਲੰਗਾਨਾ ਅਤੇ ਕਈ ਹੋਰ ਸੂਬੇ ਕਾਂਗਰਸ ਦੇ ਪਾਪਾਂ ਦੀ ਸਜ਼ਾ ਭੁਗਤ ਰਹੇ ਹਨ। ਮੋਦੀ ਨੇ ਅੱਗੇ ਕਿਹਾ ਕਿ ਕੱਲ੍ਹ ਕਾਂਗਰਸ ਆਗੂ ਮਲਿਕਾ ਅਰਜਨ ਖੜਗੇ ਦਾ ਮੈਂ ਕੱਲ੍ਹ ਭਾਸ਼ਣ ਸੁਣਿਆ ਖੜਗੇ ਜੀ ਨੇ ਬਸ਼ੀਰ ਬਦਰ ਦੀ ਸ਼ਾਇਰੀ ਵੀ ਸੁਣਾਈ। ਮੈਨੂੰ ਉਮੀਦ ਹੈ ਕਿ ਖੜਗੇ ਦਾ ਇਹ ਭਾਸ਼ਣ ਕਰਨਾਟਕ ਦੇ ਮੁੱਖ ਮੰਤਰੀ ਸੀਧਾਰਮਈਆ ਨੇ ਵੀ ਜ਼ਰੂਰ ਸੁਣਿਆ ਹੋਵੇਗਾ।
ਮੋਦੀ ਨੇ ਕਿਹਾ ਕਿ ਮੈਂ ਖੜਗੇ ਦੇ ਜਵਾਬ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਦੁਸ਼ਮਣੀ ਜੰਮ ਕੇ ਕਰੋ ਲੇਕਿਨ ਇਹ ਗੁੰਜਾਇਸ਼ ਰੱਖੋ ਕਿ ਜਦੋਂ ਅਸੀਂ ਦੋਸਤ ਹੋ ਜਾਈਏ ਤਾਂ ਹੱਥ ਮਿਲਾਉਣ ਵਿੱਚ ਸ਼ਰਮਿੰਦਗੀ ਨਾ ਹੋਵੇ। ਮੋਦੀ ਨੇ ਕਿਹਾ ਕਿ ਬਸ਼ੀਰ ਬਦਰ ਨੇ ਇਸ ਤੋਂ ਅੱਗੇ ਕਿਹਾ ਹੈ ਕਿ ਜੀਅ ਬਹੁਤ ਚਾਹੁੰਦਾ ਹੈ ਕਿ ਸੱਚ ਬੋਲੀਏ, ਕੀ ਕਰੀਏ ਹੌਂਸਲਾ ਨਹੀਂ ਹੁੰਦਾ। ਮੋਦੀ ਨੇ ਕਿਹਾ ਕਿ ਖੜਗੇ ਜੀ ਘੱਟੋ ਘੱਟ ਇੱਕ ਪਰਿਵਾਰ ਦੀ ਭਗਤੀ ਕਰਕੇ ਸ਼ਾਇਦ ਤੁਹਾਡੀ ਸਿਆਸਤ ਵਿੱਚ ਥਾਂ ਬਚੀ ਰਹੇ, ਪਰ ਤੁਸੀਂ ਘੱਟੋ ਘੱਟ ਬਸ਼ੇਸ਼ਵਰ ਦਾ ਅਪਮਾਨ ਨਾ ਕਰੋ। ਉਨ੍ਹਾਂ 12ਵੀਂ ਸਦੀ ਵਿੱਚ ਲੋਕਤੰਤਰ ਅਤੇ ਔਰਤਾਂ ਦੀ ਮਜਬੂਤੀ ਦੀ ਸ਼ੁਰੂਆਤ ਕੀਤੀ ਸੀ। ਮੋਦੀ ਨੇ ਕਿਹਾ ਕਿ ਕਾਂਗਰਸ ਨੇ  ਆਪਣੀ ਮਾਂ ਭਾਰਤ ਦੇ ਟੁੱਕੜੇ ਕਰ ਦਿੱਤੇ। ਇਹ ਦੇਸ਼ ਦੀ ਖੁਸ਼ਕਿਸਮਤੀ ਸੀ ਕਿ ਲੋਕ ਇੱਕਠੇ ਰਹੇ। ਮੋਦੀ ਨੇ ਕਿਹਾ ਕਿ ਜਦੋਂ ਕਾਂਗਰਸ ਚੰਮ ਦੀਆਂ ਚਲਾ ਰਹੀ ਸੀ ਉਸ ਸਮੇਂ ਅੱਜ ਵਾਂਗ ਮਜਬੂਤ ਵਿਰੋਧੀ ਧਿਰ ਨਹੀਂ ਸੀ, ਮੀਡੀਆ ਵੀ ਘੱਟ ਸੀ ਅਤੇ ਰੇਡੀਓ ਵੀ ਲੋਕਾਂ ਨੂੰ ਸੱਚੀਆਂ ਖਬਰਾਂ ਦੇਣ ਦੀ ਥਾਂ ਸਿਰਫ ਫਿਲਮੀ ਗੀਤ ਹੀ ਸੁਣਾਉਂਦਾ ਰਹਿੰਦਾ ਸੀ। ਅਦਾਲਤਾਂ ਵਿੱਚ ਕਿਸ ਨੂੰ ਰੱਖਣਾ ਹੈ, ਕਿਸ ਦੇ ਖਿਲਾਫ ਫੈਸਲਾ ਦੇ ਕੇ ਉਸ ਨੂੰ ਜੇਲ੍ਹਾਂ ਵਿੱਚ ਬੰਦ ਰੱਖਣਾ ਹੈ। ਇਹ ਸਾਰਾ ਕਾਂਗਰਸ ਹੀ ਤੈਅ ਕਰਦੀ ਹੈ। ਮੋਦੀ ਨੇ ਕਿਹਾ ਕਿ ਉਸ ਵੇਲੇ ਤਾਂ ਕਾਂਗਰਸ ਦੀਆਂ ਧੱਕੇਸ਼ਾਹੀਆਂ ਖਿਲਾਫ ਜਨ ਹਿਤ ਪਟੀਸ਼ਨਾਂ ਵੀ ਦਾਇਰ ਕਰਨ ਦੀ ਪ੍ਰਥਾ ਨਹੀਂ ਸੀ। ਮੋਦੀ ਨੇ ਖੜਗੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੁਹਾਨੂੰ ਕਾਂਗਰਸ ਵਿੱਚ ਐਨੀ ਐਸ਼ੋ-ਇਸ਼ਰਤ ਮਿਲੀ, ਪਰ ਤੁਸੀਂ ਲੋਕਾਂ ਲਈ ਕੁੱਝ ਕਰਨ ਦੀ ਥਾਂ ਸਾਰਾ ਸਮਾਂ ਇੱਕ ਪਰਿਵਾਰ ਦੇ ਗੀਤ ਗਾਉਣ ਵਿੱਚ ਹੀ ਬਰਬਾਦ ਕਰ ਦਿੱਤਾ। ਤੁਸੀਂ ਲੋਕਾਂ ਨੇ ਇਹ ਵਰਤਾਰਾ ਰੱਖਿਆ ਕਿ ਦੇਸ਼ ਦੇ ਇਤਿਹਾਸ ਨੂੰ ਭੁੱਲ ਕੇ ਲੋਕ ਸਿਰਫ ਇੱਕ ਪਰਿਵਾਰ ਨੂੰ ਹੀ ਯਾਦ ਰੱਖਣ। ਤੁਸੀਂ ਆਪਣੀ ਸਾਰੀ ਤਾਕਤ ਇਸ ਵਿੱਚ ਹੀ ਲਗਾ ਦਿੱਤੀ।
ਮੋਦੀ ਨੇ ਇਸ ਮੌਕੇ ਗੁਜਰਾਤ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੀਤੇ ਗਏ ਹਮਲਿਆਂ ਦਾ ਵੀ ਜਵਾਬ ਦਿੱਤਾ ਅਤੇ ਕਿਹਾ ਕਿ ਤੁਸੀਂ ਕਹਿ ਰਹੇ ਸੀ ਕਿ ਕੀ ਮੁਗਲ ਕਾਲ ਵਿੱਚ ਚੋਣਾਂ ਹੁੰਦੀਆਂ ਸਨ। ਮੋਦੀ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਆਂਧਰਾ ਪ੍ਰਦੇਸ਼ ਦੇ ਇੱਕ ਦਲਿਤ ਮੁੱਖ ਮੰਤਰੀ ਦਾ ਸ਼ਰੇਆਮ ਅਪਮਾਨ ਕੀਤਾ। ਇਸ ਤੋਂ ਬਾਅਦ ਐਨ.ਟੀ ਰਾਮਾ ਰਾਓ ਨੂੰ ਫਿਲਮਾਂ ਛੱਡ ਕੇ ਸਿਆਸਤ ਵਿੱਚ ਆਉਣਾ ਪਿਆ। ਮੋਦੀ ਨੇ ਕਿਹਾ ਕਿ ਜਦੋਂ ਆਤਮਾ ਦੀ ਆਵਾਜ਼ ਉੱਠਦੀ ਹੈ ਤਾਂ ਕਾਂਗਰਸੀ ਡੋਲਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੰਜੀਵਾ ਰੈਡੀ ਨੂੰ ਰਾਸ਼ਟਰਪਤੀ ਚੋਣ ਵਿੱਚ ਹਰਾਇਆ, ਉਹ ਵੀ ਆਂਧਰਾ ਪ੍ਰਦੇਸ਼ ਨਾਲ ਹੀ ਸਬੰਧਿਤ ਸਨ। ਮੋਦੀ ਨੇ ਰਾਹੁਲ ਉੱਪਰ ਵੀ ਆਪਣਾ ਗੁੱਸਾ ਕੱਢਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੇ ਹੀ ਪ੍ਰਧਾਨ ਮੰਤਰੀ ਵੱਲੋਂ ਤਿਆਰ ਕੀਤੇ ਕੈਬਨਿਟ ਦੇ ਫੈਸਲੇ ਨੂੰ ਮੀਡੀਆ ਸਾਹਮਣੇ ਪਾੜ ਦਿੰਦੇ ਹਨ। ਕੀ ਇਹ ਨੈਤਿਕਤਾ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਸਾਨੂੰ ਨੈਤਿਕਤਾ ਅਤੇ ਲੋਕਤੰਤਰ ਦਾ ਪਾਠ ਨਾ ਪੜ੍ਹਾਏ। ਜੰਮੂ ਕਸ਼ਮੀਰ ਸਬੰਧੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸਰਦਾਰ ਪਟੇਲ  ਨੂੰ ਪ੍ਰਧਾਨ ਮੰਤਰੀ ਬਣਨ ਵਿੱਚ ਮੱਦਦ ਕੀਤੀ ਹੁੰਦੀ ਤਾਂ ਅੱਜ ਕਸ਼ਮੀਰ ਸਾਡਾ ਹੁੰਦਾ ਅਤੇ ਜੋ ਉਥੇ ਅੱਜ ਸੰਕਟ ਹੈ ਉਹ ਨਾ ਹੁੰਦਾ। ਮੋਦੀ ਨੇ ਕਿਹਾ ਕਿ ਕਾਂਗਰਸ ਦੀ ਤਰ੍ਹਾਂ ਜਨਤਾ ਦੀਆਂ ਅੱਖਾਂ ਵਿੱਚ ਧੂੜ ਝੋਕਣਾ ਸਾਡਾ ਚਰਿੱਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਕਾਂਗਰਸ ਨੇ ਇਸ ਲਈ ਵਿਕਾਸ ਨਹੀਂ ਹੋਣ ਦਿੱਤਾ ਕਿ ਜੋ ਲੋਕਾਂ ਨੂੰ ਗਰੀਬ ਰੱਖ ਕੇ ਆਪਣੀ ਵੋਟ ਬੈਂਕ ਬਣਾਈ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸੀ ਨੇਤਾ ਬੇਰੁਜ਼ਗਾਰੀ ਅਤੇ ਗਰੀਬੀ ਨੂੰ ਲੈ ਕੇ ਸਾਡੇ ਵੱਲ ਬਾਹਾਂ ਕੱਢ ਕੱਢ ਕੇ ਨਾਅਰੇ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨੇਤਾ ਆਪਣੀ ਕਾਂਗਰਸ ਲੀਡਰਸ਼ਿਪ ਨੂੰ ਪੁੱਛਣ ਕਿ ਦੇਸ਼ ਉੱਪਰ 70 ਸਾਲ ਰਾਜ ਕਰਨ ਦੇ ਬਾਵਜੂਦ ਵੀ ਸਾਰੇ ਸੂਬਿਆਂ ਵਿੱਚ ਬੇਰੁਜ਼ਗਾਰੀ ਕਿਉਂ ਹੈ? ਉਨ੍ਹਾਂ ਕਿਹਾ ਕਿ ਇਹ ਬੇਰੁਜ਼ਗਾਰੀ ਸਾਡੇ ਚਾਰ ਸਾਲਾਂ ਦੌਰਾਨ ਪੈਦਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਨੂੰ ਗੁੰਮਰਾਹ ਕਰਨਾ ਬੰਦ ਕਰੇ।
ਮੋਦੀ ਨੇ ਇਸ ਮੌਕੇ ਬੈਂਕਾਂ ਦੇ ਵਿੱਤੀ ਸੰਕਟ ਸਬੰਧੀ ਬੋਲਦਿਆਂ ਕਿਹਾ ਕਿ ਇਸ ਪਿੱਛੇ ਵੀ ਕਾਂਗਰਸੀਆਂ ਦੀ ਬੇਈਮਾਨੀ ਜ਼ਿੰਮੇਵਾਰ ਹੈ। ਏਜੰਟਾਂ ਅਤੇ ਬੈਂਕ ਅਫਸਰਾਂ ਨਾਲ ਮਿਲ ਕੇ ਪਾਰਟੀ ਦੀ ਮੱਦਦ ਕਰਨ ਵਾਲੇ ਲੋਕਾਂ ਨੂੰ ਬਿਨਾਂ ਕਿਸੇ ਹੱਦ ਕਰਜੇ ਦਿੱਤੇ ਗਏ। ਮੋਦੀ ਨੇ ਕਿਹਾ ਕਿ ਮੈਂ ਇਸ ਮਾਮਲੇ ‘ਤੇ ਸਿਆਸਤ ਕਰਨੀ ਹੁੰਦੀ ਤਾਂ ਪਹਿਲੇ ਹੀ ਦਿਨ ਸਾਰਿਆਂ ਦੇ ਨਾਂਅ ਜਨਤਾ ਸਾਹਮਣੇ ਰੱਖ ਦਿੰਦਾ। ਮੋਦੀ ਨੇ ਕਿਹਾ ਕਿ ਮੈਂ ਇਹ ਪਾਪ ਦੀ ਰਾਜਨੀਤੀ ਨਹੀਂ ਕਰਦਾ ਅਤੇ ਮੇਰੇ ਵੱਲੋਂ ਕਾਂਗਰਸੀਆਂ ਦੇ ਨਾਂਅ ਦੱਸਣ ਨਾਲ ਦੇਸ਼ ਦੇ ਬੈਂਕ ਵੀ ਸੰਕਟ ਦੇ ਮੂੰਹ ਆ ਜਾਂਦੇ। ਮੋਦੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ 2008 ਵਿੱਚ 18 ਲੱਖ ਕਰੋੜ ਅਤੇ 2014 ਵਿੱਚ ਐੱਨ.ਪੀ.ਏ. 52 ਲੱਖ ਕਰੋੜ ਤੱਕ ਪਹੁੰਚ ਗਿਆ। ਮੋਦੀ ਨੇ ਇਹ ਵੀ ਕਿਹਾ ਕਿ ਸਾਡੇ ਰਾਜ ਵਿੱਚ ਇੱਕ ਵੀ ਬੈਂਕ ਐੱਨ.ਪੀ.ਏ. ਨਹੀਂ ਐਲਾਨ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਚਾਰ ਸਾਲਾਂ ਵਿੱਚ ਜੋ ਨੀਤੀਆਂ ਬਣਾਈਆਂ ਉਨ੍ਹਾਂ ਨਾਲ ਕਾਂਗਰਸ ਦੇ ਪਾਪਾਂ ਨੂੰ ਸਾਫ ਕੀਤਾ। ਮੋਦੀ ਨੇ ਟਿੱਪਣੀ ਕੀਤੀ ਕਿ ਕਾਂਗਰਸ ਅੱਜ ਵੀ ਚਿੱਕੜ ਉਛਾਲੋ ਅਤੇ ਭੱਜ ਜਾਓ ਦੀ ਨੀਤੀ ਉੱਪਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜਿੰਨਾ ਚਿੱਕੜ ਉਛਾਲੇਗੀ, ਕਮਲ ਓਨਾ ਹੀ ਵਧੇਰੇ ਖਿੜੇਗਾ।  ਮੋਦੀ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਕਾਂਗਰਸ ਬੁਰੀ ਤਰ੍ਹਾਂ ਗੁੱਸੇ ਵਿੱਚ ਆ ਗਈ ਅਤੇ ਉਨ੍ਹਾਂ ਨੇ ਸਦਨ ਵਿੱਚ ਜ਼ੋਰਦਾਰ ਨਾਅਰੇਬਾਜੀ ਕੀਤੀ। ਜਦੋਂ ਮੋਦੀ ਬੋਲ ਰਹੇ ਸਨ ਤਾਂ ਕਾਂਗਰਸੀ ਸੰਸਦ ਮੈਂਬਰ ਨਾਅਰੇ ਲਗਾ ਰਹੇ ਸਨ ਕਿ ਝੂਠੇ ਭਾਸ਼ਣ ਬੰਦ ਕਰੋ, ਜੁਮਲੇਬਾਜ਼ੀ ਬੰਦ ਕਰੋ। ਧਮਕੀਆਂ ਦੇਣਾ ਬੰਦ ਕਰੋ। ਇਸ ਮੌਕੇ ਉਨ੍ਹਾਂ ਮੈਚ ਫਿਕਚਿੰਗ, ਆਂਧਰਾ ਪ੍ਰਦੇਸ਼ ਦੇ ਮੁੱਦੇ, ਸਪੈਸ਼ਲ ਪੈਕੇਜ, ਰਾਫੇਲ ਡੀਲ ਬਾਰੇ ਵੀ ਨਾਅਰੇਬਾਜ਼ੀ ਕੀਤੀ।

Share Button

Leave a Reply

Your email address will not be published. Required fields are marked *