Mon. Aug 19th, 2019

ਕਾਂਗਰਸ ਦੀਆਂ ਧੱਕੇਸ਼ਾਹੀਆਂ ਖਿਲਾਫ ਖਰੜ-ਬਲੌਂਗੀ ਸੜਕ ‘ਤੇ ਧਰਨਾ

ਕਾਂਗਰਸ ਦੀਆਂ ਧੱਕੇਸ਼ਾਹੀਆਂ ਖਿਲਾਫ ਖਰੜ-ਬਲੌਂਗੀ ਸੜਕ ‘ਤੇ ਧਰਨਾ

ਐਨ.ਕੇ.ਸ਼ਰਮਾ ਦੀ ਅਗਵਾਈ ਹੇਠ ਮੋਹਾਲੀ ਦੀ ਅਕਾਲੀ ਲੀਡਰਸ਼ਿਪ ਨੇ ਕੀਤਾ ਰੋਸ ਪ੍ਰਗਟ , ਵਾਅਦਿਆਂ ਤੋਂ ਮੁਕਰੀ ਕਾਂਗਰਸ ਸਥਾਨਕ ਸਰਕਾਰਾਂ ਦੇ ਚੋਣ ਮੈਦਾਨ ਵਿਚੋਂ ਭੱਜੀ

ਬਲੌਂਗੀ (ਖਰੜ): ਕਾਂਗਰਸ ਸਰਕਾਰ ਦੀਆਂ ਦਿਨੋ ਦਿਨ ਵੱਧ ਰਹੀਆਂ ਧੱਕੇਸ਼ਾਹੀਆਂ ਖਿਲਾਫ ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅਰੰਭੀ ਮੁਹਿੰਮ ਦੇ ਤਹਿਤ ਅੱਜ ਜ਼ਿਲਾ ਮੋਹਾਲੀ ਦੀ ਸਮੁੱਚੀ ਅਕਾਲੀ ਭਾਜਪਾ ਲੀਡਰਸ਼ਿਪ ਨੇ ਸ੍ਰੋਮਣੀ ਅਕਾਲੀ ਦਲ ਮੋਹਾਲੀ ਦੇ ਪ੍ਰਧਾਨ ਤੇ ਹਲਕਾ ਡੇਰਾਬੱਸੀ ਤੋਂ ਵਿਧਾਇਕ ਐਨ.ਕੇ.ਸ਼ਰਮਾ ਦੀ ਅਗਵਾਈ ਹੇਠ ਰੋਸ ਪ੍ਰਗਟ ਕਰਦਿਆਂ ਬਲੌਂਗੀ ਖਰੜ ਸੜਕ ‘ਤੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਐਨ.ਕੇ.ਸ਼ਰਮਾ ਨੇ ਕਿਹਾ ਕਾਂਗਰਸ ਸਰਕਾਰ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਬੇਕਸੂਰ ਲੋਕਾਂ ‘ਤੇ ਨਜ਼ਾਇਜ਼ ਪਰਚੇ ਦਰਜ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਨੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਤਾਂ ਹਾਸਲ ਕਰ ਲਈ ਪਰ ਵਾਅਦੇ ਪੂਰੇ ਨਾ ਹੋਣ ਕਾਰਨ ਹਰ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਹੁਣ ਸਰਕਾਰ ਨੂੰ ਡਰ ਹੈ ਕਿ ਸਥਾਨਕ ਸਰਕਾਰਾਂ ਚੋਣਾਂ ਵਿਚ ਲੋਕ ਕਾਂਗਰਸ ਨੂੰ ਕਰਾਰੀ ਹਾਰ ਦੇਣਗੇ ਇਸ ਲਈ ਅਕਾਲੀ ਕੌਸਲਰਾਂ ਦੇ ਕਾਗਜ਼ ਰੱਦ ਕਰਕੇ ਉਨ੍ਹਾਂ ‘ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤਾਂ ਕਿ ਉਹ ਨਾਮਜ਼ਦਗੀ ਨਾ ਭਰ ਸਕਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਰਾਜ ਵਿਚ ਭ੍ਰਿਸ਼ਟਾਚਾਰ, ਨਜਾਇਜ਼ ਮਾਈਨਿੰਗ ਅਤੇ ਨਗਰ ਪੰਚਾਇਤ ਚੋਣਾਂ ਵਿਚ ਅਕਾਲੀ ਵਰਕਰਾਂ ਨਾਲ ਜੋ ਧੱਕੇਸ਼ਾਹੀਆਂ ਹੋ ਰਹੀਆਂ ਹਨ ਉਹ ਅਸਿਹਣਯੋਗ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ।
ਇਸ ਮੌਕੇ ਹਲਕਾ ਇੰਚਾਰਜ ਖਰੜ ਰਣਜੀਤ ਸਿੰਘ ਗਿੱਲ, ਤੇਜ਼ਿੰਦਰਪਾਲ ਸਿੰਘ ਸਿੱਧੂ, ਚਰਨਜੀਤ ਸਿੰਘ ਕਾਲੇਵਾਲ ਐਸ.ਜੀ.ਪੀ.ਸੀ. ਮੈਂਬਰ, ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਸ਼ਹਿਰੀ ਪ੍ਰਧਾਨ ਬਲਜੀਤ ਸਿੰਘ ਕੁੰਭੜਾਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਭੁੱਲ ਰਹੀ ਹੈ ਸ੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਸਨੇ ਪੰਜਾਬ ਸੂਬੇ ਦੀ ਬਿਹਤਰੀ ਲਈ ਹਰ ਮੋਰਚੇ ‘ਤੇ ਡੱਟ ਕੇ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ 9 ਮਹੀਨਿਆਂ ਵਿਚ ਕਾਂਗਰਸ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਦੇਸ਼ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨ ਨੂੰ ਕਰਜਾ ਮੁਆਫੀ ਦਾ ਝੂਠਾ ਲਾਰਾ ਲਾਇਆ ਜਿਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ, ਪੱਕੀ ਨੌਕਰੀ ਦੀ ਆਸ ਲਾਈ ਬੈਠੇ ਨੌਜਵਾਨਾਂ ਵਿਚ ਨਿਰਾਸ਼ਾ ਦਾ ਆਲਮ ਹੈ, ਗਰੀਬ ਲੋਕਾਂ ਨੂੰ ਸ਼ੋਸ਼ਲ ਸਕੀਮਾਂ ਦਾ ਲਾਭ ਮਿਲਣਾ ਬੰਦ ਹੈ ਜਿਸ ਕਾਰਨ ਅੱਜ ਸ੍ਰੋਮਣੀ ਅਕਾਲੀ ਦਲ ਨੂੰ ਸਰਕਾਰ ਦੀਆਂ ਵਧੀਕੀਆਂ ਖਿਲਾਫ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਉਨ੍ਹਾਂ ਕਾਂਗਰਸ ਨੂੰ ਵੰਗਾਰਦਿਆਂ ਕਿਹਾ ਕਿ ਸਥਾਨਕ ਸਰਕਾਰਾਂ ਚੋਣਾਂ ਵਿਚ ਕਿਸੇ ਤਰ੍ਹਾਂ ਦੀ ਧਾਂਦਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਅਕਾਲੀ ਕੌਸਲਰਾਂ ‘ਤੇ ਦਰਜ ਨਜਾਇਜ਼ ਪਰਚੇ ਰੱਦ ਕਰਕੇ ਉਨ੍ਹਾਂ ਨੂੰ ਨਾਮਜਦਗੀ ਭਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹ ਦਿਨ ਰਾਤ ਨਿਰੰਤਰ ਧਰਨੇ ‘ਤੇ ਬੈਠੇ ਰਹਿਣਗੇ। ਧਰਨੇ ਦੌਰਾਨ ਭਾਰੀ ਗਿਣਤੀ ਵਿਚ ਅਕਾਲੀ ਵਰਕਰਾਂ ਸਮੇਤ ਬੀਬੀਆਂ ਨੇ ਬਲੋਂਗੀ ਖਰੜ ਸੜਕ ‘ਤੇ ਜਾਮ ਲਾ ਕੇ ਕੈਪਟਨ ਅਮਰਿੰਦਰ ਸਿੰਘ ਦਾ ਪਿੱਟ ਸਿਆਪਾ ਕੀਤਾ ਅਤੇ ਕਾਂਗਰਸ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕ੍ਰਿਸ਼ਨਪਾਲ ਸ਼ਰਮਾ, ਯੂਥ ਆਗੂ ਮਨਜੀਤ ਸਿੰਘ ਮਲਕਪੁਰ, ਅਸ਼ਵਨੀ ਸ਼ਰਮਾ, ਰਵਿੰਦਰ ਸਿੰਘ ਰਵੀ, ਕੌਸਲ ਪ੍ਰਧਾਨ ਭੁਪਿੰਦਰ ਸੈਣੀ, ਰਵਿੰਦਰ ਵੈਸ਼ਨਵ ਪ੍ਰਧਾਨ ਵਪਾਰਵਿੰਗ, ਬਲਕਾਰ ਸਿੰਘ ਰੰਗੀ, ਮਨਵਿੰਦਰ ਸਿੰਘ ਟੋਨੀ ਰਾਣਾ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਸਮੇਤ ਮੋਹਾਲੀ ਜ਼ਿਲੇ ਤੋਂ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: