Wed. Apr 24th, 2019

ਕਾਂਗਰਸ ਖਿਲਾਫ ‘ਡਰੱਗਸ ਫਾਰ ਵੋਟ’ ਦਾ ਦੋਸ਼ ਲਗਾਉਣ ਵਾਲੇ ਕੇਜਰੀਵਾਲ ਉਪਰ ਵਰ੍ਹੇ ਕੈਪਟਨ ਅਮਰਿੰਦਰ

ਕਾਂਗਰਸ ਖਿਲਾਫ ‘ਡਰੱਗਸ ਫਾਰ ਵੋਟ’ ਦਾ ਦੋਸ਼ ਲਗਾਉਣ ਵਾਲੇ ਕੇਜਰੀਵਾਲ ਉਪਰ ਵਰ੍ਹੇ ਕੈਪਟਨ ਅਮਰਿੰਦਰ

ਪੰਜਾਬ ਦੇ ਨੌਜ਼ਵਾਨਾਂ ਨੂੰ ਬਦਨਾਮ ਕਰਨਾ ਬੰਦ ਕਰਨ ਆਪ ਆਗੂ, ਐਸ.ਵਾਈ.ਐਲ ‘ਤੇ ਸਪੱਸ਼ਟ ਕਰਨ ਪੱਖ

ਚੰਡੀਗੜ੍ਹ, 22 ਨਵੰਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜ਼ਵਾਨਾਂ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਿਆਂ ਲਈ ਆਪਣੀਆਂ ਵੋਟਾਂ ਵੇਚਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਬਦਨਾਮ ਕਰਨ ਵਾਲੇ ਆਪ ਆਗੂ ਅਰਵਿੰਦ ਕੇਜਰੀਵਾਲ ਦੀ ਜ਼ੋਰਦਾਰ ਨਿੰਦਾ ਕੀਤੀ ਹੈ।
ਇਸ ਮੌਕੇ ਕੇਜਰੀਵਾਲ ਦੇ ਨਿੰਦਣਯੋਗ ਤੇ ਅਸੰਵੇਦਨਸ਼ੀਲ ਬਿਆਨ ਕਿ ਕਾਂਗਰਸ ਚੋਣਾਂ ਦੌਰਾਨ ਵੋਟਾਂ ਬਦਲੇ ਨੌਜ਼ਵਾਨਾਂ ਨੂੰ ਨਸ਼ਿਆਂ ਦੇ ਪੈਕੇਟਾਂ ਦਾ ਆਫਰ ਕਰੇਗੀ, ਉਪਰ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਜਿਹੀ ਟਿੱਪਣੀ ਆਪ ਆਗੂ ਦੀ ਘਟੀਆ ਸੋਚ ਨੂੰ ਪੇਸ਼ ਕਰਦੀ ਹੈ, ਜਿਹੜੇ ਆਪਣੇ ਅਜਿਹੇ ਅਸੰਵੇਦਨਸ਼ੀਲ ਤੇ ਭੜਕਾਊ ਸ਼ਬਦਾਂ ਲਈ ਬਦਨਾਮ ਹਨ। ਉਹ ਆਪਣੀ ਇਸ ਧੁੰਨ ‘ਚ ਪੰਜਾਬ ਦੇ ਵੋਟਰਾਂ ਨੂੰ ਆਪਣੇ ਵੱਖ ਖਿੱਚਣ ਦੀ ਨਿਰਾਸ਼ਾਜਨਕ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਨੌਜ਼ਵਾਨ ਹਨ। ਪ੍ਰਦੇਸ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਨੇ ਬਾਦਲ ਦੀ ਸੂਬੇ ਨੂੰ ਲੁੱਟਣ ਦੀ ਸਾਜਿਸ਼ ਦੇ ਸ਼ਿਕਾਰ ਹੋਏ ਇਨ੍ਹਾਂ ਮਾਸੂਮਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਤੋਂ ਪਹਿਲਾਂ ਦੂਜੀ ਵਾਰ ਵੀ ਨਹੀਂ ਸੋਚਿਆ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਬਾਦਲ ਦੀ ਅਗੁਵਾਈ ਵਾਲੀ ਅਕਾਲੀ ਸਰਕਾਰ ਨੇ ਪੰਜਾਬ ‘ਚ ਨਸ਼ਿਆਂ ਦਾ ਪ੍ਰਸਾਰ ਕਰਕੇ ਹਜ਼ਾਰਾਂ ਨੌਜ਼ਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਤੇ ਹੁਣ ਕੇਜਰੀਵਾਲ ਇਹ ਕਹਿ ਕੇ ਉਨ੍ਹਾਂ ਦੀਆਂ ਆਤਮਾਵਾਂ ਨੂੰ ਕੁਚਲਣ ਆਏ ਹਨ ਕਿ ਉਹ ਨਸ਼ਿਆਂ ਲਈ ਆਪਣੀਆਂ ਕੀਮਤੀ ਵੋਟਾਂ ਵੇਚ ਦੇਣਗੇ। ਕੈਪਟਨ ਅਮਰਿੰਦਰ ਨੇ ਦੋਨਾਂ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ‘ਤੇ ਵਰ੍ਹਦਿਆਂ ਸੂਬੇ ਦੇ ਨੌਜ਼ਵਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਨਸ਼ਾਖੋਰੀ ਦੇ ਗੰਭੀਰ ਮੁੱਦੇ ਦੀ ਚਿੰਤਾ ਕੀਤੇ ਬਗੈਰ ਕੇਜਰੀਵਾਲ ਘਟੀਆ ਤਰੀਕੇ ਨੌਜ਼ਵਾਨਾਂ ਨੂੰ ਨਸ਼ਿਆਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਸਿਰਫ ਉਨ੍ਹਾਂ ਦੀ ਗੰਦੀ ਸੋਚ ਨੂੰ ਦਰਸਾਉਂਦਾ ਹੈ ਕਿ ਉਹ ਵੋਟਾਂ ਨੂੰ ਨਸ਼ਿਆਂ ਨਾਲ ਜੋੜਨ ਬਾਰੇ ਸੋਚ ਸਕਦੇ ਹਨ।
ਅਜਿਹੇ ‘ਚ ਕੈਪਟਨ ਅਮਰਿੰਦਰ ਨੇ ਆਪ ਆਗੂ ਤੋਂ ਪੁੱਛਿਆ ਹੈ ਕਿ ਕੀ ਤੁਹਾਡੇ ਅੰਦਰ ਕੋਈ ਨੈਤਿਕ ਸੋਚ ਸਮਝ ਨਹੀਂ ਹੈ? ਕੀ ਤੁਸੀਂ ਸਿਰਫ ਵੋਟਾਂ ਨਾਲ ਜੁੜੇ ਹੋ ਕਿ ਤੁਸੀਂ ਉਨ੍ਹਾਂ ਅੱਗੇ ਨਹੀਂ ਸੋਚ ਸਕਦੇ ਅਤੇ ਇਸ ਲਈ ਤੁਸੀਂ ਨੌਜ਼ਵਾਨਾਂ ‘ਚ ਬੱਚੇ ਆਤਮ ਵਿਸ਼ਵਾਸ਼ ਨੂੰ ਵੀ ਤਬਾਹ ਕਰਨ ‘ਤੇ ਰਾਜੀ ਹੋ ਗਏ?
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਦੀ ਐਸ.ਵਾਈ.ਐਲ ਦੇ ਗੰਭੀਰ ਮੁੱਦੇ ਉਪਰ ਲਗਾਤਾਰ ਚੁੱਪੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਤੁਸੀਂ ਉਦੋਂ ਨਹੀਂ ਬੋਲੇ, ਜਦੋਂ ਤੁਹਾਨੂੰ ਐਸ.ਵਾਈ.ਐਲ ਮੁੱਦੇ ਉੱਪਰ ਬੋਲਣਾ ਚਾਹੀਦਾ ਸੀ, ਸਗੋਂ ਆਪਣਾ ਪੈਰ ਮੂੰਹ ‘ਚ ਦਬਾਏ ਚੁੱਪ ਬੈਠੇ ਰਹੇ। ਜਿਨ੍ਹਾਂ ਨੇ ਪੰਜਾਬ ਦੀ ਸੱਤਾ ਉਪਰ ਅੱਖਾਂ ਰੱਖੀ ਬੈਠੀ ਸਿਆਸੀ ਪਾਰਟੀ ਨੂੰ ਚਲਾਉਣ ਪ੍ਰਤੀ ਕੇਜਰੀਵਾਲ ਦੀ ਦਿਮਾਗੀ ਕਾਬਲਿਅਤ ਉਪਰ ਸਵਾਲ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਵੱਲੋਂ ਆਪਣੇ ਵਿਸ਼ੇਸ ਸਿਆਸੀ ਹਿੱਤਾਂ ਨੂੰ ਪ੍ਰਮੋਟ ਕਰਨ ਵਾਸਤੇ ਸ਼ਹੀਦ ਭਗਤ ਸਿੰਘ ਵਰਗੇ ਸ਼ਹੀਦਾਂ ਦੇ ਨਾਂਮਾਂ ਦਾ ਇਸਤੇਮਾਲ ਕਰਨ ਸਬੰਧੀ ਨਿਰਾਧਾਰ ਕੋਸ਼ਿਸ਼ਾਂ ਦੀ ਵੀ ਨਿੰਦਾ ਕੀਤੀ ਹੈ। ਜਿਸ ‘ਤੇ ਪ੍ਰਦੇਸ਼ ਕਾਂਗਰਸ ਦੇ ਆਗੂ ਨੇ ਸਵਾਲ ਕੀਤਾ ਕਿ ਕੀ ਤੁਹਾਡੇ ਵੱਲੋਂ ਨਿਰਾਸ਼ਾਜਨਕ ਤਰੀਕੇ ਨਾਲ ਕੁਝ ਵੀ ਵੋਟ ਹਾਸਿਲ ਕਰਨ ਵਾਸਤੇ ਹੇਠਾਂ ਡਿੱਗਣ ਦਾ ਕੋਈ ਪੱਧਰ ਨਹੀਂ ਹੈ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਚੋਣਾਂ ਦੇ ਸਰਕਾਰੀ ਐਲਾਨ ਤੋਂ ਪਹਿਲਾਂ ਹੀ ਤੁਹਾਡੀ ਪਾਰਟੀ ਦਾ ਵਜੂਦ ਪੰਜਾਬ ਤੋਂ ਪੂਰੀ ਤਰ੍ਹਾਂ ਨਾਲ ਮਿੱਟ ਚੁੱਕਾ ਹੈ। ਅਜਿਹੇ ‘ਚ ਇਸ ਕੌੜੀ ਸੱਚਾਈ ਨੂੰ ਮੰਨਣ ਤੋਂ ਤੁਹਾਡਾ ਇਨਕਾਰ, ਪੰਜਾਬ ਦੇ ਵੋਟਰਾਂ ਨੂੰ ਗੁੰਮਰਾਹ ਕਰਦੇ ਰਹਿਣ ਵਾਸਤੇ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਨੋਟੰਕੀ ‘ਤੇ ਉਤਰਨ ਨੂੰ ਦਰਸਾਉਂਦਾ ਹੈ। ਲੇਕਿਨ ਪੰਜਾਬ ਦੇ ਲੋਕ ਤੁਹਾਡੀ ਅਜਿਹੀ ਛੋਟੀ ਸਿਆਸਤ ‘ਚ ਨਹੀਂ ਫੱਸਣ ਵਾਲੇ।
ਉਨ੍ਹਾਂ ਨੈ ਕਿਹਾ ਕਿ ਆਪ ਵਰਕਰਾਂ ਵੱਲੋਂ ਰੈਲੀਆਂ ‘ਚ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਤੁਸੀਂ ਪੰਜਾਬ ‘ਚ ਆਪਣੀ ਭਰੋਸੇਮੰਦੀ ਪੂਰੀ ਤਰ੍ਹਾਂ ਖੋਹ ਚੁੱਕੇ ਹੋ ਅਤੇ ਅਜਿਹੇ ‘ਚ ਇਕ ਲਾਲਚੀ ਤੇ ਸਵੈਂ ਕੇਂਦਰਿਤ ਆਗੂ ਵਜੋਂ ਤੁਹਾਡਾ ਆਪਣੀ ਪਾਰਟੀ ਸਮੇਤ ਸੂਬੇ ਦੇ ਲੋਕਾਂ ਦੀਆਂ ਨਜ਼ਰਾਂ ‘ਚ ਵੀ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ, ਜਿਸਦਾ ਧਿਆਨ ਸਿਰਫ ਆਪਣੇ ਹਿੱਤਾਂ ਨੂੰ ਪੂਰਾ ਕਰਨ ਉਪਰ ਹੈ।

Share Button

Leave a Reply

Your email address will not be published. Required fields are marked *

%d bloggers like this: