Sat. Aug 24th, 2019

ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੂੰ ਸਿੱਖ ਇਤਿਹਾਸ ਤੇ ਇਲਾਕੇ ਬਾਰੇ ਕੋਈ ਜਾਣਕਾਰੀ ਨਹੀਂ: ਚੰਦੂਮਾਜਰਾ

ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੂੰ ਸਿੱਖ ਇਤਿਹਾਸ ਤੇ ਇਲਾਕੇ ਬਾਰੇ ਕੋਈ ਜਾਣਕਾਰੀ ਨਹੀਂ: ਚੰਦੂਮਾਜਰਾ

ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਨੇ ਅੱਜ ਇੱਥੋਂ ਦੇ ਨੇੜਲੇ ਪਿੰਡ ਰਾਏਪੁਰ, ਬਹਿਲੋਲਪੁਰ, ਕੁਰੜੀ, ਤੰਗੋਰੀ ਅਤੇ ਮਾਜਰੀ ਇਲਾਕੇ ਵਿੱਚ ਚੋਣ ਮੀਟਿੰਗਾਂ ਕਰ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਲਈ ਵੋਟਾਂ ਮੰਗੀਆਂ ਅਤੇ ਸ੍ਰੀ ਚੰਦੂਮਾਜਰਾ ਦੇ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦਾ ਢੰਡੋਰਾ ਪਿੱਟਿਆ।
ਇਸ ਮੌਕੇ ਬੋਲਦਿਆਂ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੂੰ ਸਿੱਖ ਇਤਿਹਾਸ ਅਤੇ ਇਲਾਕੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਪੰਜਾਬ ਦੇ ਲੋਕਾਂ ਲਈ ਕੋਈ ਠੋਸ ਮੁੱਦਾ ਹੈ, ਉਹ ਸਿਰਫ਼ ਆਪਣੇ ਨਾਨਕਿਆਂ ਅਤੇ ਮਰਹੂਮ ਪਿਤਾ ਦਾ ਨਾਂ ਲੈ ਕੇ ਵੋਟਾਂ ਮੰਗਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸ੍ਰੀ ਤਿਵਾੜੀ 2014 ਤੋਂ ਬਾਅਦ ਪੰਜਾਬ ’ਚੋਂ ਬਿਲਕੁਲ ਗਾਇਬ ਰਹੇ ਹਨ। ਉਨ੍ਹਾਂ ਕੋਲ ਆਪਣੇ ਹੱਕ ਵਿੱਚ ਕਹਿਣ ਲਈ ਕੋਈ ਸਿਆਸੀ ਮੁੱਦਾ ਜਾਂ ਏਜੰਡਾ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਚੋਣ ਪ੍ਰਚਾਰ ਦੌਰਾਨ ਆਪਣੇ ਨਾਨੇ ਅਤੇ ਪਿਤਾ ਦਾ ਨਾਂ ਲੈ ਕੇ ਖ਼ੁਦ ਨੂੰ ਪੰਜਾਬ ਦਾ ਨੇਤਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।
ਯੂਥ ਆਗੂ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤਾਂ ਕੀ ਦੇਣੀਆਂ ਸਨ। ਉਲਟਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਅਤੇ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਨਾਲ ਸਰਕਾਰੀ ਦਫ਼ਤਰਾਂ ਅਤੇ ਥਾਣਿਆਂ ਵਿੱਚ ਦਲਾਲ ਸਰਗਰਮ ਹੋ ਗਏ ਹਨ ਅਤੇ ਲੋਕਾਂ ਨੂੰ ਆਪਣੇ ਕੰਮਾਂ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਇਸ ਮੌਕੇ ਬਲਾਕ ਸੰਮਤੀ ਦੇ ਮੈਂਬਰ ਅਵਤਾਰ ਸਿੰਘ ਮੌਲੀ, ਮਨਜੀਤ ਸਿੰਘ ਬਹਿਲੋਲਪੁਰ, ਜਥੇਦਾਰ ਪ੍ਰੇਮ ਸਿੰਘ ਝਿਊੂਰਹੇੜੀ, ਅਵਤਾਰ ਸਿੰਘ ਦਾਊਂ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਮਨਾਣਾ, ਕੁਲਦੀਪ ਸਿੰਘ ਕੁਰੜੀ, ਗੁਰਪ੍ਰੀਤ ਸਿੰਘ ਤੰਗੋਰੀ, ਹਰਗੋਬਿੰਦ ਸਿੰਘ, ਗੋਲਡੀ ਰਾਏਪੁਰ ਕਲਾਂ, ਗਗਨਦੀਪ ਸਿੰਘ, ਜਸਵੀਰ ਸਿੰਘ ਜੱਸੀ ਕੁਰੜਾ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਮੌਲੀ, ਗੁਰਦੀਪ ਸਿੰਘ, ਸੁਖਦੀਪ ਸਿੰਘ, ਅਜਾਇਬ ਸਿੰਘ ਪਟਵੀ, ਰਣਧੀਰ ਸਿੰਘ, ਗੁਰਪ੍ਰਤਾਪ ਸਿੰਘ ਬੜੀ, ਅਮਨ ਪੁਨੀਆ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: