ਕਾਂਗਰਸ ਅਤੇ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਵਾਂਗ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ: ਸੁਖਬੀਰ

ss1

ਕਾਂਗਰਸ ਅਤੇ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਵਾਂਗ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ: ਸੁਖਬੀਰ

‘ਆਪ’ ਵੱਲੋਂ ਕਿਸਾਨਾਂ ਦੇ ਬਿਜਲੀ ਬਿਲ ਲਗਾਉਣ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ

ਕੈਪਟਨ ਦੀ ਸਿਆਸਤ ਐਸ਼ਪ੍ਰਸਤੀ ਵਾਲੀ, ਪੰਜਾਬ ਦੇ ਵਿਕਾਸ ਬਾਰੇ ਕਦੇ ਕੋਈ ਗੱਲ ਨਹੀਂ ਕਰਦਾ

30-3

ਮੋਗਾ, 29 ਜੂਨ: ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਸੌੜੀ ਸਿਆਸਤ ਦੀ ਨਿੰਦਾ ਕਰਦਿਆਂ ਇਨ੍ਹਾਂ ਪਾਰਟੀਆਂ ਦੀ ਤੁਲਨਾ ਈਸਟ ਇੰਡੀਆ ਕੰਪਨੀ ਨਾਲ ਕਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਮਕਸਦ ਖੁਸ਼ਹਾਲ ਵੱਸਦੇ ਪੰਜਾਬ ਨੂੰ ਲੁੱਟਣਾ ਅਤੇ ਬਰਬਾਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੱਤਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੀਆਂ ਹਨ ਇਸ ਲਈ ਪੰਜਾਬ ਵਾਸੀ ਸੱਤਾ ਦੀ ਲੋਭੀ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਾ ਲਾਉਣ।
ਇੱਥੇ ਨਿਹਾਲ ਸਿੰਘ ਵਾਲਾ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਆਪਣੇ ਸੰਬੋਧਨ ਦੌਰਾਨ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਲਈ ਤਤਪਰ ਹੈ ਅਤੇ ਪੰਜਾਬੀਆਂ ਲਈ ਵਿਸ਼ਵ ਪੱਧਰ ‘ਤੇ ਉਨ੍ਹਾਂ ਦੀ ਨੁਮਾਇੰਦਾ ਪਾਰਟੀ ਬਣ ਕੇ ਹਰ ਪੰਜਾਬੀ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਅਸਲ ਵਿਚ ਲੋਕਾਂ ਦੀ ਸਰਕਾਰ ਹੈ ਇਸ ਲਈ 2017 ਵਿਚ ਇਕ ਵਾਰ ਫੇਰ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿਚ ਜਿੰਨੀ ਤਰੱਕੀ ਪੰਜਾਬ ਵਿਚ ਹਰੇਕ ਖੇਤਰ ‘ਚ ਹੋਈ ਹੈ ਉਹ ਆਪਣੇ ਆਪ ਵਿਚ ਇਕ ਰਿਕਾਰਡ ਹੈ।
ਇਕ ਅਹਿਮ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬਹੁਤ ਜਲਦ ਦਿੱਲੀ-ਅੰਮ੍ਰਿਤਸਰ ਵਾਇਆ ਮੋਗਾ ਇਕ ਨਵੀਂ ਸੜਕ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ ਜਿਸ ਸਬੰਧੀ ਕੇਂਦਰ ਸਰਕਾਰ ਨਾਲ ਕਾਰਜ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸ. ਬਾਦਲ ਨੇ ਕਿਹਾ ਕਿ ਜਦੋਂ ਉਹ ਫਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਬਣੇ ਤਾਂ ਮੋਗਾ ਇਲਾਕਾ ਵਿਕਾਸ ਪੱਖੋਂ ਕਾਫੀ ਪੱਛੜਿਆ ਸੀ ਪਰ ਉਸ ਤੋਂ ਬਾਅਦ ਇਸ ਇਲਾਕੇ ਨੂੰ ਬੇਹਤਰ ਸੜਕੀ ਸੰਪਰਕ ਨਾਲ ਜੋੜਿਆ ਗਿਆ ਜਿਸ ਦੇ ਸਿੱਟੇ ਵੱਜੋਂ ਇੱਥੇ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੜਕਾਂ ਦੇ 4-6 ਮਾਰਗੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਗਲੇ ਸਾਲ ਤੱਕ ਪੰਜਾਬ ਦਾ ਅਜਿਹਾ ਕੋਈ ਪ੍ਰਮੁੱਖ ਕਸਬਾ ਤੇ ਸ਼ਹਿਰ ਅਜਿਹਾ ਨਹੀਂ ਹੋਵੇਗਾ ਜੋ ਕਿ 4-6 ਮਾਰਗੀ ਸੜਕਾਂ ਨਾਲ ਜੁੜਿਆਂ ਨਾ ਹੋਵੇ।
ਉਨ•ਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਪੰਜਾਬ ਵਾਸੀਆਂ ਦੀਆਂ ਵਧੇਰੇ ਮੁਸ਼ਕਿਲਾਂ ਹੱਲ ਕਰ ਦਿੱਤੀਆਂ ਹਨ ਅਤੇ ਗੁਆਂਢੀ ਸੂਬਿਆਂ ਦੇ ਮੁਕਾਬਲੇ ਇਸ ਸਮੇਂ ਪੰਜਾਬ ਵਿਕਾਸ ਦੀਆਂ ਨਵੀਆਂ ਬੁਲੰਦੀਆਂ ‘ਤੇ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਹ ਗਤੀ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਹੋਰ ਤੇਜ਼ੀ ਫੜੇਗੀ ਅਤੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਸੀਮੇਂਟ ਦੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਚੁੱਕਾ ਹੈ ਅਤੇ ਇਸ ਪ੍ਰਾਪਤੀ ਲਈ ਅਸੀਂ ਦੇਸ਼ ਵਿਚ ਅੱਵਲ ਨੰਬਰ ‘ਤੇ ਹਾਂ। ਇਸੇ ਤਰ੍ਹਾਂ ਕਿਸਾਨਾਂ ਨੂੰ ਨਿਰੰਤਰ ਮੁਫਤ ਬਿਜਲੀ ਦੇਣ ਵਿਚ ਵੀ ਪੰਜਾਬ ਦਾ ਕੋਈ ਸਾਨੀ ਨਹੀਂ ਹੈ। ਇਸ ਦੇ ਉਲਟ ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਕਿਸਾਨਾਂ ਦੇ ਬਿਜਲੀ ਬਿਲ ਲਗਾਉਣ ਦੇ ਬਿਆਨ ਦੀ ਉਨ੍ਹਾਂ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਵਾਲੇ ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕਰ ਰਹੇ ਹਨ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਾਲੇ ਤੱਕ ਇਹ ਸਪੱਸ਼ਟ ਨਹੀਂ ਕਰ ਸਕਿਆ ਕਿ ਪੰਜਾਬ ਵਿਰੋਧੀ ਅਤੇ ਦੇਸ਼ ਵਿਰੋਧੀ ਲੋਕਾਂ ਨਾਲ ਉਸ ਦੇ ਕੀ ਸਬੰਧ ਹਨ ਅਤੇ ਕੈਨੇਡਾ ਦੇ ਗੁਰੂਦੁਆਰਾ ਡਿਕਸੀ ਵਿਖੇ ਗਰਮਖਿਆਲੀਆਂ ਵੱਲੋਂ ਲਏ ਸਨਮਾਨ ਪਿੱਛੇ ਉਸ ਦਾ ਕੀ ਮੰਤਵ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਿਆਸਤ ਐਸ਼ਪ੍ਰਸਤੀ ਵਾਲੀ ਹੈ ਉਹ ਪੰਜਾਬ ਦੇ ਵਿਕਾਸ ਬਾਰੇ ਕਦੇ ਕੋਈ ਗੱਲ ਨਹੀਂ ਕਰਦਾ। ਆਮ ਆਦਮੀ ਪਾਰਟੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਠੱਗਾਂ ਅਤੇ ਨਕਾਰੇ ਹੋਏ ਲੋਕਾਂ ਨਾਲ ਭਰੀ ਪਈ ਹੈ ਅਤੇ ਇਨ੍ਹਾਂ ਦਾ ਕੋਈ ਵਿਕਾਸ ਏਜੰਡਾ ਨਹੀਂ ਹੈ।
ਇਸ ਤੋਂ ਪਹਿਲਾਂ ਅਜੀਤਵਾਲ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਉੱਪ ਮੁੱਖ ਮੰਤਰੀ ਨੇ ਨਿਹਾਲ ਸਿੰਘ ਵਾਲਾ ਹਲਕੇ ਦੀਆਂ 28 ਪੰਚਾਇਤਾਂ ਨੂੰ 5.32 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ ਅਤੇ ਲਾਲਾ ਲਾਜਪਤ ਰਾਏ ਯਾਦਗਾਰੀ ਕਮੇਟੀ ਅਧੀਨ ਸਕੂਲ ਲਈ 20 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਜਾਰੀ ਕੀਤੀ। ਉਨ੍ਹਾਂ ਸਾਰੀਆਂ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਹੱਲ ਕਰਾਉਣ ਦੇ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ, ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਜੋਗਿੰਦਰ ਪਾਲ ਜੈਨ ਤੇ ਮਹੇਸ਼ਇੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾਂ ਪ੍ਰਧਾਨ ਤੀਰਥ ਸਿੰਘ ਮਾਹਲਾ, ਭਾਜਪਾ ਜ਼ਿਲ੍ਹਾਂ ਪ੍ਰਧਾਨ ਤਰਚੋਲਨ ਸਿੰਘ ਗਿੱਲ,ਚੇਅਰਮੈਨ ਪੰਜਾਬ ਰਾਜ ਸਿਹਤ ਨਿਗਮ ਬਰਜਿੰਦਰ ਸਿੰਘ ਬਰਾੜ, ਮੇਅਰ ਨਗਰ ਨਿਗਮ ਮੋਗਾ ਅਕਸ਼ਿਤ ਜੈਨ, ਚੇਅਰਮੈਨ ਤਰਸੇਮ ਸਿੰਘ ਰੱਤੀਆਂ, ਚੇਅਰਪਰਸਨ ਜ਼ਿਲ੍ਹਾਂ ਪ੍ਰੀਸ਼ਦ ਬੀਬੀ ਅਮਰਜੀਤ ਕੌਰ ਸਾਹੋਕੇ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਸ਼ਵਨੀ ਕੁਮਾਰ, ਡਿਪਟੀ ਕਮਿਸ਼ਨਰ ਕੁਲਦੀਪ ਸਿੰਘ ਵੈਦ, ਐਸ.ਐਸ.ਪੀ. ਹਰਜੀਤ ਸਿੰਘ ਪੰਨੂੰ, ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਖਣਮੁੱਖ ਭਾਰਤੀ, ਰਣਵਿੰਦਰ ਸਿੰਘ ਰਾਮੂੰਵਾਲ, ਚੇਅਰਮੈਨ ਭਗੀਰਥ ਸਿੰਘ ਲੋਪੋ, ਵੀਰਪਾਲ ਸਿੰਘ ਸਮਾਲਸਰ, ਬੂਟਾ ਸਿੰਘ ਦੌਲਤਪੁਰਾ, ਬਲਵਿੰਦਰ ਸਿੰਘ ਹੈਪੀ ਜ਼ਿਲਾ ਪ੍ਰਧਾਨ ਐਸ.ਸੀ. ਵਿੰਗ, ਪਰਮਜੀਤ ਸਿੰਘ ਚੜਿੱਕ ਤੇ ਕੁਲਦੀਪ ਸਿੰਘ ਜੋਗੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *