ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਉਡਾਈਆਂ ਜਾ ਰਹੀਆਂ ਨੇ ਲੋਕਤੰਤਰ ਦੀਆਂ ਧੱਜੀਆਂ: ਵਿਰਸਾ ਸਿੰਘ ਵਲਟੋਹਾ

ss1

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਉਡਾਈਆਂ ਜਾ ਰਹੀਆਂ ਨੇ ਲੋਕਤੰਤਰ ਦੀਆਂ ਧੱਜੀਆਂ: ਵਿਰਸਾ ਸਿੰਘ ਵਲਟੋਹਾ

ਸ੍ਰੀ ਅੰਮ੍ਰਿਤਸਰ, 22 ਜਨਵਰੀ 2018- ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਲੋਕਤੰਤਰ ਦੀਆਂ ਧੱਜੀਆਂ ਉਡਾਉਂਦਿਆਂ ਹੋਇਆ ਨਗਰ ਪੰਚਾਇਤ ਭਿੱਖੀਵਿੰਡ ਤੇ ਕਬਜ਼ਾ ਕਰਨ ਲਈ ਪ੍ਰਧਾਨ ਅਤੇ ਕੌਂਸਲਰਾਂ ਉੱਪਰ ਨਜਾਇਜ਼ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਅਤੇ ਕੌਂਸਲਰ ਰਕੇਸ਼ ਕੁਮਾਰ ਰਿੰਕੂ ਧਵਨ ਵਿਰੁੱਧ ਐਸ.ਸੀ ਐਕਟ ਤਹਿਤ ਥਾਣਾ ਭਿੱਖੀਵਿੰਡ ਵਿੱਚ ਸਰਾਸਰ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਦਰਜ ਮੁਕੱਦਮੇ ਵਿੱਚ ਦੱਸਿਆ ਗਿਆ ਹੈ ਕਿ ਨਗਰ ਪੰਚਾਇਤ, ਭਿੱਖੀਵਿੰਡ ਦੇ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਅਤੇ ਕੌਂਸਲਰ ਨੇ ਜਗ੍ਹਾ ਖਾਲੀ ਕਰਵਾਉਣ ਦੇ ਬਹਾਨੇ ਨਾਲ ਭਿੱਖੀਵਿੰਡ ਚੇਲਾ ਕਲੋਨੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਸਰਬਜੀਤ ਸਿੰਘ, ਜੋ ਕਿ ਅਣਸੂਚਿਤ ਜਾਤੀ ਨਾਲ ਸਬੰਧਿਤ ਹੈ, ਦਾ ਖੋਖਾ 22 ਜੂਨ 2017 ਨੂੰ ਜਬਰੀ ਚੁੱਕ ਲਿਆਂਦਾ। ਮੁਕੱਦਮਾ ਵਿੱਚ ਦਰਜ ਹੈ ਕਿ ਸਰਬਜੀਤ ਸਿੰਘ ਆਪਣਾ ਖੋਖਾ ਵਾਪਸ ਲੈਣ ਲਈ ਕਈ ਵਾਰ ਨਗਰ ਪੰਚਾਇਤ ਦੇ ਦਫ਼ਤਰ ਗਿਆ ਪਰ ਉਸ ਦੀ ਕਿਸੇ ਨਾ ਸੁਣੀ। ਮੁਕੱਦਮੇ ਵਿੱਚ ਅੱਗੇ ਦਰਜ ਵੇਰਵੇ ਅਨੁਸਾਰ 10 ਅਗਸਤ, 2017 ਨੂੰ ਸਰਬਜੀਤ ਸਿੰਘ ਫਿਰ ਆਪਣਾ ਖੋਖਾ ਲੈਣ ਲਈ ਨਗਰ ਪੰਚਾਇਤ ਦਫ਼ਤਰ ਗਿਆ। ਜਿੱਥੇ ਉਸ ਨੂੰ ਦਫ਼ਤਰ ਦੇ ਬਾਹਰ ਹੀ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਅਤੇ ਰਾਕੇਸ਼ ਕੁਮਾਰ ਰਿੰਕੂ ਧਵਨ ਅਤੇ ਹੋਰ ਕੌਂਸਲਰ ਮਿਲੇ। ਸਰਬਜੀਤ ਸਿੰਘ ਅਨੁਸਾਰ ਜਦੋਂ ਉਸਨੇ ਆਪਣਾ ਖੋਖਾ ਲੈਣ ਲਈ ਕਿਹਾ ਤਾਂ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਗਿਆ ਅਤੇ ਜਾਤੀ ਸੂਚਕ ਗਾਲ੍ਹਾਂ ਕੱਢਿਆ ਗਈਆਂ। ਵਲਟੋਹਾ ਨੇ ਇਸ ਸਬੰਧੀ ਸਬੂਤ ਪੇਸ਼ ਕਰਦਿਆਂ ਕਿਹਾ ਕਿ 10 ਅਗਸਤ 2017 ਨੂੰ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਦਿੱਲੀ ਵਿਖੇ ਮੌਜੂਦ ਸੀ ਜੋ ਕਿ 9 ਅਗਸਤ ਨੂੰ ਹੀ ਆਪਣੇ ਸਾਥਿਆ ਨਾਲ ਕਾਰ ਖਰੀਦਣ ਲਈ ਦਿੱਲੀ ਗਿਆ ਹੋਇਆ ਸੀ ਅਤੇ 11 ਅਗਸਤ, 2017 ਨੂੰ ਹੀ ਵਾਪਸ ਆਇਆ ਸੀ। ਇਸ ਸਬੰਧੀ ਉਹਨਾਂ ਨੇ ਕਾਰ ਖਰੀਦਣ ਦੇ ਕਾਗ਼ਜ਼, ਦਿੱਲੀ ਹੋਟਲ ਵਿੱਚ ਠਹਿਰਨ ਦਾ ਤਸਦੀਕਸੁaਦਾ ਰਿਕਾਰਡ, ਦਿੱਲੀ ਦੇ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਦੀ ਸਟੇਟਮੈਂਟ ਅਤੇ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਦੇ ਮੋਬਾਈਲ ਨੰਬਰ 98147-20023 ਦੀ ਕਾਲ ਡਿਟੇਲ ਵੀ ਪੇਸ਼ ਕੀਤੀ ਜਿਸ ਵਿੱਚ ਅਮਰਜੀਤ ਸਿੰਘ ਢਿੱਲੋਂ ਦੀ ਮੋਬਾਈਲ ਲੋਕੇਸ਼ਨ ਦਿੱਲੀ ਆ ਰਹੀ ਹੈ। ਵਲਟੋਹਾ ਨੇ ਹੋਰ ਸਬੂਤ ਪੇਸ਼ ਕਰਦਿਆਂ ਕਿਹਾ ਕਿ ਸਰਬਜੀਤ ਸਿੰਘ ਦਾ ਖੋਖਾ ਨਗਰ ਪੰਚਾਇਤ ਭਿੱਖੀਵਿੰਡ ਦੇ ਅਧਿਕਾਰੀ ਨੇ ਜੂਨ 2015 ਵਿੱਚ ਹੀ ਨਜਾਇਜ਼ ਕਬਜ਼ੇ ਹਟਾਉਣ ਸਮੇਂ ਹਟਾ ਦਿੱਤਾ ਸੀ। ਇਸ ਸਬੰਧੀ ਉਹਨਾਂ ਨਗਰ ਪੰਚਾਇਤ ਦਾ ਮੱਤਾ, ਸਰਬਜੀਤ ਸਿੰਘ ਵੱਲੋਂ ਖੋਖਾ ਵਾਪਸ ਲੈਣ ਲਈ ਉਸ ਸਮੇਂ ਦੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਵਾਇਸ ਪ੍ਰਧਾਨ ਡਾ: ਰਾਜ ਕੁਮਾਰ ਵੇਰਕਾ ਨੂੰ ਜੁਲਾਈ 2015 ਵਿੱਚ ਲਿਖਿਆ ਪੱਤਰ, ਡਾ: ਵੇਰਕਾ ਵੱਲੋਂ ਡੀ.ਸੀ. ਤਰਨਤਾਰਨ, ਡੀ.ਸੀ. ਤਰਨਤਾਰਨ ਵੱਲੋਂ ਐਸ.ਡੀ.ਐਮ. ਪੱਟੀ, ਐਸ.ਡੀ.ਐਮ. ਪੱਟੀ ਵੱਲੋਂ ਕਾਰਜਸਾਧਕ ਅਫ਼ਸਰ ਨਗਰ ਪੰਚਾਇਤ, ਭਿੱਖੀਵਿੰਡ ਅਤੇ ਨਗਰ ਪੰਚਾਇਤ ਵੱਲੋਂ ਵਾਪਸ ਭੇਜੇ ਗਏ ਜਵਾਬ ਦੀਆਂ ਚਿੱਠੀਆਂ ਵੀ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੀਆਂ। ਉਹਨਾਂ ਇਹ ਵੀ ਦੱਸਿਆ ਕਿ ਨਗਰ ਪੰਚਾਇਤ ਭਿੱਖੀਵਿੰਡ ਨੂੰ ਖੋਹਣ ਲਈ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਡੀ.ਐਸ.ਪੀ. ਸੁਲੱਖਣ ਸਿੰਘ ਮਾਨ ਵੱਲੋਂ ਝੂਠੇ ਮੁਕੱਦਮੇ ਵਿੱਚ ਫਸਾਏ ਜਾਣ ਦੇ ਖ਼ਦਸ਼ੇ ਨੂੰ ਮੁੱਖ ਰੱਖਦੇ ਹੋਏ ਇਹਨਾਂ ਦੋਨੋਂ ਆਗੂਆਂ ਵੱਲੋਂ ਪਹਿਲਾ ਹੀ 16 ਅਕਤੂਬਰ, 2017 ਨੂੰ ਮੁੱਖ ਮੰਤਰੀ, ਡੀ.ਜੀ.ਪੀ. ਪੰਜਾਬ, ਚੇਅਰਮੈਨ ਹਿਊਮਨਰਾਈਟ ਕਮਿਸ਼ਨ ਅਤੇ ਐਸ.ਐਸ.ਪੀ. ਤਰਨਤਾਰਨ ਨੂੰ ਅਰਜ਼ੀ ਦੇ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਦੋਨਾਂ ਆਗੂਆਂ ਵਿਰੁੱਧ 4 ਨਵੰਬਰ 2017 ਨੂੰ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਝੂਠੇ ਕੇਸ ਦੀ ਸਹੀ ਜਾਂਚ ਕਰਵਾਉਣ ਅਤੇ ਇਨਸਾਫ਼ ਦੇਣ ਲਈ 6 ਨਵੰਬਰ 2017 ਨੂੰ ਹੀ ਐਸ.ਐਸ.ਪੀ. ਤਰਨਤਾਰਨ ਨੂੰ ਅਰਜ਼ੀ ਦੇ ਦਿੱਤੀ ਗਈ ਸੀ। ਜੋ ਕਿ ਇਸ ਸਮੇਂ ਐਸ.ਪੀ.(ਡੀ) ਤਰਨਤਾਰਨ ਕੋਲ ਪੈਡਿੰਗ ਪਈ ਹੈ। ਵਲਟੋਹਾ ਨੇ ਦੱਸਿਆ ਕਿ ਹਾਈ ਕੋਰਟ ਵਿੱਚੋਂ ਅਗਾਹੂੰ ਜ਼ਮਾਨਤ ਹੋਣ ਦੇ ਬਾਵਜੂਦ ਦੋਹਾਂ ਆਗੂਆਂ ਨੂੰ ਤਫ਼ਤੀਸ਼ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਡੀ.ਐਸ.ਪੀ, ਭਿੱਖੀਵਿੰਡ ਵੱਲੋਂ ਕਿਹਾ ਜਾ ਰਿਹਾ ਹੈ ਜਾਂਚ ਵਿੱਚ ਸ਼ਾਮਲ ਤਾਂ ਹੀ ਕੀਤਾ ਜਾਵੇਗਾ ਜੇ ਤੁਸੀਂ ਨਗਰ ਪੰਚਾਇਤ ਦੇ ਅਹੁਦਿਆਂ ਤੋਂ ਆਪਣਾ ਅਸਤੀਫ਼ਾ ਦੇ ਦੇਵੋਗੇ ਨਹੀਂ ਤਾਂ ਹੋਰ ਕੇਸ ਵੀ ਪਾਏ ਜਾ ਸਕਦੇ ਹਨ। ਵਲਟੋਹਾ ਨੇ ਕਿਹਾ ਕਿ ਕੈਪਟਨ ਸਰਕਾਰ ਵਿੱਚ ਅਕਾਲੀ ਆਗੂਆਂ ਨੂੰ ਸ਼ਰੇਆਮ ਡਰਾਇਆ-ਧਮਕਾਇਆ ਅਤੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਵਲਟੋਹਾ ਨੇ ਅੰਤ ਵਿੱਚ ਕਿਹਾ ਕਿ ਜੇ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਮੁਦਈ ਸਰਬਜੀਤ ਸਿੰਘ ਅਤੇ ਸਬੰਧਿਤ ਪੁਲਿਸ ਅਧਿਕਾਰੀਆਂ ਵਿਰੁੱਧ ਝੂਠੇ ਕੇਸ ਵਿੱਚ ਫਸਾਉਣ ਲਈ ਬਣਦੀ ਕਾਨੂੰਨੀ ਕਾਰਵਾਈ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ।
ਇਸ ਮੌਕੇ ਸ: ਵੀਰ ਸਿੰਘ ਲੋਪੋਕੇ, ਸ: ਹਰਮੀਤ ਸਿੰਘ ਸੰਧੂ ( ਦੋਵੇਂ ਸਾਬਕਾ ਵਿਧਾਇਕ ), ਗੌਰਵ ਦੀਪ ਸਿੰਘ ਵਲਟੋਹਾ, ਅਮਰਜੀਤ ਸਿੰਘ ਢਿੱਲੋਂ, ਰਕੇਸ਼ ਕੁਮਾਰ, ਹਰਜੀਤ ਬਲੇਰ, ਹਰਪਾਲ ਸਿੰਘ, ਮਨਜੀਤ ਸਿੰਘ, ਰਸਾਲ ਸਿੰਘ, ਇੰਦਰਜੀਤ ਸਿੰਘ ਅਲਗੋਂ,, ਸੁਖਜੀਤ ਸਿੰਘ, ਪਰਮਜੀਤ ਸਿੰਘ ਡਲ, ਗੁਰਦਤਾਰ ਸਿੰਘ ( ਸਾਰੇ ਸਰਪੰਚ) ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *