ਕਾਂਗਰਸੀ ਆਗੂ ਹਵਾਈ ਕਿਲ੍ਹੇ ਉਸਾਰੇ ਬੰਦ ਕਰਨ: ਹਲਕਾ ਸੁਧਾਰ ਕਮੇਟੀ

ss1

ਕਾਂਗਰਸੀ ਆਗੂ ਹਵਾਈ ਕਿਲ੍ਹੇ ਉਸਾਰੇ ਬੰਦ ਕਰਨ: ਹਲਕਾ ਸੁਧਾਰ ਕਮੇਟੀ

ਰੂਪਨਗਰ, 2 ਅਕਤੂਬਰ (ਨਿਰਪੱਖ ਆਵਾਜ਼ ਬਿਊਰੋ): ਇਕ ਪਾਸੇ ਕਾਂਗਰਸ ਸਰਕਾਰ ਤਨਖਾਹ ਦੇਣ ਤੋਂ ਵੀ ਅਸਮਰਥ ਇਹ ਢੰਡੋਰਾ ਪਿੱਟ ਰਹੀ ਹੈ ਕਿ ਬਾਦਲਾਂ ਨੇ ਖਜ਼ਾਨਾ ਖਾਲੀ ਕਰਕੇ ਛੱਡਿਆ ਹੈ। ਦੂਜੇ ਪਾਸੇ ਕਾਂਗਰਸ ਦੇ ਮੰਤਰੀ ਆਪਣੇ ਦੌਰਿਆ ਦੌਰਾਨ ਵਿਕਾਸ ਕਰਨ ਦੇ ਧੜਾਧੜ ਐਲਾਨ ਕਰ ਰਹੇ ਹਨ। ਅਜਿਹੀ ਇਕ ਉਦਾਹਰਣ ਦਿੰਦਿਆਂ ਹਲਕਾ ਸੁਧਾਰ ਕਮੇਟੀ ਸਰਕਲ ਰੋਪੜ ਦੇ ਪ੍ਰਧਾਨ ਨਿਰਮਲ ਸਿੰਘ ਲੌਦੀ ਮਾਜਰਾ, ਜਨਰਲ ਸਕੱਤਰ ਰਜਿੰਦਰ ਸਿੰਘ ਰਾਜੂ ਅਤੇ ਰਾਮ ਗੋਪਾਲ ਸ਼ਰਮਾ ਨੇ ਦੱਸਿਆ ਕਿ 4 ਕੁ ਮਹੀਨੇ ਪਹਿਲਾਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਸਾਡੇ ਇਲਾਕੇ ਵਿੱਚ ਚਲ ਰਹੀ ਫਿਲਮ ਦੀ ਸ਼ੂਟਿੰਗ ਦੇ ਕਲਾਕਾਰ ਕਪਿਲ ਸ਼ਰਮਾ ਨੂੰ ਮਿਲਣ ਆਏ ਸਨ। ਰੋਪੜ ਤੋਂ ਕਾਂਗਰਸ ਦੀ ਟਿਕਟ ਤੋਂ ਹਾਰੇ ਉਮੀਦਵਾਰ ਬਰਿੰਦਰ ਢਿਲੋਂ ਵਲੋਂ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸ਼੍ਰੀ ਸਿੱਧੂ ਨਾਲ ਫੋਟੋ ਖਿਚਵਾ ਕੇ ਇਹ ਬਿਆਨ ਦਾਗ ਦਿੱਤਾ ਕਿ ਰੋਪੜ ਦੇ ਬੋਟ ਕਲਬ (ਜਿਸ ਨੂੰ ਬਾਦਲਾਂ ਨੇ ਖੰਡਰ ਬਣਾ ਦਿੱਤਾ) ਦੀ ਮੁੜ ਉਸਾਰੀ ਦਾ ਕੰਮ ਬਹੁਤ ਛੇਤੀ ਸ਼ੁਰੂ ਕੀਤਾ ਜਾਵੇਗਾ, ਪਰ 4 ਮਹੀਨੇ ਬੀਤਣ ਤੋਂ ਬਾਅਦ ਉਸਾਰੀ ਦਾ ਕੰਮ ਸ਼ੁਰੂ ਹੋਣਾ ਤਾਂ ਦੂਰ ਦੀ ਗੱਲ ਉਥੇ ਜੰਗਲ ਪਹਿਲਾਂ ਨਾਲੋਂ ਵੀ ਘਣਾ ਹੋ ਚੁੱਕਾ ਹੈ। ਲੌਦੀ ਮਾਜਰਾ ਨੇ ਕਿਹਾ ਕਿ ਜੇ ਉਕਤ ਬੋਟ ਕਲੱਬ ਦੀ ਉਸਾਰੀ ਦੇ ਸਬੰਧ ਵਿੱਚ ਚੰਗੀ ਭਾਵਨਾ ਤਹਿਤ ਬਰਿੰਦਰ ਢਿਲੋਂ ਵਲੋਂ ਕੋਈ ਕਾਗਜ਼ੀ ਕਾਰਵਾਈ ਵੀ ਸ਼ੁਰੂ ਕੀਤੀ ਹੈ ਤਾਂ ਉਹਨਾਂ ਨੂੰ ਜਨਤਕ ਕਰ ਦੇਣੀ ਚਾਹੀਦੀ ਹੈ। ਕਿਉਂਕਿ ਹੁਣ ਉਕਤ ਜੋੜੀ ਵੱਲੋਂ ਐਲਾਨ ਕੀਤਾ ਹੈ ਕਿ ਸਤਲੁੱਜ ਦਰਿਆ ਦੇ ਕੰਢੇ ਉੱਤੇ ਸੈਲਾਨੀਆਂ ਦੇ ਲਈ ਬਹੁਤ ਛੇਤੀ ਸੈਰਗਾਹ ਬਣਾਈ ਜਾਵੇਗੀ। ਸੁਧਾਰ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਅਸੀਂ ਨਵਜੋਤ ਸਿਧੂ ਅਤੇ ਬਰਿੰਦਰ ਢਿਲੋਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਦਰਿਆ ਦੇ ਕੰਢੇ ਨੂੰ ਬੀਚ ਬਣਾਉਣ ਤੋਂ ਪਹਿਲਾਂ ਸਤਲੁੱਜ ਦਰਿਆ ਦੇ ਕੰਢੇਕੰਢੇ ਰੂਪਨਗਰ ਤੋਂ ਲੈ ਕੇ ਗੁਰਦੁਆਰਾ ਕੁੰਮਾ ਮਾਸਕੀ ਤੱਕ ਸਾਲਾਂ ਤੋਂ ਉਸਾਰੀ ਅਧੀਨ ਲਟਕ ਰਹੀ ਸੜਕ ਦਾ ਕੰਮ ਹੀ ਸਿਰੇ ਲਗਵਾ ਦਿਓ, ਇਲਾਕੇ ਉੱਤੇ ਇਹ ਹੀ ਤੁਹਾਡੀ ਬੜੀ ਮੇਹਰਬਾਨੀ ਹੋਵੇਗੀ। ਉਹਨਾਂ ਕਿਹਾ ਲੋਕ ਕੰਮ ਨੂੰ ਸਲਾਮ ਕਰਦੇ ਹਨ, ਹਵਾਈ ਕਿਲ੍ਹੇ ਉਸਾਰਨ ਨਾਲ ਕਿਸੇ ਆਗੂ ਦਾ ਕੱਦ ਵੱਡਾ ਨਹੀਂ ਹੋ ਸਕਦਾ। ਉਹਨਾਂ ਸਾਰੇ ਰਾਜਨੀਤਿਕ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ‘ਇਹ ਕਰਾਂਗੇ’ ਦੀ ਬਜਾਏ ‘ਇਹ ਕੀਤਾ ਹੈ’ ਦੇ ਬਿਆਨ ਅਖਬਾਰਾਂ ਵਿੱਚ ਦੇਣ ਤਾਂ ਇਹ ਚੰਗਾ ਹੋਵੇਗਾ।

Share Button

Leave a Reply

Your email address will not be published. Required fields are marked *