Fri. Apr 26th, 2019

ਕਾਂਗਰਸੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਅਕਾਲੀ ਆਗੂ ਦੇ ਪਿਉ ਤੇ ਭਰਾ ਦੀ ਹੱਤਿਆ

ਕਾਂਗਰਸੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਅਕਾਲੀ ਆਗੂ ਦੇ ਪਿਉ ਤੇ ਭਰਾ ਦੀ ਹੱਤਿਆ

ਅਕਾਲੀ  ਦਲ ਬਾਦਲ ਦੇ ਜਿਲਾ ਮੀਤ ਪ੍ਰਧਾਨ ਵਾਲ ਵਾਲ ਬਚੇ

ਗੋਲੀਆਂ ਚਲਾਉਣ ਵਾਲਾ ਕਾਂਗਰਸੀ ਵਿਧਾਇਕਾ ਦੇ ਪਤੀ ਦਾ ਨਜ਼ਦੀਕੀ – ਜਿੰਦੂ

ਫ਼ਿਰੋਜ਼ਪੁਰ, 2 ਮਈ, 2017 (ਪ.ਪ.): : ਪੰਜਾਬ ਵਿੱਚ ਕਾਂਗਰਸ ਸਰਕਾਰ ਬਣਦਿਆਂ ਹੀ ਸੱਤਾ ਦਾ ਨਸ਼ਾ ਕਾਂਗਰਸੀਆਂ ਦੇ ਸਿਰ ਚੜ੍ਹ ਬੋਲਣ ਲੱਗਾ ਹੈ। ਰਾਜਭਾਗ ਦੇ ਮਹਿਜ ਸਵਾ ਮਹੀਨੇ ਦੌਰਾਨ ਹੀ ਪਿਛਲੇ 10 ਸਾਲਾਂ ਤੋਂ ਸੰਤਾਪ ਭੋਗ ਰਹੇ ਕਾਂਗਰਸੀਆਂ ਵੱਲੋਂ ਅਕਾਲੀਆਂ ਖਿਲਾਫ ਕਿੜਾਂ ਕੱਢਣੀਆਂ ਆਮ ਗੱਲ ਹੋ ਗਈ ਹੈ ਅਤੇ ਆਏ ਦਿਨ ਪੰਜਾਬ ‘ਚ ਅਕਾਲੀਆਂ ਨੂੰ ਆਪਣੇ ਰੋਹ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਅੱਜ ਸਵੇਰੇ ਏਥੋਂ ਥੋੜੀ ਦੂੂਰ ਫਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਸਥਿਤ ਪਿੰਡ ਰੁਕਨਸ਼ਾਹ ਵਾਲਾ ਵਿਖੇ ਵਾਪਰਿਆ ਜਿੱਥੇ ਇੱਕ ਕਾਂਗਰਸੀ ਆਗੂ ਵੱਲੋਂ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੇ ਘਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਅਕਾਲੀ ਆਗੂ ਦੇ ਪਿਉ ਅਤੇ ਭਰਾ ਦੀ ਹੱਤਿਆ ਕਰ ਦਿੱਤੀ। ਇਸ ਫਾਇਰਿੰਗ ਵਿੱਚ ਅਕਾਲੀ ਆਗੂ ਬਲਵਿੰਦਰ ਸਿੰਘ ਰੁਕਣਸ਼ਾਹ ਵਾਲਾ ਗੰਭੀਰ ਜਖਮੀ ਹੋ ਗਿਆ ਜਦ ਕਿ ਉਸ ਦੇ ਪਿਤਾ ਹਰਨਾਮ ਸਿੰਘ (80) ਅਤੇ ਭਰਾ ਜੋਗਿੰਦਰ ਸਿੰਘ ਬੱਬੀ (45) ਦੀ ਮੌਤ ਹੋ ਗਈ। ਜਖਮੀ ਬਲਵਿੰਦਰ ਸਿੰਘ ਨੂੰੂ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਖਤਰੇਤੋਂ ਬਾਹਰ ਹੈ। ਸੂਚਨਾਂ ਮਿਲਦੇ ਹੀ ਉੱਚ ਪੁਲਿਸ ਅਧਿਕਾਰੀ ਅਤੇ ਥਾਣਾ ਕੁਲਗੜੀ ਪੁਲਿਸ ਘਟਨਾ ਸਥਾਨ ‘ਤੇ ਪੁੱਜੇ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।
ਹਸਪਤਾਲ ਵਿੱਚ ਜ਼ੇਰੇ ਇਲਾਜ਼ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਾਂਗਰਸੀ ਆਗੂ ਲੱਖਾ ਸਿੰਘ ਢਿੱਲੋਂ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆਇਆ ਅਤੇ ਆਉਂਦੇ ਹੀ ਫਾਇੰਰਿੰਗ ਸ਼ੁਰੂ ਕਰ ਦਿੱਤੀ ਜਿਸ ਨਾਲ ਉਸਦੇ ਪਿਤਾ ਅਤੇ ਭਰਾ ਦੀ ਮੌਤ ਹੋ ਗਈ। ਬਕੌਲ ਬਲਵਿੰਦਰ ਸਿੰਘ ਪਿੰਡ ਦੀ ਸਰਪੰਚੀ ਨੂੰ ਲੈ ਕੇ ਅਕਸਰ ਹੀ ਲੱਖਾ ਸਿੰਘ ਢਿੱਲੋਂ ਗੋਲੀਆਂ ਚਲਾਉਣ ਦੀ ਗੱਲ ਕਰਿਆ ਕਰਦਾ ਸੀ ਜਿਸ ਬਾਰੇ ਪੁਲਿਸ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਵੱਲੋਂ ਸਮਾਂ ਰਹਿੰਦਿਆ ਕੋਈ ਕਾਰਵਾਈ ਨਾ ਕਰਨ ਕਾਰਨ ਇਹ ਘਟਨਾ ਵਾਪਰੀ ਹੈ। ਹਸਪਤਾਲ ਵਿਖੇ ਜਖਮੀ ਬਲਵਿੰਦਰ ਸਿੰਘ ਦਾ ਪਤਾ ਲੈਣ ਪੁੱਜੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਬਣਦਿਆਂ ਹੀ ਕਾਂਗਰਸੀਆਂ ਨੇ ਬਦਲੇ ਦੀ ਭਾਵਨਾ ਨਾਲ ਅਕਾਲੀਆਂ ‘ਤੇ ਵਧੀਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਗੋਲੀਆਂ ਚਲਾਉਣ ਵਾਲਾ ਲੱਖਾ ਸਿੰਘ ਢਿੱਲੋਂ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਦਾ ਨਜ਼ਦੀਕੀ ਹੈ।
ਕਥਿਤ ਸਿਆਸੀ ਦਬਾਅ ਦੇ ਚੱਲਦਿਆਂ ‘ਕਾਰਵਾਈਆਂ’ ‘ਚ ਉਲਝੀ ਫ਼ਿਰੋਜ਼ਪੁਰ ਪੁਲਿਸ ਪੀੜਤ ਦੇ ਬਿਆਨਾਂ ‘ਤੇ ਕਾਰਵਾਈ ਕਰਨ ਦੀ ਬਜਾਏ ਖ਼ਬਰ ਲਿਖੇ ਜਾਣ ਤੱਕ ਪਰਚਾ ਦਰਜ ਨਹੀ ਕਰ ਸਕੀ ਅਤੇ ਘਰ ਦੇ ਬਾਹਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਫੁਟੇਜ਼ ਨੂੰ ਖੋਹਲ ਕੇ ਅਸਲੀਅਤ ਜਾਣਨ ਵਿੱਚ ਲੱਗੀ ਹੋਈ ਹੈ। ਐੱਸ. ਐੱਸ. ਪੀ. ਫ਼ਿਰੋਜ਼ਪੁਰ ਗੌਰਵ ਗਰਗ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਜਲਦ ਹੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੋਸ਼ੀਆ ਦੀ ਗ੍ਰਿਫਤਾਰੀ ਤੱਕ ਨਹੀ ਕੀਤਾ ਜਾਵੇਗਾ ਮ੍ਰਿਤਕਾਂ ਦਾ ਸਸਕਾਰ – ਅਕਾਲੀ ਆਗੂ
ਉੱਧਰ ਅੱਜ ਬਾਅਦ ਦੁਪਹਿਰ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਦੇ ਨਿਵਾਸ ‘ਤੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮਿੰਨਾ, ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਿੰਦਰ ਸਿੰਘ ਨੋਨੀ ਮਾਨ ਅਤੇ ਸੁਰਿੰਦਰ ਸਿੰਘ ਬੱਬੂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਦਿਆਂ ਹੀ ਲੱਖਾ ਸਿੰਘ ਵੱਲੋਂ ਅਕਾਲੀ ਆਗੂ ਬਲਵਿੰਦਰ ਸਿੰਘ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਅਕਾਲੀ ਆਗੂਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਸ਼ਹਿ ‘ਤੇ ਕਾਂਗਰਸੀ ਗੁੰਡਾਗਰਦੀ ‘ਤੇ ਉੱਤਰ ਆਏ ਹਨ ਅਤੇ ਗੈਂਗਸਟਰਾਂ ਦਾ ਨਾਮ ਲੈ ਕੇ ਅਕਾਲੀ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਕਾਂਗਰਸੀ ਆਗੂ ਲੱਖਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ਼ਿਫਤਾਰ ਨਹੀ ਕੀਤਾ ਜਾਂਦਾ ਉਨ੍ਹਾਂ ਚਿਰ ਅਕਾਲੀ ਦਲ ਦੇ ਜੁਝਾਰੂ ਆਗੂਆਂ ਦਾ ਸਸਕਾਰ ਨਹੀ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: