ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

ਕਹਤੁ ਕਬੀਰ ਸੁਨਹੁ ਰੇ ਸੰਤਹੁ

ਕਹਤੁ ਕਬੀਰ ਸੁਨਹੁ ਰੇ ਸੰਤਹੁ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਕੁਝ ਗੁਰਸਿੱਖਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਭਗਤਾਂ ਵਿੱਚੋਂ ਭਗਤ ਕਬੀਰ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੋਮਣੀ ਸਥਾਨ ਦਿੱਤਾ ਹੈ। ਅਰਥਾਤ ਭਗਤ ਬਾਣੀ ਦੇ ਅੰਤਰਗਤ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਪਹਿਲਾਂ ਦਿੱਤੀ ਹੋਈ ਹੈ। ਆਪ ਦੇ ਜਨਮ, ਦੇਹਾਂਤ ਅਤੇ ਜੀਵਨ ਬਾਰੇ ਵਿਦਵਾਨਾਂ ਵਿੱਚ ਕਾਫੀ ਮੱਤਭੇਦ ਹਨ। ਪਰ ਤਾਂ ਵੀ ਇੱਕ ਮਾਨਤਾ ਮੁਤਾਬਿਕ ਆਪ 1398 ਈ. ਵਿੱਚ ਬਨਾਰਸ ਵਿਖੇ ਪੈਦਾ ਹੋਏ। ਆਪ ਦੀ ਪਰਵਰਿਸ਼ ਨੀਰੂ ਜੁਲਾਹੇ ਅਤੇ ਮਾਤਾ ਨੀਮਾ ਨੇ ਕੀਤੀ ਅਤੇ ਆਪ ਦਾ ਨਾਂ ਕਬੀਰ ਰੱਖਿਆ। ਕਬੀਰ ਜੀ ਇੱਕ ਗ੍ਰਹਿਸਥੀ ਵਿਅਕਤੀ ਸਨ। ਆਪ ਦੀ ਪਤਨੀ ਦਾ ਨਾਂ ਲੋਈ ਅਤੇ ਪੁੱਤਰ ਦਾ ਨਾਂ ਕਮਾਲ ਸੀ। ਆਪ 120 ਸਾਲ ਦੀ ਉਮਰ ਵਿੱਚ 1518 ਈ. ਵਿੱਚ ਮਗਹਰ ਵਿਖੇ ਬ੍ਰਹਮਲੀਨ ਹੋਏ।

ਮਾਤਾ- ਪਿਤਾ ਮੁਸਲਮਾਨ ਹੋਣ ਕਰਕੇ ਉਹ ਕਬੀਰ ਜੀ ਨੂੰ ਮੁਸਲਮਾਨੀ ਮੱਤ ਵੱਲ ਲਾਉਣਾ ਚਾਹੁੰਦੇ ਸਨ। ਪਰ ਕਬੀਰ ਜੀ ਦੀ ਰੁਚੀ ਰਾਮ- ਨਾਮ ਜਪਣ ਵੱਲ ਵਧੇਰੇ ਪ੍ਰਬਲ ਸੀ। ਕਬੀਰ ਜੀ ਆਪਣੇ ਘਰ ਵਿੱਚ ਕੱਪੜਾ ਬੁਣਨ ਦਾ ਕੰਮ ਕਰਦੇ। ਪਰ ਉਸ ਸਮੇਂ ਦਾ ਬ੍ਰਾਹਮਣ- ਵਰਗ ਆਪ ਨੂੰ ਜੁਲਾਹਾ ਹੋਣ ਕਰਕੇ ਸ਼ੂਦਰ ਸਮਝਦਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ 31 ਰਾਗਾਂ ਵਿੱਚੋਂ ਕਬੀਰ ਜੀ ਦੀ ਬਾਣੀ 17 ਰਾਗਾਂ ਵਿੱਚ ਸੰਕਲਿਤ ਹੈ। ਜਿਸ ਵਿੱਚ ਸਿਰੀ, ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਮਾਰੂ, ਕੇਦਾਰਾ, ਭੈਰਉ, ਬਸੰਤ, ਸਾਰੰਗ ਅਤੇ ਪ੍ਰਭਾਤੀ ਰਾਗ ਸ਼ਾਮਿਲ ਹਨ। ਇਸ ਮੁਤਾਬਕ ਆਪ ਦੇ ਕੁੱਲ 225 ਸ਼ਬਦ, 1 ਬਾਵਨ ਅੱਖਰੀ, 1 ਥਿਤੀ, 1 ਸਤਵਾਰਾ ਅਤੇ 243 ਸਲੋਕ ਸੰਕਲਿਤ ਹਨ। ਇਸ ਪ੍ਰਕਾਰ ਆਪ ਦੀ ਬਾਣੀ ਹੋਰ ਸਾਰੇ ਭਗਤ- ਕਵੀਆਂ ਨਾਲੋਂ ਵਧੀਕ ਹੈ। ਡਾ.ਜੋਧ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ, ਤਾਰਨ ਸਿੰਘ ਅਤੇ ਰਾਮ ਕੁਮਾਰ ਵਰਮਾ ਜਿਹੇ ਵਿਦਵਾਨਾਂ ਦਾ ਮੱਤ ਹੈ ਕਿ ਆਦਿ ਗ੍ਰੰਥ ਵਿੱਚ ਸ਼ਾਮਲ ਬਾਣੀ ਹੀ ਕਬੀਰ ਜੀ ਦੀ ਅਸਲੀ ਬਾਣੀ ਹੈ, ਜਦ ਕਿ ਕਬੀਰ ਜੀ ਦੀ ਹੋਰ ਥਾਵਾਂ ਤੇ ਮਿਲਦੀ ਬਾਣੀ ਵਿੱਚ ਮਿਲਾਵਟ ਦਾ ਅੰਸ਼ ਮਿਲਦਾ ਹੈ।

ਕਬੀਰ ਜੀ ਦਾ ਸਮੁੱਚਾ ਜੀਵਨ ਬਹੁਤ ਹੀ ਪਵਿੱਤਰ ਅਤੇ ਸਿੱਖਿਆਦਾਇਕ ਸੀ। ਉਹ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਂਦੇ, ਦਸਾਂ ਨਹੁੰਆਂ ਦੀ ਕਿਰਤ ਕਰਦੇ ਅਤੇ ਪ੍ਰਭੂ ਦੀ ਭਗਤੀ ਲਈ ਵੀ ਸਮਾਂ ਕੱਢਦੇ। ਆਪ ਦੀ ਬਾਣੀ ਵਿੱਚ ਫੋਕਟ ਕਰਮ-ਕਾਂਡਾਂ, ਮੂਰਤੀ ਪੂਜਾ ਦੇ ਖੰਡਨ ਦੇ ਨਾਲ- ਨਾਲ ਨੈਤਿਕਤਾ, ਪ੍ਰੇਮ, ਭਗਤੀ, ਨਿਰਭੈਤਾ, ਮਾਇਆ, ਸੰਪਰਦਾਇਕ ਭਾਵਨਾ ਆਦਿ ਵਿਚਾਰਾਂ ਦੀ ਨਿਸ਼ਾਨਦੇਹੀ ਹੋਈ ਹੈ।

ਕਬੀਰ ਜੀ ਸਾਰੀ ਸ੍ਰਿਸ਼ਟੀ ਨੂੰ ਇੱਕੋ ਪਰਮ-ਜੋਤ ਤੋਂ ਪੈਦਾ ਹੋਈ ਮੰਨਦੇ ਹਨ। ਸਿੱਖ ਧਰਮ ਦੇ ਹੋਰ ਸਾਰੇ ਗੁਰੂਆਂ ਵਾਂਗ ਕਬੀਰ ਜੀ ਵੀ ਸਾਰੇ ਮਨੁੱਖਾਂ ਵਿੱਚ ਪਰਮਾਤਮਾ ਦਾ ਨੂਰ ਵੇਖਦੇ ਹਨ। ਭਗਤ ਕਬੀਰ ਜੀ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਬਣਾਈ ਹੋਈ ਹੈ ਅਤੇ ਉਹ ਆਪ ਵੀ ਸਾਰੀ ਲੋਕਾਈ ਵਿੱਚ ਰਮਿਆ ਹੋਇਆ ਹੈ:

ਅਵਲਿ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜੂ ਉਪਜਿਆ ਕਉਨ ਭਲੇ ਕੋ ਮੰਦੇ॥
ਲੋਗਾ ਭਰਮਿ ਨਾ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ
ਪੂਰਿ ਰਹਿਓ ਸ੍ਰਬ ਠਾਂਈ॥ ਰਹਾਉ॥
(ਪੰਨਾ1349)

ਕਬੀਰ ਜੀ ਨਿਰਭਉ ਤੇ ਨਿਡਰ ਸ਼ਖ਼ਸੀਅਤ ਦੇ ਵਿਅਕਤੀ ਸਨ। ਉਹ ਮਾਨਵ- ਵਿਰੋਧੀ ਰਵਾਇਤਾਂ ਜਾਂ ਪਰਿਪਾਰਟੀਆਂ ਦੇ ਸਖਤ ਖਿਲਾਫ ਸਨ। ਬ੍ਰਾਹਮਣਵਾਦ ਦੀ ਵਰਣ- ਵੰਡ ਤੇ ਜਿੰਨੀ ਸ਼ਿੱਦਤ ਨਾਲ ਆਪ ਨੇ ਵਾਰ ਕੀਤਾ, ਉਨਾਂ ਉੱਤਰੀ ਭਾਰਤ ਦੇ ਕਿਸੇ ਵੀ ਹੋਰ ਸੰਤ- ਮਹਾਤਮਾ ਨੇ ਨਹੀਂ ਕੀਤਾ। ਆਪਣੀ ਬਾਣੀ ਵਿੱਚ ਉਨ੍ਹਾਂ ਨੇ ਅਖੌਤੀ ਬ੍ਰਾਹਮਣਾਂ ਨੂੰ ਸਿੱਧੇ ਤੌਰ ਤੇ ਵੰਗਾਰਿਆ ਹੈ:

ਜੌ ਤੂ ਬ੍ਰਾਹਮਣੁ ਬ੍ਰਾਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥
ਕਹੁ ਕਬੀਰ ਜੋ ਬ੍ਰਹਮ ਬੀਚਾਰੈ॥
ਸੋ ਬ੍ਰਾਹਮਣ ਕਹੀਅਤੁ ਹੈ ਹਮਾਰੇ॥(ਪੰਨਾ 324)

ਕਬੀਰ ਜੀ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਨਸ਼ਿਆਂ ਨੇ ਲੋਕਾਂ ਨੂੰ ਗ੍ਰੱਸਿਆ ਹੋਇਆ ਸੀ, ਜੋ ਵਿਅਕਤੀ ਦੇ ਮਨ ਤੇ ਬੁਰਾ ਅਸਰ ਪਾਉਂਦੇ ਸਨ। ਹਰ ਤਰ੍ਹਾਂ ਦੇ ਨਸ਼ੇ ਵਿੱਚ ਜ਼ਹਿਰ ਹੁੰਦੀ ਹੈ, ਜੋ ਵਿਅਕਤੀ ਦੇ ਸਰੀਰ ਨੂੰ ਕੁਝ ਸਮੇਂ ਲਈ ਬੇਸੁਰਤ ਕਰਕੇ ਉਸ ਤੋਂ ਗਲਤ ਕੰਮ ਕਰਵਾਉਂਦੀ ਹੈ। ਕਬੀਰ ਜੀ ਨੇ ਇਨ੍ਹਾਂ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਆਚਰਣ ਤੋਂ ਡਿੱਗੇ ਹੋਏ ਸਿੱਧ ਕੀਤਾ ਹੈ:

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥
(ਪੰਨਾ 1377)

ਕਬੀਰ- ਬਾਣੀ ਵਿੱਚ ਡਰ ਜਾਂ ਘਬਰਾਹਟ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ। ਸਗੋਂ ਉਹ ਵਿਅਕਤੀ ਨੂੰ ਸੂਰਮਾ ਬਣਾਉਣਾ ਲੋਚਦੇ ਹਨ, ਜਿਹੜਾ ਜੰਗੇ- ਮੈਦਾਨ ਵਿੱਚ ਪੁਰਜ਼ਾ- ਪੁਰਜ਼ਾ ਹੋ ਕੇ ਕੱਟਿਆ ਜਾਂਦਾ ਹੈ ਪਰ ਆਪਣੇ ਧਰਮ ਦੀ ਪਾਲਣਾ ਹਿੱਤ ਪਿੱਠ ਨਹੀਂ ਵਿਖਾਉਂਦਾ। ਅਜਿਹੇ ਬਹਾਦਰ ਹੀ ਰਣਭੂਮੀ ਵਿੱਚ ਜੂਝ ਮਰਨ ਪਹਿਲ ਦਿੰਦੇ ਹਨ:

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੇ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੇ ਖੇਤੁ॥
(ਪੰਨਾ 1105)

ਕਬੀਰ ਜੀ ਮੂਰਤੀ- ਪੂਜਾ ਜਿਹੇ ਮਿਥਿਆ- ਕਰਮਾਂ ਵਿੱਚ ਵਿਸ਼ਵਾਸ ਨਹੀਂ ਸਨ ਰਖਦੇ। ਉਨ੍ਹਾਂ ਦਾ ਵਿਚਾਰ ਸੀ ਕਿ ਜੋ ਲੋਕ ਪੱਥਰ ਦੀਆਂ ਮੂਰਤਾਂ ਨੂੰ ਪਰਮਾਤਮਾ ਸਮਝ ਕੇ ਪੂਜਦੇ ਹਨ, ਉਨ੍ਹਾਂ ਦੀ ਸਾਰੀ ਪੂਜਾ ਫਜ਼ੂਲ ਹੈ। ਇਹ ਗੂੰਗੇ ਪੱਥਰ ਪਰਮਾਤਮਾ ਨਹੀਂ ਹੋ ਸਕਦੇ ਤੇ ਨਾ ਹੀ ਕਿਸੇ ਪੱਥਰ ਦੀ ਮੂਰਤੀ ਵਿੱਚ ਕੋਈ ਦੈਵੀ- ਸ਼ਕਤੀ ਹੁੰਦੀ ਹੈ। ਕਬੀਰ ਜੀ ਦਾ ਫ਼ਰਮਾਨ ਹੈ:

* ਜੋ ਪਾਥਰ ਕਉ ਕਹਤੇ ਦੇਵ॥
ਤਾ ਕੀ ਬਿਰਥੀ ਹੋਵੈ ਸੇਵ
ਜੋ ਠਾਕੁਰ ਕੀ ਪਾਂਈ ਪਾਇ॥
ਤਿਸ ਕੀ ਘਾਲ ਅਜਾਈ ਜਾਇ॥(ਪੰਨਾ 1160)

* ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥
ਜਿਸ ਪਾਹਨੁ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥
ਭੂਲੀ ਮਾਲਨੀ ਹੈ ਏਉ॥ ਸਤਿਗੁਰ ਜਾਗਤਾ ਹੈ ਦੇਉ॥
(ਪੰਨਾ 479)

ਬਨਾਰਸ ਵਿੱਚ ਰਹਿਣ ਕਰਕੇ ਕਬੀਰ ਜੀ ਨੂੰ ਇਸਲਾਮ ਅਤੇ ਹਿੰਦੂ ਧਰਮ ਵਿਚਲੀ ਕੱਟੜਤਾ ਅਤੇ ਕਰਮ- ਕਾਂਡਾਂ ਬਾਰੇ ਨਿੱਜੀ ਅਤੇ ਡੂੰਘਾ ਅਨੁਭਵ ਸੀ। ਇਸੇ ਕਰਕੇ ਆਪ ਨੇ ਇਨ੍ਹਾਂ ਲੋਕਾਂ ਦੀਆਂ ਗਲਤ ਕਦਰਾਂ- ਕੀਮਤਾਂ ਦੇ ਪਾਜ ਉਧੇੜੇ। ਉਹ ਵਿਅਕਤੀ ਨੂੰ ਬਾਹਰੋਂ ਜਾਂ ਵਿਖਾਵੇ ਵਜੋਂ ਚੰਗੇਰਾ ਬਣਾਉਣ ਦੀ ਥਾਂ ਅੰਦਰੂਨੀ ਤੌਰ ਤੇ ਸ਼ੁਭ ਅਮਲਾਂ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਸਨ। ਇਸੇ ਲਈ ਉਹ ਪ੍ਰਭੂ ਨੂੰ ਬਾਹਰੋਂ ਢੂੰਡਣ ਦੀ ਥਾਂ ਅੰਦਰੋਂ ਖੋਜਣ ਦੀ ਪ੍ਰਵਿਰਤੀ ਉੱਤੇ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਬਾਣੀ ਵਿੱਚ ਨਫ਼ਰਤ, ਈਰਖਾ, ਸ਼ੱਕ ਦੀ ਥਾਂ ਤੇ ਪਿਆਰ, ਸਹਿਣਸ਼ੀਲਤਾ ਅਤੇ ਸ਼ਰਧਾ ਦੇ ਦੀਦਾਰ ਹੁੰਦੇ ਹਨ। ਇਹ ਸਾਰੇ ਅਜਿਹੇ ਸਦਗੁਣ ਹਨ, ਜਿਨ੍ਹਾਂ ਨੂੰ ਸਦਾਚਾਰਕ ਅਤੇ ਨੈਤਿਕਤਾ ਦੇ ਘੇਰੇ ਵਿੱਚ ਰੱਖਿਆ ਜਾ ਸਕਦਾ ਹੈ।

ਕਬੀਰ ਜੀ ਦੀ ਬਾਣੀ ਵਿੱਚੋਂ ਦ੍ਰਿਸ਼ਟੀਗੋਚਰ ਹੁੰਦੇ ਕੁਝ ਹੋਰ ਮਹੱਤਵਪੂਰਨ ਸੰਕਲਪ ਹੇਠ ਲਿਖੀਆਂ ਪੰਕਤੀਆਂ ਵਿੱਚੋਂ ਵੇਖੇ ਜਾ ਸਕਦੇ ਹਨ:

* ਅਲਹੁ ਏਕੁ ਮਸੀਤਿ ਬਸਤੁ ਹੈ ਅਲਹੁ ਮੁਲਖੁ ਕਿਸੁ ਕੇਰਾ॥
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥
(ਪੰਨਾ 1349)

* ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ॥
(ਪੰਨਾ 1364)

* ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥ (ਪੰਨਾ1365)

* ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥
(ਪੰਨਾ 1366)

* ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥ (ਪੰਨਾ 1367)

* ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ॥
ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ॥
(ਪੰਨਾ 1371)

* ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥
(ਪੰਨਾ 1367)

ਕਬੀਰ ਜੀ ਦੇ ਸਮੇਂ ਵਿੱਚ ਹਿੰਦੂ, ਮੁਸਲਿਮ, ਬੁੱਧ, ਜੈਨ, ਨਾਥ, ਜੋਗੀ ਆਦਿ ਆਪੋ- ਆਪਣੀ ਥਾਂ ਕਾਰਜਸ਼ੀਲ ਸਨ। ਪਰ ਇਨ੍ਹਾਂ ਦੇ ਆਗੂ ਲੋਕ- ਭਲਾਈ ਦੀ ਥਾਂ ਸੁਆਰਥ ਵਿੱਚ ਗਲਤਾਨ ਸਨ ਅਤੇ ਕੱਟੜਵਾਦੀ ਵਿਚਾਰਧਾਰਾ ਕਰਕੇ ਇੱਕ- ਦੂਜੇ ਨੂੰ ਭੰਡ ਰਹੇ ਹਨ। ਅਜਿਹੇ ਮਾਹੌਲ ਵਿੱਚ ਲੋਕਾਈ ਨੂੰ ਸਦਾਚਾਰਕ ਸਿੱਖਿਆ ਦੇਣੀ ਵਾਕਈ ਜੋਖਿਮ ਵਾਲਾ ਕਾਰਜ ਸੀ। ਭਗਤ ਕਬੀਰ ਜੀ ਨੇ ਜਨ- ਸਧਾਰਨ ਨਾਲ ਸਾਂਝ ਬਣਾ ਕੇ ਲੋਕ- ਕਾਵਿ ਅਤੇ ਲੋਕ- ਭਾਸ਼ਾ ਵਿੱਚ ‘ਬ੍ਰਹਮ ਬੀਚਾਰ’ ਕੀਤਾ।

ਪ੍ਰੋ. ਨਵ ਸੰਗੀਤ ਸਿੰਘ
ਪੋਸਟਗ੍ਰੈਜੂਏਟ ਪੰਜਾਬੀ ਵਿਭਾਗ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ ਬਠਿੰਡਾ
941769215

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: