Sun. Aug 18th, 2019

ਕਸ਼ਮੀਰ 370

ਕਸ਼ਮੀਰ 370

ਭਾਰਤ ਦੀ ਸਰਕਾਰ ਨੇ ਆਖਿਰ ਕਸ਼ਮੀਰ ਵਿਚ 370 ਨੂੰ ਖਤਮ ਕਰਨ ਦਾ ਫੈਸਲਾ ਲੈ ਹੀ ਲਿਆ | ਇਸ ਫੈਸਲੇ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਹੱਲ ਚੱਲ ਮਚੀ ਹੋਈ ਹੈ | ਭਾਰਤ ਵਿੱਚ ਬਹੁਤਾਤ ਵਿੱਚ ਲੋਕ ਇਸ ਫੈਸਲੇ ਨੂੰ ਸਹੀ ਦੱਸ ਰਹੇ ਹਨ | ਦੂਜੇ ਪਾਸੇ ਪਾਕਿਸਤਾਨ ਵਿੱਚ ਇਸ ਫੈਸਲੇ ਨੂੰ ਲੈ ਕੇ ਹੰਗਾਮਾ ਮੱਚਿਆ ਹੋਇਆ ਹੈ | ਤਕਰੀਬਨ ਸੱਤ ਦਹਾਕਿਆਂ ਤੋਂ ਜੰਗੀ ਮਾਹੌਲ ਵਿਚ ਬਾਬਸਤਾ ਕਸ਼ਮੀਰ ਅਣਗਿਣਤ ਜਾਨਾ ਗਵਾ ਚੁੱਕਾ ਹੈ | ਭਾਰਤ ਤੇ ਪਾਕਿਸਤਾਨ ਵਿੱਚ ਕਸ਼ਮੀਰ ਨੂੰ ਲੈ ਕੇ ਹਮੇਸ਼ਾ ਹੀ ਸਰਹੱਦਾਂ ਤੇ ਤਨਾਵ ਰਿਹਾ ਹੈ ਅਤੇ ਕੁਝ ਕੁ ਜੰਗਾਂ ਵੀ ਹੋ ਚੁੱਕਿਆ ਹਨ | ਸ਼ਾਇਦ ਸਮਾਂ ਆ ਗਿਆ ਸੀ ਕੇ ਕੋਈ ਠੋਸ ਕਦਮ ਚੁੱਕਿਆ ਜਾਵੇ ਜਿਸ ਨਾਲ ਮਾਮਲਾ ਇਕ ਪਾਸੇ ਲੱਗੇ | ਭਾਰਤ ਸਰਕਾਰ ਦੇ ਫੈਸਲੇ ਤੋਂ ਇਹ ਤਾ ਜ਼ਾਹਿਰ ਹੋ ਗਿਆ ਹੈ ਕੇ ਸਰਕਾਰ ਕਿਸੀ ਵੀ ਕੀਮਤ ਤੇ ਪਾਕਿਸਤਾਨ ਨਾਲ ਇਸ ਬਾਰੇ ਕੋਈ ਸਮਝੋਤਾ ਨਹੀਂ ਕਰਨਾ ਚਾਹੁੰਦੀ, ਭਾਰਤ ਹਮੇਸ਼ਾ ਤੋਂ ਹੀ ਜੰਮੂ ਅਤੇ ਕਸ਼ਮੀਰ ਨੂੰ ਆਪਣਾ ਅਭਿੰਨ ਅੰਗ ਮੰਨਦਾ ਰਿਹਾ ਹੈ ਅਤੇ ਇਸ ਫੈਸਲੇ ਨੇ ਇਹ ਗੱਲ ਸਾਬਿਤ ਵੀ ਕਰ ਦਿਤੀ ਹੈ | ਹਾਲਾਂਕਿ 370 ਨੂੰ ਸੰਵਿਧਾਨ ਵਿੱਚੋ ਖਤਮ ਕਰਨਾ ਬੀਜੇਪੀ ਦੇ ਮੈਨੀਫੈਸਟੋ ਦਾ ਹਿੱਸਾ ਸੀ ਪਰ ਇਸ ਨੂੰ ਵੋਟਾਂ ਪ੍ਰਾਪਤ ਕਰਨ ਦੇ ਨਜ਼ਰੀਏ ਵਲੋਂ ਹੀ ਦੇਖਿਆ ਜਾ ਰਿਹਾ ਸੀ | ਬੀਜੇਪੀ ਨੇ ਸੱਚਮੁੱਚ ਵਿੱਚ ਇਹ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਇਸ ਫੈਸਲੇ ਦੇ ਨਤੀਜੇ ਕੀ ਹੋਣਗੇ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ | ਕੀ ਕਸ਼ਮੀਰ ਵਿੱਚ ਸ਼ਾਂਤੀ ਬਹਾਲ ਹੋ ਸਕੇਗੀ ਜਾ ਅੱਤਵਾਦ ਦਾ ਨਵਾਂ ਦੌਰ ਸ਼ੁਰੂ ਹੋਵੇਗਾ | ਦੇਖਣਾ ਇਹ ਵੀ ਪਵੇਗਾ ਕੇ ਅੰਤਰਰਾਸ਼ਟਰੀ ਸ਼ਕਤੀਆਂ ਅਤੇ ਖਾਸ ਕਰਕੇ ਯੂਨਾਈਟਿਡ ਨੇਸ਼ਨਸ ਇਸ ਬਾਰੇ ਕੀ ਪ੍ਰਤੀਕਿਰਿਆ ਦਿੰਦੀ ਹੈ | ਹਾਲੇ ਤੱਕ ਤਾ ਪਾਕਿਸਤਾਨ ਤੋਂ ਬਿਨਾ ਹੋਰ ਕਿਸੀ ਵੀ ਦੇਸ਼ ਨੇ ਭਾਰਤ ਦੇ ਇਸ ਫੈਸਲੇ ਦਾ ਵਿਰੋਧ ਨਹੀਂ ਕੀਤਾ ਹੈ |
ਯਾਦ ਰਹੇ ਕੇ ਪਾਕਿਸਤਾਨ ਖੁੱਲੇ ਤੋਰ ਤੇ ਕਸ਼ਮੀਰ ਵਿੱਚ ਅਲਗਾਵਾਦੀਆਂ ਦੀ ਸਹਾਇਤਾ ਕਰਦਾ ਰਿਹਾ ਹੈ | ਪਾਕਿਸਤਾਨ ਵਿੱਚ ਚੱਲ ਰਹੇ ਉਗਰਵਾਦੀ ਕੈਂਪ ਕਿਸੀ ਤੋਂ ਲੁਕੇ ਨਹੀਂ ਹਨ | ਪਰ ਕਿਉਂਕੀ ਪਾਕਿਸਤਾਨ ਦੀ ਵਿੱਤੀ ਹਾਲਤ ਬਹੁਤੀ ਠੀਕ ਨਹੀਂ ਹੈ, ਹੋ ਸਕਦਾ ਹੈ ਕਿ ਪਾਕਿਸਤਾਨ ਹੁਣ ਕਸ਼ਮੀਰ ਦੀ ਉਸ ਤਰਾਂ ਨਾਲ ਮਦਦ ਨਾ ਕਰ ਸਕੇ ਜਿਵੇ ਕਿ ਉਹ ਪਹਿਲਾ ਕਰਦਾ ਆਇਆ ਹੈ | ਉਗਰਵਾਦ ਨੂੰ ਲੈ ਕੇ ਪਾਕਿਸਤਾਨ ਉੱਤੇ ਅੰਤਰਰਾਸ਼ਟਰੀ ਸ਼ਕਤੀਆਂ ਦਾ ਵੀ ਦਬਾਵ ਹੈ, ਹਾਲ ਵਿੱਚ ਹੀ ਪਾਕਿਸਤਾਨ ਨੇ ਕਈ ਉਗਰਵਾਦੀ ਸੰਗਠਨਾਂ ਤੇ ਰੋਕ ਵੀ ਲਗਾਈ ਹੈ | ਯਕੀਨਨ ਪਾਕਿਸਤਾਨ ਓਹਨਾ ਸੰਗਠਨਾਂ ਨੂੰ ਦੁਬਾਰਾ ਜ਼ਿੰਦਾ ਨਹੀਂ ਕਰਨਾ ਚਾਹੇਗਾ | ਪਾਕਿਸਤਾਨ ਅੱਤਵਾਦ ਤੋਂ ਪਹਿਲਾ ਹੀ ਬਹੁਤ ਨੁਕਸਾਨ ਝੱਲ ਚੁੱਕਾ ਹੈ | ਪਾਕਿਸਤਾਨ ਦੇ ਹਵਾਲੇ ਤੋਂ ਦੂਸਰੀ ਦਿਲਚਸਪ ਖ਼ਬਰ ਇਹ ਵੀ ਹੈ ਕੇ ਓਥੋਂ ਦੇ ਕੁਝ ਬੁਧੀਜੀਵੀ ਦਬੀ ਆਵਾਜ਼ ਵਿੱਚ ਕਸ਼ਮੀਰ ਦੇ ਮਸਲੇ ਨੂੰ ਭੁੱਲ ਜਾਣ ਦੀ ਸਲਾਹ ਦੇ ਰਹੇ ਹਨ | ਓਹਨਾ ਦੇ ਕਹਿਣ ਮੁਤਾਬਿਕ ਕਸ਼ਮੀਰ ਪਹਿਲਾ ਹੀ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਿਆ ਹੈ ( ਕਸ਼ਮੀਰ ਦਾ ਗਿਲਗਿਤ-ਬਲਤੀਸ੍ਤਾਨ ਦਾ ਇਲਾਕਾ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ ) | ਇਸ ਲਈ ਓਹਨਾ ਦਾ ਕਹਿਣਾ ਹੈ ਕਿ ਉਹ ਕਸ਼ਮੀਰ ਦੇ ਆਪਣੇ ਕਬਜ਼ੇ ਹੇਠਲੇ ਇਲਾਕੇ ਨਾਲ ਖੁਸ਼ ਰਹਿਣ ਅਤੇ ਭਾਰਤੀ ਕਸ਼ਮੀਰ ਨੂੰ ਭੁੱਲ ਜਾਣ | ਪਾਕਿਸਤਾਨ ਦੇ ਹਾਲਾਤ ਅਜਿਹੇ ਨਹੀਂ ਕਿ ਉਹ ਭਾਰਤ ਨਾਲ ਜੰਗ ਲੜ ਸਕੇ | ਪਾਕਿਸਤਾਨ ਦੇ ਆਪਣੇ ਕਈ ਮਸਲੇ ਹਨ ਜਿਹਨਾਂ ਮਸਲਿਆਂ ਨੂੰ ਪਹਿਲਾ ਹੱਲ ਕੀਤਾ ਜਾਵੇ, ਪਾਕਿਸਤਾਨ ਦੀ ਮਰ ਚੁੱਕੀ ਅਰਥ ਵਿਵਸਥਾ ਨੂੰ ਸਾਂਭਿਆ ਜਾਵੇ | ਅੰਤਰਰਾਸ਼ਟਰੀ ਸ਼ਕਤੀਆਂ ਵੀ ਪਾਕਿਸਤਾਨ ਨੂੰ ਇਹੀ ਸਲਾਹ ਦੇਣਗੀਆਂ | ਅਮਰੀਕਾ ਪਾਕਿਸਤਾਨ ਨਾਲ ਮਿਲ ਕੇ ਅਫਗਾਨਿਸਤਾਨ ਦਾ ਮਸਲਾ ਹੱਲ ਕਰਨਾ ਚਾਉਂਦਾ ਹੈ | ਜੇਕਰ ਪਾਕਿਸਤਾਨ ਅਮਰੀਕਾ ਦੀ ਮਦਦ ਕਰਦਾ ਹੈ ਤਾ ਪਾਕਿਸਤਾਨ ਤੇ ਲੱਗੀਆਂ ਕਈ ਅੰਤਰਰਾਸ਼ਟਰੀ ਪਾਬੰਦੀਆਂ ਹਟ ਸਕਦੀਆਂ ਹਨ | ਇਸ ਸਮੇ ਜੇਕਰ ਪਾਕਿਸਤਾਨ ਕਸ਼ਮੀਰ ਮੁੱਦੇ ਤੇ ਧਿਆਨ ਦਿੰਦਾ ਹੈ ਤਾ ਹੋ ਸਕਦਾ ਹੈ ਕੇ ਅਮਰੀਕਾ ਪਾਕਿਸਤਾਨ ਤੋਂ ਖੁਸ਼ ਨਾ ਹੋਵੇ | ਜਿਸਦਾ ਕੇ ਪਾਕਿਸਤਾਨ ਨੂੰ ਨੁਕਸਾਨ ਹੋ ਸਕਦਾ ਹੈ |
ਇਸ ਮਸਲੇ ਵਿੱਚ ਸਭ ਤੋਂ ਜਰੂਰੀ ਇਹ ਹੈ ਕੇ ਭਾਰਤ ਸਰਕਾਰ ਇਹ ਯਕੀਨੀ ਬਣਾਵੇ ਕੇ ਕਸ਼ਮੀਰ ਦੇ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ | ਕਸ਼ਮੀਰੀ ਅਵਾਮ ਇਸ ਫੈਸਲੇ ਤੋਂ ਖੁਸ਼ ਨਹੀਂ ਹੋਵੇਗੀ ਪਰ ਸਰਕਾਰ ਨੂੰ ਚਾਹੀਦਾ ਹੈ ਕੇ ਉਹ ਕਸ਼ਮੀਰ ਦੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰੇ | ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਵਿੱਚ ਜੋ ਵੀ ਵਾਅਦੇ ਕੀਤੇ ਗਏ ਹਨ ਓਹਨਾ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ | ਕਸ਼ਮੀਰ ਵਿੱਚ ਆਉਣ ਵਾਲੇ ਸਮੇ ਵਿੱਚ ਆਰਥਿਕ ਨਿਵੇਸ਼ ਕੀਤਾ ਜਾਵੇ ਤਾ ਕੇ ਓਥੇ ਦੇ ਨੌਜਵਾਨ ਅੱਤਵਾਦ ਦਾ ਰਸਤਾ ਨਾ ਅਪਨਾਉਣ | ਨਾਲ ਹੀ ਆਮ ਲੋਕਾਂ ਨੂੰ ਦਰਖ਼ਾਸਤ ਹੈ ਕਿ ਸੋਸ਼ਲ ਮੀਡੀਆ ਤੇ ਬੈਠ ਕੇ ਕਸ਼ਮੀਰੀ ਮਾਵਾਂ ਭੈਣਾਂ ਦਾ ਮਜ਼ਾਕ ਨਾ ਬਣਾਉਣ | ਜੇਕਰ ਕਸ਼ਮੀਰ ਨੂੰ ਆਪਣਾ ਹਿੱਸਾ ਮੰਨਦੇ ਹੋ ਤਾ ਕਸ਼ਮੀਰੀ ਮਾਵਾਂ ਭੈਣਾਂ ਨੂੰ ਵੀ ਬਣਦੀ ਇੱਜ਼ਤ ਦਿਓ |
ਸਾਰੀ ਦੁਨੀਆ ਕਸ਼ਮੀਰ ਵਿੱਚ ਸ਼ਾਂਤੀ ਦੇਖਣਾ ਚਾਉਂਦੀ ਹੈ | ਇਹੀ ਦੁਆ ਹੈ ਕੇ ਆਉਣ ਵਾਲਾ ਸਮਾਂ ਵਾਦੀ ਵਿੱਚ ਖੁਸ਼ਹਾਲੀ ਲੈ ਕੇ ਆਵੇ, ਆਮੀਨ |

ਪਰਵਿੰਦਰ ਸਿੰਘ
9464988767

Leave a Reply

Your email address will not be published. Required fields are marked *

%d bloggers like this: