ਕਸ਼ਮੀਰ ਦੇ ਪੀੜਤਾਂ ਲਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਅਰਦਾਸ

ss1

ਕਸ਼ਮੀਰ ਦੇ ਪੀੜਤਾਂ ਲਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਅਰਦਾਸ

ਸਿਮਰਨਜੀਤ ਸਿੰਘ ਮਾਨ ਸਾਥੀਆਂ ਸਮੇਤ ਤਖਤ ਸਾਹਿਬ ਹੋਏ ਨਤਮਸਤਕ
ਜਲਦ ਹੀ ਜਾਵੇਗਾ ਮਾਨ ਦੱਲ ਕਸ਼ਮੀਰ ਵਿਖੇ

15-52 (1) 15-52 (2)

ਸ਼੍ਰੀ ਅਨੰਦਪੁਰ ਸਾਹਿਬ, 14 ਜੁਲਾਈ (ਸੁਰਿੰਦਰ ਸਿੰਘ ਸੋਨੀ): ਕਸ਼ਮੀਰ ਵਿਖੇ ਨੋਜਵਾਨਾਂ ਦੇ ਹੋਏ ਕਤਲੋਗਾਰਤ ਦੀ ਸਖਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦੱਲ ਅਮਿੰ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੀ ਭਲੇ ਲਈ ਅਰਦਾਸ ਕੀਤੀ ਗਈ। ਸਵੇਰੇ 11 ਵਜੇ ਦੇ ਕਰੀਬ ਆਪਣੇ ਸੈਂਕੜੇ ਸਾਥੀਆਂ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਇਕ ਘੰਟੇ ਦੇ ਕਰੀਬ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਨ ਕੀਤਾ। 12 ਵਜੇ ਦੇ ਕਰੀਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਉਨ੍ਹਾਂ ਅਰਦਾਸ ਕੀਤੀ ਜਿਸ ਵਿਚ ਕਸ਼ਮੀਰ ਵਿਖੇ ਕਤਲ ਕੀਤੇ ਗਏ ਮੁਸਲਮਾਨ ਨੋਜਵਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਭਲੇ ਦੀ ਮੰਗ ਕੀਤੀ ਗਈ। ਬਾਅਦ ਵਿਚ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕਸ਼ਮੀਰ ਵਿਖੇ ਪੁਲਿਸ ਅਤੇ ਫੌਜ ਘਟ ਗਿਣਤੀ ਮੁਸਲਮਾਨਾਂ ਤੇ ਤਸ਼ੱਦਦ ਢਾਹ ਰਹੀ ਹੈ ਅਤੇ ਉਨ੍ਹਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਫੌਜ ਦੀ ਗੋਲੀ ਨਾਲ 34 ਨੋਜਵਾਨ ਮਾਰ ਦਿਤੇ ਗਏ ਅਤੇ 350 ਦੇ ਕਰੀਬ ਸਖਤ ਜਖਮੀ ਕਰ ਦਿਤੇ ਗਏ, ਜੋ ਬਹੁਤ ਹੀ ਅਫਸੋਸਨਾਕ ਘਟਨਾ ਹੈ। ਮਾਨ ਨੇ ਕਿਹਾ ਕਿ ਭਾਰਤ ਸਰਕਾਰ ਇਨ੍ਹਾਂ ਹਾਲਾਤਾਂ ਨੂੰ ਕੰਟਰੋਲ ਨਹੀ ਕਰਨਾ ਚਾਹੁੰਦੀ ਤੇ ਜਾਣ ਬੁਝ ਕੇ ਨਿਹੱਥਿਆਂ ਤੇ ਗੋਲੀਆਂ ਚਲਾ ਕੇ ਘਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬਹੁਤ ਜਲਦ ਉਹ ਕਸ਼ਮੀਰ ਵਿਖੇ ਜਾਣਗੇ ਅਤੇ ਸ਼ਹੀਦ ਹੋਏ ਨੋਜਵਾਨਾਂ ਦੀਆਂ ਕਬਰਾਂ ਤੇ ਚੱਦਰਾਂ ਚੜਾਉਣਗੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕਰਨਗੇ। ਇਸ ਮੋਕੇ ਪਾਰਟੀ ਦੇ ਸੀਨੀਅਰ ਆਗੂ ਪ੍ਰੋ:ਮਹਿੰਦਰ ਪਾਲ ਸਿੰਘ, ਰਣਜੀਤ ਸਿੰਘ ਸੰਤੋਖਗੜ੍ਹ, ਫੌਜਾ ਸਿੰਘ ਧਨੋਰੀ, ਜਸਕਰਨ ਸਿੰਘ, ਪ੍ਰਦੀਪ ਸਿੰਘ ਚੰਦਪੁਰ, ਹਰਭਜਨ ਸਿੰਘ, ਰਣਜੀਤ ਸਿੰਘ ਮੁਗਲਮਾਜਰੀ, ਕੁਲਦੀਪ ਸਿੰਘ ਭਾਗੋਵਾਲ, ਰਾਜਬਿੰਦਰ ਸਿੰਘ, ਬਲਦੇਵ ਸਿੰਘ, ਗੋਪਾਲ ਸਿੰਘ, ਹਰਵਿੰਦਰ ਸਿੰਘ ਆਦਿ ਹਾਜਰ ਸਨ।

ਵੱਡੀ ਗਿਣਤੀ ਵਿਚ ਚਿੱਟ ਕਪੜੀਆ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਮੁਲਾਜਮ ਰਹੇ ਹਾਜਰ

ਗਰਮ ਖਿਆਲੀ ਆਗੂ ਮੰਨੇ ਜਾਂਦੇ ਸਿਮਰਨਜੀਤ ਸਿੰਘ ਮਾਨ ਦੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ ਮੋਕੇ ਵੱਡੀ ਗਿਣਤੀ ਚਿੱਟ ਕਪੜੀਏ ਪੁਲਿਸ ਮੁਲਾਜਮ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਹਾਜਰ ਰਹੇ। ਮਾਨ ਵਲੋਂ ਆਪਣੇ 200 ਦੇ ਕਰੀਬ ਸਾਥੀਆਂ ਸਮੇਤ ਤਖਤ ਸਾਹਿਬ ਪਹੁੰਚਣ, ਕੀਰਤਨ ਸਰਵਨ ਕਰਨ, ਅਰਦਾਸ ਕਰਨ ਮੋਕੇ ਵੀ ਸਾਦਾ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਮੁਲਾਜਮ ਨਾਲ ਨਾਲ ਸਨ।

ਸ਼੍ਰੋਮਣੀ ਕਮੇਟੀ ਨੇ ਨਹੀ ਦਿਤਾ ਸਿਰੋਪਾਉ

ਜਦੋ ਵੀ ਤਖਤ ਸਾਹਿਬ ਵਿਖੇ ਕੋਈ ਸਿੱਖ ਆਗੂ ਪਹੁੰਚਦਾ ਹੈ ਤਾਂ ਸ਼੍ਰੋਮਣੀ ਕਮੇਟੀ ਵਲੋਂ ਉਸਨੂੰ ਸਿਰੋਪਾਉ ਦਿਤਾ ਜਾਂਦਾ ਹੈ ਪਰ ਪਿਛਲੇ ਕੁਝ ਸਮੇ ਤੋ ਇਹ ਪ੍ਰੰਪਰਾ ਕੇਵਲ ਸੱਤਾਧਾਰੀ ਧਿਰ ਦੇ ਆਗੂਆਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਅੱਜ ਵੀ ਸਿਮਰਨਜੀਤ ਸਿੰਘ ਮਾਨ ਜਦੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪੁੱਜੇ ਤਾਂ ਉਨ੍ਹਾਂ ਨੂੰ ਸਿਰੋਪਾਉ ਨਹੀ ਦਿਤਾ ਗਿਆ।

ਥੱਲੇ ਬੈਠਣ ਲਈ ਵਿਛੀਆਂ ਚੱਦਰਾਂ ਵੀ ਚੁਕਵਾ ਦਿਤੀਆਂ ਗਈਆਂ

ਅਰਦਾਸ ਕਰਨ ਲਈ ਜਦੋ ਮਾਨ ਸਾਥੀਆਂ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਰਾਮਦੇ ਵਿਚ ਇਕੱਤਰ ਹੋਏ ਤਾਂ ਸ਼੍ਰੋਮਣੀ ਕਮੇਟੀ ਵਲੋਂ ਉਥੇ ਪਈਆਂ ਚਾਦਰਾਂ ਵੀ ਚੁਕਵਾ ਦਿਤੀਆਂ ਗਈਆਂ। ਜਿਸ ਕਰਕੇ ਮਾਨ ਅਤੇ ਹੋਰ ਸੰਗਤਾਂ ਬਗੈਰ ਚੱਦਰਾਂ ਤੋ ਥੱਲੇ ਹੀ ਬੈਠੇ ਰਹੇ ਅਤੇ ਅਰਦਾਸ ਕਰਕੇ ਉਥੇ ਹੀ ਦੀਵਾਨ ਸਜਾ ਲਿਆ। ਮਾਨ ਦੇ ਪੀ ਏ ਵਲੋਂ ਚੱਦਰਾਂ ਵਿਛਾਊਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਨ੍ਹਾਂ ਦੀ ਵੀ ਕੋਈ ਪੇਸ਼ ਨਾ ਚੱਲੀ।

Share Button

Leave a Reply

Your email address will not be published. Required fields are marked *