ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕਵੀਸ਼ਰ ਜਗਤ ਦਾ ਬੇਤਾਜ਼ ਬਾਦਸ਼ਾਹ ਮਾਲਵੇ ਦਾ ਸ਼੍ਰੋਮਣੀ ਕਵੀਸ਼ਰ “ਦਰਸ਼ਨ ਸਿੰਘ ਧਨੌਲਾ“

ਕਵੀਸ਼ਰ ਜਗਤ ਦਾ ਬੇਤਾਜ਼ ਬਾਦਸ਼ਾਹ ਮਾਲਵੇ ਦਾ ਸ਼੍ਰੋਮਣੀ ਕਵੀਸ਼ਰ “ਦਰਸ਼ਨ ਸਿੰਘ ਧਨੌਲਾ“

ਅਜੋਕੇ ਜੁੱਗ ਵਿਚ ਆਪਣੇ ਵਿਰਸੇ ਤੇ ਪੰਜਾਬੀ ਸੱਭਿਆਚਾਰ ਦੇ ਮੁਦੱਈ ਬਣਕੇ ਪੁਰਾਤਨ ਕਿੱਸਿਆਂ ਦੀ ਵਿਧਾ ਨੂੰ ਸੁਰਜੀਤ ਰੱਖਣਾ ਭਾਵੇਂ ਹਰ ਇਕ ਕਲਾਕਾਰ ਦੇ ਵੱਸ ਦੀ ਗੱਲ ਨਹੀ।ਪਰ ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕੁੱਝ ਐਸੇ ਕਲਾਕਾਰ ਵੀ ਹਨ, ਜਿਹਨਾਂ ਨੇ ਅਪਣੇ ਵਿਰਸੇ ਨੂੰ ਭੁੱਲ ਚੁੱਕੀ ਅਜੋਕੀ ਨੌਜ਼ਵਾਨ ਪਨੀਰੀ ਨੂੰ ਖਾਲਸ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਲਈ ਪੁਰਾਣੇ ਕਿੱਸੇ, ਕਹਾਣੀਆਂ ਅਤੇ ਪ੍ਰਸੰਗਾਂ ਰਾਹੀਂ ਜੀਵਤ ਰੱਖਣ ਦਾ ਬੀੜਾ ਚੁਕਿਆ ਹੋਇਆ ਹੈ।ਇਸੇ ਲੜੀ ਤਹਿਤ ਮਾਲਵੇ ਦੇ ਮਾਣ ਵਜੋਂ ਜਾਣੇ ਜਾਂਦੇ ਪ੍ਰਸਿੱਧ ਕਵੀਸ਼ਰ ਦਰਸ਼ਨ ਸਿੰਘ ਕੌਲ ਧਨੌਲਾ ਦਾ ਨਾਂਅ ਵੀ ਮੂਹਰਲੀਆਂ ਸਫਾਂ ਵਿਚ ਆਉਂਦਾ ਹੈ।

ਪਸ਼ੂਆਂ ਦੀ ਮੰਡੀ ਵਜੋਂ ਮਸ਼ਹੂਰ ਨਗਰ ਧਨੌਲਾ ਵਿਖੇ ਕਵੀਸ਼ਰ ਦਰਸ਼ਨ ਸਿੰਘ ਨੇ ਅੱਜ ਤੋਂ ਤਕਰੀਬਨ ੭੭ ਸਾਲ ਪਹਿਲਾਂ ਇੱਕ ਮੱਧ ਵਰਗੀ ਕਿਰਤੀ ਪਰਿਵਾਰ ਵਿੱਚ ਪਿਤਾ ਕਿਰਪਾਲ ਸਿੰਘ ਅਤੇ ਮਾਤਾ ਬਚਨ ਕੌਰ ਦੀ ਕੁੱਖ ਨੂੰ ਭਾਗ ਲਾਏ। ਜਦੋਂ ਥੋੜੀ ਸੁਰਤ ਸੰਭਲੀ ਤਾਂ ਚੰਦ ਦੀ ਚਾਨਣੀ ਵਿੱਚ ਲੱਗਦੇ ਗਮੰਤਰੀਆਂ ਦੇ ਅਖਾੜਿਆਂ ਨੇ ਬਾਲ ਮਨ ਤੇ ਡੂੰਘੀ ਛਾਪ ਲਾ ਦਿੱਤੀ ਬੱਸ ਇੱਥੌਂ ਹੀ ਦਰਸ਼ਨ ਸਿੰਘ ਅੰਦਰ ਕਵੀਸ਼ਰੀ ਦੀ ਚਿਣਗ ਲੱਗ ਗਈ ਜਿਸਨੇ ਸਮਾਂ ਪੈਣ ਤੇ ਜਵਾਰ ਭਾਟੇ ਦਾ ਰੂਪ ਧਾਰ ਲਿਆ।ਫਿਰ ਦਰਸ਼ਨ ਸਿੰਘ ਨੇ ਆਪਣੇ ਸਮੇਂ ਦੇ ਇੱਕ ਨਾਮੀ ਕਵੀਸ਼ਰ ਰਹੇ ਨਗਰ ਧਨੌਲਾ ਦੇ ਜੰਮਪਲ ਭਾਗ ਸਿੰਘ ਜੋਸ਼ੀ ਨੂੰ ਆਪਣਾ ਉਸਤਾਦ ਮੰਨ ਕੇ ਵਿਧੀ ਵਿਧਾਨ ਮੁਤਾਬਿਕ ਇੱਕ ਨਾਰੀਅਲ ਕੁੱਝ ਭੇਟਾ ਅਤੇ ਪੱਗ ਦੀ ਰਸਮ ਅਦਾ ਕਰ ਦਿੱਤੀ, ਬਾਕੀ ਲਿਖਣ ਕਲਾ ਤੇ ਪਿੰਗਲ ਤੇ ਵਿਆਕਰਣ ਦੀਆਂ ਬਰੀਕੀਆਂ ਲਈ ਪ੍ਰਸਿੱਧ ਕਾਵਿ ਲੇਖਕ ਮਹੰਤ ਸ਼ਿਵ ਦਿੱਤਾ ਦਾਸ ਸੇਖੂਵਾਸ ਵਾਲਿਆਂ ਦਾ ਸਹਿਯੋਗ ਲਿਆ, ਜਿਹਨਾਂ ਨੇ ਪਹਿਲੀ ਸੱਟੇ ਹੀ ਪਿੰਗਲ ਦੇ ਗੁਰ ਦੱਸਕੇ ਕਵੀਸ਼ਰ ਦਰਸ਼ਨ ਸਿੰਘ ਨੂੰ ਪੰਡਿਤ ਹਰਦਿਆਲ ਜੀ ਦਾ ਪ੍ਰਸਿੱਧ ਗ੍ਰੰਥ ਸਾਰਕੁਤਾਵਲੀ ਪੜ੍ਹਾ ਦਿੱਤਾ।ਬੱਸ ਇੱਥੋਂ ਹੀ ਦਰਸ਼ਨ ਸਿੰਘ ਦੀ ਕਵੀਸ਼ਰੀ ਦਾ ਸਫ਼ਰ ਸ਼ੁਰੂ ਹੋ ਗਿਆ ।

ਆਪਣੇ ਵਿਰਸੇ ਪ੍ਰਤੀ ਅੰਤਾਂ ਦਾ ਮੋਹ ਰੱਖਣ ਵਾਲਾ ਇਹ ਕਲਾਕਾਰ ਇਕ ਚੰਗਾ ਕਵੀਸ਼ਰ ਹੋਣ ਦੇ ਨਾਲਨਾਲ ਲਿਖਾਰੀ ਵੀ ਬਹੁਤ ਵਧੀਆ ਹੈ,ਜਿਸਨੇ ਹੁਣ ਤੱਕ ਤੀਹ ਦੇ ਕਰੀਬ ਪੁਰਾਤਨ ਕਿੱਸਿਆਂ ਨੂੰ ਆਪਣੀ ਕਲਮ ਦੀ ਛੋਹ ਦਿੱਤੀ ਹੈ।ਜਿਹਨਾਂ ਵਿੱਚੋਂ ਵਿਸ਼ੇਸ਼ ਕਰਕੇ ਰਾਜਾ ਹਰੀ ਚੰਦ, ਛੋਟੇ ਸਾਹਿਬਜਾਦੇ, ਦਹੂਦ ਬਾਦਸ਼ਾਹ, ਪ੍ਰਿਥੀ ਸਿੰਘ ਤੇ ਰਾਣੀ ਕਿਰਣਮਈ, ਰਾਜਾ ਨੱਲ ਤੇ ਰਾਣੀ ਦਮਿਯੰਤੀ, ਭਗਤ ਧੰਨਾਂ ਜੱਟ, ਰੂਪ ਬਸੰਤ, ਮਹਾਂ ਭਾਰਤ, ਜਿਉਣਾ ਮੌੜ,ਚੱਕਰਵਿਊ,ਸਿੱਖ ਇਤਿਹਾਸ ਚੋਂ ਛੇਵੇਂ ਪਾਤਸ਼ਾਹ ਦਾ ਮਹਿਰਾਜ ਦਾ ਜੰਗ ,ਬੀਬੀ ਪ੍ਰੇਮ ਕੌਰ,ਸ਼ਾਹਣੀ ਕੌਲਾਂ,ਦਹੂਦ ਬਾਦਸ਼ਾਹ,ਊਖਾਂ ਅਨੁਰੁੱਧ,ਜਾਨੀ ਚੋਰ,ਦਰੋਪਤੀ ਸੁਅੰਬਰ,ਭਗਤ ਰਵਿਦਾਸ ਤੇ ਮੀਰਾਂ ਬਾਈ,ਰੂਪ ਬਸੰਤ,ਰਾਣੀ ਤਾਰਾ ਦੀ ਖੜਾਮ ਅਤੇ ਕ੍ਰਿਸ਼ਨ ਸੁਦਾਮਾ ਆਦਿਕ ਦੇ ਨਾਂਅ ਜ਼ਿਕਰਯੋਗ ਹਨ।ਇਹਨਾਂ ਦੁਆਰਾ ਰਚਿਤ ਲੋਕ ਗੀਤ ਅਤੇ ਫੁਟਕਲ ਛੰਦਾਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ।ਜੋ ਮੌਕੇ ਮੁਤਾਬਿਕ ਸਰੋਤਿਆਂ ਵੱਲੋਂ ਖੂਬ ਸਲਾਹੇ ਜਾਂਦੇ ਹਨ।ਇਹਨਾਂ ਦੀ ਕਲਾ ਦੇ ਸਰੋਵਰ ਵਿੱਚ ਮੰਤਰ ਮੁਗਧ ਹੋ ਕੇ ਚੁੱਭੀਆਂ ਲਾ ਰਹੇ ਸਰੋਤੇ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਦਰਸ਼ਨ ਸਿੰਘ ਨੂੰ ਜੰਗਲਾਂ ਵਿੱਚ ਮੰਗਲ ਲਾਉਣ ਵਾਲਾ ਕਵੀ ਕਹਿੰਦੇ ਹਨ।

ਇਹਨਾਂ ਦੀ ਕਲਮ ਤੋਂ ਉਪਜੇ ਮੋਤੀਆਂ ਵਰਗੇ ਸ਼ਬਦਾਂ ਦੀ ਜੜਤ ਭਰਪੂਰ ਅਨਗਿਣਤ ਰਚਨਾਵਾਂ ਅਤੇ ਪੁਰਾਤਨ ਕਿੱਸੇ ਹਨ, ਜਿਹਨਾਂ ਨੂੰ ਸੁਣਕੇ ਸਰੋਤੇ ਦੰਗ ਰਹਿ ਜਾਂਦੇ ਹਨ।ਇਹਨਾਂ ਦੀ ਲੇਖਣੀ ਦੀ ਉਪਮਾਂ ਕਰਨਾ ਬੁੱਧੀ, ਗਿਆਨ ਤੇ ਸ਼ਬਦਾਂ ਦੀ ਪਕੜ ਤੋਂ ਕੋਹਾਂ ਦੂਰ ਹੈ। ਕਿਸੇ ਨੇ ਸੱਚ ਹੀ ਕਿਹਾ ਹੈ :-ਜਹਾਂ ਪਹੁੰਚੇ ਕਵੀ, ਤਹਾਂ ਪਹੁੰਚੇ ਨਾ ਰਵੀ।ਭਾਵ ਜਿਹੜੇ ਬ੍ਰਹਿਮੰਡਾਂ ਤੇ ਕਾਵਿ ਮੰਡਲਾਂ ਦੀ ਸੈਰ ਸ਼ਾਇਰ ਕਰਦੇ ਹਨ ਉੱਥੇ ਤਾਂ ਸੂਰਜ ਦੀ ਕਿਰਣ ਵੀ ਨਹੀਂ ਜਾ ਸਕਦੀ।ਇਹਨਾਂ ਦੁਆਰਾ ਰਚਿਤ ਪ੍ਰਸੰਗਾ ਦੀਆਂ ਕੁੱਝ ਟੂਕਾਂ ਇਸ ਪ੍ਰਕਾਰ ਹਨ।

ਦਹੂਦ ਦੇ ਕਿੱਸੇ ਵਿੱਚੋਂ:——

ਲੱਸੀ ਮੰਗਕੇ ਮੱਥਾ ਮੈਂ ਤੇਰਾ ਡੰਮਦੀ,ਕਿੱਥੋਂ ਤੈਨੂੰ ਦੇਵਾਂ ਚੂਰੀਆਂ,ਸ਼ੀਹਣੀ ਹੁੰਦੀ ਐ ਪੁੱਤਰ ਇੱਕ ਜੰਮਦੀ ਦਸ ਬਾਰਾਂ ਦੇਣ ਸੂਰੀਆਂ,
ਜਾਕੇ ਰੂਮ ਨੂੰ ਵਜਾਦੇ ਵਾਂਗ ਢੱਡ ਦੇ,ਮੰਨੂਗੀ ਮਰਦ ਫੇਰ ਵੇ,ਜਿਉਂਦੇ ਆਪਣੀ ਕਦੇ ਨਾ ਮੰਗ ਛੱਡਦੇ ਸੂਰਮੇਂ ਬੱਬਰ ਸ਼ੇਰ ਵੇੇ।

ਰਾਜਾ ਹਰੀ ਚੰਦ ਚੋਂ:-

ਕਿਵੇਂ ਬੈਠਾਂ ਜਾਕੇ ਵਿੱਚ ਸੱਤਸੰਗ ਨੀ,ਸਾਰਾ ਖੋਲ੍ਹਕੇ ਸੁਣਾਦੇ ਮੈਨੂੰ ਢੰਗ ਨੀ,
ਕਿਹੜੀ ਚੀਜ਼ ਦੀ ਕਰਾਂਗੇ ਉਥੇ ਮੰਗ ਨੀ ਸਾਰਾ ਭੇਤ ਮੈਨੂੰ ਖੋਲ੍ਹਕੇ ਸਮਝਾਦੇ ਰਾਣੀਏਂ ਕਾਰੀਗਰ ਦਾ ਦੀਦਾਰ ਕਰਵਾਦੇ ਰਾਣੀਏਂ ।

ਨਰਸੀ ਭਗਤ ਚੋਂ :—ਗੰਗਾ ਜੀ ਚ ਜਿਸ ਵੇਲੇ ਗੋਤਾ ਮਾਰਿਆ,ਪਰਭੂ ਨੇ ਭੇਸ ਬਾਹਮਣ ਦਾ ਧਾਰਿਆ,

ਧੰਨ ਆ ਗਏ ਮੇਰੇ ਜਜਮਾਨ ਸੇਠ ਜੀ,ਮੰਗਤਿਆਂ ਨੂੰ ਦੇਣਾ ਚਾਹੀਏ ਦਾਨ ਸੇਠ ਜੀ।
ਦਰੋਪਤੀ ਸੁਅੰਬਰ ਚੋਂ :–ਸਭਾ ਵਿੱਚ ਖੜ੍ਹਾ ਦਰੁਪਦ ਉਚਾਰਦਾ,ਸੂਰਮਿਆਂ ਦੇ ਸੀਨੇ ਵਿੱਚ ਤੀਰ ਮਾਰਦਾ,
ਸੁਣ ਸੀਨੇ ਉੱਤੇ ਹੱਥ ਧਰੋ ਸੂਰਮਿਓਂ, ਮੱਛੀ ਬਿਨ ਦਰੋਪਤੀ ਨੂੰ ਵਰੋ ਸੂਰਮਿਓਂ।

ਮੀਰਾਂ ਬਾਈ ਚੋਂ :-ਮਾਤਾ ਦੇਖ ਬਣੀ ਮੂਰਤੀ ਜਿ ਹੇਮ ਦੀ,ਮੀਰਾਂ ਤਾਈਂ ਹੋਇਆ ਗੁਰੂ ਦਾ ਪਰੇਮ ਜੀ।
ਮਾਂ ਦੇ ਉੱਤੇ ਹੁੰਦਾ ਧੀ ਦਾ ਜੋਰ ਅੰਮੀਏਂ,ਭਰਦੇ ਪਿਆਲਾ ਇੱਕ ਹੋਰ ਅੰਮੀਏਂ ।
ਉਪਰੋਕਤ ਸਤਰਾਂ ਤਾਂ ਚੌਲਾਂ ਦੇ ਭਰੇ ਹੋਏ ਕੜਾਹੇ ਚੋਂ ਕੇਵਲ ਇੱਕੋ ਦਾਣਾ ਕੱਢਣ ਦੇ ਬਰਾਬਰ ਹਨ,ਬਾਕੀ ਕਿੱਸਾ ਕਾਵਿ ਤੇ ਫੁਟਕਲ ਰਚਨਾਵਾਂ ਦੀ ਗਿਣਤੀ ਸੈਂਕੜਿਆਂ ਦੀ ਤਾਦਾਦ ਚ ਹੈ।

ਕਵੀਸ਼ਰ ਦਰਸ਼ਨ ਸਿੰਘ ਨੇ ਅਨੇਕਾਂ ਜੱਥਿਆਂ ਨਾਲ ਆਗੂ ਦੇ ਤੌਰ ਤੇ ਕੰਮ ਕਰਕੇ ਪੰਜਾਬ ,ਹਰਿਆਣਾ, ਰਾਜਸਥਾਨ ਅਤੇ ਯੂਪੀ ਵਿੱਚ ਚੋਖਾ ਨਾਮਣਾ ਖੱਟਿਆ ਹੈ।ਅੱਜ ਕੱਲ੍ਹ ਦਰਸ਼ਨ ਸਿੰਘ ਪਾਠਕ ਭਰਾ ਧਨੌਲਾ ਨਾਲ ਅਪਣਾ ਜਥਾ ਬਣਾਕੇ ਲੋਹੜਿਆਂ ਦੀ ਪ੍ਰਸਿੱਧੀ ਪ੍ਰਾਪਤ ਕਰ ਰਿਹਾਾ ਹੈ।ਏਸ ਉਮਰੇ ਵੀ ਟੱਲੀ ਵਾਂਗ ਖੜਕਦੀ ਆਵਾਜ਼ ਨੂੰ ਦਰਸ਼ਨ ਸਿੰਘ ਕੁਦਰਤ ਦਾ ਕ੍ਰਿਸ਼ਮਾਂ ਹੀ ਮੰਨਦਾ ਹੈ।ਇਹਨਾਂ ਨੇ ਆਪਣੀ ਕਲਮ ਦੁਆਰਾ ਅਨੇਕਾਂ ਪ੍ਰਸੰਗ ਰਚ ਕੇ ਪੁਰਾਤਨ ਕਿੱਸਾ ਕਾਵਿ ਨੂੰ ਸੁਰਜੀਤ ਰੱਖਿਆ ਹੋਇਆ ਹੈ ।ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ, ਕੰਨਿਆਂ ਭਰੂਣ ਹੱਤਿਆ, ਨਸ਼ਿਆਂ ਦੇ ਵਧ ਰਹੇ ਰੁਝਾਨ, ਅਤੇ ਵਧ ਰਹੀ ਮਹਿੰਗਾਈ ਬਾਰੇ ਚਿੰਤਤ ਹੋ ਕੇ ਇਹ ਆਪਣੀ ਕਵਿਤਾ ਰਾਹੀ ਸਮਾਜ ਨੂੰ ਸਮੇਂ-ਸਮੇਂ ਤੇ ਸੁਚੇਤ ਕਰਦੇ ਰਹਿੰਦੇ ਹਨ ।ਅੱਜ ਕੱਲ੍ਹ ਕਵੀਸ਼ਰ ਦਰਸ਼ਨ ਸਿੰਘ ਆਪਣੇ ਜੱਦੀ ਪਿੰਡ ਧਨੌਲਾ (ਬਰਨਾਲਾ) ਵਿਖੇ ਆਪਣੀ ਧਰਮ ਪਤਨੀ ਬੀਬੀ ਦਰਸ਼ੋ ਬੇਟੇ ਵਿਕਰਮਜੀਤ ਅਤੇ ਭਰੇ ਭਕੁੰਨੇ ਪਰਿਵਾਰ ਨਾਲ ਜਿੰਦਗੀ ਦਾ ਸੁਹਾਵਣਾਂ ਸਫ਼ਰ ਤਹਿ ਕਰ ਰਹੇ ਹਨ।ਕਵੀਸ਼ਰੀ ਭਾਈਚਾਰੇ ਅਤੇ ਸਰੋਤਾ ਵਰਗ ਵਿੱਚ ਬੇਹੱਦ ਸਤਕਾਰਿਆ ਜਾਣ ਵਾਲਾ ਇਹ ਸ਼ਾਇਰ ਸਦਾ ਚੜ੍ਹਦੀ ਕਲਾ ਚ ਰਹੇ ਤੇ ਵਾਹਿਗੁਰੂ ਐਸੇ ਕਲਾ ਦੇ ਖਜ਼ਾਨਿਆਂ ਨੂੰ ਲੰਮੀਆਂ ਉਮਰਾਂ ਬਖਸ਼ੇ ਇਹੋ ਸਾਡੀਆਂ ਦੁਆਵਾਂ ਹਨ।ਮਾਲਵੇ ਦੇ ਇਸ ਸਿਰਕੱਢ ਸ਼੍ਰੋਮਣੀ ਕਵੀਸ਼ਰ ਦੇ ਇੱਕ ਨਹੀਂ ਅਨੇਕਾਂ ਵਾਰ ਸੱਭਿਆਚਾਰਕ ਮੇਲਿਆਂ,ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੱਡੇ ਸਨਮਾਨ ਹੋ ਚੁੱਕੇ ਨੇ,ਜਿਵੇਂ ਗਊਸ਼ਾਲਾ ਬੱਧਨੀ ਕਲਾਂ ਵਿਖੇ,ਮੰਦਰ ਸ਼੍ਰੀ ਮਾਈਸਰ ਖਾਨਾ ਵਿਖੇ,ਕੋਠੇ ਗੁਰੂ ਕੇ ਸੰਤ ਗੰਗਾ ਰਾਮ ਜੀ ਵੱਲੋਂ ਮੈਡਲ ਨਾਲ ਕੀਤੇ ਮਾਣ ਸਤਿਕਾਰ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਪਿੱਛੇ ਜੇ ਪੰਜਾਬੀ ਲਿਖਾਰੀ ਸਭਾ ਧਨੌਲਾ ਨੇ ਇਹਨਾਂ ਦੇ ਕਵੀਸ਼ਰੀ ਜਗਤ ਵਿੱਚ ਪਾਏ ਵਡਮੁੱਲੇ ਯੋਗਦਾਨ ਸਦਕਾ ਪੰਜਾਬੀ ਸੱਭਿਆਚਾਰ ਦੇ ਇਸ ਮੁਦੱਈ ਨੂੰ ਉੱਘੇ ਗਜ਼ਲ-ਗੋ ਗਿਆਨੀ ਸਾਧੂ ਸਿੰਘ “ਬੇਦਿਲ“ ਯਾਦਗਾਰੀ ਐਵਾਰਡ ਨਾਲ ਨਿਵਾਜ਼ਕੇ ਤੇ ਕੁੱਝ ਰਾਸ਼ੀ ਦੇ ਕੇ ਅਪਣਾ ਫਰਜ਼ ਅਦਾ ਕੀਤਾ।ਮਾਲਿਕ ਕਿਰਪਾ ਕਰੇ ਇਹ ਵੱਡੀ ਕਲਾ ਦਾ ਖਜ਼ਾਨਾਂ ਇਸੇ ਤਰਾਂ ਮਹਿਕਾਂ ਬਿਖੇਰਦਾ ਰਹੇ ਇਹੋ ਸਾਡੀ ਕਾਮਨਾ ਹੈ।

ਪਰਮਜੀਤ ਪੱਪੂ ਕੋਟਦੁੱਨਾਂ
੯੪੧੭੨-੪੨੪੩੦
ਧਨੌਲਾ ਬਰਨਾਲਾ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: