ਕਵਿਤਾਵਾਂ

ss1

1. ਮਤਲਬੀ ਯਾਰ

ਜਿਸ ਤੇ ਮਾਣ ਸੀ ਵੀਰਾਂ ਵਰਗਾ,
ਵਿੱਚ ਵਹਾਅ ਓ ਵਹਿ ਗਿਆ
ਤੂੰ ਮੇਰੀ ਨਾ ਕੀਤੀ ਵੇਖਿਆ,
ਹੁਣ ਟੁੱਟੀ ਯਾਰੀ ਕਹਿ ਗਿਆ
ਦਾਗ਼ (ਫ਼ਰਕ) ਪਏ ਵਿੱਚ ਮਨਾਂ ਦੇ,
ਮੁੜ ਸਾਫ਼ ਨਾ ਹੁੰਦੇ
ਮੁਰਝਾਏ ਫੁੱਲ ਵਿੱਚ ਮਾਲਾ ਦੇ,
ਮੁੜ ਕਿਸੇ ਨਾ ਗੁੰਦੇ
ਸੱਚ ਬੋਲਣਾ, ਸੱਚ ਲਈ ਖੜਨਾ,
ਪਸੰਦ ਨਾ ਕਰਦੇ ਠੱਗ
ਤੂੰ ਕਿਉਂ ਸੱਜਣਾ ਪੈਂਡਾ ਬਦਲੇਂ,
ਪਿੱਛੇ ਇਨ੍ਹਾਂ ਦੇ ਲੱਗ?
ਸੱਚ ਅਕਸਰ ਕੌੜਾ ਲਗਦਾ,
ਮਤਬਲੀ ਯਾਰ ਨਾ ਜਰਦੇ
ਰੰਗ ਝੱਟ ਵਿਖਾ ਦਿੰਦੇ ਨੇ,
ਅਗਲੀਆਂ ਪਿਛਲੀਆਂ ਫੜਦੇ।

2. ਤੱਤੀਆਂ ਹਵਾਵਾਂ

ਤੱਤੀਆਂ ਹਵਾਵਾਂ ਅੱਜ, ਪੂਰਿਆਂ ਜ਼ੋਰਾਂ ਤੇ
ਭੱਖਦਿਆਂ ਕੋਲਿਆਂ ਤੇ, ਪੈਰ ਕਿੱਦਾਂ ਤੋਰਾਂ ਵੇ?
ਪੰਜ ਆਬਾਂ ਨੂੰ ਏ ਅੱਜ, ਖਾਣ ਲੱਗ ਪਿਆ ਘੁਣ
ਲੁੱਟੀ ਜਾਂਦੇ ਆਣ ਵੈਰੀ, ਨਸ਼ਿਆਂ ਦਾ ਜਾਲ ਬੁਣ
ਪੰਜਾਬ ਦੀ ਜਵਾਨੀ ਨੂੰ, ਖਾਣ ਪਏ ਅੱਜ ਨਸ਼ੇ
ਵੇਚ ਵੱਟ ਖਾਣ ਜਿਹੜੇ, ਘਰ ਓਨ੍ਹਾਂ ਕਿੱਦਾ ਵਸੇ?
ਦੇ ਦਿੱਤੀ ਧੀ ਮਾਪੇ, ਹੋਰ ਰੱਖ ਲਿਆ ਕੀ?
ਦਾਜ ਦੇ ਲੋਭੀ ਚੰਦਰੇ, ਭੈੜੇ ਖਾ ਜਾਂਦੇ ਧੀ
ਤਿਲ ਫੁੱਲ ਹੁੰਦੀ ਜਿੰਨੀ, ਮਾਪੇ ਪੂਰਾ ਜ਼ੋਰ ਲਾਉਂਦੇ
ਵੱਡੇ ਦੀਨ ਧਰਮਾਂ ਵਾਲੇ, ਨੂੰਹ ਸਾੜ ਸੁਆਹ ਬਣਾਉਂਦੇ
ਹੱਸਣਖੇਡਣ ਦੀ ਉਮਰ, ਢਾਬਿਆਂ ਤੇ ਕੰਮ ਕਰਦੇ
ਕੇਹਾ ਆਣ ਪਿਆ ਕੋੜ੍ਹ, ਲੱਖਾਂ ਏ ਚ ਹਾਸੇ ਖਰਦੇ
ਘਰ ਦੇ ਹਾਲਾਤਾਂ ਅੱਗੇ, ਬਹੁਤੇ ਨੇ ਨਿੱਤ ਹਰਦੇ
ਭਾਂਡੇ ਮਾਂਜਣ ਤੋਂ ਵਹਿਲ ਨਾ, ਦੱਸੋ ਏ ਕਿੱਦਾਂ ਪੜ੍ਹਦੇ?
ਕਰਕਰ ਕਮਾਈਆਂ ਇਹਨਾਂ, ਨਾ ਸਵਾਦ ਚੱਖ ਦੇਖਿਆ
ਢਿੱਡ ਬੰਨ ਪਾਲਣ ਮਾਪੇ, ਦਰਦ ਉਮਰਾਂ ਦਾ ਸੇਕਿਆ
ਹੋ ਗਏ ਨੇ ਵੱਡੇ ਬੋਟ, ਮੁਖ਼ਤਿਆਰੀ ਆਈ ਇਹਨਾਂ ਹੱਥ
ਝਿੜਕ ਦੇ ਕੇ ਬਿਠਾ ਦਿੰਦੇ, ਬਾਬਲ ਦੀ ਪੱਗ ਲੱਥ!
ਰੱਬ ਦੀ ਮੂਰਤ ਮਾਂ, ਕੀ ਅੱਜ ਕਰੀਂ ਜਾਂਦੀ
ਮਾਰੀ ਜਾਂਦੀ ਕੁੱਖ ਵਿੱਚ, ਜੱਗ ਅੱਗੇ ਹਰੀ ਜਾਂਦੀ
ਤੂੰ ਵੀ ਧੀ ਕਿਸੇ ਦੀ, ਪਾਪ ਕਿਉਂ ਕਮਾਇਆ ਏ
ਭਰੂਣ ਹੱਤਿਆ ਕਰ ਕਿਉਂ, ਕਲੰਕ ਮਮਤਾ ਨੂੰ ਲਾਇਆ ਏ?
ਗੱਦੀ ਉੱਤੇ ਬੈਠੇ ਅੰਨ੍ਹੇ, ਲੁੱਟੀ ਜਾਂਦੇ ਵਾਰੋਵਾਰੀ
ਉਂਝ ਸਾਰ ਲੈਂਦੇ ਨਾ, ਵੋਟਾਂ ਵੇਲੇ ਫੁੱਲ ਤਿਆਰੀ
ਕੀਦੇ ਬਦਲੇ ਵੋਟ ਮਿਲੂ, ਸਭ ਜਾਣਦੇ ਨੇ ਕਾਢੀ
ਮੂਰਖ ਲੋਕ ਸੁੱਤੇ ਪਏ, ਉੱਤੋਂ ਕਹਿਣ ਸਰਕਾਰ ਸਾਡੀ?
ਲਿਖਲਿਖ ਵਰਕੇ ਇੱਥੇ, ਬੜੀਆਂ ਭਰ ਦਿੱਤੀਆਂ ਪੋਥੀਆਂ
ਕਾਨੂੰਨ ਦਾ ਨਾਂ ਦਿੱਤਾ, ਪਰ ਅਮਲਾਂ ਤੋਂ ਸੋਥੀਆਂ
ਮਨੁੱਖ ਹੱਥੋਂ ਲੁੱਟ ਇੱਥੇ, ਮਨੁੱਖ ਦੀ ਹੋਈ ਜਾਂਦੀ
ਭ੍ਰਿਸ਼ਟਾਚਾਰ ਸਿਖ਼ਰਾਂ ਤੇ, ਇਮਾਨਦਾਰੀ ਰੋਈ ਜਾਂਦੀ!
ਹੋਰ ਨਾਂਹ ਤੂੰ ਛਿੜਕ ਲੂਣ, ਪੱਕੀਆਂ ਕੋਰਾਂ ਤੇ
ਤੱਤੀਆਂ ਹਵਾਵਾਂ ਅੱਜ, ਪੂਰਿਆਂ ਜ਼ੋਰਾਂ ਤੇ
ਭੱਖਦਿਆਂ ਕੋਲਿਆਂ ਤੇ, ਪੈਰ ਕਿੱਦਾਂ ਤੋਰਾਂ ਵੇ?

3. ਸੱਚ ਦੀ ਕੂਕ

ਇਸ਼ਕ ਤੇਰੇ ਦੀ ਤੰਦ ਨੇ ਪੱਟਿਆ, ਅਣਖੀ ਪੁੱਤ ਸਰਦਾਰਾਂ ਦਾ
ਆਮ ਬੰਦੇ ਨੂੰ ਕੀ ਏ ਫਾਇਦਾ, ਬਦਲ ਗਈਆਂ ਸਰਕਾਰਾਂ ਦਾ
ਕੀ ਮੁਕਾਬਲਾ ਕਰੇਂਗਾ ਇੱਥੇ, ਤਿੱਖੀਆ ਤੇਜ਼ ਕਟਾਰਾਂ ਦਾ
ਲੁੱਟ ਕੇ ਤੈਨੂੰ ਖਾ ਬਹਿਣਾ, ਜ਼ਾਲਮ ਕੰਮ ਸਰਕਾਰਾਂ ਦਾ
ਵਖ਼ਤ ਦੇ ਨਾਲ ਤਾਂ ਰਿਸ਼ਤੇ ਨਾਤੇ, ਟੁੱਟ ਹੀ ਜਾਂਦੇ ਨੇ
ਮਾੜੀ ਘੜੀ ਦਾ ਜ਼ਿਕਰ ਹੋਣ ਤੇ, ਪਾਸਾ ਈ ਖਾਂਦੇ ਨੇ
ਕੀ ਮਾਣ ਤੂੰ ਕਰੇਂਗਾ ਇੱਥੇ, ਤੇਰੇ ਆਪਣੇ ਸਕਿਆਂ ਤੇ
ਲੋੜ ਪੈਣ ਤੇ ਤੂੰ ਮੇਰਾ ਕੌਣ, ਕਹਿ ਹੀ ਜਾਂਦੇ ਨੇ
ਢਿੱਡਾਂ ਦੇ ਵਿੱਚ ਕਿੰਨੀਆਂ ਧੀਆਂ, ਮਾਰੀਆਂ ਜਾਂਦੀਆਂ ਨੇ
ਕਿੰਨੀਆਂ ਹੀ ਦਾਜ ਦੇ ਪਿੱਛੇ, ਸਾੜੀਆਂ ਜਾਂਦੀਆਂ ਨੇ
ਗੁਰ ਨਾਨਕ ਨੇ ਹੋਕਾ ਦਿੱਤਾ, ਇਨ੍ਹਾਂ ਬਚਾਵਣ ਦਾ
ਫਿਰ ਵੀ ਕਿਉਂ ਤਕਦੀਰਾਂ ਇਨ੍ਹਾਂ ਦੀਆਂ, ਹਾਰੀਆਂ ਜਾਂਦੀਆਂ ਨੇ
ਮੁਗਲਾਂ ਨੇ ਤਾਂ ਕਹਿਰ ਕਮਾਇਆ, ਕਸਰ ਨਾ ਗੋਰਿਆਂ ਛੱਡੀ
ਅੱਜ ਦੇ ਬਹੁਤੇ ਧਰਮੀ ਦਿੰਦੇ, ਧਰਮ ਦੇ ਮੂੰਹ ਚ ਹੱਡੀ
ਭ੍ਰਿਸ਼ਟ ਹੋਏ ਨੇ ਸਾਰੇ ਇੱਥੇ, ਮਸਲਾਂ ਕੋਠੀਆਂ ਕਾਰਾਂ ਦਾ
ਧਰਮ ਦੀ ਏ ਓੜ ਕੇ ਚਾਦਰ, ਢਿੱਡ ਭਰਨ ਪਰਿਵਾਰਾਂ ਦਾ
ਕਿੰਨੇ ਲੋਕੀ ਭੁੱਖ ਦੇ ਤੋੜੇ, ਮਰ ਹੀ ਜਾਂਦੇ ਨੇ
ਕਿੰਨੇ ਬੈਠੇ ਪਗਡੰਡੀਆਂ ਤੇ, ਸੜ ਹੀ ਜਾਂਦੇ ਨੇ
ਫ਼ਰਕ ਨਾ ਪੈਂਦਾ ਕਿਸੇ ਨੂੰ ਕੋਈ, ਇਨ੍ਹਾਂ ਦੇ ਮਰਨੇ ਤੇ
ਚਲੋ ਜਗ੍ਹਾ ਹੋ ਗਈ ਖਾਲੀ, ਕਹਿ ਹੀ ਜਾਂਦੇ ਨੇ
ਚੜਦੀ ਉਮਰੇ ਇਸ਼ਕ ਯਾਰੀਆਂ, ਪਾਈਆਂ ਜਾਂਦੀਆਂ ਨੇ
ਬਹੁਤੀਆਂ ਕੱਚੀਆਂ ਸੱਚੀਆਂ ਥੋੜੀਆਂ, ਲਾਈਆਂ ਜਾਂਦੀਆਂ ਨੇ
ਕੀ ਰੱਖਿਆ ਲੱਕੀ ਕੂੜ ਦੇ ਪੈਂਡੇ, ਜੇ ਸਿਰੇ ਚੜਾਉਣੀ ਨਈਂ
ਜਾਣ ਬੁਝ ਕੇ ਫਿਰ ਕਿਉਂ ਰੂਹਾਂ, ਮਾਰੀਆਂ ਜਾਂਦੀਆਂ ਨੇ

4. ਦਰ

ਕੱਖੋਂ ਹੌਲੇ ਹੋਏ ਪਏ, ਸਹਾਰਾ ਨਈਉਂ ਜੁੜਿਆ
ਛੁੱਟ ਗਿਆ ਸਾਥ ਜੀਦਾ, ਸਦਾ ਲਈਓ ਥੁੜਿਆ
ਵਕਤ ਦੇ ਸੇਕਾਂ ਨੇ, ਚੁਣਚੁਣ ਸੇਕਿਆ
ਜ਼ਖ਼ਮਾਂ ਤੇ ਲੂਣ ਭੁੱਕ, ਟੋਹਟੋਹ ਕੇ ਵੇਖਿਆ
ਜਿਹੜੇ ਪੈਂਡੇ ਪਏ ਕਦੇ, ਬੰਦ ਹੀ ਮਿਲਿਆ
ਮੰਜ਼ਿਲ ਨੂੰ ਪਾਉਣਾ ਸੀ, ਢੰਗ ਨਈਉਂ ਮਿਲਿਆ
ਖਾਵੇ ਠੇਡੇ ਜ਼ਿੰਦਗਾਨੀ, ਸੱਧਰਾਂ ਨੂੰ ਫੂਕਿਆ
ਰੱਬ ਜੀਨੂੰ ਆਖੋਂ ਤੁਸਾਂ, ਦਰ ਓਦੇ ਵੀ ਕੂਕਿਆ

5. ਪਰਦੇਸੀ

ਹਿਜ਼ਰ ਦੇ ਦੁੱਖ ਨੇ,
ਸਾਨੂੰ ਜੜ੍ਹੋਂ ਖਾ ਲਿਆ
ਜਿਦਣ ਦਾ ਤੂੰ ਜਾ,
ਪਰਦੇਸੀ ਡੇਰਾ ਲਾ ਲਿਆ
ਅੱਖਾਂ ਵਿੱਚੋਂ ਤਿਪਤਿਪ,
ਅੱਥਰੂ ਨੇ ਕਿਰਦੇ
ਤੱਤੇ ਠੰਡੇ ਦਿਲ ਵਿੱਚ,
ਖਿਆਲ ਨੇ ਘਿਰਦੇ
ਤੇਰੇ ਬਾਝੋਂ ਦਿਨ ਸਾਡੇ,
ਔਖੇ ਬੜ੍ਹੇ ਲੰਘਦੇ
ਸੇਕ ਵਖ਼ਤ ਦੇ,
ਬੜ੍ਹੇ ਰਹਿੰਦੇ ਡੰਗਦੇ
ਸਾਵਣ ਦੀ ਰੁੱਤ ਆਈ,
ਸੱਧਰਾਂ ਨੇ ਉਬਾਲੇ ਖਾਧੇ
ਤੂੰ ਨਈਉਂ ਆਇਆ ਚੰਨਾ,
ਕਿੱਥੇ ਗਏ ਤੇਰੇ ਵਾਅਦੇ?

Gobinder Singh Dhindsa

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿ: ਧੂਰੀ, ਜ਼ਿਲਾ : ਸੰਗਰੂਰ (ਪੰਜਾਬ)
ਮੋਬਾਇਲ ਨੰ: 9256066000

Share Button

Leave a Reply

Your email address will not be published. Required fields are marked *