ਕਲਾ ਹੈ ਜ਼ਿੰਦਗੀ ਜਿਉਣਾ

ss1

ਕਲਾ ਹੈ ਜ਼ਿੰਦਗੀ ਜਿਉਣਾ

ਜ਼ਿੰਦਗੀ ਆਪਣੇ ਆਪ ਵਿੱਚ ਬਹੁਤ ਕੁਝ ਸਮੋਈ ਬੈਠੀ ਹੁੰਦੀ ਹੈ,ਪਰ ਅਸੀਂ ਰਮਜ਼ਾ ਨਹੀਂ ਸਮਝ ਸਕਦੇ।ਜ਼ਿੰਦਗੀ ਕਦੇ ਵੀ ਇੱਕ ਸਾਰ ਨਹੀਂ ਚਲਦੀ।ਚੰਗਾ ਮੰਦਾ,ਊਚ ਨੀਚ ਜ਼ਿੰਦਗੀ ਦਾ ਇੱਕ ਅਨਿਖੜਵਾਂ ਹਿੱਸਾ ਹੈ।ਅਗਰ ਇੱਕ ਸਾਰ ਚੱਲੀ ਜਾਵੇ ਤਾਂ ਨਾ ਚੰਗੇ ਵਕਤ ਦੀ ਖੁਸ਼ੀ ਹੋਏ ਤੇ ਨਾ ਬੁਰੇ ਵਕਤ ਦਾ ਡਰ।ਅੱਛਾ ਵਕਤ ਖੁਸ਼ੀਆਂ ਦੇਂਦਾ ਹੈ ਤੇ ਬੁਰਾ ਵਕਤ ਸਮਝਦਾਰੀ ਦੇਂਦਾ ਹੈ।ਚੰਗੇ ਵਕਤ ਵਿੱਚ ਤਾਂ ਹਰ ਕੋਈ ਤੁਹਾਡੇ ਨਾਲ ਹੁੰਦਾ ਹੈ ਪਰ ਬੁਰੇ ਵਕਤ ਵਿੱਚ ਦੋਸਤਾਂ ਮਿੱਤਰਾਂ ਤੇ ਰਿਸ਼ਤਿਆਂ ਦੀ ਪਰਖ ਹੋ ਜਾਂਦੀ ਹੈ।ਜ਼ਿੰਦਗੀ ਤਾਂ ਚੱਲਦੀ ਜਾਣੀ ਹੈ ਜਿੰਨੀ ਦੇਰ ਸਾਹ ਚੱਲਦੇ ਨੇ,ਨਾਵਲਿਸਟ ਨਾਨਕ ਸਿੰਘ ਨੇ ਲਿਖਿਆ ਹੈ,”ਜਿਹੜੇ ਲੋਕ ਹੋਰਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਰੋਸ਼ਨੀ ਲਿਆਉਂਦੇ ਹਨ,ਉਨ੍ਹਾਂ ਦੀ ਆਪਣੀ ਦੁਨੀਆਂ ਵਿੱਚ ਕਦੇ ਹਨੇਰਾ ਨਹੀਂ ਹੋ ਸਕਦਾ।”ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ।ਵਕਤ ਕਦੇ ਰੁੱਕਦਾ ਨਹੀਂ, ਜ਼ਿੰਦਗੀ ਕਦੇ ਧੰਮਦੀ ਨਹੀਂ।ਰੋਕੇ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ।ਹੱਸਦਾ ਚਿਹਰਾ, ਖੁਦ ਨੂੰ ਵੀ ਸਕੂਨ ਦੇਂਦਾ ਹੈ ਤੇ ਦੂਸਰਿਆਂ ਨੂੰ ਵੀ।ਖਿਝੇ ਹੋਏ ਚਿਹਰੇ ਤੋਂ ਹਰ ਕੋਈ ਕੰਨੀ ਕਤਰਾਉਂਦਾ ਹੈ।ਦੁੱਖੀ ਚਿਹਰਾ ਮਾਹੌਲ ਖਰਾਬ ਕਰ ਦਿੰਦਾ ਹੈ।ਹੱਸਦੇ ਚਿਹਰੇ ਵਾਤਾਵਰਣ ਨੂੰ ਖ਼ੁਸ਼ਗਵਾਰ ਬਣਾ ਦਿੰਦੇ ਹਨ।ਖੁਸ਼ੀ ਵਿੱਚ ਤਾਂ ਹਰ ਕੋਈ ਹੱਸਦਾ ਹੈ,ਚੰਗੇ ਦਿਨਾਂ ਵਿੱਚ ਹਰ ਕੋਈ ਖੁਸ਼ ਰਹਿੰਦਾ ਹੈ ਪਰ ਜੋ ਬੁਰੇ ਵਕਤ ਵਿੱਚ ਮੁਸਕਰਾਉਂਦਾ ਹੈ,ਉਹ ਜ਼ਿੰਦਗੀ ਜਿਉਣ ਦੀ ਕਲਾ ਸਿਖ ਗਿਆ।ਵਾਲ ਟੇਅਰ ਨੇ ਲਿਖਿਆ ਹੈ,”ਜ਼ਿੰਦਗੀ ਦਾ ਦੀਵਾ ਉਸ ਸਮੇਂ ਬੁਝ ਜਾਂਦਾ ਹੈ ਜਦੋਂ ਹਾਸੇ ਰੂਪੀ ਤੇਲ ਮੁੱਕ ਜਾਂਦਾ ਹੈ।”ਅੱਜ ਦਾ ਦੌਰ ਭੱਜ ਦੌੜ ਦਾ ਦੌਰ ਹੈ।ਕਿਸੇ ਕੋਲ ਵਕਤ ਨਹੀਂ, ਚਿਹਰੇ ਤੇ ਰੌਣਕ ਨਹੀਂ, ਸਵੇਰੇ ਉੱਠਦੇ ਹੀ ਤਨਾਅ ਭਰਿਆ ਮਾਹੌਲ ਬਣ ਜਾਂਦਾ ਹੈ ਘਰ ਵਿੱਚ।ਪੈਸੇ ਕਮਾਉਣ ਦੀ ਲਾਲਸਾ,ਮਜ਼ਬੂਰੀ ਬਣ ਗਈ ਹੈ।ਖੁਸ਼ੀ ਨਾਲ ਜੀਵੇ ਪਲਾਂ ਵਰਗੀ ਕੋਈ ਰੀਸ ਨਹੀਂ।ਧੰਨ ਦੀ ਚਾਹਤ ਕਦੇ ਪੂਰੀ ਨਹੀਂ ਹੁੰਦੀ ਤੇ ਪੈਸਾ ਕਦੇ ਕਿਸੇ ਦਾ ਸਕਾ ਨਹੀਂ ਬਣਿਆ।ਪੈਸਾ ਕਮਾਉ ਪਰ ਪੈਸੇ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਉ।ਪੜ੍ਹਿਆ ਲਿਖਿਆ ਹੋਣ ਦਾ ਮਤਲਬ ਏਹ ਨਹੀਂ ਕਿ ਪੈਸੇ ਬਣਾਉਣ ਵਾਲੀ ਮਸ਼ੀਨ ਬਣ ਜਾਉ।ਜ਼ਿੰਦਗੀ ਜਿਉ,ਆਪਣੇ ਖਰਚੇ ਸੀਮਿਤ ਕਰੋ, ਥੋੜੇ ਵਿੱਚ ਖੁਸ਼ ਰਹਿਣ ਦੀ ਕਲਾ ਸਿਖੋ।ਬਹੁਤ ਕਮਾਉਣ ਦਾ ਕੀ ਫਾਇਦਾ ਜੇਕਰ ਪਰਿਵਾਰ ਹੀ ਬਿਖਰ ਗਿਆ।ਸਬਰ ਸੰਤੋਖ ਬਹੁਤ ਜ਼ਰੂਰੀ ਹੈ,ਵਿਖਾਵੇ ਪਿੱਛੇ ਜਿੰਨਾ ਭੱਜੋਗੇ,ਜ਼ਿੰਦਗੀ ਮੁਸ਼ਕਿਲ ਹੁੰਦੀ ਜਾਵੇਗੀ।ਘਰ ਨੂੰ ਸਾਫ ਸੁਥਰਾ ਰੱਖੋ,ਖੁਦ ਸਲੀਕੇ ਨਾਲ ਤਿਆਰ ਹੋਵੋ,ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਮਹਿੰਗੇ ਕਪੜੇ ਪਾਏ ਨੇ।ਜ਼ਿੰਦਗੀ ਤੁਹਾਡੀ ਹੈ ਤੇ ਉਸ ਨਾਲ ਹੋਰਾਂ ਦੀਆਂ ਜ਼ਿਦਗੀਆਂ ਵੀ ਜੁੜੀਆਂ ਹੋਈਆਂ ਹਨ।ਸਰਤ ਚੰਦਰ ਨੇ ਲਿਖਿਆ ਹੈ,”ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਨੂੰ ਅਸੀਂ ਉਦੋਂ ਹੀ ਪਛਾਣਦੇ ਹਾਂ ਜਦੋਂ ਅਸੀਂ ਉਨ੍ਹਾਂ ਨੂੰ ਖੋਹ ਦਿੰਦੇ ਹਾਂ।”ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੋ,ਉਨ੍ਹਾਂ ਨਾਲ ਸਮਾਂ ਜ਼ਰੂਰ ਬਤੀਤ ਕਰੋ।ਮਾਪੇ ਅਜਿਹਾ ਦਰੱਖਤ ਹੈ ਜੋ ਤੁਹਾਨੂੰ ਹਰ ਬੁਰੇ ਵਕਤ ਤੋਂ ਬਚਾਉਣ ਲਈ ਤਿਆਰ ਰਹਿੰਦਾ ਹੈ।ਵਧੀਆ ਪੁਸਤਕਾਂ ਪੜ੍ਹੋ,ਵਧੀਆ ਲਿਖਤਾਂ ਪੜ੍ਹੋ,ਵਧੀਆ ਲੋਕਾਂ ਨਾਲ ਦੋਸਤੀ ਕਰੋ।ਹਰ ਕਿਸੇ ਕੋਲੋਂ ਕੁਝ ਚੰਗਾ ਸਿਖਣ ਦੀ ਕੋਸ਼ਿਸ਼ ਕਰੋ।ਆਜ਼ਾਦੀ ਦੇ ਨਾਮ ਤੇ ਆਪਣਿਆਂ ਨੂੰ ਨਾ ਛੱਡੋ।ਜ਼ਿੰਦਗੀ ਦੇ ਹਰ ਦੁੱਖ ਤਕਲੀਫ਼ ਨੂੰ ਏਹ ਸੋਚਕੇ ਲਵੋ ਕਿ ਏਹ ਘੜੀ ਕੁਝ ਸਿਖਾਉਣ ਆਈ ਹੈ।ਵਕਤ ਤਾਂ ਨਿਕਲ ਜਾਣਾ ਹੈ,ਢੇਰੀ ਨਾ ਢਾਉ,ਹੋਰ ਮਿਹਨਤ ਕਰੋ ਤੇ ਉਸ ਤੋਂ ਸਬਕ ਜ਼ਰੂਰ ਸਿਖੋ।ਜ਼ਿੰਦਗੀ ਵਿੱਚ ਠਹਿਰਾਉ ਬਹੁਤ ਜ਼ਰੂਰੀ ਹੈ।ਕਿਸੇ ਦੀ ਵੀ ਜ਼ਿੰਦਗੀ ਵਿੱਚ ਜ਼ਹਿਰ ਨਾ ਘੋਲੋ,ਹਲੀਮੁ ਹੈ ਤਾਂ ਜ਼ਿੰਦਗੀ ਵਿੱਚ ਸਕੂਨ ਰਹੇਗਾ।ਤੁਹਾਡੇ ਨਾਲ ਕੋਈ ਗਲਤ ਵਿਵਹਾਰ ਕਰਦਾ ਹੈ ਤਾਂ ਦੋ ਵਾਰ ਉਸ ਨੂੰ ਮੌਕਾ ਦਿਉ,ਅਗਰ ਉਹ ਫਿਰ ਵੀ ਨਹੀਂ ਸਮਝਦਾ ਤਾਂ ਉਸ ਨੂੰ ਉਸਦੀ ਗਲਤੀ ਦਾ ਅਹਿਸਾਸ ਜ਼ਰੂਰ ਕਰਾਉ।ਨਾ ਕਿਸੇ ਤੇ ਹਾਵੀ ਹੋਵੋ ਤੇ ਨਾ ਹਾਵੀ ਹੋਣ ਦਿਉ।ਦੋਨੋਂ ਹਾਲਾਤ ਜ਼ਿੰਦਗੀ ਦਾ ਸਕੂਨ ਖਤਮ ਕਰ ਦਿੰਦੇ ਹਨ।ਕਦੇ ਕਿਸੇ ਨੂੰ ਨੀਚਾ ਨਾ ਵਿਖਾਉ,ਵਕਤ ਕਿਸੇ ਦਾ ਵੀ ਹਮੇਸ਼ਾ ਬੁਰਾ ਨਹੀਂ ਰਹਿੰਦਾ ਤੇ ਕਦੇ ਵਧੀਆ ਨਹੀਂ ਰਹਿੰਦਾ।ਨਾ ਆਪਣੀ ਮਜ਼ਬੂਰੀ ਦਾ ਫਾਇਦਾ ਉਠਾਉਣ ਦਿਉ ਤੇ ਨਾ ਕਿਸੇ ਦੀ ਮਜ਼ਬੂਰੀ ਦਾ ਫਾਇਦਾ ਉਠਾਉ।ਜ਼ਿੰਦਗੀ ਤੋਹਫਾ ਹੈ,ਇਸ ਨੂੰ ਜਿਉਣ ਦੀ ਕਲਾ ਆ ਜਾਵੇ ਤਾਂ ਏਹ ਸੁਖਦ ਅਨੁਭਵ ਦਿੰਦੀ ਹੈ।ਕੁਦਰਤ ਨੇ ਗੁਲਾਬ ਦੇ ਫੁੱਲ ਨੂੰ ਕੰਡਿਆਂ ਦਾ ਸਾਥ ਦਿੱਤਾ, ਉਹ ਖਿੜਦਾ ਵੀ ਹੈ ਤੇ ਖੁਸ਼ਬੂ ਵੀ ਦਿੰਦਾ ਹੈ।ਜੋਸ ਬਿੱਲਗਜ ਨੇ ਲਿਖਿਆ ਹੈ,”ਜ਼ਿੰਦਗੀ ਚੰਗੇ ਪੱਤੇ ਲੈ ਕੇ ਖੇਡਣ ਦਾ ਨਹੀਂ ਸਗੋਂ ਹੱਥ ਵਿਚਲੇ ਪੱਤਿਆਂ ਨਾਲ ਚੰਗਾ ਖੇਡਣ ਦਾ ਨਾਮ ਹੈ।”
ਜ਼ਿੰਦਗੀ ਜਿਉਣਾ ਇੱਕ ਕਲਾ ਹੈ।ਇਸ ਕਲਾ ਨੂੰ ਅਪਣਾਉ ਤੇ ਹਮੇਸ਼ਾ ਜਿਉਂਦਾ ਰੱਖੋ।

Prabhjot Kaur Dillon
9815030221

Share Button

Leave a Reply

Your email address will not be published. Required fields are marked *