Mon. Aug 19th, 2019

ਕਲਾ ਦੀ ਵਿਲੱਖਣ ਵੰਨਗੀ ’ਚ ਜਿਊਣ ਵਾਲਾ : ਸੁਖਵਿੰਦਰ ਸਿੰਘ ਲੋਟੇ

ਕਲਾ ਦੀ ਵਿਲੱਖਣ ਵੰਨਗੀ ’ਚ ਜਿਊਣ ਵਾਲਾ : ਸੁਖਵਿੰਦਰ ਸਿੰਘ ਲੋਟੇ

ਪੰਜਾਬੀ ਸਾਹਿਤ ਦੇ ਸਿਰਮੌਰ ਹਸਤਾਖ਼ਰ ਸੁਖਵਿੰਦਰ ਸਿੰਘ ਲੋਟੇ ਨੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਬੋਤਲਾਂ ਵਿੱਚ ਕਵਿਤਾਵਾਂ ਲਿਖਣ ਦਾ ਬਿਲਕੁੱਲ ਹੀ ਨਿਵੇਕਲਾ ਢੰਗ ਅਖ਼ਤਿਆਰ ਕੀਤਾ ਹੈ। ਮਜ਼ਬੂਤ ਇਰਾਦੇ, ਸਖ਼ਤ ਮਿਹਨਤ ਲਗਨ ਅਤੇ ਸ਼ੌਕ ਨੇ ਉਨ੍ਹਾਂ ਦੀ ਇਸ ਅਨੋਖੀ ਕਲਾ ਨੂੰ ਅਜਿਹੀ ਬੁਲੰਦੀ ਬਖ਼ਸ਼ੀ ਕਿ ਉਹ ਸਾਹਿਤਕ ਅਤੇ ਸਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਬਣ ਗਏ। ਦੂਰ ਦੂਰ ਤੋਂ ਉਨ੍ਹਾਂ ਨੂੰ ਵੱਡੇ ਵੱਡੇ ਸਮਾਗਮਾਂ ਵਿੱਚ ਕਲਾ-ਪ੍ਰਦਰਸ਼ਨੀ ਲਗਾਉਣ ਲਈ ਸੱਦੇ ਆਉਣ ਲੱਗੇ ਅਤੇ ਰਾਸ਼ਟਰੀ ਪੱਧਰ ਦੇ ਅਖ਼ਬਾਰਾਂ ਵਿੱਚ ਉਨ੍ਹਾਂ ਦੇ ਇਸ ਅਨੋਖੇ ਹੁਨਰ ਦੀ ਚਰਚਾ ਹੋਣ ਲੱਗੀ। ਦਸੰਬਰ 2012 ਵਿੱਚ ਉਨ੍ਹਾਂ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋ ਗਿਆ ਅਤੇ 27 ਫਰਵਰੀ 2013 ਨੂੰ ਉਨ੍ਹਾਂ ਨੇ ਇੰਦਰਾ ਗਾਂਧੀ ਕਲਾ ਕੇਂਦਰ ਨੋਇਡਾ ਵਿਖੇ ਆਪਣਾ ਹੀ ਰਿਕਾਰਡ ਤੋੜ ਕੇ ਤੇਜ਼ ਰਫ਼ਤਾਰ ਵਿੱਚ ਲਿਖਣ ਦਾ ਨਵਾਂ ਰਿਕਾਰਡ ਬਣਾਉਣ ਵਿੱਚ ਸਫ਼ਲਤਾ ਪ੍ਰਾਪਤ ਕਰ ਕੇ ਬੋਤਲਾਂ ਵਿੱਚ ਲਿਖਣ ਵਾਲੇ ਵਿਸ਼ਵ ਦੇ ਪਹਿਲੇ ਕਵੀ ਵਜੋਂ ਪਛਾਣ ਬਣਾਈ। ਇਸ ਮੌਕੇ ਵਰਲਡਜ਼ ਰਿਕਾਰਡ ਯੂਨੀਵਰਸਿਟੀ ਯੂ ਕੇ, ਵੀਅਤਨਾਮ, ਕੈਨੇਡਾ ਅਤੇ ਇਥੋਪੀਆ ਤੋਂ ਵੀ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ ਹੋਏ ਸਨ। ਆਪਣੀ ਨਵੀਂ ਕਲਾ ਦੀ ਵੰਨਗੀ ਨਾਲ ਲੋਕਾਂ ਨੂੰ ਹੈਰਾਨੀ ਵਿੱਚ ਪਾਉਣ ਵਾਲੇ ਇਹ ਸਿਰੜੀ ਕਲਾਕਾਰ ਮਾਂ ਬੋਲੀ ਪੰਜਾਬੀ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਗਿਆਰਾਂ ਭਾਸ਼ਾਵਾਂ ਵਿੱਚ ਲਿਖਣ ਦੀ ਮੁਹਾਰਤ ਰੱਖਦੇ ਹਨ। ਹੁਣ ਤੱਕ ਉਹ ਆਪਣੀ ਇਸ ਕਲਾ ਨਾਲ ਅੱਸੀ ਤੋਂ ਵੱਧ ਕਵਿਤਾਵਾਂ ਲਿਖ ਚੁੱਕੇ ਹਨ, ਜਿਨ੍ਹਾਂ ਵਿੱਚ ਚਾਲੀ ਕਵਿਤਾਵਾਂ ਪੰਜਾਬੀ ਵਿੱਚ, ਨੌਂ ਕਵਿਤਾਵਾਂ ਅੰਗਰੇਜ਼ੀ ਵਿੱਚ ਅਤੇ ਕਈ ਕਵਿਤਾਵਾਂ ਉਰਦੂ, ਹਿੰਦੀ, ਰਸੀਅਨ, ਇਟਾਲੀਅਨ, ਇੰਡੋਨੇਸ਼ੀਅਨ, ਡੱਚ, ਹੰਗਰੀ, ਮਾਲੇ, ਅਮਰੀਕਨ ਆਦਿ ਭਾਸ਼ਾਵਾਂ ਵਿੱਚ ਲਿਖੀਆਂ ਹਨ।

ਸੁਖਵਿੰਦਰ ਸਿੰਘ ਲੋਟੇ ਦਾ ਜਨਮ ਸੰਗਰੂਰ ਜਿਲ੍ਹੇ ਦੀ ਤਹਿਸੀਲ ਧੂਰੀ ਵਿਖੇ 7 ਅਗਸਤ 1964 ਨੂੰ ਪਿਤਾ ਜਤਿੰਦਰਪਾਲ ਸਿੰਘ ਦੇ ਘਰ ਮਾਤਾ ਦੀਪ ਕੌਰ ਦੀ ਕੁੱਖੋਂ ਹੋਇਆ। ਦਸਵੀਂ ਤੱਕ ਦੀ ਮੁਢਲੀ ਪੜ੍ਹਾਈ ਉਨ੍ਹਾਂ ਨੇ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਤੋਂ ਪ੍ਰਾਪਤ ਕੀਤੀ। ਉਚੇਰੀ ਸਿੱਖਿਆ ਲਈ ਉਨ੍ਹਾਂ ਨੇ ਸਰਕਾਰੀ ਰਣਬੀਰ ਕਾਲਜ ਵਿਖੇ ਦਾਖ਼ਲਾ ਲਿਆ, ਜਿੱਥੇ ਉਨ੍ਹਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਜੋ ਕਿ ਕਾਲਜ ਦੇ ਮੈਗਜ਼ੀਨ ਵਿੱਚ ਵੀ ਪ੍ਰਕਾਸ਼ਿਤ ਹੋਈਆਂ।। ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਕਾਰਨ ਉਨ੍ਹਾਂ ਨੂੰ ਆਪਣੀ ਬੀ ਏ ਦੀ ਪੜ੍ਹਾਈ ਅੱਧ-ਵਿਚਕਾਰ ਹੀ ਛੱਡਣੀ ਪਈ ਅਤੇ ਫਿਰ ਉਨ੍ਹਾਂ ਨੇ ਬੈਟਰੀਆਂ ਦਾ ਕੰਮ ਸਿੱਖ ਕੇ ਆਪਣੀ ਦੁਕਾਨ ਕਰ ਲਈ। ਦੁਕਾਨਦਾਰੀ ਦੇ ਕੰਮ ਦੇ ਨਾਲ ਨਾਲ ਉਨ੍ਹਾਂ ਨੇ ਆਪਣਾ ਸਾਹਿਤਕਾਰੀ ਦਾ ਸ਼ੌਕ ਵੀ ਨਿਰਵਿਘਨ ਜਾਰੀ ਰੱਖਿਆ। ਮਈ 2012 ਵਿੱਚ ਲੋਟੇ ਸਾਹਿਬ ਨੇ ਸ਼ਰਾਬ ਉੱਤੇ ਇੱਹ ਕਵਿਤਾ ਲਿਖੀ –

ਮੈਂ ਸ਼ਰਾਬ ਹਾਂ, ਮੈਂ ਬੜੀ ਖ਼ਰਾਬ ਹਾਂ,

ਮੈਨੂੰ ਨਾ ਪੀ, ਸੁਖੀ ਜੀਵਨ ਜੀ।

ਇਹ ਕਵਿਤਾ ਲਿਖਣ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਕਿ ਜੇਕਰ ਇਹ ਕਵਿਤਾ ਕਿਸੇ ਤਰੀਕੇ ਨਾਲ ਬੋਤਲ ਵਿੱਚ ਲਿਖੀ ਜਾਵੇ ਤਾਂਉਨ੍ਹਾਂ ਦਾ ਨਾਂ ਸੰਸਾਰ ਭਰ ਵਿੱਚ ਚਮਕ ਸਕਦਾ ਹੈ। ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਸ਼ਰਾਬ ਸਬੰਧੀ ਲਿਖੀ ਇਹ ਕਵਿਤਾ ਰੰਗ ਅਤੇ ਬੁਰਸ਼ ਨਾਲ ਬੋਤਲ ਦੇ ਅੰਦਰ ਲਿਖਣ ਵਿੱਚ ਸਫ਼ਲਤਾ ਹਾਸਲ ਕਰ ਲਈ, ਜਿਹੜੀ ਸਾਹਿਤਕ ਅਤੇ ਕਲਾਤਮਿਕ ਹਲਕਿਆਂ ਵਿੱਚ ਬੇਹੱਦ ਸਲਾਹੀ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜਕੱਲ੍ਹ ਉਹ ਇਸ ਕਲਾ ਦੇ ਸ਼ਾਹ ਸਵਾਰ ਬਣ ਚੁੱਕੇ ਹਨ। ਉਨ੍ਹਾਂ ਨੇ ਭਰੂਣ ਹੱਤਿਆ, ਭ੍ਰਿਸ਼ਟਾਚਾਰ, ਕਾਲਾ ਧਨ, ਨਸ਼ੇ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੀਆਂ ਛੋਹਾਂ ਦਿੱਤੀਆਂ ਹਨ। ਬੋਤਲਾਂ ਵਿੱਚ ਲਿਖਣ ਲਈ ਉਨ੍ਹਾਂ ਨੇ ਬੁਰਸ਼ ਵੀ ਖ਼ੁਦ ਹੀ ਤਰਾਸ਼ੇ ਹਨ ਅਤੇ ਉਹ ਬੋਤਲ ਦੇ ਅੰਦਰ ਉਰਦੂ ਵਾਂਗ ਉਲਟੇ ਪਾਸਿਓਂ ਲਿਖਦੇ ਹਨ ਜੋ ਕਿ ਬੋਤਲ ਦੇ ਬਾਹਰ ਸਿੱਧਾ ਪੜ੍ਹਿਆ ਜਾਂਦਾ ਹੈ। ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਲੋਕ ਉਨ੍ਹਾਂ ਤੋਂ ਬੋਤਲਾਂ ਵਿੱਚ ਕਵਿਤਾਵਾਂ ਲਿਖਵਾ ਕੇ ਆਪਣੇ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ ਵੀ ਭੇਜਦੇ ਹਨ। ਸੁਖਵਿੰਦਰ ਸਿੰਘ ਲੋਟੇ ਬਹੁਤ ਹੀ ਸਬਰ ਸੰਤੋਖ ਵਾਲੇ ਵਿਅਕਤੀ ਹਨ ਕਿਉਂਕਿ ਉਹ ਆਪਣੇ ਪ੍ਰਸ਼ੰਸਕਾਂ ਕੋਲੋਂ ਬਹੁਤ ਹੀ ਜਾਇਜ਼ ਮਿਹਨਤਾਨਾ ਲੈਂਦੇ ਹਨ।

ਕਲਾ-ਪ੍ਰੇਮੀਆਂ ਦੀ ਪੁਰਜ਼ੋਰ ਸਿਫ਼ਾਰਸ਼ ’ਤੇ ਉਨ੍ਹਾਂ ਨੇ 2013 ਵਿੱਚ ਪੰਜਾਬੀ ਭਵਨ ਲੁਧਿਆਣਾ ਵਿੱਚ ਅਤੇ ਪ੍ਰੋ. ਮੋਹਨ ਸਿੰਘ ਮੇਲੇ ਵਿੱਚ ਨਾਭਾ ਵਿਖੇ ਆਪਣੀ ਕਲਾ ਦੀ ਪ੍ਰਦਰਸ਼ਨੀ ਲਗਾਈ। ਇਸੇ ਹੀ ਸਾਲ ਉਨ੍ਹਾਂ ਨੇ ਨੋਇਡਾ ਵਿਖੇ ਵੀ ਆਪਣੀ ਪ੍ਰਦਰਸ਼ਨੀ ਲਗਾਈ, ਜਦੋਂ ਉਨ੍ਹਾਂ ਨੇ ਆਪਣਾ ਰਿਕਾਰਡ ਆਪੇ ਹੀ ਤੋੜਿਆ ਸੀ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 2014 ਵਿੱਚ ਉਨ੍ਹਾਂ ਨੇ ਤਿੰਨ ਵਾਰ ਪ੍ਰਦਰਸ਼ਨੀ ਲਗਾਈ ਅਤੇ 2014 ਵਿੱਚ ਹੀ ਉਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਪਟਿਆਲਾ ਵਿਖੇ ਵੀ ਪ੍ਰਦਰਸ਼ਨੀ ਲਗਾਈ। ਇਸ ਵਿਲੱਖਣ ਕਲਾ ਵਿੱਚ ਨਵੇਂ ਦਿਸਹੱਦਿਆਂ ਦੀ ਸਿਰਜਣਾ ਕਰਨ ਕਰ ਕੇ ਹੀ ਉਨ੍ਹਾਂ ਨੂੰ 2013 ਵਿੱਚ ਤਹਿਸੀਲ ਪੱਧਰ ਦੇ ਅਤੇ 2014 ਵਿੱਚ ਜਿਲ੍ਹਾ ਪੱਧਰ ਦੇ ਸਰਕਾਰੀ ਸਨਮਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਮਾਨ ਸਨਮਾਨ ਪ੍ਰਾਪਤ ਹੋਏ।

ਦਸੰਬਰ 2016 ਵਿੱਚ ਸੁਖਵਿੰਦਰ ਸਿੰਘ ਲੋਟੇ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਗ਼ਜ਼ਲਾਂ ਹੀ ਸਿਰਨਾਵਾਂ’ ਪ੍ਰਕਾਸ਼ਿਤ ਹੋਇਆ, ਜਿਸ ਦੀ ਭੂਮਿਕਾ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਸੁਲੱਖਣ ਸਰਹੱਦੀ ਨੇ ਲਿਖੀ। ਇਸ ਗ਼ਜ਼ਲ-ਸੰਗ੍ਰਹਿ ਵਿੱਚ ਉਨ੍ਹਾਂ ਨੇ ਬਿਲਕੁੱਲ ਹੀ ਅਣਛੋਹੇ ਕਾਫ਼ੀਆਂ ਦੀ ਸਿਰਜਣਾ ਕੀਤੀ ਅਤੇ 28 ਬਹਿਰਾਂ ਵਿੱਚ ਗ਼ਜ਼ਲਾਂ ਦੀ ਰਚਨਾ ਕਰ ਕੇ ਪੰਜਾਬ ਦੇ ਚੋਟੀ ਦੇ ਗ਼ਜ਼ਲਕਾਰਾਂ ਤੋਂ ਵਾਹ ਵਾਹ ਖੱਟਣ ਵਿੱਚ ਕਾਮਯਾਬ ਰਹੇ, ਜਿਨ੍ਹਾਂ ਵਿੱਚੋਂ 11 ਬਹਿਰਾਂ ਬਿਲਕੁੱਲ ਹੀ ਨਵੀਆਂ ਹਨ। ਇਸ ਪਲੇਠੀ ਪੁਸਤਕ ਨਾਲ ਹੀ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਸਮਰੱਥ ਗ਼ਜ਼ਲਕਾਰਾਂ ਵਿੱਚ ਹੋਣ ਲੱਗਿਆ ਹੈ। ਗ਼ਜ਼ਲ ਤੋਂ ਇਲਾਵਾ ਕਹਾਣੀ, ਮਿੰਨੀ-ਕਹਾਣੀ ਅਤੇ ਨਿਬੰਧ ਦੇ ਖੇਤਰ ਵਿੱਚ ਵੀ ਸੁਖਵਿੰਦਰ ਸਿੰਘ ਲੋਟੇ ਨੇ ਖ਼ੂਬ ਨਾਮਣਾ ਖੱਟਿਆ ਹੈ। ਪੰਜਾਬੀ ਦੇ ਰੋਜ਼ਾਨਾ ਅਖ਼ਬਾਰਾਂ ਅਤੇ ਸਾਹਿਤਕ ਪਰਚਿਆਂ ਵਿੱਚ ਵੀ ਉਨ੍ਹਾਂ ਦੀਆਂ ਲਿਖਤਾਂ ਅਕਸਰ ਛਪਦੀਆਂ ਹੀ ਰਹਿੰਦੀਆਂ ਹਨ।

ਸੁਖਵਿੰਦਰ ਸਿੰਘ ਲੋਟੇ ਨੂੰ ਦੁਨੀਆ ਨਾਲੋਂ ਵੱਖਰੇ ਕੰਮ ਕਰਨ ’ਚ ਬੜੀ ਮੁਹਾਰਤ ਹਾਸਲ ਹੈ। ਜਿੱਥੇ ਵਿਦਵਾਨਾਂ ਨੇ ਪਿੰਗਲ ਤੇ ਅਰੂਜ਼ ਸਿਖਾਉਣ ਲਈ ਕਿਤਾਬਾਂ ਲਿਖੀਆਂ ਹਨ, ਉੱਥੇ ਉਨ੍ਹਾਂ ਨੇ ਇਸ ਤਕਨੀਕ ਨੂੰ ਬਹੁਤ ਹੀ ਸੰਖੇਪ ਅਤੇ ਸਰਲ ਤਰੀਕੇ ਨਾਲ ਯੂ. ਟਿਊਬ ’ਤੇ ਮੁਹੱਈਆ ਕਰ ਕੇ ਬਹੁਤ ਹੀ ਮਹੱਤਵਪੂਰਨ ਅਤੇ ਜ਼ਿਕਰਯੋਗ ਉਪਰਾਲਾ ਕੀਤਾ ਹੈ। ਆਪਣੀਆਂ ਵੀਡੀਓਜ਼ ਵਿੱਚ ਉਹ ਬਹਿਰ-ਵਜ਼ਨ, ਕਾਫ਼ੀਆ-ਰਦੀਫ਼, ਅਲੰਕਾਰ ਆਦਿ ਦੀ ਮੁਕੰਮਲ ਜਾਣਕਾਰੀ ਬਲੈਕ ਬੋਰਡ ’ਤੇ ਲਿਖ ਕੇ ਸਮਝਾ ਰਿਹਾ ਹੈ, ਜਿਸ ਤੋਂ ਸੈਂਕੜੇ ਨਵੇਂ ਕਲਮਕਾਰ ਫ਼ਾਇਦਾ ਉਠਾ ਰਹੇ ਹਨ। ਜਿਨ੍ਹਾਂ ਸਿਖਾਂਦਰੂਆਂ ਨੂੰ ਅਰੂਜ਼ੀ ਕਿਤਾਬਾਂ ਪੜ੍ਹ ਕੇ ਸਮਝਣ ਵਿੱਚ ਕਠਿਨਾਈ ਮਹਿਸੂਸ ਹੋ ਰਹੀ ਸੀ, ਉਹ ਹੁਣ ਉਨ੍ਹਾਂ ਦੇ ਯੂ. ਟਿਊਬ ’ਤੇ ਬਣੇ ਚੈਨਲ ‘ਲੋਟੇ ਗ਼ਜ਼ਲ ਅਰੂਜ਼’ ਤੋਂ ਉਨ੍ਹਾਂ ਦੀਆਂ ਵੀਡੀਓਜ਼ ਦੇਖ ਕੇ ਅੱਜ ਵਧੀਆ ਗ਼ਜ਼ਲ ਲਿਖਣੀ ਸਿੱਖ ਰਹੇ ਹਨ। ਯੂ. ਟਿਊਬ ’ਤੇ ਅਜਿਹਾ ਵਡਮੁੱਲਾ ਕਾਰਜ ਕਰਨ ਵਾਲੇ ਉਹ ਪੰਜਾਬੀ ਦੇ ਪਹਿਲੇ ਸਾਹਿਤਕਾਰ ਹਨ। ਉਨ੍ਹਾਂ ਦੇ ਇਸ ਅਨੋਖੇ ਕੰਮ ਦੀ ਸਾਹਿਤਕ ਹਲਕਿਆਂ ਵਿੱਚ ਭਰਪੂਰ ਸਰਾਹਣਾ ਹੋ ਰਹੀ ਹੈ। ਬਹੁਤ ਹੀ ਵਧੀਆ ਲੇਖਕ ਅਤੇ ਕਲਾਕਾਰ ਹੋਣ ਦੇ ਨਾਲ ਨਾਲ ਆਪਣੇ ਹੱਸਮੁੱਖ ਅਤੇ ਮਿਲਾਪੜੇ ਸੁਭਾਅ ਕਾਰਨ ਉਹ ਇੱਕ ਵਧੀਆ ਇਨਸਾਨ ਵੀ ਹਨ।

ਕਰਮ ਸਿੰਘ ਜ਼ਖ਼ਮੀ
98146-28027

Leave a Reply

Your email address will not be published. Required fields are marked *

%d bloggers like this: