ਕਰਜ਼ੇ ਤੋਂ ਦੁਖੀ ਕਿਸਾਨ: ਦੋਹਾਂ ਨੇ ਖੇਤ ‘ਚ ਪੀਤੀ ਜ਼ਹਿਰ…

ss1

ਕਰਜ਼ੇ ਤੋਂ ਦੁਖੀ ਕਿਸਾਨ: ਦੋਹਾਂ ਨੇ ਖੇਤ ‘ਚ ਪੀਤੀ ਜ਼ਹਿਰ…

ਚੰਡੀਗੜ੍ਹ: ਕਰਜ਼ੇ ਤੋਂ ਪ੍ਰੇਸ਼ਾਨ ਬੀਤੇ ਦਿਨ ਦੋ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਜਿਲ੍ਹੇ ਦੇ ਹਲਕਾ ਲਹਿਰਾਗਾਗਾ ਦੇ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਅਪੰਗ ਕਿਸਾਨ ਜਸਵੰਤ ਸਿੰਘ (32) ਨੇ ਆਪਣੇ ਖੇਤ ਵਿੱਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ।

ਥਾਣਾ ਸਦਰ ਦੀ ਪੁਲੀਸ ਨੇ ਜਸਵੰਤ ਸਿੰਘ ਦੀ ਮਾਤਾ ਰਾਜਿੰਦਰ ਕੌਰ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਪ ਦਿੱਤੀ ਹੈ।

ਜਸਵੰਤ ਸਿੰਘ ਸਿਰ ਬੈਂਕਾਂ ਸਣੇ 7-8 ਲੱਖ ਦਾ ਕਰਜ਼ਾ ਸੀ, ਜਿਸ ਕਰ ਕੇ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਸਰਪੰਚ ਕੁਲਵੰਤ ਸਿੰਘ ਕਾਂਤੀ ਅਨੁਸਾਰ ਜਸਵੰਤ ਸਿੰਘ ਪੋਲੀਓ ਦਾ ਸ਼ਿਕਾਰ ਸੀ ਅਤੇ ਛੇ ਕੁ ਮਹੀਨੇ ਪਹਿਲਾਂ ਹੀ ਉਸ ਨੇ ਵਿਆਹ ਕਰਵਾਇਆ ਸੀ। ਇਸ ਦੌਰਾਨ ਪਿੰਡ ਲੇਹਲ ਕਲਾਂ ਵਿੱਚ ਇਕ ਕਿਸਾਨ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ।

ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪਿੰਡ ਦੇ ਬਾਹਰ ਖੇਤਾਂ ਵਿੱਚ ਰਹਿੰਦੇ ਕਿਸਾਨ ਪ੍ਰੀਤਮ ਸਿੰਘ (45) ਪੁੱਤਰ ਕਰਨੈਲ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਉਸ ਨੂੰ ਇਲਾਜ ਲਈ ਹਰਿਆਣਾ ਦੇ ਹਿਸਾਰ ਵਿੱਚ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਤੇ ਹਸਪਤਾਲ ਭੇਜ ਦਿੱਤਾ, ਜਿੱਥੇ ਉਹ ਦਮ ਤੋੜ ਗਿਆ।

ਇਸ ਕਿਸਾਨ ਦੇ ਸਿਰ 7 ਲੱਖ ਸਟੇਟ ਬੈਂਕ ਸਣੇ ਕਰੀਬ 10 ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ। ਥਾਣਾ ਮੂਣਕ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *