ਕਰਜ਼ਾ ਮੁਕਤੀ ਦੇ ਸੰਬੰਧ ‘ਚ 16 ਨੂੰ ਡਕੌਂਦਾ ਖੋਲ੍ਹੇਗੀ ਮੋਰਚਾ

ss1

ਕਰਜ਼ਾ ਮੁਕਤੀ ਦੇ ਸੰਬੰਧ ‘ਚ 16 ਨੂੰ ਡਕੌਂਦਾ ਖੋਲ੍ਹੇਗੀ ਮੋਰਚਾ
ਕੀਤਾ ਜਾਵੇਗਾ ਡੀ ਸੀ ਦਫਤਰ ਬਰਨਾਲਾ ਦਾ ਘਿਰਾਓ
ਕਿਸਾਨਾਂ ਸਿਰ ਚੜ੍ਹੇ ਸਰਕਾਰੀ ਜਾਂ ਗ਼ੈਰ ਸਾਰਕਾਰੀ ਕਰਜ਼ੇ ਕੀਤੇ ਜਾਣ ਮੁਆਫ- ਕਿਸਾਨ ਆਗੂ

 

ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਦੀਆਂ ਹੱਕੀ ਮੰਗਾਂ ਸਰਕਾਰ ਪਾਸੋਂ ਮਨਵਾਉਣ ਦੇ ਸਿਲਸਿਲੇ ਤਹਿਤ 16 ਮਈ ਨੂੰ ਡੀ ਸੀ ਦਫਤਰ ਬਰਨਾਲਾ ਵਿਖੇ ਲਾਏ ਜਾ ਰਹੇ ਅਣਮਿਥੇ ਸਮੇਂ ਦੇ ਮੋਰਚੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਜਗਜੀਤ ਸਿੰਘ ਭੁੱਚੋ ਖੁਰਦ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਬਲਾਕਾਂ ਦੇ ਪ੍ਰਧਾਨ, ਸਕੱਤਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ ਇਸ ਮੀਟਿੰਗ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲਾ ਨੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਨੂੰ ਧਿਆਨ ‘ਚ ਰੱਖਦਿਆਂ 16 ਮਈ ਨੂੰ ਕਰਜਾ ਮੁਕਤੀ ਦੇ ਸੰਬੰਧ ਵਿੱਚ ਡੀ ਸੀ ਦਫਤਰ ਬਰਨਾਲਾ ਵਿਖੇ ਅਣਮਿਥੇ ਸਮੇਂ ਲਈ ਮੋਰਚਾ ਲਾਇਆ ਜਾਵੇਗਾ ਜੋ ਕਿ 20 ਮਈ ਤੱਕ ਲਗਾਤਾਰ ਜਾਰੀ ਰਹੇਗਾ ਅਤੇ ਜ਼ਰੂਰਤ ਪੈਣ ‘ਤੇ ਅੱਗੇ ਵੀ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੋਰਚੇ ਵਿੱਚ ਬਠਿੰਡਾ ਜ਼ਿਲ੍ਹੇ ਵੱਲੋਂ 17 ਮਈ ਨੂੰ ਭਰਵੀਂ ਗਿਣਤੀ ਵਿੱਚ ਕਿਸਾਨ ਅਤੇ ਵਰਕਰ ਸ਼ਮੂਲੀਅਤ ਕਰਨਗੇ ਜਿਸ ਦੀ ਵਿਉਂਤਵੰਦੀ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ ਪ੍ਰੈਸ ਸਕੱਤਰ ਗੁਰਨਾਮ ਸਿੰਘ ਰਾਮਪੁਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਿੰਡ ਜੋਧਪੁਰ (ਬਰਨਾਲਾ) ਵਿਖੇ ਲੁਟੇਰੇ ਆੜਤੀਆਂ ਦੇ ਸਤਾਏ ਮਾਂ/ਪੁੱਤਰ (ਬਲਵੀਰ ਕੌਰ/ਬਲਜੀਤ ਬੱਲੂ) ਵੱਲੋਂ ਕੀਤੀ ਖੁਦਕੁਸ਼ੀ ਨੂੰ ਮੰਦਭਾਗਾ ਕਿਹਾ ਅਤੇ ਮੰਗ ਕੀਤੀ ਕਿ ਦੋਸ਼ੀ ਪੰਜ ਨਾਮਜਦ ਆੜਤੀਏ ਅਤੇ ਗੁੰਡਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਸੰਬੰਧਿਤ ਆੜਤੀਏ ਦਾ ਲਾਈਸੈਂਸ ਰੱਦ ਕੀਤਾ ਜਾਵੇ। ਇਸ ਮੌਕੇ ਹੋਰ ਵੱਖ-ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਕਰਜ਼ੇ ਦੇ ਸੰਬੰਧ ‘ਚ ਕਿਸੇ ਵੀ ਆੜਤੀਏ ਅਤੇ ਬੈਂਕ ਨੂੰ ਕਿਸਾਨਾਂ ਦੀ ਜ਼ਮੀਨ, ਘਰ ਅਤੇ ਸੰਦਾਂ ਦੀ ਕੁਰਕੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਇਹਨਾਂ ਕੁਰਕੀਆਂ ਨੂੰ ਰੋਕਣ ਲਈ ਹਰ ਕੁਰਬਾਨੀ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਇਹ ਮੰਗ ਦੁਹਰਾਈ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਸਰਕਾਰੀ ਜਾਂ ਗ਼ੈਰ ਸਰਕਾਰੀ ਸਭ ਮੁਆਫ ਕੀਤਾ ਜਾਵੇ ਅਤੇ ਲੰਬੇ ਸਮੇਂ ਲਈ ਘੱਟ ਵਿਆਜ਼ ਦਰਾਂ ‘ਤੇ ਨਵਾਂ ਕਰਜ਼ਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਖੇਤੀ ਤੇ ਉਦਯੋਗ ਨੀਤੀ ਤਹਿਤ ਬੀਮਾ ਯੋਜਨਾ ਲਾਗੂ ਕੀਤੀ ਜਾਵੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਜੇਠੂਕੇ, ਤਲਵੰਡੀ ਸਾਬੋ ਤੋਂ ਦਲਜੀਤ ਸਿੰਘ ਲਹਿਰੀ, ਬਠਿੰਡਾ ਤੋਂ ਜਗਸੀਰ ਸਿੰਘ ਨਰੂਆਣਾ, ਨਥਾਣਾ ਬਲਾਕ ਦੇ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਹਰਵਿੰਦਰ ਸਿੰਘ ਕੋਟਲੀ ਸੰਗਤ ਬਲਾਕ, ਜ਼ਿਲ੍ਹਾ ਖਜਾਨਚੀ ਫੂਲਾ ਸਿੰਘ, ਰਾਜਮਹਿੰਦਰ ਸਿੰਘ ਕੋਟਭਾਰਾ, ਚੰਦ ਸਿੰਘ ਭੁੱਚੋ ਖੁਰਦ ਅਤੇ ਮਹਿੰਦਰ ਸਿੰਘ ਵਾਲਿਆਂਵਾਲੀ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *