ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਕਰੋਨਾ ਦੀ ਵਿਸ਼ਵ-ਵਿਆਪੀ ਮਹਾਂਮਾਰੀ ਨਾਲ ਵਿਸ਼ੇਸ਼ ਜੰਗ ਕਰ ਰਿਹਾ ਪੰਜਾਬ ਦਾ ਹਾਈਟੈੱਕ ਹੋਇਆ ਸਿੱਖਿਆ ਵਿਭਾਗ

ਕਰੋਨਾ ਦੀ ਵਿਸ਼ਵ-ਵਿਆਪੀ ਮਹਾਂਮਾਰੀ ਨਾਲ ਵਿਸ਼ੇਸ਼ ਜੰਗ ਕਰ ਰਿਹਾ ਪੰਜਾਬ ਦਾ ਹਾਈਟੈੱਕ ਹੋਇਆ ਸਿੱਖਿਆ ਵਿਭਾਗ

ਜਿੱਥੇ ਇੱਕ ਪਾਸੇ ਪੂਰੀ ਦੁਨੀਆਂ ਕਰੋਨਾ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ। ਉੱਥੇ ਵਿਸ਼ਵ ਦੇ ਹਰ ਵੱਡੇ-ਛੋਟੇ, ਅਮੀਰ-ਗਰੀਬ, ਵਿਕਸਤ-ਅਣਵਿਕਸਤ ਮੁਲਕਾਂ ਦੀਆਂ ਸਰਕਾਰਾਂ ਆਪਣੀ ਸਮੱਰਥਾ ਤੋਂ ਵੀ ਕਿਤੇ ਵੱਧ ਜ਼ੋਰ ਲਗਾ ਕੇ ਆਪਣੇ ਨਾਗਰਿਕਾਂ ਦੀਆਂ ਬਹੁਮੁੱਲੀ ਜਾਨਾਂ ਨੂੰ ਬਚਾਉਣ ਲਈ ਤੱਤਪਰ ਹਨ। ਉੱਥੇ ਪ੍ਰਤੇਕ ਰਾਸ਼ਟਰ ਦੀਆਂ ਸਮਾਜਿਕ, ਧਾਰਮਿਕ, ਭਲਾਈ ਸੰਸਥਾਵਾਂ, ਐਨ.ਜੀ.ਓਜ਼., ਪੁਲਿਸ ਮੁਲਾਜ਼ਮ, ਸੁਰੱਖਿਆ ਫੌਜ ਅਤੇ ਵੱਖ-ਵੱਖ ਦਾਨੀ ਮਹਾਂਪੁਰਸ਼ਾਂ ਖਾਸ ਕਰਕੇ ਡਾਕਟਰਾਂ ਅਤੇ ਨਰਸਾਂ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਜੌਖਮ ਵਿੱਚ ਪਾ ਕੇ ਮਨੁੱਖਤਾ ਜਾਤੀ ਦੀ ਦਿਨ ਰਾਤ ਸੇਵਾ ਕਰ ਰਹੀਆਂ ਹਨ। ਕਰੋਨਾ ਦੇ ਇਸ ਕਹਿਰ ਨੇ ਇੱਕ ਵਾਰ ਸਾਡੀ ਪ੍ਰਿਥਵੀ ਦੇ ਕੰਮਾਂ ਕਾਰਾਂ ਨੂੰ ਪੂਰੀ ਤਰ੍ਹਾਂ ਖੜ੍ਹਾ ਦਿੱਤਾ ਹੈ। ਉੱਥੇ ਇਸ ਮਹਾਂਮਾਰੀ ਨੇ ਹਰ ਵਿਅਕਤੀ ਨੂੰ ਆਪਣੇ ਵੱਡੇ-ਛੋਟੇ, ਜ਼ਰੂਰੀ-ਅਣ ਜ਼ਰੂਰੀ ਕੰਮਾਂ ਨੂੰ ਭੁਲਾ ਕੇ ਆਪਣੇ ਘਰ ਜਾਂ ਨਿਸਚਿਤ ਦਾਇਰੇ ਅੰਦਰ ਹੀ ਰਹਿ ਕੇ ਇਸ ਸੰਕਟ ਤੋਂ ਬਚਣ ਲਈ ਮਜ਼ਬੂਰ ਕਰ ਦਿੱਤਾ ਹੈ। ਉੱਥੇ ਇਸ ਸੰਕਟ ਭਰੀ ਘੜੀ ਵਿੱਚ ਪੰਜਾਬ ਦਾ ਸਿੱਖਿਆ ਵਿਭਾਗ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿਖਾਈ ਪਹਿਲਕਦਮੀ ਸਦਕਾ ਜਿੱਥੇ ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਸਹਾਇਤਾ ਪਾਉਣ ਲਈ ਆਪਣਾ ਇੱਕ ਬੈਂਕ ਦਾ ਖਾਤਾ ਨੰਬਰ ਜਾਰੀ ਕਰਕੇ ਆਪਣੇ ਮੁਲਾਜ਼ਮਾਂ ਨੂੰ ਸਵੈ ਇੱਛਾ ਤਹਿਤ ਸੱਦਾ ਦਿੱਤਾ ਹੈ ਕਿ ਉਹ ਵੱਧ ਤੋਂ ਵੱਧ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ, ਤਾਂ ਜੋ ਲੋੜਵੰਦਾਂ ਨੂੰ ਇਸ ਦੀ ਮੱਦਦ ਮਿਲ ਸਕੇ। ਜਿਸ ਤੇ ਸਿੱਖਿਆ ਵਿਭਾਗ ਦੇ ਬਹੁਤ ਸਾਰੇ ਅਧਿਆਪਕ ਤੇ ਮੁਲਾਜ਼ਮ ਆਪਣੀ ਫਰਾਕਦਿਲੀ ਵਿਖਾਉਂਦੇ ਹੋਏ ਵੱਧ ਚੜ੍ਹ ਕੇ ਇਸ ਰਾਹਤ ਕੋਸ਼ ਵਿੱਚ ਆਪਣਾ ਹਿੱਸਾ ਪਾ ਰਹੇ ਹਨ।

ਇਸੇ ਤਰ੍ਹਾਂ ਦੂਸਰੇ ਪਾਸੇ ਹਾਈਟੈੱਕ ਹੋਏ ਇਸ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕਿ੍ਸ਼ਨ ਕੁਮਾਰ ਨੇ ਆਪਣੇ ਵਿਦਿਆਰਥੀਆਂ ਨੂੰ ਘਰ ਬੈਠੇ-ਬੈਠੇ ਹੀ ਸਿੱਖਿਆ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਵਿਭਾਗ ਦੇ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਨਵੀਆਂ ਕਲਾਸਾਂ ਦੀਆਂ ਕਿਤਾਬਾਂ ਦੀਆਂ ਪੀਡੀਐਫ ਫਾਇਲਾਂ ਬੱਚਿਆਂ ਦੇ ਮੋਬਾਇਲ ਵਟਸਐਪ ਰਾਹੀਂ ਭੇਜ ਕੇ ਨਵੇਂ ਸ਼ੈਸਨ ਦੀ ਸ਼ੁਰੂਆਤ ਕਰ ਦਿੱਤੀ ਹੈ। ਅਤੇ ਨਾਲੋਂ-ਨਾਲੋਂ ਮੋਬਾਇਲ ਫੋਨਾਂ ਰਾਹੀਂ ਆਪਣੇ ਵਿਦਿਆਰਥੀਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਘਰ ਵਿੱਚ ਹੀ ਰਹਿਣ ਦੀਆਂ ਹਦਾਇਤਾਂ ਦੇ ਕੇ ਬੱਚਿਆਂ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵਿਭਾਗ ਨੇ ਰੇਡਿਓ ਤੇ ਪ੍ਰੋਗਰਾਮਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਆਨ ਲਾਈਨ ਸਿੱਖਿਆ ਨੂੰ ਹੋਰ ਦਿਲਚਸਪ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਰੇਡਿਓ ਰਾਹੀਂਂ ਗਿਆਨ ਵੰਡਣ ਦਾ ਅਹਿਮ ਨਿਰਣਾ ਲਿਆ ਹੈ, ਜਿਸ ਤਹਿਤ ਵਿਸ਼ਾ ਮਾਹਿਰ ਅਧਿਆਪਕ ਰੋਚਕ ਤਰੀਕੇ ਨਾਲ ਗੱਲਬਾਤ ਕਰ ਰਹੇ ਹਨ। ਵਿਭਾਗ ਨੇ ਫਾਸਟਵੇਅ ਚੈਨਲ ਤੇ ਵੀ ਸਿਲੇਬਸ ਅਧਾਰਤ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਅੰਤਰਰਾਸ਼ਟਰੀ ਇੰਟਰਨੈੱਟ ਦੋਆਬਾ ਰੇਡਿਓ ਦੀ ਪਹਿਲ ਕਦਮੀ ਨਾਲ ਬੀਤੇ ਦਿਨੀਂ ਸ਼ੁਰੂ ਕੀਤੇ ਪ੍ਰੋਗਰਾਮ “ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ” ਪ੍ਰੋਗਰਾਮ ਤਹਿਤ ਵੱਖ ਵੱਖ ਜ਼ਿਲਿਆਂ ਦੇ ਅਧਿਆਪਕ ਸਿਲੇਬਸ ਅਧਾਰਤ ਸਰਲ ਤੇ ਦਿਲਚਸਪ ਤਰੀਕੇ ਨਾਲ ਗੱਲਬਾਤ ਕਰਕੇ ਵਿਦਿਆਰਥੀਆਂ ਨੂੰ ਜਿੱਥੇ ਘਰ ਬੈਠੇ ਸਿੱਖਿਆ ਦੇ ਰਹੇ ਹਨ, ਉੱਥੇ ਕਰੋਨਾ ਨੂੰ ਦੂਰ ਭਜਾਉਣ ਲਈ ਮਾਰੇ ਨਾਅਰੇ “ਸਟੇਅ ਐਟ ਹੋਮ” ਦੀ ਸਫਲਤਾ ਵਿੱਚ ਇੱਕ ਵੱਡਾ ਯੋਗਦਾਨ ਪਾ ਰਹੇ ਹਨ।

ਕਰੋਨਾ ਵਿਰੁੱਧ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਮੋਬਾਇਲ ਜ਼ੂਮ ਐਪ ਤੇ ਵੱਖ ਵੱਖ ਗਰੁੱਪ ਬਣਾ ਕੇ ਮੀਟਿੰਗਾਂ ਕਰ ਕੇ ਜਾਗਰੂਕ ਕਰਨ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਵੱਖ-ਵੱਖ ਆਨਲਾਈਨ ਮਾਧਿਅਮ ਰਾਹੀਂ ਸਿੱਖਿਆ ਦੇਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਨਿਮਨ ਤਕਨੀਕ ਵੀ ਮੁਹੱਈਆ ਕਰਵਾਈ ਗਈ ਹੈ। ਜਿਸ ਦਾ ਅਧਿਐਨ ਕਰਕੇ ਭਵਿੱਖ ਵਿੱਚ ਪੰਜਾਬ ਦੇ ਵਿਦਿਆਰਥ ਪੜ੍ਹ ਲਿਖ ਕੇ ਦੇਸ਼ ਜਾਂ ਰਾਸ਼ਟਰ ਦੇ ਨਿਰਮਾਣ ਵਿੱਚ ਆਪਣੀ ਬਹੁਮੁੱਲੀ ਭੂਮਿਕਾ ਅਦਾ ਕਰ ਸਕਦੇ ਹਨ:

1. ਜਮਾਤ 6 ਵੀਂ ਤੋਂ 12 ਵੀਂ ਲਈ EDUSAT content ਵੀਡੀਓ : https://www.youtube.com/channel/UCf0ZdZEWXufpx9UUXH_0sKA

2. *Iscuela Learn Mobile App* ਜਮਾਤ1 ਤੋਂ 10 ਵੀਂ ਲਈ ਈ-ਸਮਗਰੀ ਇਕ ਸਰਵ ਵਿਆਪੀ ਕੋਡ *PB12345678* ਦੀ ਵਰਤੋਂ ਕਰਕੇ : https://play.google.com/store/apps/details?id=org.iscuelaUser
ਅਤੇ Mobile App ਨੁੰ ਚਲਾਉਣ ਦੀ ਜਾਣਕਾਰੀ ਲਈ ਵੀਡੀਓ: https://youtu.be/mRMx1hXFDqA

3. Google Drive ਤੇ ਅਪ੍ਰੈਲ -2020 ਦੇ ਮਹੀਨੇ ਲਈ *1 ਤੋਂ 12 ਵੀਂ ਜਮਾਤ ਦੇ *ਈ-ਬੁੱਕ ਚੈਪਟਰਸ*: https://drive.google.com/open?id=1MDTWfM6bEXeD6PFoOqLYm-muCffLvNOu

ਇਸ ਉਕਤ ਲਿੰਕ ਉੱਪਰ ਕਲਿੱਕ ਕਰਨ ਨਾਲ ਸਾਰੀ ਜਾਣਕਾਰੀ ਵਿਦਿਆਰਥੀਆਂ ਦੇ ਮੋਬਾਇਲ ਸਕਰੀਨ ਦੇ ਉੱਪਰ ਖੁੱਲ ਜਾਂਦੀ ਹੈ। ਜਿਸ ਨਾਲ ਪੰਜਾਬ ਦੇ ਵਿਦਿਆਰਥੀ ਇਸ ‘ਲਾਕ ਡਾਊਨ’ ਵਿੱਚ ਆਪਣਾ ਧਿਆਨ ਸਿੱਖਿਆ ਜਿਹੇ ਅਹਿਮ ਮੁੱਦੇ ਵੱਲ ਲਗਾ ਕੇ ਆਉਣ ਵਾਲੇ ਸਮੇਂ ਦੌਰਾਨ ਆਪਣੇ ਪਿੰਡ, ਸ਼ਹਿਰ, ਰਾਜ ਜਾਂ ਰਾਸ਼ਟਰ ਨੂੰ ਸੰਸਾਰ ਦੀਆਂ ਵਿਸ਼ਵ ਵਿਆਪੀ ਤਾਕਤਾਂ ਵਿੱਚ ਲੈ ਕੇ ਜਾਣ ਦਾ ਇੱਕ ਅਹਿਮ ਮਾਰਗ ਦਰਸ਼ਕ ਬਣਨਗੇ। ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਸਾਡਾ ਦੇਸ਼ ਇੰਨਾਂ ਮਜ਼ਬੂਤ ਹੋ ਜਾਵੇ ਕਿ ਅਸੀਂ ਕਿਸੇ ਵੀ ਵੱਡੀ ਤੋਂ ਵੱਡੀ ਚੁਣੌਤੀ ਦਾ ਡਟ ਕੇ ਮੁਕਾਬਲਾ ਕਰ ਸਕੀਏ।

ਉਕਤ ਸਾਰੇ ਸੰਦਰਭ ਵਿੱਚ ਜੇਕਰ ਡੂੰਘਾਈ ਨਾਲ ਅਧਿਐਨ ਕਰਕੇ ਪਿਛੋਕੜ ਇਤਿਹਾਸ ਤੇ ਝਾਤ ਮਾਰੀਏ ਤਾਂ ਜ਼ਾਹਿਰ ਹੁੰਦਾ ਹੈ ਕਿ ਜਦੋਂ ਕਿਤੇ ਵੀ ਦੁਨੀਆਂ ਵਿੱਚ ਕੋਈ ਵੀ ਕਰੋਪੀ ਜਾਂ ਮੁਸੀਬਤ ਆਈ ਹੈ, ਤਾਂ ਜਦੋਂ ਦੇਸ਼ ਦੇ ਸਮੁੱਚੇ ਵਰਗ ਖਾਸ ਕਰਕੇ ਪੜਿਆ ਲਿਖਿਆ ਵਰਗ ਇੱਕਜੁੱਟਤਾ ਦਾ ਪ੍ਰਗਟਾਵਾ ਕਰਕੇ ਸਾਥ ਦਿੰਦਾ ਹੈ, ਤਾਂ ਵੱਡੀ ਤੋਂ ਵੱਡੀ ਮੁਸੀਬਤ ਨੂੰ ਆਖਰਕਾਰ ਝੁਕਣਾ ਹੀ ਪੈਂਦਾ ਹੈ।
ਸ਼ਾਲਾ! ਦੁਆ ਕਰਦੇ ਹਾਂ, ਕਿ ਕਰੋਨਾ ਦੀ ਇਸ ਅਹਿਮ ਜੰਗ ਵਿੱਚ ਕੁਦਰਤ ਮਨੁੱਖਤਾ ਨੂੰ ਜਲਦੀ ਹੀ ਜੇਤੂ ਕਰ ਕੇ ਕੱਢੇਗੀ।

ਹਰਦੀਪ ਸਿੱਧੂ
ਮਾਨਸਾ
98729-18300

Leave a Reply

Your email address will not be published. Required fields are marked *

%d bloggers like this: