ਕਰੋਨਾ ਇੱਕ ਸੇਧ

ਕਰੋਨਾ ਇੱਕ ਸੇਧ
ਮਨੁਖੀ ਜੀਵਨ ਵਿੱਚ ਉਤਰਾਅ ਚੜ੍ਹਾਅ ਅਕਸਰ ਆਂਉਦੇ ਜਾਂਦੇ ਹੀ ਰਹੇ ਹਨ, ਕਦੇ ਤਿੱਖੀ ਧੁੱਪ ਅਤੇ ਕਦੇ ਸੰਘਣੀ ਛਾਂ ਵਾਂਗੂ। ਇਸੇ ਤਰ੍ਹਾਂ ਅੱਜ ਵੀ ਪੂਰਾ ਸੰਸਾਰ ਕਰੋਨਾ ਵਾਇਰਸ (ਕੋਵਿਡ-19) ਵਰਗੀ ਬੀਮਾਰੀ ਦੀ ਮਾਰ ਹੇਠੋਂ ਗੁਜਰ ਰਿਹਾ ਹੈ। ਹੈਜਾ ਅਤੇ ਪਲੇਗ ਵਰਗੀਆਂ ਬਿਮਾਰੀਆਂ ਵਾਂਗੂ ਇਹ ਵੀ ਇੱਕ ਮਹਾਮਾਰੀ ਦੇ ਰੂਪ ਵਿੱਚ ਸਾਹਮਣੇ ਆਈ ਹੈ। ਜਿਵੇਂ ਤੁਸੀਂ ਜਾਣਦੇ ਈ ਹੋ ਕੇ ਚੀਨ ਦੇ ਇੱਕ ਸ਼ਹਿਰ ਵੁਹਾਨ ਜਿੱਥੇ ਇਸ ਬੀਮਾਰੀ ਦਾ ਸਭ ਤੋਂ ਪਹਿਲਾ ਕੇਸ ਬਾਹਰ ਆਇਆ ਸੀ ਅਤੇ ਅੱਜ ਪੂਰੇ ਸੰਸਾਰ ਵਿੱਚ ਇਹ ਬੀਮਾਰੀ ਆਪਣੇ ਪੈਰ ਪਸਾਰ ਰਹੀ ਹੈ ਅਤੇ ਹਰ ਰੋਜ਼ ਪਾਜਿਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ। ਜਿੱਥੇ ਇਟਲੀ ਅਮਰੀਕਾ, ਚੀਨ , ਫਰਾਂਸ ਵਰਗੇ ਦੇਸ਼ ਇਸਦੀ ਮਾਰ ਝੱਲ ਰਹੇ ਹਨ ਉਥੇ ਭਾਰਤ ਵਿੱਚ ਵੀ ਇਸ ਦਾ ਪਸਾਰ ਤੇਜੀ ਨਾਲ ਵਧਦਾ ਜਾ ਰਿਹਾ ਹੈ ।
ਤਕਰੀਬਨ ਪਿਛਲੇ ਤਿੰਨ ਮਹੀਨਿਆਂ ਤੋਂ ਸਰਕਾਰ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਭਾਰਤ ਵਿੱਚ ਚੌਥਾ ਲਾਕਡਾਉਨ ਚਲ ਰਿਹਾ ਹੈ ਤਾਂ ਜੋ ਲੋਕ ਦੂਜੇ ਦੇ ਸੰਪਰਕ ਵਿਚ ਨਾ ਆਉਣ ਅਤੇ ਇਸ ਬੀਮਾਰੀ ਨੂੰ ਇਕ ਵਿਅਕਤੀ ਤੋ ਦੂਜੇ ਅਤੇ ਦੂਜੇ ਤੋਂ ਤੀਜੇ ਅਤੇ ਇਸੇ ਤਰਾ ਅੱਗੇ ਕਈਆਂ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ। ਇਨਾ ਦਿਨਾ ਵਿਚ ਹਰ ਇਕ ਵਰਗ ਦਾ ਵਿਅਕਤੀ ਕਿਤੇ ਨਾ ਕਿਤੇ ਔਖੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿੱਥੇ ਵੱਡੇ ਕਾਰੋਬਾਰੀ ਅਦਾਰੇ ਬੰਦ ਰਹਿਣ ਜਾਂ ਘੱਟ ਸਮਾ ਖੁਲਣ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ ਉਥੇ ਦੂਜੇ ਪਾਸੇ ਮਜਦੂਰ ਵਰਗ ਰੁਜ਼ਗਾਰ ਖੁੱਸਣ ਜਾਂ ਨਾ ਮਿਲਣ ਕਰਕੇ ਹਰ ਰੋਜ ਦੁੱਖ ਤਕਲੀਫਾਂ ਦਾ ਸਾਹਮਣਾ ਕਰਦੇ ਵੇਖੇ ਜਾ ਸਕਦੇ ਹਨ । ਨਾਲ ਹੀ ਮੈ ਉਨਾ ਪਰਵਾਸੀ ਮਜ਼ਦੂਰਾਂ ਦੀ ਗੱਲ ਕਰਨਾ ਨਹੀਂ ਭੁੱਲਾਂਗਾ ਜੋ ਆਪਣੇ ਘਰ ਵਾਪਸ ਪਰਤਨ ਦੀ ਦੌੜ ਵਿੱਚ ਜੁਟੇ ਹੋਏ ਹਨ, ਸ਼ਲਾਘਾਯੋਗ ਇਹ ਵੀ ਹੈ ਕਿ ਸਰਕਾਰ ਤਾਂ ਕੰਮ ਕਰ ਰਹੀ ਹੈ ਤੇ ਨਾਲ ਹੀ ਸਿਹਤ ਵਿਭਾਗ, ਪੁਲਸ ਪ੍ਰਸ਼ਾਸਨ, ਸਫਾਈ ਕਰਮਚਾਰੀ ਅਤੇ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਮਦਦ ਕਰਨ ਵਿੱਚ ਜੁਟੀਆਂ ਹੋਈਆਂ ਹਨ ਤਾਂ ਜੋ ਹਰ ਵਰਗ ਨੂੰ ਬਣਦੀ ਮਦਦ ਦਿੱਤੀ ਜਾ ਸਕੇ। ਜਦ ਵੀ ਕਦੇ ਬੁਰਾ ਸਮਾ ਆਂੳਦਾ ਹੈ ਤਾਂ ਉਹ ਸਾਨੂੰ ਕੁਝ ਸਿੱਖਿਆਵਾਂ ਅਤੇ ਸੇਧਾਂ ਜਰੂਰ ਦੇਕੇ ਜਾਂਦਾ ਹੈ। ਵੇਖੀਏ ਤਾਂ ਅਸੀ ਪਹਿਲਾਂ ਕੁਦਰਤ ਦੇ ਨਿਯਮਾਂ ਤੋਂ ਕਿਤੇ ਦੂਰ ਹੀ ਜੀ ਰਹੇ ਸਾਂ।
ਇਨਸਾਨਾਂ ਤੋ ਜਿਆਦਾ ਮਸ਼ੀਨਾ ਨਾਲ ਪਿਆਰ ਵਧਾ ਰਹੇ ਸਾਂ। ਇਨਸਾਨੀਅਤ ਨਾ ਦੀ ਚੀਜ਼ ਸਾਡੇ ਅੰਦਰੋਂ ਖਤਮ ਹੁੰਦੀ ਜਾਂਦੀ ਪਰਤੀਤ ਹੋ ਰਹੀ ਸੀ, ਪਰ ਅੱਜ ਅਸੀ ਇੱਕ ਦੂਜੇ ਦੀ ਮਦਦ ਕਰਦੇ ਨਜ਼ਰ ਆ ਰਹੇ ਹਾਂ। ਭਾਵੇਂ ਵੱਡਾ ਸ਼ਹਿਰ ਹੋਵੇ ਜਾਂ ਛੋਟਾ ਕਸਬਾ ਲੋਕ ਕੋਸ਼ਿਸ਼ ਕਰ ਰਹੇ ਹਨ ਕਿ ਘੱਟ ਤੋਂ ਘੱਟ ਕੋਈ ਭੁੱਖਾ ਨਾ ਸੌਂਦੇ। ਦੂਜੇ ਪਾਸੇ ਵੇਖੀਏ ਤਾਂ ਅਸੀਂ ਇੱਕ ਹੀ ਸੜਕਾਂ ਵਾਹਨਾ ਨਾਲ ਭਰੀਆਂ ਹੋਈਆਂ ਰਹਿੰਦੀਆਂ ਸਨ,ਵਾਜਬ ਹੈ ਕਿ ਪ੍ਰਦੂਸ਼ਣ ਦਾ ਵੀ ਮੁੱਖ ਕਾਰਨ ਇਹ ਹੀ ਹੈ ਕੇ ਵਾਹਨ ਜਰੂਰਤ ਅਨੁਸਾਰ ਨਹੀਂ ਸਗੋਂ ਸਮਾਜ ਵਿੱਚ ਆਪਣੇ ਸਟੇਟਸ ਸਿੰਬਲ ਦੇ ਹਿਸਾਬ ਨਾਲ ਚੱਲਦੇ ਹਨ। ਹੋਰ ਚੰਗੀਆਂ ਆਦਤਾਂ ਜਿਵੇਂ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰਖਣੀ ਵੀ ਸਾਨੂੰ ਇਸੇ ਸਮੇ ਨੇ ਸਿਖਾਈ ਹੈ। ਬਾਕੀ ਇਸ ਲਾਕਡਾਊਨ ਕਾਰਨ ਅਸੀਂ ਉਹ ਵੀ ਜੀਵਨ ਜੀਕੇ ਦੇਖ ਲਿਆ ਜਿਸ ਦੀ ਕਲਪਨਾ ਵੀ ਨਹੀਂ ਸੀ ਕਰਦੇ। ਵੱਡੇ ਵੱਡੇ ਮਾਲਾਂ ਵਿੱਚ ਸ਼ਾਪਿੰਗ, ਜੰਕ ਫੂਡ ਖਾਣਾ, ਪਾਰਟੀਆਂ ਆਦਿ ਤੋਂ ਪਰੇ ਆਪਣੇ ਪਰਿਵਾਰ ਨਾਲ ਸਮਾ ਬਿਤਾ ਰਹੇ ਹਾਂ ਅਤੇ ਖਾਣ ਪੀਣ ਵੀ ਸਾਦਾ ਹੋ ਗਿਆ ਹੈ। ਇਸ ਦੌੜ ਭੱਜ ਭਰੇ ਜੀਵਨ ਵਿੱਚ ਅਸੀਂ ਆਪਣਿਆ ਤੋਂ ਦੂਰ ਜਾ ਰਹੇ ਸਾਂ ਧੁੰਦਲੇ ਪੈਂਦੇ ਜਾ ਰਹੇ ਪਰਿਵਾਰਕ ਰਿਸ਼ਤਿਆਂ ਵਿਚ ਵੀ ਕਝ ਨਿਖਾਰ ਵੀ ਸ਼ਾਇਦ ਇਸ ਸਮੇ ਸਦਕਾ ਆਇਆ ਹੈ ।
ਸੱਚ ਹੈ ਕਿ ਇਸ ਤਰ੍ਹਾਂ ਲਾਕ ਡਾਊਨ ਵਿੱਚ ਹਰ ਕੋਈ ਇਨਸਾਨ ਕਿਤੇ ਨਾ ਕਿਤੇ ਆਪਣੇ ਆਪ ਨੂੰ ਚਾਰ ਦਿਵਾਰੀ ਵਿੱਚ ਬੰਦ ਕੈਦੀ ਵਾਂਗ ਮਹਿਸੂਸ ਕਰਦਾ ਹੈ ਤੇ ਕਦੇ ਦਿਮਾਗ ਨਕਾਰਾਤਮਕ ਸੋਚ ਵਿੱਚ ਵੀ ਘਿਰਿਆ ਹੋਇਆ ਪ੍ਰਤੀਤ ਹੁੰਦਾ ਹੈ ਪਰ ਅਸੀ ਆਪਣੇ ਇਸ ਸਮੇਂ ਨੂੰ ਆਪਣੇ ਪਰਿਵਾਰ ਨਾਲ ਬਤੀਤ ਕਰ ਕੇ ਚੰਗੇ ਪਲ ਜੀਅ ਸਕਦੇ ਹਾਂ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਾਂ ਜੋ ਕੇ ਕਰਨ ਲਈ ਅਸੀਂ ਚਾਹੁੰਦੇ ਹੋਏ ਕਦੇ ਸਮਾ ਨਹੀਂ ਕੱਢ ਸਕੇ। ਇੰਟਰਨੈੱਟ ਰਾਹੀਂ ਲੋਕਾਂ ਨੂੰ ਚਲ ਰਹੇ ਦੌਰ ਬਾਰੇ ਜਾਗਰੂਕ ਕਰਕੇ ਘਰ ਬੈਠੇ ਹੀ ਮਨੁੱਖਤਾ ਦੇ ਭਲੇ ਲਈ ਕੰਮ ਕਰ ਸਕਦੇ ਹਾਂ। ਇੱਕ ਜਗਾਹ ਰੁਕਿਆ ਹੋਇਆ ਤਾਂ ਪਾਣੀ ਵੀ ਖਰਾਬ ਹੋ ਜਾਂਦਾ ਹੈ,ਅਸੀ ਅੱਗੇ ਵੀ ਕਈ ਮੁਸ਼ਕਲਾਂ ਭਰੇ ਦੌਰ ਹਂਡਾ ਚੁੱਕੇ ਹਾਂ ਇਸਨੂੰ ਵੀ ਇਦਾਂ ਈ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਪਛਾੜ ਜਾਵਾਂਗੇ ਅਤੇ ਉਸੇ ਖੁਸ਼ਨੁਮਾ ਮਹੌਲ ਵਿਚ ਪਰਤ ਜਾਵਾਂਗੇ। ਬਾਕੀ ਅਖੀਰ ਵਿੱਚ ਮੈ ਇਹੀ ਦਰਖੁਆਸ ਕਰਦਾ ਹਾਂ ਕੇ ਇਹ ਬੀਮਾਰੀ ਜਾਂ ਬੁਰਾ ਸਮਾ ਜਲਦੀ ਚਲਾ ਜਾਵੇ ਪਰ ਇਸ ਤੋ ਮਿਲੀਆਂ ਚੰਗੀਆਂ ਆਦਤਾਂ ਅਤੇ ਸਿੱਖਿਆਵਾਂ ਹਮੇਸ਼ਾ ਸਾਡੇ ਕੋਲ ਰਹਿ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੋ ਜਿਹਾ ਸਮੇ ਦਾ ਸਾਹਮਣਾ ਕਦੇ ਨਾ ਕਰਨਾ ਪਵੇ।
ਜਸਕਰਨ ਸਿੰਘ
ਚੋਹਲਾ ਸਾਹਿਬ
9915668431