ਕਰਮਾਂ ਵਾਲੀ

ss1

ਕਰਮਾਂ ਵਾਲੀ

ਪ੍ਰਤੀਕ ਨੇ ਆਫਿਸ ‘ਚੋਂ ਸਿੱਧਾ ਘਰ ਜਾਣ ਦੀ ਬਜਾਏ ਬਜ਼ਾਰ ਚੋਂ ਕੁੱਝ ਮਿਠਾਈਆਂ ਤੇ ਫਲ ਖਰੀਦ ਕੇ ਗੱਡੀ ਬਿਰਧ ਆਸ਼ਰਮ ਵੱਲ ਮੋੜ ਲਈ। ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਉਸਦੀ ਮਾਂ ਉਸਨੂੰ ਪੂਰੇ ਸਾਲ ਬਾਅਦ ਵੇਖ ਕੇ ਬੜਾ ਖੁਸ਼ ਹੋਵੇਗੀ।ਹੋਇਆ ਵੀ ਇਓਂ ਹੀ ਜਦੋਂ ਪ੍ਰਤੀਕ ਨੇ ਮਾਂ ਕੋਲ ਜਾ ਕੇ ਮਾਂ ਕਹਿ ਕੇ ਨਮਸਕਾਰ ਬੁਲਾਈ ਤਾਂ ਮਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਸਨੇ ਪੁੱਤ ਨੂੰ ਘੁੱਟ ਕੇ ਗਲਵਕੜੀ ‘ਚ ਲੈ ਲਿਆ।

ਉਸਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਚਿਰਾਂ ਦੀ ਗਵਾਚੀ ਚੀਜ਼ ਲੱਭ ਗਈ ਹੋਵੇ। ਪ੍ਰਤੀਕ ਨੇ ਮਿਠਾਈ ਤੇ ਫਲਾਂ ਦਾ ਲਿਫ਼ਾਫ਼ਾ ਕੋਲ ਰੱਖਦਿਆਂ ਕੁੱਝ ਸਮੇਂ ਬਾਅਦ ਕਿਹਾ ਕਿ ਘਰ ਲਈ ਲੇਟ ਹੋ ਰਿਹਾਂ, ਬੱਚੇ ਇੰਤਜ਼ਾਰ ਕਰਦੇ ਹੋਣਗੇ।

ਕੋਲ ਬੈਠੀ ਇੱਕ ਹੋਰ ਬਜ਼ੁਰਗ ਔਰਤ ਨੇ ਪ੍ਰਤੀਕ ਨੂੰ ਸਵਾਲੀਆ ਅੰਦਾਜ ‘ਚ ਆਖਿਆ ਕਿ ਇਹ ਤੇਰੀ ਬੁੜੀ ਮਾਂ ਵੀ ਤਾਂ ਪੂਰੇ ਵਰ੍ਹੇ ਦੀ ਤੇਰੀ ਰਾਹ ਦੇਖ ਰਹੀ ਹੈ। ਉਸਦੀ ਗੱਲ ਕੱਟਦਿਆਂ ਪ੍ਰਤੀਕ ਦੀ ਮਾਂ ਨੇ ਕਿਹਾ ਕਿ ਕੋਈ ਨਾ ਭੈਣੇ ਉਹਨਾਂ ਬਜ਼ੁਰਗ ਮਾਪਿਆਂ ਤੋਂ ਤਾਂ ਕਿਤੇ ਕਰਮਾਂ ਵਾਲੀ ਹਾਂ, ਜਿਨ੍ਹਾਂ ਦੀ ਔਲਾਦ ਮਰ ਮੁਕ ਜਾਂਦੀ ਏ। ਦਿਲ ਨੂੰ ਤਸੱਲੀ ਤਾਂ ਹੈ ਵੀ ਮੇਰਾ ਪੁੱਤ ਵੀ ਹੈ ਇਸ ਜੱਗ ‘ਤੇ। ਇਸ ਗੱਲ ਨੇ ਪ੍ਰਤੀਕ ਦੇ ਦਿਲ ‘ਤੇ ਅਜਿਹਾ ਅਸਰ ਕਰਿਆ ਕਿ ਉਸਦੀਆਂ ਅੱਖਾਂ ‘ਚ ਪਾਣੀ ਆ ਗਿਆ। ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਮੈਂ ਸੱਚਮੁੱਚ ਜਿਉਂਦਾ ਹਾਂ ? ਉਹ ਭੱਜ ਕੇ ਕਮਰੇ ‘ਚੋਂ ਉਠਿਆ ਤੇ ਬਿਰਧ ਆਸ਼ਰਮ ਵਾਲਿਆਂ ਕੋਲ ਕਾਗਜ ਪੱਤਰ ਦੀ ਕਾਰਵਾਈ ਪੂਰੀ ਕਰਕੇ ਮਾਂ ਨੂੰ ਬਿਰਧ ਆਸ਼ਰਮ ‘ਚੋ ਘਰ ਲਿਆਉਣ ਲਈ ਗੱਡੀ ‘ਚ ਬੈਠਣ ਲਈ ਕਿਹਾ। ਮਾਂ ਦੇ ਹੰਝੂ ਰੋਕਿਆਂ ਨਹੀਂ ਸੀ ਰੁਕ ਰਹੇ। ਉਧਰ ਜਿਓਂ ਹੀ ਘਰ ਦੇ ਗੇਟ ‘ਤੇ ਆ ਕੇ ਪ੍ਰਤੀਕ ਨੇ ਹਾਰਨ ਵਜਾਇਆ ਤਾਂ ਘਰਵਾਲੀ ਨੇ ਗੇਟ ਖੋਲਿਆ ਜਿਓਂ ਹੀ ਪ੍ਰਤੀਕ ਗੱਡੀ ‘ਚੋਂ ਉਤਰਨ ਲਗਿਆ ਤਾਂ ਉਸਦੀ ਪਤਨੀ ਨੇ ਖਿਝ ਕੇ ਕਿਹਾ “ਕਿੱਧਰ ਮਰਨ ਗਿਆ ਸੀ, ਕਿਹੜੇ ਵੇਲੇ ਹੋ ਗਏ”।

ਪ੍ਰਤੀਕ ਨੇ ਗੱਡੀ ‘ਚੋਂ ਮਾਂ ਨੂੰ ਬਾਹਰ ਕੱਢਦਿਆਂ ਕਿਹਾ ਕਿ ਹੁਣ ਤੱਕ ਮਰਿਆ ਹੀ ਹੋਇਆ ਸੀ। ਅੱਜ ਤਾਂ ਮੈਂ ਜਿਉਂਦਾ ਹੋ ਕੇ ਆਇਆ ਹਾਂ। ਇਹ ਕਹਿ ਕੇ ਪ੍ਰਤੀਕ ਮਾਂ ਨੂੰ ਮੋਢੇ ਦਾ ਸਹਾਰਾ ਦਿੰਦਾ ਹੋਇਆ ਕਮਰੇ ਵੱਲ ਲੈ ਗਿਆ।

ਹਰਪ੍ਰੀਤ ਕੌਰ ਘੁੰਨਸ

Share Button

Leave a Reply

Your email address will not be published. Required fields are marked *