ਕਰਮਜੀਤ ਸਿੰਘ ਰਿੰਟੂ ਚੁਣੇ ਗਏ ਅੰਮ੍ਰਿਤਸਰ ਮਿਉਂਸੀਪਲ ਕਾਰਪਰੇਸ਼ਨ ਦੇ ਨਵੇਂ ਮੇਅਰ

ss1

ਕਰਮਜੀਤ ਸਿੰਘ ਰਿੰਟੂ ਚੁਣੇ ਗਏ ਅੰਮ੍ਰਿਤਸਰ ਮਿਉਂਸੀਪਲ ਕਾਰਪਰੇਸ਼ਨ ਦੇ ਨਵੇਂ ਮੇਅਰ
ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ ਅਤੇ ਯੂਨਿਸ ਕੁਮਾਰ ਡਿਪਟੀ ਮੇਅਰ ਚੁਣੇ

ਅੰਮ੍ਰਿਤਸਰ, 23 ਜਨਵਰੀ (ਵਰਿੰਦਰ ਸਿੰਘ)-ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਦੇ ਅੱਜ ਹੋਏ ਪਹਿਲੇ ਇਜਲਾਸ ਵਿਚ ਨਵੇਂ ਚੁਣੇ ਗਏ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਸ. ਕਰਮਜੀਤ ਸਿੰਘ ਰਿੰਟੂ ਨੂੰ ਮੇਅਰ, ਸ੍ਰੀ ਰਮਨ ਬਖਸ਼ੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਯੂਨਿਸ ਕੁਮਾਰ ਨੂੰ ਡਿਪਟੀ ਮੇਅਰ ਚੁਣ ਲਿਆ ਗਿਆ। ਇਜਲਾਸ ਦੀ ਪ੍ਰਧਾਨਗੀ ਸ੍ਰੀ ਰਾਜ ਕਮਲ ਚੌਧਰੀ, ਡਵੀਜ਼ਨਲ ਕਮਿਸ਼ਨਰ ਜਲੰਧਰ ਵੱਲੋਂ ਕੀਤੀ ਗਈ। ਇਸ ਮੌਕੇ ਵਿਧਾਇਕ ਸ੍ਰੀ ਓ. ਪੀ. ਸੋਨੀ, ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ ਅਤੇ ਵਿਧਾਇਕ ਸ੍ਰੀ ਸੁਨੀਲ ਦੱਤੀ ਵੀ ਹਾਜ਼ਰ ਸਨ।
ਇਜਲਾਸ ਦੀ ਸ਼ੁਰੂਆਤ ਵਿਚ ਸ੍ਰੀ ਰਾਜ ਕਮਲ ਚੌਧਰੀ ਨੇ ਹਾਊਸ ਦੇ ਸਾਰੇ ਚੁਣੇ ਹੋਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਹਾਜ਼ਰ ਐਕਸ ਆਫੀਸੀਓ ਮੈਂਬਰ ਸ੍ਰੀ ਓ. ਪੀ. ਸੋਨੀ ਵੱਲੋਂ ਮੇਅਰ ਦੇ ਨਾਮ ਲਈ ਸ੍ਰੀ ਕਰਮਜੀਤ ਸਿੰਘ ਰਿੰਟੂ ਦਾ ਨਾਮ ਪੇਸ਼ ਕੀਤਾ ਗਿਆ, ਜਿਸ ਦਾ ਸਾਰੇ ਹਾਊਸ ਦੇ ਮੈਂਬਰਾਂ ਨੇ ਮੇਜ਼ ਥਪ-ਥਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮਗਰੋਂ ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ ਦਾ ਨਾਂਅ ਸ੍ਰੀ ਸੁਨੀਲ ਦੱਤੀ ਨੇ ਅਤੇ ਡਿਪਟੀ ਮੇਅਰ ਸ੍ਰੀ ਯੂਨਿਸ ਕੁਮਾਰ ਦਾ ਨਾਂਅ ਸ੍ਰੀ ਰਾਜ ਕੁਮਾਰ ਵੇਰਕਾ ਵੱਲੋਂ ਪੇਸ਼ ਕੀਤੇ ਗਏ, ਜਿਸ ਦਾ ਹਾਊਸ ਦੇ ਮੈਂਬਰਾਂ ਨੇ ਸਵਾਗਤ ਕੀਤਾ। ਕਿਸੇ ਵੀ ਅਹੁਦੇ ਲਈ ਕੋਈ ਹੋਰ ਉਮੀਦਵਾਰ ਨਾ ਹੋਣ ਕਾਰਨ ਸਾਰੀ ਚੋਣ ਸਰਬਸੰਮਤੀ ਨਾਲ ਨੇਪਰੇ ਚੜੀ। ਕਾਰਪੋਰੇਸ਼ਨ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਅਤੇ ਜੁਇੰਟ ਕਮਿਸ਼ਨਰ ਸ੍ਰੀ ਸੌਰਵ ਅਰੋੜਾ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਜਿਕਰਯੋਗ ਹੈ ਕਿ ਸ: ਕਰਮਜੀਤ ਸਿੰਘ ਰਿੰਟੂ ਅੰਮ੍ਰਿਤਸਰ ਦੇ 8ਵੇਂ ਮੇਅਰ ਬਣੇ ਹਨ।
ਇਸ ਮਗਰੋਂ ਕੈਬਨਿਟ ਮੰਤਰੀ ਪੰਜਾਬ, ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਕੁਰਸੀ ‘ਤੇ ਬਿਠਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਫੈਸਲੇ ਅਨੁਸਾਰ ਇਹ ਚੋਣ ਬੜੇ ਸੁਖਾਵੇਂ ਮਾਹੌਲ ਵਿਚ ਹੋਈ ਹੈ, ਜਿਸਦੀ ਮੈਂ ਸਾਰੇ ਹਾਊਸ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ। ਇਸ ਤਾਜਪੋਸ਼ੀ ਸਮਾਗਮ ਸਮੇਂ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਦਿਹਾਤੀ ਪ੍ਰਧਾਨ ਸ੍ਰ. ਭਗਵੰਤਪਾਲ ਸਿੰਘ ਸੱਚਰ, ਮੁੱਖ ਮੰਤਰੀ ਪੰਜਾਬ ਦੇ ਓ. ਐਸ. ਡੀ. ਸ. ਸੰਦੀਪ ਸਿੰਘ ਸੰਧੂ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *