ਕਰਨਾਟਕ ਸਰਕਾਰ ਵੱਲੋਂ ਧਾਰਮਿਕ ਚਿੰਨ੍ਹ ਕਿਰਪਾਨ ‘ਤੇ ਪਾਬੰਦੀ ਸ਼ਰਮਨਾਕ : ਸਿੰਘ ਸਾਹਿਬ

ss1

ਕਰਨਾਟਕ ਸਰਕਾਰ ਵੱਲੋਂ ਧਾਰਮਿਕ ਚਿੰਨ੍ਹ ਕਿਰਪਾਨ ‘ਤੇ ਪਾਬੰਦੀ ਸ਼ਰਮਨਾਕ : ਸਿੰਘ ਸਾਹਿਬ

ਸ੍ਰੀ ਅੰਮ੍ਰਿਤਸਰ ਸਾਹਿਬ-ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਜੋ ਕਰਨਾਟਕਾ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ ਕਿਰਪਾਨ, ਜੋ ਸਿੱਖਾਂ ਦੇ ਪੰਜ ਕਕਾਰਾ ਵਿਚੋਂ ਇੱਕ ਹੈ, ਪਹਿਨਣ ‘ਤੇ ਪਾਬੰਧੀ ਲਗਾਈ ਹੈ। ਇਹ ਬਹੁਤ ਘਟੀਆ ਅਤੇ ਕਮੀਨੀ ਕਾਰਵਾਈ ਹੈ। ਸਿੱਖ ਧਰਮ ਵਿਚ ਕਰਨਾਟਕਾ ਸਰਕਾਰ ਵੱਲੋਂ ਦਖ਼ਲ ਅੰਦਾਜੀ ਕਰਨਾ ਭਾਰਤੀ ਸਵੀਧਾਨ ਦੀ ਉਲੰਘਣਾ ਹੈ। ਜਿਸ ਵਿਚ ਧਾਰਾ 25 ਤੋਂ 28 ਤਹਿਤ ਹਰ ਵਿਅਕਤੀ ਨੂੰ ਧਰਮ ਦੀ ਅਜਾਦੀ ਦਾ ਅਧਿਕਾਰ ਹੈ, ਉਸਨੂੰ ਕਰਨਾਟਕ ਸਰਕਾਰ ਨੇ ਜਾਣਬੁੱਝ ਕੇ ਖਤਮ ਕਰ ਦਿੱਤਾ ਹੈ ਅਤੇ ਸਿੱਖਾਂ ਨੂੰ ਸਰਕਾਰ ਵੱਲੋਂ ਦੋ ਨੰਬਰ ਦੇ ਸ਼ਹਿਰੀ ਦਰਸਾਇਆ ਗਿਆ ਹੈ। ਇਸ ਗਿਣੀਮਿਥੀ ਸਾਜਿਸ਼ ਤਹਿਤ ਸਿੱਖਾਂ ਦੇ ਧਰਮ ਵਿਚ ਦਖਲਅੰਦਾਜੀ ਕੀਤੀ ਗਈ ਹੈ ਪ੍ਰੰਤੂ ਸਿੱਖ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਸੈਂਟਰ ਸਰਕਾਰ ਤੁਰੰਤ ਦਖ਼ਲਅੰਦਾਜੀ ਕਰਕੇ ਇਸ ਤਰ੍ਹਾਂ ਦੀਆਂ ਹੋ ਰਹੀਆਂ ਹਿਰਦੇ-ਵੇਧਿਕ ਕਾਰਵਾਈਆਂ ਜਿਨ੍ਹਾਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜਦੀ ਹੈ, ਤੁਰੰਤ ਕਰਨਾਟਕ ਸਰਕਾਰ ਨਾਲ ਰਾਫਤਾ ਕਾਇਮ ਕਰਕੇ ਬੰਦ ਕਰਵਾਏ ਅਤੇ ਕਿਰਪਾਨ ਉਪਰ ਲਗਾਈ ਪਾਬੰਧੀ ਨੂੰ ਤੁਰੰਤ ਹਟਾਏ। ਅਜਿਹਾ ਨਾ ਹੋਵੇ ਕਿ ਇਸ ਧਰਮ ਨਿਰਪੱਖ ਦੇਸ਼ ਵਿਚ ਧਰਮ ਦੇ ਅਧਾਰਪੁਰ ਹੀ ਦੰਗੇ-ਫਸਾਦ ਹੋ ਜਾਣ। ਜਿਸ ਵਿਚ ਸਥਿਤੀ ਨਾਲ ਨਜਿੱਠਣਾ ਔਖਾ ਹੋ ਜਾਵੇ। ਕਿਉਂਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿਚੋਂ ਇੱਕ ਹੈ। ਜਿਸਨੂੰ ਸਿੱਖ ਆਪਣੇ ਸਰੀਰ ਨਾਲੋਂ ਕਦੇ ਵੀ ਵੱਖ ਨਹੀਂ ਕਰ ਸਕਦਾ।
ਭਾਰਤ ਦੇ ਸਵਿਧਾਨ ਅਨੁਸਾਰ ਭਾਰਤ ਵਿਚ ਹਰ ਆਦਮੀ ਆਪਣੇ ਧਰਮ ਦੀ ਅਜ਼ਾਦੀ ਦਾ ਨਿੱਘ ਮਾਣ ਸਕਦਾ ਹੈ ਪ੍ਰੰਤੂ ਸਿੱਖਾਂ ਉਪਰ ਇਹ ਕਾਨੂੰਨ ਕਿਉਂ ਨਹੀਂ ਲਾਗੂ ਹੋਣ ਦਿੱੱਤਾ ਜਾਂਦਾ। ਚਾਹੀਦਾ ਤਾਂ ਇਹ ਹੈ ਕਿ ਸੈਂਟਰ ਸਰਕਾਰ ਵੱਲੋਂ ਇੱਕ ਮਤਾ ਪਾਸ ਕਰਕੇ ਭਾਰਤ ਦੀਆਂ ਸਾਰੀਆ ਸਟੇਟਾਂ ਨੂੰ ਭੇਜਿਆ ਜਾਵੇ ਕਿ ਕਿਸੇ ਵੀ ਧਰਮ ਵਿਚ ਸਰਕਾਰਾਂ ਜਾਣਬੁੱਝ ਕੇ ਦਖ਼ਲਅੰਦਾਜ਼ੀ ਨਾ ਕਰਨ।
ਸਿੰਘ ਸਾਹਿਬ ਜੀ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਕਰਨਾਟਕਾ ਸਰਕਾਰ ਵੱਲੋਂ ਸਿੱਖੀ ਸਿਧਾਂਤਾਂ ਪੁਰ ਕੀਤੇ ਜਾ ਰਹੇ ਹਮਲੇ, ਜਿਸ ਵਿਚ ਕਿਰਪਾਨ ਪਹਿਨਣ ਪੁਰ ਲਗਾਈ ਪਾਬੰਧੀ ਨੂੰ ਤੁਰੰਤ ਹਟਾਇਆ ਜਾਵੇ, ਨਹੀਂ ਤਾਂ ਇਸਦੇ ਸਿੱਟੇ ਭਿਆਨਕ ਨਿਕਲ ਸਕਦੇ ਹਨ। ਇਸ ਲਈ ਸਿੰਘ ਸਾਹਿਬ ਜੀ ਨੇ ਸੈਂਟਰ ਦੀ ਸਰਕਾਰ ਨੂੰ ਇਸ ਸਬੰਧੀ ਤੁਰੰਤ ਐਕਸ਼ਨ ਲੈਣ ਲਈ ਕਿਹਾ ਹੈ। ਸਿੰਘ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਸਬੰਧੀ ਤੁਰੰਤ ਸਰਕਾਰ ਨਾਲ ਰਾਫਤਾ ਕਾਇਮ ਕਰਕੇ ਇਸ ਨਿੰਦਣਯੋਗ ਮਸਲੇ ਨੂੰ ਸੁਲਝਾਇਆ ਜਾਵੇ।

Share Button

Leave a Reply

Your email address will not be published. Required fields are marked *