Wed. Jun 19th, 2019

ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ’ਚ ਹੋਵੇਗੀ 50 ਏਕੜ ਜ਼ਮੀਨ ਅਕਵਾਇਰ

ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ’ਚ ਹੋਵੇਗੀ 50 ਏਕੜ ਜ਼ਮੀਨ ਅਕਵਾਇਰ

ਪਾਕਿਸਤਾਨ ਦੇ ਕਰਤਾਰਪੁਰ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਲਾਂਘਾ ਤੇਜ਼ੀ ਨਾਲ ਤਿਆਰ ਹੋ ਰਿਹਾ ਹੈ। ਇਸ ਲਈ ਗੁਰਦਾਸਪੁਰ ਜ਼ਿਲ੍ਹੇ ’ਚ ਡੇਰਾ ਬਾਬਾ ਨਾਨਕ ਵਿਖੇ ਇੱਕ ਸੰਗਠਤ ਚੈੱਕ–ਪੋਸਟ ਕਾਇਮ ਕੀਤੀ ਜਾਣੀ ਹੈ, ਜਿਸ ਲਈ 50 ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ। ਇਹ ਜ਼ਮੀਨ ‘ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ’ (LPAI – ਭਾਰਤੀ ਜ਼ਮੀਨੀ ਬੰਦਰਗਾਹ ਅਥਾਰਟੀ) ਵੱਲੋਂ ਅਕਵਾਇਰ ਕੀਤੀ ਜਾਵੇਗੀ।
ਚੇਅਰਮੈਨ ਅਨਿਲ ਕੁਮਾਰ ਬਾਂਬਾ ਦੀ ਅਗਵਾਈ ਹੇਠ ਐੱਲਪੀਏਆਈ ਦੀ ਇੱਕ ਟੀਮ ਨੇ ਬੁੱਧਵਾਰ ਨੂੰ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਤੇ ਲਾਂਘੇ ਨਾਲ ਸਬੰਧਤ ਪ੍ਰੋਜੈਕਟ ਵਿੱਚ ਸ਼ਾਮਲ ਸੂਬਾਈ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇੱਕ ਕੇਂਦਰੀ ਟੀਮ ਨੇ ਉਸ ਸਥਾਨ ਦਾ ਨਿਰੀਖਣ ਵੀ ਕੀਤਾ।
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸ ਲਾਂਘੇ ਦੇ ਨਿਰਮਾਣ ਦੀਆਂ ਸਾਰੀਆਂ ਤਿਆਰੀਆਂ ਹੁਣ ਮੁਕੰਮਲ ਹੋ ਚੁੱਕੀਆਂ ਹਨ। ਇੱਥੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਾ ਹੋਵੇ, ਇਸ ਲਈ ਉਨ੍ਹਾਂ ਨੂੰ ਅਤਿ–ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ। ਐੱਲਪੀਏਆਈ ਇਸ ਮੰਤਵ ਲਈ 50 ਏਕੜ ਜ਼ਮੀਨ ਅਕਵਾਇਰ ਕਰੇਗਾ।
ਸ੍ਰੀ ਬਾਂਬਾ ਨਾਲ LPAI ਦੇ ਵਿਸ਼ੇਸ਼ ਸਕੱਤਰ ਬੀ.ਆਰ. ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ, ਸੀਮਾ ਸੁਰੱਖਿਆ ਬਲ (BSF), ਕਸਟਮਜ਼, ਇਮੀਗ੍ਰੇਸ਼ਨ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਅਧਿਕਾਰੀਆਂ ਨਾਲ ਤਿੰਨ ਘੰਟੇ ਮੀਟਿੰਗ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਾਂਬਾ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਜਾਵੇਗੀ, ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਵਾਜਬ ਮੁਆਵਜ਼ਾ ਅਦਾ ਕੀਤਾ ਜਾਵੇਗਾ। ਲਾਂਘੇ ਕਾਰਨ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ ਤੇ ਇਸ ਨਾਲ ਡੇਰਾ ਬਾਬਾ ਨਾਨਕ ਵਿੱਚ ਕਾਰੋਬਾਰ ਵੀ ਵਧਣਗੇ।
ਇਸ ਦੌਰਾਨ ਕਿਸਾਨ ਹੁਣ ਆਪਣੀਆਂ ਜ਼ਮੀਨਾਂ ਦੇ ਭਾਅ ਬਾਜ਼ਾਰੀ–ਕੀਮਤ ਨਾਲੋਂ ਤਿੰਨ–ਗੁਣਾ ਵਧਾ ਕੇ ਦੱਸ ਰਹੇ ਹਨ। ਜ਼ਮੀਨਾਂ ਅਕਵਾਇਰ ਕਰਨ ਲਈ NHAI ਨੇ ਐੱਸਡੀਐੱਮ ਅਸ਼ੋਕ ਸ਼ਰਮਾ ਨੂੰ ਸਮਰੱਥ–ਅਧਿਕਾਰੀ ਨਿਯੁਕਤ ਕੀਤਾ ਹੈ। ਐੱਸਡੀਐੱਮ ਪਹਿਲਾਂ ਹੀ ਡੇਰਾ ਬਾਬਾ ਨਾਨਕ ਤੋਂ ਜ਼ੀਰੋ ਲਾਈਨ ਤੱਕ 4.25 ਕਿਲੋਮੀਟਰ ਲੰਮੇ ਰਸਤੇ ਲਈ 24 ਹੈਕਟੇਅਰ ਜ਼ਮੀਨ ਅਕਵਾਇਰ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਚੁੱਕੇ ਹਨ।
ਉੱਧਰ ਪੰਜਾਬ ਦੇ ਕੈਬਿਨੇਟ ਮੰਤਰੀ ਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ LPAI ਦੀ ਇਸ ਫੇਰੀ ਤੋਂ ਬਾਅਦ ਹੁਣ ਲਾਂਘੇ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਇਹ ਇੱਕ ਕੌਮਾਂਤਰੀ ਪ੍ਰੋਜੈਕਟ ਹੈ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾਲ ਦੇਸ਼ ਦਾ ਅਕਸ ਵਿਗੜੇਗਾ। ਕੁਝ ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਆਪਣੇ ਵਾਲੇ ਪਾਸੇ ਪਹਿਲਾਂ ਹੀ 35 ਫ਼ੀ ਸਦੀ ਕੰਮ ਨਿਬੇੜ ਚੁੱਕੀ ਹੈ; ਜਦ ਕਿ ਭਾਰਤ ’ਚ ਹਾਲੇ ਕੰਮ ਸ਼ੁਰੂ ਹੋਣਾ ਹੈ। ਸ੍ਰੀ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਹੋ ਇੱਕੋ–ਇੱਕ ਚਿੰਤਾ ਹੈ ਕਿ ਇਸ ਇਲਾਕੇ ਦੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਜ਼ਰੂਰ ਮਿਲੇ।

Leave a Reply

Your email address will not be published. Required fields are marked *

%d bloggers like this: