Wed. Dec 11th, 2019

ਕਰਤਾਰਪੁਰ ਲਾਂਘਾ : ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਵਿਸਾਰਿਆ ਬੇਗਾਨਿਆਂ ਦੁਲਾਰਿਆ

ਕਰਤਾਰਪੁਰ ਲਾਂਘਾ : ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਵਿਸਾਰਿਆ ਬੇਗਾਨਿਆਂ ਦੁਲਾਰਿਆ

ਉਜਾਗਰ ਸਿੰਘ

ਭਾਰਤ ਸਰਕਾਰ ਨੇ ਕਾਫੀ ਜਕੋ ਤਕੀ ਤੋਂ ਬਾਅਦ ਆਖ਼ਰ ਨਵੋਜਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਖ਼ਰੀ ਮੌਕੇ ਤੇ ਇਜ਼ਾਜਤ ਦੇ ਦਿੱਤੀ। ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਖੋਲਣ ਦੇ ਸਮਾਗਮ ਵਿਚ ਬੋਲਦਿਆਂ ਉਸਨੇ ਪਾਕਿਸਤਾਨ ਸਰਕਾਰ ਤੋਂ ਸਰਹੱਦਾਂ ਖੋਲਣ ਦੀ ਮੰਗ ਵੀ ਰੱਖ ਦਿੱਤੀ। ਲਾਂਘਾ ਖੁਲਣ ਨਾਲ ਨਵਜੋਤ ਸਿੰਘ ਸਿੱਧੂ ਦੀ ਚੜ ਮੱਚ ਗਈ। ਭਾਵੇਂ ਲਾਂਘਾ ਖੋਲਣ ਦਾ ਪ੍ਰਾਸੈਸ ਦੋਹਾਂ ਸਰਕਾਰਾਂ ਦੀ ਸਹਿਮਤੀ ਨਾਲ ਸ਼ੁਰੂ ਹੋਇਆ ਸੀ ਪ੍ੰਤੂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਦੀ ਦੋਸਤੀ ਨੇ ਇਸਨੂੰ ਸੰਪੂਰਨ ਕਰਨ ਵਿਚ ਵਿਲੱਖਣ ਯੋਗਦਾਨ ਪਾਇਆ ਹੈ ਕਿਉਂਕਿ ਪਹਿਲ ਪਾਕਿਸਤਾਨ ਨੇ ਕੀਤੀ ਸੀ। ਰਾਜਨੀਤਕ ਪਾਰਟੀਆਂ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਸਮਾਗਮਾ ਤੋਂ ਦੂਰ ਰੱਖਕੇ ਇਹ ਸੰਦੇਸ਼ ਦੇਣਾ ਚਾਹੁੰਦੀਆਂ ਸਨ ਕਿ ਉਸਦਾ ਇਸ ਲਾਂਘੇ ਦੇ ਖੁਲਣ ਵਿਚ ਕੋਈ ਯੋਗਦਾਨ ਨਹੀਂ ਪ੍ੰਤੂ ਸਰਕਾਰਾਂ ਸਿੱਖ ਸੰਗਤਾਂ ਦੇ ਦਿਲਾਂ ਵਿਚੋਂ ਨਵਜੋਤ ਸਿੰਘ ਸਿੱਧੂ ਨੂੰ ਕੱਢ ਨਹੀਂ ਸਕਦੀਆਂ। ਕਰਤਾਰਪੁਰ ਲਾਂਘੇ ਦੇ ਖੁਲਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਬੱਝਦਾ ਹੈ, ਕੁਝ ਸਿਆਸੀ ਪਾਰਟੀਆਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਇਹ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਉਤਾਰਕੇ ਆਪਣੇ ਸਿਰ ਬੰਨਣ ਵਿਚ ਲੱਗੀਆਂ ਹੋਈਆਂ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਜਾਣੀ ਜਾਣ ਹਨ, ਸਿੱਖ ਸੰਗਤ ਵੀ ਭਲੀ ਭਾਂਤ ਜਾਣਦੀ ਹੈ। ਕਰਤਾਰਪੁਰ ਲਾਂਘੇ ਦੇ ਸਮਾਗਮਾ ਵਿਚ ਭਾਰਤ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਅਣਡਿਠ ਕਰਨ ਤੋਂ ਇਉਂ ਜਾਪਦਾ ਹੈ ਕਿ ‘‘ ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਨੇ ਵਿਸਾਰਿਆ ਪ੍ੰਤੂ ਬੇਗਾਨਿਆਂ ਨੇ ਦੁਲਾਰਿਆ ਹੋਵੇ’’ ਕਿਉਂਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਉਸਨੂੰ ਸੱਦਾ ਪੱਤਰ ਦੇ ਕੇ ਨਿਵਾਜਿਆ ਹੈ।

72 ਸਾਲਾਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੋਲਣ ਦਾ ਸਿੱਖ ਸੰਗਤ ਦਾ ਸਪਨਾ ਸਾਕਾਰ ਹੋ ਗਿਆ ਹੈ। 72 ਸਾਲਾਂ ਤੋਂ ਸਿੱਖ ਸੰਸਾਰ ਦੇ ਸਾਰੇ ਗੁਰੂ ਘਰਾਂ ਵਿਚ ਦਰਸ਼ਨਾ ਤੋਂ ਵਾਂਝੀ ਸੰਗਤ ਨੂੰ ਦਰਸ਼ਨੇ ਦੀਦਾਰ ਕਰਨ ਦੀ ਅਰਦਾਸ ਕਰਦੀ ਆ ਰਹੀ ਸੀ। ਜੇਕਰ ਸਹੀ ਅਰਥਾਂ ਵਿਚ ਸਿੱਖ ਸੰਗਤ ਦੀ ਬਾਂਹ ਫੜੀ ਹੈ ਤਾਂ ਉਹ ਖ਼ੁਦ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਹਨ, ਜਿਨਾਂ ਇਹ ਜ਼ਿੰਮੇਵਾਰੀ ਆਪਣੀ ਅਪਾਰ ਕਿਰਪਾ ਨਾਲ ਪਾਕਿਸਤਾਨ ਦੇ ਪ੍ਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਲਗਾਈ, ਉਨਾਂ ਦੇ ਉਦਮ ਸਦਕਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਦੀਦਾਰ ਦਾ ਮੌਕਾ ਸਿੱਖ ਸੰਗਤ ਨੂੰ ਮਿਲਿਆ ਹੈ। ਸਵਰਗਵਾਸੀ ਕੁਲਦੀਪ ਸਿੰਘ ਵਡਾਲਾ ਦੇ ਯੋਗਦਾਨ ਨੂੰ ਵੀ ਅਣਡਿਠ ਨਹੀਂ ਕੀਤਾ ਜਾ ਸਕਦਾ, ਜਿਨਾਂ ਸਭ ਤੋਂ ਪਹਿਲਾਂ ਇਹ ਮੰਗ ਰੱਖੀ ਸੀ। ਜਦੋਂ ਨਵਜੋਤ ਸਿੰਘ ਸਿੱਧੂ 18 ਅਗਸਤ 2018 ਨੂੰ ਆਪਣੇ ਕਰਿਕਟਰ ਦੋਸਤ ਜਨਾਬ ਇਮਰਾਨ ਖ਼ਾਨ ਦੇ ਸੱਦੇ ‘ਤੇ ਉਨਾਂ ਦੇ ਪ੍ਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਸ਼ਾਮਲ ਹੋਣ ਲਈ ਗਏ ਤਾਂ ਉਥੇ ਉਨਾਂ ਦੇ ਕੰਨ ਵਿਚ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਨਵੇਂ ਪ੍ਧਾਨ ਮੰਤਰੀ ਦੀ ਇਹ ਇੱਛਾ ਦੱਸੀ ਕਿ ਉਹ ਸਿੱਖ ਜਗਤ ਦੀ ਚਿਰਾਂ ਤੋਂ ਲਟਕਦੀ ਆ ਰਹੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨੇ ਦੀਦਾਰ ਦੀ ਮੰਗ ਪੂਰੀ ਕਰਨਾ ਚਾਹੁੰਦੇ ਹਨ ਤਾਂ ਖ਼ੁਸ਼ੀ ਵਿਚ ਨਵਜੋਤ ਸਿੰਘ ਸਿੱਧੂ ਨੇ ਉਸਨੂੰ ਕਲਾਵੇ ਵਿਚ ਲੈ ਲਿਆ। ਇਹ ਇਕ ਕੁਦਰਤੀ ਗੱਲ ਸੀ ਕਿ ਨਵਜੋਤ ਸਿੰਘ ਸਿੱਧੂ ਇਹ ਖ਼ਬਰ ਸੁਣਕੇ ਭਾਵਨਾਵਾਂ ਵਿਚ ਬਹਿ ਗਿਆ ਅਤੇ ਖ਼ੁਸ਼ੀ ਨਾਲ ਆਪੇ ਤੋਂ ਬਾਹਰ ਹੋ ਗਿਆ।

ਭਾਰਤ ਅਤੇ ਪਾਕਿਸਤਾਨ ਦੇ ਸਾਰੇ ਅਖ਼ਬਾਰਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਜਨਰਲ ਬਾਜਵਾ ਦੀ ਜੱਫੀ ਪਾਉਣ ਵਾਲੀ ਤਸਵੀਰ ਪ੍ਕਾਸ਼ਤ ਕੀਤੀ ਕਿੳਂੁਕ ਇਹ ਖ਼ਬਰ ਹੀ ਬਹੁਤ ਵੱਡੀ ਸੀ। ਸੰਸਾਰ ਵਿਚ ਬੈਠੇ ਸਾਰੇ ਸਿੱਖ ਜਗਤ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ, ਜਿਸ ਕਰਕੇ ਉਨਾਂ ਨੇ ਇਸ ਖ਼ਬਰ ਦੀ ਅਥਾਹ ਪ੍ਸੰਸਾ ਕੀਤੀ। ਸਿੱਖ ਜਗਤ ਇਕ ਕਿਸਮ ਨਾਲ ਜਨਾਬ ਇਮਰਾਨ ਖ਼ਾਨ ਅਤੇ ਨਵਜੋਤ ਸਿੱਧੂ ਦਾ ਰਿਣੀ ਹੋ ਗਿਆ। ਹੈਰਾਨੀ ਉਦੋਂ ਹੋਈ ਜਦੋਂ ਸਿੱਖ ਜਗਤ ਖ਼ੁਸ਼ੀਆਂ ਮਨਾ ਰਿਹਾ ਸੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਨੇਤਾਵਾਂ ਅਤੇ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨਾਲ ਜੱਫੀ ਪਾਉਣ ਦੀ ਘੋਰ ਨਿੰਦਿਆ ਕੀਤੀ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਤੱਕ ਗਰਦਾਨ ਦਿੱਤਾ। ਲਾਂਘਾ ਖੁਲਣ ਤੇ ਵੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਇਮਰਾਨ ਖ਼ਾਨ ਦੀ ਪ੍ਸੰਸਾ ਕਰਨ ਤੇ ਨਿੰਦਿਆ ਕੀਤੀ ਹੈ। ਉਨਾਂ ਤੋਂ ਨਵਜੋਤ ਸਿੰਘ ਸਿੱਧੂ ਦੀ ਪ੍ਸੰਸਾ ਬਰਦਾਸ਼ਤ ਨਹੀਂ ਹੋ ਰਹੀ ਸੀ। ਪਾਕਿਸਤਾਨ ਸਰਕਾਰ ਦੇ ਲਾਂਘਾ ਖੋਲਣ ਦੇ ਫ਼ੈਸਲੇ ਨਾਲ ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖ਼ਾਨ ਦਾ ਸਿਆਸੀ ਕੱਦ ਬੁੱਤ ਉਚੇਰਾ ਹੋ ਗਿਆ ਜੋ ਕਿ ਸਿਆਸਤਦਾਨਾ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਲਾਂਘਾ ਖੋਲਣ ਦੀ ਪ੍ਕਿਰਿਆ ਵਿਚ ਸਭ ਤੋਂ ਵੱਡਾ ਯੋਗਦਾਨ ਜਨਰਲ ਕਮਰ ਜਾਵੇਦ ਬਾਜਵਾ ਦਾ ਹੈ, ਜਿਸਨੇ ਨਿੱਜੀ ਦਿਲਚਸਪੀ ਲੈ ਕੇ ਇਹ ਪ੍ਾਜੈਕਟ 11 ਮਹੀਨੇ ਵਿਚ ਮੁੁਕੰਮਲ ਕਰਵਾਇਆ ਜਦੋਂ ਕਿ ਸਾਰੀਆਂ ਕਨਸਟਰਕਸ਼ਨ ਕੰਪਨੀਆਂ ਨੇ ਇਤਨਾ ਵੱਡਾ ਪ੍ਾਜੈਕਟ ਮੁਕੰਮਲ ਕਰਨ ਲਈ 5 ਸਾਲ ਦਾ ਸਮਾਂ ਮੰਗਿਆ ਸੀ।

ਜਨਰਲ ਬਾਜਵਾ ਨੇ ਇਹ ਸਾਰਾ ਕੰਮ ਆਪਣੇ ਹੱਥ ਲੈ ਲਿਆ ਅਤੇ ਇਸਦਾ ਠੇਕਾ ਸੇਵਾ ਮੁਕਤ ਫ਼ੌਜੀਆਂ ਦੀ ‘‘ਫਰੰਟੀਅਰ ਵਰਕਸ ਆਰਗੇਨਾਈਜੇਸ਼ਨ’’ ਨੂੰ ਦੇ ਦਿੱਤਾ ਜੋ ਪਾਕਿਸਤਾਨ ਦੀ ਫ਼ੌਜ ਦੇ ਅਧੀਨ ਕੰਮ ਕਰਦੀ ਹੈ। ਇਸ ਪ੍ਾਜੈਕਟ ਉਪਰ 20 ਅਰਬ ਰੁਪਿਆ ਖ਼ਰਚ ਆਇਆ, ਉਹ ਸਾਰਾ ਖ਼ਰਚਾ ਫ਼ੌਜ ਨੇ ਦਿੱਤਾ ਹੈ। ਫ਼ੌਜ ਮੁਖੀ ਨਾਲ ਸਿੱਧੂ ਦੀ ਜੱਫੀ ਦਾ ਕੁਝ ਸਿਆਸਤਦਾਨਾ ਨੂੰ ਦੁੱਖ ਹੋਇਆ ਉਸੇ ਜਨਰਲ ਨੇ ਇਹ ਕੰਮ ਮੁਕੰਮਲ ਕਰਵਾਇਆ। ਨਵਜੋਤ ਸਿੰਘ ਸਿੱਧੂ ਨੂੰ ਵੀ ਗ਼ੈਰ ਜ਼ਰੂਰੀ ਵਾਦਵਿਵਾਦ ਵਾਲੇ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਮਰਾਨ ਖ਼ਾਨ ਨੂੰ ਵੀ ਗੁਰੂ ਘਰ ਦੇ ਸਮਾਗਮ ਵਿਚ ਧਾਰਾ 370 ਵਾਲਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਭਾਰਤ ਸਰਕਾਰ ਲਈ ਪਾਕਿਸਤਾਨ ਦੇ ਫ਼ੈਸਲੇ ਤੋਂ ਬਾਅਦ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਬਣ ਗਈ ਸੀ, ਜੇਕਰ ਉਹ ਹਾਂ ਪੱਖੀ ਫ਼ੈਸਲਾ ਨਹੀਂ ਕਰਦੇ ਤਾਂ ਸਿੱਖ ਜਗਤ ਵਿਚ ਭਾਰਤ ਸਰਕਾਰ ਦੀ ਬੇਰੁਖੀ ਬਾਰੇ ਵਿਦਰੋਹ ਹੋਣ ਦੀ ਆਸ ਹੋ ਗਈ ਸੀ। ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰਖਦਿਆਂ ਭਾਰਤ ਸਰਕਾਰ ਨੇ ਤੁਰੰਤ ਰਾਤੋ ਰਾਤ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਾਂਘਾ ਖੋਲਣ ਦਾ ਫ਼ੈਸਲਾ ਕਰ ਦਿੱਤਾ। ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 26 ਨਵੰਬਰ 2018 ਨੂੰ ਨੀਂਹ ਪੱਥਰ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਤੋਂ ਰਖਵਾਇਆ। ਹੈਰਾਨੀ ਹੋਈ ਕਿ ਨਵਜੋਤ ਸਿੰਘ ਸਿੱਧੂ ਨੂੰ ਸਮਾਗਮ ਵਿਚ ਬੁਲਾਇਆ ਹੀ ਨਹੀਂ ਗਿਆ। ਅਕਾਲੀ ਦਲ ਜਿਸਦੇ ਨੇਤਾਵਾਂ ਦੀ ਸਮਾਗਮ ਵਿਚ ਸਟੇਜ ਤੇ ਬੈਠਣ ਦੀ ਕੋਈ ਪ੍ਰੋਟੋਕੋਲ ਹੀ ਨਹੀਂ ਸੀ, ਉਸਦੇ ਪ੍ਧਾਨ ਨੂੰ ਸਟੇਜ ਤੇ ਬਿਠਾਇਆ ਗਿਆ ਜਦੋਂ ਕਿ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸਦਾ ਵਿਰੋਧ ਕੀਤਾ ਸੀ। ਇਹ ਸੀ ਸਿਆਸੀ ਲਾਹਾ ਲੈਣ ਦੀ ਕਵਾਇਦ ਜਿਹੜੀ ਕੇਂਦਰ ਸਰਕਾਰ ਨੇ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਵਿਚਾਰਧਾਰਾ ਹੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਭਾਰਤ ਸਰਕਾਰ ਵੱਲੋਂ ਨੀਂਹ ਪੱਥਰ ਅਤੇ ਉਦਘਾਟਨੀ ਸਮਾਗਮਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਅਣਹੋਂਦ ਰੜਕਦੀ ਰਹੀ।

ਪਾਕਿਸਤਾਨ ਸਰਕਾਰ ਨੇ 28 ਨਵੰਬਰ 2018 ਨੂੰ ਲਾਂਘੇ ਦਾ ਪਾਕਿਸਤਾਨ ਵਿਚ ਨੀਂਹ ਪੱਥਰ ਰੱਖਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਉਹੀ ਭਾਰਤੀ ਜਨਤਾ ਪਾਰਟੀ, ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਨੇਤਾ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਦੁਸ਼ਮਣ ਦੇਸ਼ ਪਾਕਿਸਤਾਨ ਨਾਲ ਮਿੱਤਰਤਾ ਕਰਨ ਲਈ ਦੇਸ਼ ਦਾ ਗ਼ਦਾਰ ਕਹਿੰਦੇ ਸੀ, ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਅੱਡੀਆਂ ਚੁੱਕ ਕੇ ਉਥੇ ਪਹੁੰਚ ਗਏ ਅਤੇ ਉਨਾਂ ਦੀ ਦੋਗਲੀ ਨੀਤੀ ਦਾ ਉਦੋਂ ਪਰਦਾ ਫਾਸ਼ ਹੋ ਗਿਆ ਜਦੋਂ ਉਨਾਂ ਸਮਾਗਮ ਵਿਚ ਬੋਲਦਿਆਂ ਪਾਕਿਸਤਾਨ ਸਰਕਾਰ ਦੇ ਸੋਹਲੇ ਗਾਏ। ਸਿਆਸਤਦਾਨਾ ਦੀ ਲਾਂਘਾ ਖੁਲਣ ਦਾ ਸਿਹਰਾ ਆਪੋ ਆਪਣੇ ਸਿਰ ਬੰਨਣ ਦੀ ਭੁੱਖ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਦੇ ਮੁੱਖ ਸਮਾਗਮ ਨੂੰ ਸਾਂਝੇ ਤੌਰ ਤੇ ਆਯੋਜਤ ਕਰਨ ਤੋਂ ਪਾਸਾ ਵੱਟ ਲਿਆ ਹੈ ਜਦੋਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੀ ਸਾਂਝੀਵਾਲਤਾ ਦਾ ਹੈ ਤਾਂ ਸਾਰੀਆਂ ਸਿਆਸੀ ਪਾਰਟੀਆਂ ਸਾਂਝੀਵਾਲਤਾ ਦੀ ਥਾਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਿਆਸਤ ਕਰਨ ਲੱਗ ਗਈਆਂ ਅਤੇ ਇਸ ਲਾਂਘੇ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਲਾਹਕੇ ਆਪੋ ਆਪਣੇ ਸਿਰ ਬੰਨਣਾ ਚਾਹੁੰਦੀਆਂ ਹਨ। ਨਵਜੋਤ ਸਿੱਧੂ ਦੇ ਇਤਿਹਾਸਕ ਯੋਗਦਾਨ ਨੂੰ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਣ ਤੋਂ ਰੋਕ ਨਹੀਂ ਸਕਣਗੀਆਂ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪਾਰਟੀਆਂ ਨੂੰ ਇਕ ਮੰਚ ਤੋਂ ਇਹ ਪੁਰਬ ਮਨਾਉਣ ਦੀ ਤਾਕੀਦ ਕੀਤੀ ਸੀ। ਇਸ ਤੋਂ ਪਹਿਲਾਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ, ਉਹ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਤੇ ਆਈਆਂ ਸਨ। ਉਨਾਂ ਦੇ ਸਾਰੇ ਪ੍ਬੰਧ ਜਿਸ ਵਿਚ ਕੇਂਦਰ ਸਰਕਾਰ ਦੇ ਪ੍ਧਾਨ ਮੰਤਰੀ ਜਾਂ ਹੋਰ ਸੀਨੀਅਰ ਮੰਤਰੀ ਸ਼ਾਮਲ ਹੋਏ ਸਨ, ਪੰਜਾਬ ਸਰਕਾਰ ਨੇ ਕੀਤੇ ਸਨ। ਇਹ ਪ੍ਰੋਟੋਕੋਲ ਵੀ ਬਣਦੀ ਹੈ ਕਿ ਪ੍ਧਾਨ ਮੰਤਰੀ ਦੇ ਪ੍ਰੋਗਰਾਮ ਦਾ ਪ੍ਬੰਧ ਪੰਜਾਬ ਸਰਕਾਰ ਕਰੇ। ਹੁਣ ਤੱਕ ਸਰਕਾਰ ਕਰਦੀ ਆਈ ਹੈ। ਸਿਆਸੀ ਪਾਰਟੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਦੇ ਪ੍ਕਾਸ਼ ਪੁਰਬ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਕਰਨ ਦੇ ਉਨਾਂ ਨੂੰ ਸਾਰੀ ਉਮਰ ਇਹ ਮੌਕੇ ਮਿਲਦੇ ਰਹਿਣਗੇ ਪ੍ੰਤੂ ਉਨਾਂ ਦੇ ਜੀਵਨ ਵਿਚ 550ਵਾਂ ਪ੍ਕਾਸ਼ ਪੁਰਬ ਮੁੜਕੇ ਨਹੀਂ ਆਉਣਾ। ਇਕ ਹੋਰ ਗੱਲ ਸੋਚਣ ਵਾਲੀ ਹੈ ਕਿ ਇਸ ਲਾਂਘੇ ਦੇ ਖੁਲਣ ਨਾਲ ਭਾਰਤ ਦੇ ਪਾਕਿਸਤਾਨ ਦੇ ਸੰਬੰਧਾਂ ਦੇ ਸੁਧਰਨ ਦੀ ਆਸ ਬੱਝੇਗੀ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੇ ਲਾਂਘਾ ਖੋਲਣ ਵਿਚ ਮੇਹਰ ਹੋ ਸਕਦੀ ਹੈ ਤਾਂ ਸੰਬੰਧਾਂ ਦੇ ਸੁਧਰਨ ਵਿਚ ਵੀ ਮੇਹਰ ਜ਼ਰੂਰ ਹੋਵੇਗੀ। ਜੇ ਸੰਬੰਧ ਸੁਧਰਨਗੇ ਤਾਂ ਦੋਹਾਂ ਦੇਸ਼ਾਂ ਦੀ ਆਰਥਿਕ ਹਾਲਤ ਵੀ ਸੁਧਰੇਗੀ।

ਪਾਕਿਸਤਾਨ ਸਰਕਾਰ ਨੇ ਇਸ ਵਾਰ ਵੀ ਨਵਜੋਤ ਸਿੰਘ ਸਿੱਧੂ ਨੂੰ ਲਾਂਘੇ ਦੇ ਉਦਘਾਟਨ ਤੇ ਬੁਲਾਕੇ ਮਾਨ ਸਨਮਾਨ ਕੀਤਾ ਹੈ। ਭਾਰਤ ਸਰਕਾਰ ਨੇ ਅਜਿਹੀ ਨੀਤੀ ਅਪਣਾਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਦਭਾਵਨਾ, ਸਹਿਯੋਗ ਅਤੇ ਸਾਂਝੀਵਾਲਤਾ ਦੇ ਸੰਦੇਸ਼ ਦੀ ਉਲੰਘਣਾ ਕੀਤੀ ਹੈ। ਸਿੱਖ ਜਗਤ ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖ਼ਾਨ ਦੇ ਯੋਗਦਾਨ ਦੀ ਹਮੇਸ਼ਾ ਰਿਣੀ ਰਹੇਗੀ ਕਿਉਂਕਿ ਉਨਾਂ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਹੁਣ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਸੁਧਰਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
94178 13072

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: