ਕਰਜੇ ਤੋਂ ਦੁਖੀ ਇੱਕ ਹੋਰ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਕੀਤੀ ਆਤਮ ਹੱਤਿਆ

ss1

ਕਰਜੇ ਤੋਂ ਦੁਖੀ ਇੱਕ ਹੋਰ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਕੀਤੀ ਆਤਮ ਹੱਤਿਆ

ਤਲਵੰਡੀ ਸਾਬੋ 21 ਸਤੰਬਰ (ਪਰਵਿੰਦਰ ਜੀਤ ਸਿੰਘ) ਭਾਂਵੇ ਪੰਜਾਬ ਸਰਕਾਰ ਨੇ ਬੀਤੇ ਦਿਨ ਕਰਜਾ ਮੁਆਫੀ ਸਬੰਧੀ ਮਤਾ ਮੰਤਰੀ ਮੰਡਲ ਵਿੱਚ ਪਾਸ ਕਰ ਦਿੱਤਾ ਹੋਵੇ ਪ੍ਰੰਤੂ ਸਰਕਾਰ ਦੇ ਗਠਨ ਤੋਂ ਬਾਦ ਕਰਜਾ ਮੁਆਫੀ ਸਬੰਧੀ ਕੋਈ ਸਪੱਸ਼ਟ ਨੀਤੀ ਕਿਸਾਨਾਂ ਅੱਗੇ ਨਾ ਲਿਆਉਣ ਦਾ ਹੀ ਕਾਰਣ ਹੈ ਕਿ ਕਰਜੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ।ਇਸੇ ਕੜੀ ਵਿੱਚ ਬੀਤੀ ਦੇਰ ਰਾਤ ਨੇੜਲੇ ਪਿੰਡ ਨੰਗਲਾ ਦੇ ਇੱਕ ਕਿਸਾਨ ਨੇ ਕਰਜੇ ਦੇ ਨਾਲ ਨਾਲ ਨਰਮੇ ਦੀ ਫਸਲ ਦੇ ਇਸ ਵਾਰ ਵੀ ਮਾੜੀ ਨਿੱਕਲਣ ਦੇ ਚਲਦਿਆਂ ਪ੍ਰੇਸ਼ਾਨੀ ਵਿੱਚ ਖੇਤ ਜਾ ਕੇ ਜਹਿਰੀਲੀ ਦਵਾ ਪੀ ਕੇ ਖੁਦਕੁਸ਼ੀ ਕਰ ਲਈ।
ਇਕੱਤਰ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਪੁੱਤਰ ਨਾਜਮ ਸਿੰਘ ਦੋ ਏਕੜ ਜਮੀਨ ਦਾ ਮਾਲਕ ਸੀ।ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇਸ ਵਕਤ ਕਿਸਾਨ ਤੇ ਕਰੀਬ ਛੇ ਸੱਤ ਲੱਖ ਰੁਪਏ ਕਰਜਾ ਸੀ।ਤਿੰਨ ਕੁੜੀਆਂ ਤੇ ਇੱਕ ਮੁੰਡੇ ਦੇ ਬਾਪ ਕਿਸਾਨ ਨਿਰਮਲ ਸਿੰਘ ਨੂੰ ਹੁਣ ਨਰਮੇ ਦੀ ਫਸਲ ਤੋਂ ਕੁਝ ਆਸ ਸੀ ਪ੍ਰੰਤੂ ਇਸ ਵਾਰ ਫਿਰ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਉਸਨੂੰ ਮਿਲੀ ਮਾੜੀ ਸਪਰੇਅ ਦਾ ਨਤੀਜਾ ਸੀ ਕਿ ਨਰਮੇ ਦੀ ਫਸਲ ਇਸ ਵਾਰ ਵੀ ਬਿੱਲਕੁਲ ਖਰਾਬ ਹੋ ਗਈ ਤੇ ਹੁਣ ਬੀਤੇ ਕੁਝ ਦਿਨਾਂ ਤੋਂ ਖਰਾਬ ਹੋਈ ਨਰਮੇ ਦੀ ਫਸਲ ਨੂੰ ਦੇਖ ਦੇਖ ਕੇ ਕਿਸਾਨ ਨਿਰਮਲ ਸਿੰਘ ਝੂਰਦਾ ਰਹਿੰਦਾ ਸੀ ਤੇ ਉਸਨੂੰ ਕਰਜੇ ਦੇ ਨਾਲ ਨਾਲ ਜਵਾਨ ਹੁੰਦਿਆਂ ਬੱਚਿਆਂ ਦੇ ਭਵਿੱਖ ਦਾ ਫਿਕਰ ਵੀ ਵੱਢ ਵੱਢ ਖਾ ਰਿਹਾ ਸੀ।ਮ੍ਰਿਤਕ ਕਿਸਾਨ ਦੀ ਪਤਨੀ ਜਸਵਿੰਦਰ ਕੌਰ ਅਨੁਸਾਰ ਬੀਤੀ ਸ਼ਾਮ ਉਹ ਘਰੋਂ ਖੇਤ ਦਾ ਕਹਿ ਕੇ ਨਿੱਕਲਿਆ ਤੇ ਜਦੋਂ ਦੇਰ ਸ਼ਾਮ ਤੱਕ ਘਰ ਨਾ ਆਇਆ ਤਾਂ ਖੇਤ ਜਾ ਕੇ ਦੇਖਣ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਤੇ ਉਸਨੇ ਜਹਿਰੀਲੀ ਦੁਆਈ ਪੀਤੀ ਹੋਈ ਸੀ।ਪਿੰਡ ਦੇ ਮੋਹਤਬਰਾਂ ਨੇ ਉਸਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸੂਚਨਾ ਮਿਲਣ ਤੇ ਸੀਂਗੋ ਪੁਲਿਸ ਚੌਂਕੀ ਇੰਚਾਰਜ ਭੁਪਿੰਦਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।ਕਿਸਾਨ ਦੀ ਮੌਤ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਉਕਤ ਕਿਸਾਨ ਦਾ ਸਾਰਾ ਕਰਜਾ ਮੁਆਫ ਕਰਨ,ਪੀੜਿਤ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।ਉੱਧਰ ਲਾਸ਼ ਲੈਣ ਲਈ ਪੁੱਜੇ ਪਿੰਡ ਨੰਗਲਾ ਦੇ ਸਰਪੰਚ ਹਰਦੇਵ ਸਿੰਘ ਫੌਜੀ,ਕਿਸਾਨ ਆਗੂ ਯੋਧਾ ਸਿੰਘ ਨੰਗਲਾ ਨੇ ਵੀ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਯੋਗ ਆਰਥਿਕ ਸਹਾਇਤਾ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ।

Share Button

Leave a Reply

Your email address will not be published. Required fields are marked *