Sat. May 25th, 2019

ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਉਣਾ,ਕਾਂਗਰਸ ਨੇ ਸਿੱਖਾਂ ਦੇ ਰਿਸਦੇ ਜ਼ਖਮਾਂ ਨੂੰ ਮੁੜ ਕੁਰੇਦਿਆ: ਬਾਦਲ

ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਉਣਾ,ਕਾਂਗਰਸ ਨੇ ਸਿੱਖਾਂ ਦੇ ਰਿਸਦੇ ਜ਼ਖਮਾਂ ਨੂੰ ਮੁੜ ਕੁਰੇਦਿਆ: ਬਾਦਲ

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਏ ਜਾਣ ਨੂੰ ਸਿੱਖਾਂ ਦੀ ਤੌਹੀਨ ਕਰਾਰ ਦਿੱਤਾ ਹੈ।
ਅੱਜ ਇਥੇ ਜਾਰੀ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਕੋਈ ਪਾਰਟੀ ਇੰਨੀ ਜ਼ਾਲਮ ਤੇ ਸੰਵੇਦਨਹੀਣ ਵੀ ਹੋ ਸਕਦੀ ਹੈ ਜਿਸ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਭੋਰਾ ਵੀ ਕਦਰ ਨਹੀਂ। ਸਿੱਖਾਂ ਦੇ ਪੁਰਾਣੇ ਜ਼ਖਮਾਂ ਨੂੰ ਉਸ ਵੇਲੇ ਕਰੇਦਿਆ ਗਿਆ ਹੈ ਜਦੋਂ ਸ੍ਰੀ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਆ ਰਹੇ ਹਨ। ਕਾਂਗਰਸ ਦੇ ਇਸ ਨਿਰਦਈ ਕਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਨਵੰਬਰ 1984 ਵਿੱਚ ਬੇਦੋਸ਼ੇ ਹਜ਼ਾਰਾਂ ਸਿੱਖ ਬੱਚਿਆਂ, ਮਹਿਲਾਵਾਂ, ਪੁਰਸ਼ਾਂ ਤੇ ਬਜੁਰਗਾਂ ਦੇ ਕੀਤੇ ਕਤਲੇਆਮ ਲਈ ਕੌਮੀ ਪੱਧਰ ‘ਤੇ ਬਣੀ ਰਾਏ ਨੂੰ ਬਿਲਕੁਲ ਵੀ ਨਹੀਂ ਮੰਨਦੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਲਗਾਤਾਰ ਖੇਡਣ ਵਿੱਚ ਵਿਸ਼ਵਾਸ ਰੱਖਦੀ ਹੈ।
ਜ਼ਿਕਰਯੋਗ ਹੈ ਕਿ ਕਮਲ ਨਾਥ ‘ਤੇ ਇਹ ਦੋਸ਼ ਹੈ ਕਿ ਨਵੰਬਰ 1984 ਵਿੱਚ ਉਸ ਨੇ ਬੇਕਾਬੂ ਭੀੜ ਦੀ ਅਗਵਾਈ ਕਰਦਿਆਂ ਨਿਰਦੋਸ਼ੇ ਸਿੱਖਾਂ ‘ਤੇ ਹਮਲੇ ਕੀਤੇ ਅਤੇ ਪੁਲਿਸ ਨੂੰ ਉਨ੍ਹਾਂ ਸਿੱਖ ਨੌਜਵਾਨਾਂ ‘ਤੇ ਗੋਲੀਬਾਰੀ ਕਰਨ ਨੂੰ ਕਿਹਾ ਜਿਹੜੇ ਸਿੱਖਾਂ ਬਚਾ ਰਹੇ ਸਨ। ਅਨੇਕਾਂ ਆਜ਼ਾਦ ਤੇ ਭਰੋਸੇਯੋਗ ਰਿਪੋਰਟਾਂ ਅਨੁਸਾਰ ਕਮਲ ਨਾਥ ਨੂੰ ਨਵੰਬਰ 1984 ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਆਇਆ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਗੁਰਦੁਆਰਾ ਸਾਹਿਬ ‘ਤੇ ਗੋਲੀ ਚਲਾਈ। ਇਸ ਗੋਲੀਬਾਰੀ ਵਿੱਚ ਕਈ ਨਿਰਦੋਸ਼ੇ ਸਿੱਖਾਂ ਦਾ ਕਤਲ ਹੋਇਆ। ਕਮਲ ਨਾਥ ‘ਤੇ ਇਹ ਵੀ ਦੋਸ਼ ਹਨ ਕਿ ਉਸ ਨੇ ਮੌਕੇ ‘ਤੇ ਹਾਜ਼ਰ ਪੁਲਿਸ ਕਰਮਚਾਰੀਆਂ ਨੂੰ ਭੀੜ ਨੂੰ ਰੋਕਣ ਦੀ ਬਜਾਏ ਭੀੜ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਉਪਰ ਗੋਲੀਬਾਰੀ ਕਰਨ ਲਈ ਨਿਰਦੇਸ਼ ਦਿੱਤੇ।
ਇਹ ਵੀ ਰਿਪੋਰਟਾਂ ਆਈਆ ਕਿ ਕਮਲ ਨਾਥ ਦੀ ਹਾਜ਼ਰੀ ਵਿੱਚ ਸਿੱਖ ਜਿਉਂਦੇ ਜੀਅ ਅੱਗ ਵਿੱਚ ਸੜ ਰਹੇ ਸਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਸੀ ਤੇ ਉਹ ਮੱਦਦ ਅਤੇ ਡਾਕਟਰੀ ਸਹਾਇਤਾ ਦੀ ਫਰਿਆਦ ਕਰਦੇ ਹੋਏ ਸਵਾਸ ਤਿਆਗ ਰਹੇ ਸਨ। ਪੁਲਿਸ ਕਮਿਸ਼ਨਰ ਗੌਤਮ ਕੌਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕਮਲ ਨਾਥ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਉਪਰ ਹਮਲਾ ਹੋਇਆ ਅਤੇ ਨਿਰਦੋਸ਼ੇ ਸਿੱਖ ਜਿਉਂਦੇ ਜੀਅ ਸਾੜੇ ਜਾ ਰਹੇ ਸਨ।
ਮੁੱਖ ਮੰਤਰੀ ਬਾਦਲ ਨੇ ਕਿਹਾ, ”ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਸ਼ਰਮਨਾਕ ਤੱਥ ਹਨ ਅਤੇ ਮੈਨੂੰ ਇਸ ਗੱਲ ਦੀ ਗਹਿਰੀ ਠੇਸ ਪਹੁੰਚੀ ਹੈ ਕਿ ਕਾਂਗਰਸ ਹਾਈ ਕਮਾਂਡ ਸਿੱਖਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕਣ ਲਈ ਸਿ ਹੱਦ ਤੱਕ ਜਾ ਰਹੀ ਹੈ ਜਦੋਂ ਕਿ ਇਸ ਦੇ ਨਾਲ ਹੀ ਆਪਣੇ ਪਾਪਾਂ ‘ਤੇ ਪਰਦਾ ਪਾਉਣ ਲਈ ਕਾਂਗਰਸ ਪਾਰਟੀ ਦੀ ਹਕੂਮਤ ਵੇਲੇ ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ਪਾਰਟੀ ਦੇ ਗੁਨਾਹਾਂ ਲਈ ਅਫਸੋਸ ਜ਼ਾਹਰ ਕਰਨ ਦਾ ਡਰਾਮਾ ਰਚਿਆ ਗਿਆ ਸੀ। ਕੀ ਇਹ ਆਪਣੇ ਗੁਨਾਹਾਂ ਉਤੇ ਸੱਚੇ ਦਿੱਲੋਂ ਅਫਸੋਸ ਜ਼ਾਹਰ ਕਰਨ ਦੇ ਲੱਛਣ ਹਨ ? ਜਾਂ ਫਿਰ ਪੁਰਾਣੇ ਜ਼ਖ਼ਮਾਂ ਨੂੰ ਮੁੜ ਤੋਂ ਅਪਮਾਨਜਨਕ ਵਤੀਰੇ ਰਾਹੀਂ ਕੁਰੇਦਿਆ ਜਾ ਰਿਹਾ ਹੈ।” ਸ. ਬਾਦਲ ਨੇ ਅਗਾਂਹ ਕਿਹਾ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਮੌਕੇ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੇ ਯੁਵਰਾਜ ਕੋਲੋਂ ਇਹੋ ਪਹਿਲਾ ਸਵਾਲ ਪੁੱਛਿਆ ਜਾਵੇਗਾ।

Leave a Reply

Your email address will not be published. Required fields are marked *

%d bloggers like this: